3/20/2010

ਪਹਿਲੀ ਉਦਾਸੀ

ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋ. ਸਾਹਿਬ ਗੁਰਮਤਿ ਪ੍ਰਕਾਸ਼ 12 ਨਵੰਬਰ 2007 ਸਿੰਘ ਜੀ ਅਨੁਸਾਰ ਭਾਦਰੋਂ ਸੰਮਤ 1564 ਤੋਂ 1572 (8 ਸਾਲ) ਸੰਨ 1507 ਤੋਂ 1515 ਈ. ਤਕ ਦੀ ਇਹ ਯਾਤਰਾ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ

ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ।

ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਸਿੱਖਾ ਦੇ ਮੋਢੀ ਗੁਰੂ ਸਨ। ਇਨ੍ਹਾਂ ਦਾ ਜਨਮ ੨੦ ਅਕਤ੍ਬ੍ਰ 1469 ਨੂੰ ਪਾਕਿਸਤਾਨ ਵਿਖੇ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਤਲਵੰਡੀ ਦਾ ਚੌਧਰੀ ਰਾਇ ਬੁਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨਿੰਨ ਸੇਵਕ ਹੋਇਆ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਧਰਤੀ ’ਤੇ ਹੋਣ ਤੋਂ ਪਹਿਲਾਂ ਰਾਇ ਬੁਲਾਰ ਉਸੇ ਰਾਤ ਨੂੰ ਇਕ ਸੁਪਨਾ ਦੇਖਦਾ ਹੈ, ਜਿਸ ਨੂੰ ਨਨਕਾਇਣ ਦਾ ਕਰਤਾ ਬਹੁਤ ਸੁੰਦਰ ਸ਼ਬਦਾਂ ਵਿਚ ਅੰਕਿਤ ਕਰਦਾ ਹੈਉਂ ਚੀ ਮਾੜੀ ਆਪਣੀ ਸੁੱਤਾ ਰਾਇ ਬੁਲਾਰ। ਅੱਲ੍ਹਾ ਅਕਬਰ ਆਖ ਕੇ ਬਰੜਾਇਆ ਤ੍ਰੈ ਵਾਰ। ਬੇਗ਼ਮ ਝੂਟ ਜਗਾਇਆ ਪੁੱਛਿਆ ਨਾਲ ਪਿਆਰ। ਕੀ ਤਕਦਾ ਹਾਂ ਖ਼ਾਬ ਵਿਚ ਬੋਲਿਆ ਤੇ ਵਿਚਕਾਰ। ਅਸਮਾਨਾਂ ਤੋਂ ਟੁੱਟ ਕੇ ਤਾਰਾ ਇਕ ਬਲਕਾਰ। ਤਲਵੰਡੀ ’ਤੇ ਡਿਗਿਆ ਚਮਕ ਅਜਾਇਬ ਮਾਰ। ਵਗ ਪਿਆ ਵਿਚ ਬਾਰ ਦੇ ਨੂਰਾਂ ਦਾ ਦਰਿਆ। ਰੁੜ੍ਹਿਆ ਜਾਵਾਂ ਉਸ ਵਿਚ ਕੰਢਾ ਹੱਥ ਨਾ ਆਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਇਹੀ ਪ੍ਰਕਾਸ਼-ਰੂਪੀ ਤਾਰਾ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿਚ ਚਮਕਣ ਲੱਗ ਪਿਆ। ਇਸੀ ਤਾਰੇ ਨੂੰ ਗੁਰਬਾਣੀ ਵਿਚ ‘ਚਰਾਗੁ’ ਕਿਹਾ ਗਿਆ ਹੈ। ਇਸ ਚਿਰਾਗ ਸਦਕੇ ਹੀ ਅੰਧਕਾਰ ਵਿਚ ਪ੍ਰਕਾਸ਼ ਹੋਇਆ। ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਵਿਚ ਪਾਰਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਸ਼ਨਾਈ ਫੈਲ ਗਈ: ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ (ਪੰਨਾ 1387) ਭਾਈ ਗੁਰਦਾਸ ਜੀ ਨੇ ਇਸ ਪ੍ਰਕਾਸ਼ ਨੂੰ ਆਪਣੇ ਸ਼ਬਦਾਂ ਵਿਚ ਸੂਰਜ ਕਿਹਾ, ਕਿਉਂਕਿ ਸੂਰਜ ਦਾ ਪ੍ਰਕਾਸ਼ ਐਸਾ ਹੁੰਦਾ ਹੈ ਜਿਸ ਨਾਲ ਹਰ ਇਕ ਕੋਨੇ ਵਿਚ ਪਸਰਿਆ ਹੋਇਆ ਹਨੇਰਾ ਖੰਭ ਲਾ ਕੇ ਉਂਡ ਜਾਂਦਾ ਹੈ। ਸੂਰਜ ਦੇ ਤੇਜ਼ ਪ੍ਰਕਾਸ਼ ਨਾਲ ਹਰ ਤਰਫ਼ ਫੈਲੀ ਹੋਈ ਧੁੰਧ ਵੀ ਮਿਟ ਜਾਂਦੀ ਹੈ: ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। (ਵਾਰ 1;27) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਧਰਤੀ ’ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨਤਾ ਦੀ ਧੁੰਧ ਦਾ ਪਸਾਰਾ ਵੀ ਖ਼ਤਮ ਹੋਣ ਲੱਗਾ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਵਾਜੇ ਵੱਜਣ ਲੱਗੇ। ਜੋਗੀ-ਜੰਗਮ, ਇੰਦ੍ਰ, ਭਗਤ ਪ੍ਰਹਿਲਾਦ, ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ ਆਦਿ ਸਭ ਗਾਉਣ ਲੱਗੇ: ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ॥ ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ (ਪੰਨਾ 1389) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਸੰਸਾਰ ਅੰਦਰ ਖਾਸ ਤੌਰ ’ਤੇ ਭਾਰਤ ਵਰਸ਼ ਦੀ ਅੰਦਰੂਨੀ ਹਾਲਤ ਮੰਦਭਾਗੀ ਸੀ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਅੰਦਾਜ਼ਾ ਉਥੋਂ ਦੀ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਹਾਲਤ ਤੋਂ ਲਾਇਆ ਜਾਂਦਾ ਹੈ। ਭਾਰਤ ਇਨ੍ਹਾਂ ਚਾਰੇ ਪ੍ਰਸਥਿਤੀਆਂ ਵਿਚ ਆਪਣੇ ਅਸਲੀ ਵਜੂਦ ਨੂੰ ਖੋਹ ਚੁੱਕਾ ਸੀ। ਧਰਮ ਦੇ ਆਗੂ ਆਪਣਾ ਧੀਰਜ ਖੋਹ ਚੁੱਕੇ ਸਨ। ਕਾਜ਼ੀ, ਬ੍ਰਾਹਮਣ ਅਤੇ ਜੋਗੀ ਤਿੰਨੇ ਹੀ ਲੋਕਾਈ ਨੂੰ ਕੁਰਾਹੇ ਪਾ ਰਹੇ ਸਨ। ਇਸ ਲਈ ਇਨ੍ਹਾਂ ਤਿੰਨਾਂ ਨੂੰ ਗੁਰੂ ਜੀ ਨੇ ਕਰੜੇ ਸ਼ਬਦਾਂ ਰਾਹੀਂ ਨਿੰਦਿਆ ਹੈ: ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਪੰਨਾ 662) ਧਰਮ ਦਾ ਵਿਵਹਾਰ ਵਰਣ-ਵਿਵਸਥਾ ਵਿਚ ਵੰਡਿਆ ਗਿਆ। ਵਰਣ-ਆਸ਼ਰਮ ਵਿਵਸਥਾ ਜਿਸ ਮਨੋਰਥ ਜਾਂ ਆਦਰਸ਼ ਲਈ ਆਰੰਭ ਕੀਤੀ ਗਈ ਸੀ ਉਹ ਵਿਲੀਨ ਹੋ ਗਈ ਸੀ। ਸਮਾਜ ਵਿਚ ਬ੍ਰਾਹਮਣਾਂ ਦਾ ਰੁਤਬਾ ਵਧਦਾ ਗਿਆ ਜਿਸ ਨਾਲ ਨੀਵੀਆਂ ਜਾਤਾਂ ਦਾ ਜੀਵਨ ਨਰਕ ਬਣ ਗਿਆ। ਉਨ੍ਹਾਂ ਦੀ ਹਾਲਤ ਦਿਨ-ਪ੍ਰਤੀਦਿਨ ਨਿਘਰਦੀ ਗਈ। ਉਨ੍ਹਾਂ ਦੇ ਵਿਕਾਸ ਦੇ ਦਰਵਾਜ਼ੇ ਬੰਦ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਜ਼ੋਰਦਾਰ ਸ਼ਬਦਾਂ ਵਿਚ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚ ਕਹੇ ਜਾਂਦੇ ਲੋਕਾਂ ਦੀ ਬਾਂਹ ਫੜੀ ਅਤੇ ਫ਼ੁਰਮਾਇਆ: ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15) ਗੁਰੂ ਜੀ ਨੇ ਊਚ-ਨੀਚ ਦਾ ਭੇਦ ਮਿਟਾ ਕੇ ਸਮਾਨਤਾ ਤੇ ਭਰਾਤਰੀ-ਭਾਵ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਰਸਮਾਂ-ਰਿਵਾਜਾਂ, ਮੂਰਤੀ-ਪੂਜਾ, ਯੱਗਾਂ, ਊਚ-ਨੀਚ ਅਤੇ ਜਾਤ-ਪਾਤ ਦੇ ਵਿਤਕਰੇ, ਕਰਮਕਾਂਡ, ਪੂਜਾ, ਅਨੇਕਾਂ ਵਹਿਮਾਂ-ਭਰਮਾਂ, ਸ਼ੰਕਿਆਂ, ਅੰਧ-ਵਿਸ਼ਵਾਸਾਂ ਅਤੇ ਬਾਹਰੀ ਆਚਾਰਾਂ-ਵਿਹਾਰਾਂ ਨੇ ਇਥੋਂ ਦੇ ਪ੍ਰਚੱਲਤ ਧਰਮ ਨੂੰ ਵਿਕਰਤ ਕਰ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਦੀ ਇਸ ਵਾਸਤਵਿਕਤਾ ਨੂੰ ਬਾਣੀ ਰਾਹੀਂ ਨਕਾਰਾਤਮਕ ਸਿੱਧ ਕੀਤਾ। ਕਿਸੇ ਸਮੇਂ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੇ ਧਰਮ ਦੇ ਦਾਰਸ਼ਨਿਕ ਪ੍ਰਭਾਵ ਸਮੇਂ ਦੇ ਬੀਤਣ ਨਾਲ ਕੁਰੀਤੀਆਂ ਦਾ ਸ਼ਿਕਾਰ ਹੋ ਗਏ ਸਨ। ਪਰਮਾਤਮਾ ਦੇ ਸਰੂਪ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਸੀ। ਪਰਮਾਤਮਾ ਨੂੰ ਮੰਦਰਾਂ ਵਿਚ ਕੈਦ ਕਰ ਦਿੱਤਾ ਗਿਆ ਸੀ। ਹਿੰਦੂਆਂ ਦੇ ਨਾਲਨਾਲ ਬੋਧੀ ਵੀ ਮੂਰਤੀਆਂ ਦੀ ਪੂਜਾ ਕਰਨ ਲੱਗੇ। ਇਕ ਸਮਾਂ ਅਜਿਹਾ ਆਇਆ ਕਿ ਮੂਰਤੀਆਂ ਦੀ ਸੰਖਿਆ ਹਿੰਦੂਆਂ ਨਾਲੋਂ ਵਧ ਗਈ ਸੀ। ਧਾਰਮਿਕ ਹਾਲਤ ਨਿੱਘਰੀ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਅਧੋਗਤੀ ਦਾ ਗੰਭੀਰਤਾ ਨਾਲ ਅਧਿਐਨ ਕੀਤਾ ਅਤੇ ਜਗਤ-ਜਲੰਦੇ ਨੂੰ ਠਾਰਣ ਲਈ ਮਾਨਵੀ ਚੇਤਨਾ ਨੂੰ ਜਾਗ੍ਰਿਤ ਕਰਨ ਲਈ ਤਿੰਨ ਉਦਾਸੀਆਂ ਦਾ ਇਕ ਲੰਮਾ ਪ੍ਰੋਗਰਾਮ ਉਲੀਕਿਆ ਤਾਂ ਜੋ ਜ਼ੁਲਮਾਂ ਥੱਲੇ ਦੱਬੀ ਹੋਈ ਮਨੁੱਖਤਾ ਨੂੰ ਸਾਰਥਿਕ ਜੀਵਨ-ਮਾਰਗ ਲਈ ਨਵੀਂ ਸੇਧ ਪ੍ਰਾਪਤ ਹੋ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਏਕਤਾ ਅਤੇ ਮਾਨਵੀ ਚੇਤਨਾ ਨਾਲ ਲੋਕਾਈ ਨੂੰ ਜਾਗ੍ਰਿਤ ਕੀਤਾ। ਗੁਰੂ ਜੀ ਨੇ ਰਾਜਸੀ ਸਮਾਜਿਕ ਜ਼ਬਰ ਵਿਰੁੱਧ ਜਹਾਦ ਕੀਤਾ। ਰੱਤ ਪੀਣੇ ਰਾਜਿਆਂ ਨੂੰ ਅਤੇ ਉਨ੍ਹਾਂ ਦੇ ਭ੍ਰਿਸ਼ਟ ਕਰਮਚਾਰੀ ਵਰਗ ਦੀ ਕਰੜੇ ਸ਼ਬਦਾਂ ਰਾਹੀਂ ਆਲੋਚਨਾ ਕੀਤੀ: ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍‍ ਿਬੈਠੇ ਸੁਤੇ॥ ਚਾਕਰ ਨਹਦਾ ਪਾਇਨ੍‍ ਿਘਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288) ਉਸ ਸਮੇਂ ਦੀ ਰਾਜਨੀਤੀ ਧਾਰਮਿਕ ਅੰਨ੍ਹੇਪਣ ਦੀ ਦਾਸੀ ਬਣੀ ਹੋਈ ਸੀ। ਮੁਸਲਮਾਨਾਂ ਦਾ ਅਸਲ ਮਨੋਰਥ ਹਿੰਦੁਸਤਾਨ ਵਿਚ ਮੁਸਲਮਾਨੀ ਰਾਜ ਸਥਾਪਿਤ ਕਰਨ ਦੇ ਨਾਲ-ਨਾਲ ਆਪਣੇ ਧਰਮ ਨੂੰ ਵੀ ਸਥਾਪਿਤ ਕਰਨਾ ਸੀ। ਉਹ ‘ਅੱਲ੍ਹਾ ਹੂ’ ਦੀ ਗੂੰਜ ਧਾਰਮਿਕ ਸਥਾਨਾਂ ਵਿਚ ਸੁਣਨਾ ਚਾਹੁੰਦੇ ਸਨ। ਭਾਰਤੀ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ। ਇਕ ਦਿਨ ਵਿਚ ਹੀ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਲੋਕਾਂ ਦੀ ਨਾ ਤਾਂ ਜਾਨ ਸੁਰੱਖਿਅਤ ਸੀ ਅਤੇ ਨਾ ਹੀ ਸੰਪਤੀ। ਮੈਕਾਲਿਫ਼ ਨੇ ਲਿਖਿਆ ਹੈ ਕਿ ਫਿਰੋਜ਼ ਤੁਗ਼ਲਕ ਨੇ ਮਾਲਵਾ ਨਗਰ ਨੂੰ ਦੋ ਵਾਰੀ ਇਸ ਤਰ੍ਹਾਂ ਲੁੱਟਿਆ ਕਿ ਸ਼ਹਿਰ ਵਿਚ ਮਿੱਟੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਸੀ ਆਉਂਦਾ। ਭਾਰਤੀਆਂ ਨੂੰ ਉਂਚ ਅਹੁਦਿਆਂ ਤੋਂ ਵਾਂਝੇ ਰੱਖਿਆ ਜਾਂਦਾ ਸੀ। ਬਹੁਤ ਭੇਦ-ਭਾਵ ਕੀਤਾ ਜਾਂਦਾ ਸੀ। ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਜਨਤਾ ਬੇਚੈਨ ਹਿਰਦੇ ਨਾਲ ਅਸਲੀ ਸ਼ਾਂਤੀ ਨੂੰ ਲੱਭਣ ਦੀ ਤਲਾਸ਼ ਵਿਚ ਸੀ।

ਪਗੜੀ ਸੰਭਾਲ ਜੱਟਾ

'ਪਗੜੀ ਸੰਭਾਲ ਓਇ ਜੱਟਾ' ਲਹਿਰ ਪੰਜਾਬੀਆਂ ਦੀ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਬਰਾਬਰੀ ਦਾ ਵਰਤਾਉ ਪ੍ਰਤੀ ਇੱਕ ਅੰਦੋਲਨ ਸੀ। ਸੰਨ 1907 ਈਸਵੀ ਵਿੱਚ ਅੰਗਰੇਜ਼ ਹਕੂਮਤ ਨੇ ਵਾਹੀ ਹੇਠਲੀ ਭੋਇੰ ਬਾਰੇ ਇਹ ਬਿੱਲ ਪਾਸ ਕੀਤੇ:-
  • ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ ਜਾਰੀ ਹੋਇਆ 1907
  • ਪੰਜਾਬ ਇੰਤਕਾਲ਼ੇ ਅਰਾਜ਼ੀ (ਵਾਹੀ ਹੇਠਲੀ ਜ਼ਮੀਨ) ਐਕਟ ਬਿੱਲ ਮੁਜਰੀਆ 1907
  • ਜ਼ਿਲ੍ਹਾ ਰਾਵਲਪਿੰਡੀ ਵਿੱਚ ਵਾਹੀ ਹੇਠ ਜ਼ਮੀਨ ਦੇ ਮਾਲੀਆ ਵਿੱਚ ਵਾਧਾ
  • ਬਾਰੀ ਦੁਆਬ ਨਹਿਰ ਦੀ ਜ਼ਮੀਨਾਂ ਦੇ ਪਾਣੀ ਟੈਕਸ ਵਿੱਚ ਵਾਧਾ

ਹਕੂਮਤ ਦੇ ਇਹਨਾਂ ਫ਼ੈਸਲਿਆਂ ਕਰਕੇ ਕਿਸਾਨਾਂ ਵਿੱਚ ਬੇਚੈਨੀ ਵੱਧ ਗਈ। ਅੰਗਰੇਜ਼ਾਂ ਨੇ ਇਸ ਬੇਚੈਨੀ ਦਾ ਕਾਰਨ ਬੰਗਾਲੀ ਲਹਿਰ ਨੂੰ ਕਰਾਰ ਦਿੱਤਾ।
ਲਾਜਪਤ ਰਾਏ ਅਤੇ ਸਰਲਾ ਦੇਵੀ ਨੇ ਇਹਨਾਂ ਬਿੱਲਾਂ ਦੇ ਖਿਲਾਫ਼ ਅਖਬਾਰਾਂ ਵਿੱਚ ਲੇਖ ਲਿਖੇ। ਇਸਕਰਕੇ ਲਾਹੌਰ ਦੇ ਇੱਕ ਅਖ਼ਬਾਰ 'ਦਾ ਪੰਜਾਬ' ਉੱਤੇ ਮੁਕੱਦਮਾ ਵੀ ਚੱਲਿਆ। ਇਸਕਰਕੇ ਲੋਕਾਂ ਵਿੱਚ ਹੋਰ ਬੇਚੈਨੀ ਵਧੀ। ਵਾਇਸਰਾਇ ਲਾਰਡ ਕਰਜ਼ਨ (1899-1905) ਦੀਆਂ ਜ਼ਾਲਮਾਨਾ ਨੀਤੀਆਂ ਦੇ ਖਿਲਾਫ਼ ਰੋਸ ਤਾਂ ਪਹਿਲਾਂ ਹੀ ਸੀ। ਕਿਸਾਨਾਂ ਦੇ ਨਾਲ ਸ਼ਹਿਰਾਂ ਦੇ ਪੜ੍ਹੇ ਲਿਖੇ ਨੌਜਵਾਨ ਅਤੇ ਧਾਰਮਿਕ ਲੋਕ ਵੀ ਸ਼ਾਮਿਲ ਹੋ ਗਏ।
ਸੂਫ਼ੀ ਅੰਬਾ ਪਰਸ਼ਾਦ, ਲਾਜਪਤ ਰਾਏ, ਬਾਂਕੇ ਦਿਆਲ, ਅਜੀਤ ਸਿੰਘ ਅਤੇ ਸਯੱਦ ਆਗ਼ਾ ਹੈਦਰ ਇਹ ਲਹਿਰ ਦੇ ਵੱਡੇ ਲੀਡਰਾਂ ਵਿੱਚੋਂ ਸਨ। ਇਸ ਲਹਿਰ ਨੂੰ ਸਫ਼ਲ ਬਣਾਉਣ ਲਈ 'ਅੰਜਮਨੇ ਮੁਹਿਬਾਨੇ ਵਤਨ' ਨੇ ਮੁੱਢਲਾ ਕਿਰਦਾਰ ਨਿਭਾਇਆ। ਇਹ ਲਹਿਰ 'ਭਾਰਤ ਮਾਤਾ ਸੁਸਾਇਟੀ' ਦਾ ਹੀ ਰੂਪ ਸੀ।
ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਜਲਸੇ, ਜਲੂਸ ਅਤੇ ਰੈਲੀਆਂ ਕੀਤੀਆਂ ਗਈਆਂ। 22 ਮਾਰਚ 1907 ਨੂੰ ਲਾਇਲਪੁਰ (ਫ਼ੈਸਲਾਬਾਦ) 'ਚ ਡੰਗਰਾਂ ਦੀ ਮੰਡੀ ਉੱਤੇ ਇੱਕ ਜਲਸੇ ਦਾ ਪਰਬੰਧ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਇਨਕਲਾਬੀ ਸ਼ਾਇਰ ਬਾਂਕੇ ਦਿਆਲ (1880-1829) ਨੇ ਇੱਕ ਪੁਰਜ਼ੋਸ ਨਜ਼ਮ ਪੜ੍ਹੀ, ਜਿਹਦੇ ਬੋਲ ਸਨ -' ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ ਓਇ।'। ਤੁਰੰਤ ਹੀ ਇਹ ਗੀਤ ਬੱਚੇ-ਬੱਚੇ ਦੀ ਜ਼ੁਬਾਨ 'ਤੇ ਆ ਗਿਆ ਤੇ ਹਰ ਜਲਸੇ ਵਿੱਚ ਪੜ੍ਹਿਆ ਜਾਣ ਲੱਗ ਪਿਆ। ਏਸ ਤੋਂ ਕਿਸਾਨ ਲਹਿਰ ਦਾ ਨਾਂ "ਪਗੜੀ ਸੰਭਾਲ ਜੱਟਾ" ਲਹਿਰ ਪੈ ਗਿਆ। ਗੀਤ ਦਾ ਬੋਲ ਸਨ-

ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ,
ਫ਼ਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਤੇਰੇ ਲੀੜੇ
ਭੁੱਖਾਂ ਨੇ ਖ਼ੂਨ ਨਿਚੋੜੇ, ਰੋਂਦੇ ਨੇ ਬਾਲ ਓਇ,
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ
ਬਣਦੇ ਨੇ ਤੇਰੇ ਲੀਡਰ, ਰਾਜੇ ਤੇ ਖ਼ਾਨ ਬਹਾਦਰ
ਤੈਨੂੰ ਤੇ ਖਾਵਣ ਖ਼ਾਤਿਰ, ਵਿਛਦੇ ਨੇ ਜਾਲ ਓਇ

ਹਿੰਦ ਦੇ ਤੇਰਾ ਮੰਦਰ, ਇਸ ਦਾ ਪੁਜਾਰੀ ਤੂੰ,
ਝੱਲੇਗਾ ਕਦੋਂ ਤੱਕ, ਆਪਣੀ ਖ਼ੁਮਾਰੀ ਤੂੰ,
ਲੜਨੇ ਤੇ ਮਰਨੇ ਦੀ ਕਰਲੈ, ਤਿਆਰੀ ਤੂੰ,
ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ

ਸੀਨੇ 'ਤੇ ਖਾਵੇ ਤੀਰ, ਰਾਂਝਾ ਤੂੰ ਦੇਸ ਏ ਹੀਰ,
ਸੰਭਲ ਕੇ ਚੱਲ ਤੂੰ ਵੀਰ, ਪਗੜੀ ਸੰਭਾਲ
ਤੁਸੀਂ ਕਿਉਂ ਦੇਂਦੇ ਵੀਰੋ, ਬੇਗਾਰ ਓਇ
ਹੋਕੇ ਇੱਕਠੇ ਵੀਰੋ, ਮਾਰੋ ਲਲਕਾਰ ਓਇ
ਤਾੜੀ ਦੋ ਹੱਥ ਵਜੇ ਛਾਤੀਆਂ ਨੂੰ ਤਾਣਿ ਓਇ

ਪਗੜੀ ਸੰਭਾਲ ਓ ਜੱਟਾ, ਪਗੜੀ ਸੰਭਾਲ ਓਇ

ਬਾਰ ਦੀ ਲਹਿਰ ਦਾ ਮੁਕਾਬਲਾ 1955 ਦੀ ਸੰਥਾਲ ਕਿਸਾਨਾਂ ਦੀ ਲਹਿਰ ਨਾਲ ਕੀਤਾ ਜਾ ਸਕਦਾ ਹੈ। ਸੰਥਾਲਾਂ ਨੇ ਬੜੀ ਮੇਹਨਤ ਨਾਲ ਜੰਗ਼ਲ ਸਾਫ਼ ਕਰਕੇ ਜ਼ਮੀਨਾਂ ਅਬਾਦ ਕੀਤੀਆਂ, ਪਰ ਅੰਗਰੇਜ਼ਾਂ ਨੇ ਉਹਨਾਂ ਕੋਲੋਂ ਉਹ ਜ਼ਮੀਨਾਂ ਖੋਹ ਕੇ ਵੱਡੇ ਵੱਡੇ ਜਾਗੀਰਦਾਰਾਂ ਦੇ ਹਵਾਲੇ ਕਰ ਦਿੱਤੀਆਂ ਅਤੇ ਓਹਨਾਂ ਨੂੰ ਜੰਗਲ ਵੱਲ ਧੱਕ ਦਿੱਤਾ। ਦੂਜੀ ਵਾਰੀ ਫੇਰ ਓਹਨਾਂ ਜੰਗਲ ਸਾਫ਼ ਕਰਕੇ ਜ਼ਮੀਨਾਂ ਨੂੰ ਕਾਸ਼ਤ ਦੇ ਯੋਗ ਬਣਾਇਆ ਅਤੇ ਫੇਰ ਜਾਗੀਰਦਾਰ ਤੇ ਸ਼ਾਹੂਕਾਰ ਆ ਟਪਕੇ। ਹੁਣ ਓਹਨਾਂ ਦੀਆਂ ਜ਼ਮੀਨਾਂ ਦੇ ਨਾਲ ਨਾਲ ਓਹਨਾਂ ਦੀਆਂ ਔਰਤਾਂ ਅਤੇ ਬੱਚੇ ਵੀ ਖੋਜ ਲਏ ਗਏ, ਜਿਸ ਲਈ ਇਹ ਬਹੁਤ ਵੱਡਾ ਅੰਦੋਲਨ ਸ਼ੁਰੂ ਹੋਇਆ। ਇਸ ਅੰਦੋਲਨ ਵਿੱਚ 15 ਤੋਂ 25 ਹਜ਼ਾਰ ਦੇ ਕਰੀਬ ਕਿਸਾਨ ਮਾਰੇ ਗਏ। ਇਹ ਅੰਦੋਲਨ ਸਖਤੀ ਨਾਲ ਕੁਚਲ ਦਿੱਤਾ ਗਿਆ।

ਪੰਜਾਬੀ ਭਾਸ਼ਾ

ਪੰਜਾਬੀ, ਭਾਰਤੀ ਪੰਜਾਬ ਸੂਬੇ ਦੀ ਸਰਕਾਰੀ ਭਾਸ਼ਾ ਹੈ ਅਤੇ ਨੇੜਲੇ ਸੂਬਿਆਂ ਵਿੱਚ ਵੀ ਬੋਲੀ ਜਾਦੀ ਹੈ, ਜਿਵੇਂ ਕਿ ਹਰਿਆਣਾ, ਹਿਮਾਚਲ ਪਰਦੇਸ਼, ਅਤੇ ਦਿੱਲੀ ਆਦਿ।
ਪੰਜਾਬੀ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖਾਸ ਕਰਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ ਜਨ-ਗਣਨਾ ਦੇ ਮੁਤਾਬਕ ਪੰਜਵੀਂ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਸੰਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਿਮਾਣਾ ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰਕੇ ਪਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਣਾ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਪਰਸ਼ੀਆਈ, ਅਤੇ ਅੰਗਰੇਜ਼ੀ ਤੋਂ ਪਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਸੰਸਕਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲੇਹਿੰਦਾ ਜਾਂ ਲੇਹੰਦਾ ਅਤੇ ਪੂਰਬੀ ਪੰਜਾਬ ਵਿੱਚ ਸਿਰਆਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਈ ਸਕਰਿਪਟਾਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਪੰਜਾਬ ਦੇ ਸਿੱਖ ਅਤੇ ਹੋਰ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਹਿੰਦੂ ਅਤੇ ਨੇੜੇ ਦੇ ਸੂਬਿਆਂ ਦੇ ਵਾਸੀ ਇਸ ਨੂੰ ਦੇਵਨਾਗਰੀ ਵਿੱਚ ਲਿਖਦੇ ਹਨ। ਪੱਛਮੀ ਪੰਜਾਬ ਵਿੱਚ ਸ਼ਾਹਮੁਖੀ ਵਰਣਮਾਲਾ ਦੇ ਰੂਪ ਵਿੱਚ ਲਿਖਿਆ ਜਾਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨਿਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਅਤੇ ਡੱਚ ਤੋਂ ਵੀ ਸ਼ਬਦ ਆ ਗਏ ਹਨ। ਇਸਕਰਕੇ ਇੱਕ ਵਿਲੱਖਣ ਦੀਸਪੁਰਾ ਪੰਜਾਬੀ ਉੱਭਰ ਰਹੀ ਹੈ। ਕਿਉਕਿ ਪੰਜਾਬੀ ਵਿੱਚ ਸ਼ਬਦਾਂ ਦੀ ਪਹਿਲਾਂ ਕੋਈ ਗਿਣਤੀ ਨਹੀਂ ਹੈ, ਇਸਕਰਕੇ ਲੱਗਦਾ ਹੈ ਕਿ ਦੀਸਪੁਰਾ ਪੰਜਾਬੀ ਭਾਰਤੀ ਖੇਤਰ ਵਿੱਚ ਮੌਜੂਦ ਰੂਪਾਂ ਤੋਂ ਭਵਿੱਖ ਬਣਾਏਗੀ।

ਪੁਆਧੀ

ਪੁਆਧ ਦੀ ਜੜ ਸੰਸਕ੍ਰਿਤ ਸ਼ਬਦ "ਪੂਰਵ ਅਰਧ" ਤੋਂ ਸੰਭਵ ਹੈ, ਜਿਸ ਦਾ ਅਰਥ ਹੈ 'ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ' ਭਾਵ ਕਿ ਪੰਜਾਬ ਦਾ ਅੱਧ। ਪੁਆਧ ਦੇ ਲੋਕਾਂ ਨੂੰ 'ਪੁਆਧੀਏ' ਅਤੇ ਪੁਆਧ ਦੀ ਬੋਲੀ ਨੂੰ ਪੁਆਧੀ ਕਿਹਾ ਜਾਂਦਾ ਹੈ।
  • ਖੇਤਰ: ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ,
ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।
  • ਭਾਸ਼ਾਈ ਵਿਸ਼ੇਸ਼ਤਾਵਾਂ
ਪੰਜਾਬੀ ਦੀਆਂ ਬਾਕੀ ਉਪ-ਭਾਸ਼ਾਵਾਂ ਵਾਂਗ ਪੁਆਧੀ ਵਿੱਚ ਵੀ ਸੁਰ ਮੌਜੂਦ ਹੈ। ਪੁਆਧੀ ਦੀ ਨੀਵੀਂ ਸੁਰ ਦੀ ਵਰਤੋਂ ਮਾਝੀ ਦੀ ਤਰਾਂ ਹੈ ਅਤੇ ਉੱਚੀ ਸੁਰ ਦੀ ਵਰਤੋਂ ਮਲਵਈ ਦੀ ਤਰ੍ਹਾਂ ਹੈ। ਪੱਧਰੀ ਜਾਂ ਸਾਂਵੀਂ ਸੁਰ ਤਿੰਨਾਂ ਵਿੱਚ ਇੱਕੋ ਜਿਹੀ ਹੈ। ਪੁਆਧੀ ਵਿੱਚ ਅੰਤਲਾ /ਹ/ ਨਹੀਂ ਉਚਾਰਿਆ ਜਾਂਦਾ ਹੈ ਅਤੇ ਨਾਸਕੀ ਵਿਅੰਜਨ /ਙ/ ਅਤੇ /ਞ/ ਦੀ ਵਰਤੋਂ ਵੀ ਨਹੀਂ ਹੁੰਦੀ ਹੈ। ਤਾਲਵੀ ਸੰਘਰਸ਼ੀ ਸ਼ਬਦ /ਸ਼/ ਵੀ ਨਹੀਂ ਹੈ, ਕੇਵਲ ਦੰਤੀ /ਸ/ ਹੈ। /ਵ/ ਤੋਂ /ਬ/ ਅਤੇ /ਮ/ ਵਿੱਚ ਰੂਪਾਂਤਰਨ ਮਲਵਈ ਨਾਲੋਂ ਵੱਧ ਹੈ। ਦੋ ਸਵਰਾਂ ਵਿਚਲਾ /ਵ/ ਅਕਸਰ /ਮ/ ਵਿੱਚ ਬਦਲਦਾ ਹੈ। ਜਿਵੇਂ: ਸਬੇਰਾ (ਸਵੇਰਾ), ਸੰਬਾਰ ਕੇ (ਸੰਵਾਰ ਕੇ), ਕਾਮਾ ਰੌਲੀ, ਕੈਮਾਂ (ਕਿੰਨਵਾਂ), ਜਾਮਾਂਗਾ, ਐਮੇ, ਸਮਗਾ (ਸਗਵਾਂ), ਸਿਰਨਾਮਾ, ਜਮਾਈ, ਅਤੇ ਤੀਮੀ ਆਦਿ। ਪੁਆਧੀ ਵਿੱਚ ਬਾਂਗਰੂ (ਹਰਿਆਣਵੀ) ਦੇ ਅਸਰ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਘਤਾ ਮਿਲਦੀ ਹੈ। ਜਿਵੇਂ: ਖੂਣੋਂ (ਖੁਣੋ), ਝੂਲ (ਝੁੱਲ), ਊਸਾਰੁ, ਊਹਾਂ, ਈਹਾਂ (ਓਥੇ, ਇਥੇ) ਆਦਿ। ਪੁਆਧੀ ਦੇ ਇੱਕ ਪਾਸੇ ਮਲਵਈ ਅਤੇ ਦੂਜੇ ਪਾਸੇ ਬਾਂਗਰੂ ਹਿੰਦੀ ਹੈ। ਪੁਆਧੀ ਵਿੱਚ ਹਮਾਨੂੰ/ਮ੍ਹਾਨੂੰ ਪੜਨਾਂਵ ਹੈ। ਇਸਤਰਾਂ 'ਬਿੱਚਮਾ' ਪੁਆਧੀ ਦਾ ਸਬੰਧਕ ਹੈ। "ਵਿਚ" ਅਤੇ "ਮਾਂ (ਮੇ)" ਤੋਂ ਬਣਿਆ ਹੈ।
ਹਮ/ਹਮੇਂ (ਅਸੀਂ, ਥਮ/ਥਮੇ (ਤੂੰ, ਤੁਸੀਂ), ਮ੍ਹਾਰੇ/ਥਾਰੇ (ਸਾਡੇ, ਤੁਹਾਡੇ), ਥਾਨੂੰ (ਤੈਨੂੰ), ਇਯੋ (ਇਹ), ਸਾਤੋਂ (ਸਾਥੋਂ) ਆਦਿ ਪੜਨਾਂਵ ਸ਼ਾਮਲ ਹਨ। ਪੁਆਧੀ ਦੇ ਸਬੰਧਕ ਵੀ ਖਾਸ ਹਨ, ਜੋ ਕਿ ਹੋਰ ਪੰਜਾਬੀ ਉਪ-ਭਾਸ਼ਾਵਾਂ ਤੋਂ ਵੱਖਰੇ ਹਨ। ਜਿਵੇਂ ਕਿ: ਗੈਲ (ਨਾਲ), ਲਵੇ (ਨੇੜੇ), ਕੰਨੀਓ (ਪਾਸਿਓ), ਓੜੀ (ਤਰਫ਼)। ਕੁਝ ਕਾਰਕੀ ਸਬੰਧਕ ਵੀ ਵੇਖਣਯੋਗ ਹਨ। ਜਿਵੇਂ ਕਿ: ਕਾਸ ਮਾਂ (ਕਿਸ ਵਿੱਚ), ਕਾਤੇ (ਕਿਸ ਕਰਕੇ), ਕਿੱਕਾ (ਕਿਸ ਕਾ), ਜਾਸ ਨੂੰ (ਜਿਸ ਨੂੰ), ਪਰ (ਉੱਤੇ), ਕਿਨੂੰ (ਕਿਸ ਨੂੰ), ਕ੍ਹੀਨੂੰ (ਕਿਨ੍ਹਾਂ ਨੂੰ) ਆਦਿ।
  • ਕਿਰਿਆ ਵਿਸ਼ੇਸ਼ਣ: ਇਬ (ਹੁਣ), ਇਬਕੇ (ਐਤਕਾਂ), ਇਕਣ, ਈਕਣ, ਓਗਲ (ਉਦੋਂ) ਕੋਗਲ (ਕਦੋਂ), ਜੋਗਲ (ਜਦੋਂ), ਤੋਗਲ (ਤਦੋਂ) ਆਦਿ।
ਭੂਤਕਾਲੀ ਸਹਾਇਕ ਕਿਰਿਆਵਾਂ ਬਿਲਕੁਲ ਵਖਰੇਵੇਂ ਵਾਲੀਆਂ ਹਨ।
ਜਿਵੇਂ: ਗਿਆ ਤੀ, ਗਏ ਤੇ, ਗਿਆ ਤਾ, ਗਈਆਂ ਤੀਆਂ ਆਦਿ। ਕਈ ਪੁਆਧੀ ਇਕਾਕਿਆਂ ਵਿੱਚ ਥੀ, ਥਾ, ਥੀਆਂ, ਅਤੇ ਥੇ ਵੀ ਬੋਲਦੇ ਹਨ। ਜਾਹਾ (ਜਾਂਦਾ ਹੈ), ਖਾਹਾ (ਖਾਂਦਾ ਹੈ), ਦੇਹਾ (ਦਿੰਦਾ ਹੈ)।
ਪੁਆਧੀ ਵਿੱਚ ਭਵਿੱਖਕਾਲ ਲਈ ਦੋ ਪਿਛੇਤਰ /-ਗ/ ਅਤੇ /-ਐਂ/ ਵਰਤੇ ਜਾਂਦੇ ਹਨ। "ਜੈਲਾ ਖੇਤ ਬਾਹੇਗਾ" ਜਾਂ "ਜੈਲਾ ਖੇਤ ਨਾ ਬਾਹੈ" ਆਦਿ।
  • ਵਾਰਤਾਲਾਪ ਵੰਨਗੀ:
ਰੈ ਬੰਤਾ ਤੌਂ ਕਿਥੇ ਜਾਹਾਂ? ਕਿਤੇ ਬੀ ਨੀ। ਤੌਂ ਝੂਠ ਕਦ ਤੇ ਬੋਲਣ ਲਗ ਗਿਆ? ਕਿਉਂ ਇਸ ਮਾਂ ਝੂਠ ਕੀ ਕੇੜ੍ਹੀ ਬਾਤ ਐ।
  • ਪੁਆਧੀ ਨਿਵੇਕਲੀ ਸ਼ਬਦਾਵਲੀ
ਗੋਰੂ (ਡੰਗਰ), ਚਤੌਲੀਆਂ (ਨਵਾਂ ਜੰਮਿਆ ਬੱਚਾ), ਸਿੰਘ ਜੀ (ਸਹੁਰਾ), ਗੰਠ/ਗੱਠ (ਗੰਢ), ਛੋਕੜੀ (ਕੁੜੀ), ਮ੍ਹੈਂਸ (ਮੱਝ), ਘਰੜ (ਅਧਰਿੜਕੀ ਲੱਸੀ), ਚਾਸਣੀ (ਕੜਾਹੀ), ਗੈਂ (ਗਾਊ), ਉਗਣ-ਆਥਨ (ਸਵੇਰ-ਸ਼ਾਮ), ਕਚਰਾ (ਖਰਬੂਜ਼ਾ), ਬਾਂਸਣ (ਭਾਂਡਾ), ਭੱਤ (ਚੌਲ), ਬਿਆਈ (ਸੂਈ ਮੱਝ), ਅਤੇ ਥੌੜ (ਸਥਾਨ)

ਦੁਆਬੀ

ਪੰਜਾਬ ਦੇ ਦੁਆਬੇ ਦੇ ਇਲਾਕੇ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਸ਼ਬਦ ਪੰਜ+ਆਬ ਦੀ ਤਰਜ਼ ਉੱਤੇ ਹੀ ਬਣਿਆ ਹੈ। ਦੋਆਬਾ (ਦੋ-ਆਬਾ) ਦੋ ਦਰਿਆਵਾਂ ਦੇ ਵਿਚਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਉਂ ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਲੇ ਇਲਾਕੇ ਦੀ ਬੋਲੀ ਲਈ ਰੂੜ੍ਹ ਹੋਇਆ ਸ਼ਬਦ ਹੈ।
  • ਖੇਤਰ: ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।
  • ਦੁਆਬੀ ਭਾਸ਼ਾਈ ਵਿਸ਼ੇਸ਼ਤਾਵਾਂ:
ਦੁਆਬੀ ਵਿੱਚ ਤਿੰਨੇ ਸੁਰ - ਉੱਚੀ, ਨੀਵੀਂ ਅਤੇ ਪੱਧਰੀ ਕਾਰਜਸ਼ੀਲ ਹਨ। ਪਰ ਮਲਵਈ ਵਾਂਗ ਦੁਆਬੀ ਵਿੱਚ ਨਾਸਕੀ ਧੁਨੀਆਂ /ਙ/ ਅਤੇ /ਞ/ ਦਾ ਉਚਾਰਨ ਨਹੀਂ ਹੁੰਦਾ ਹੈ। ਦੰਤੀ /ਲ/ ਅਤੇ ਉਲਟ ਜੀਭੀ /ਲ਼/ ਦੋਵੇਂ ਵਿਅੰਜਨ ਧੁਨੀਆਂ ਧੁਨੀਆਤਮਿਕ ਪੱਖੋਂ ਸਾਰਥਿਕ ਅਤੇ ਨਖੇੜੂ ਹਨ। ਦੁਆਬੀ ਵਿੱਚ /ਵ/ ਅਤੇ /ਬ/ ਧੁਨੀਆਂ ਅੰਤਰ-ਵਟਾਂਦਰਾ ਕਰਦੀਆਂ ਹਨ, ਭਾਵ 'ਵਿੱਚ' ਅਤੇ 'ਬਿੱਚ' ਦੋਵੇ ਬੋਲੀਦੇ ਹਨ। ਪਰ ਵਧੇਰੇ ਰੁਝਾਨ /ਬ/ ਦੀ ਹੈ। ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਨਾਸਿਕਤਾ-ਸਹਿਤ /ਵ/ ਨੂੰ ਜਿੱਥੇ ਮਲਵਈ ਵਿੱਚ /ਮ/ ਬੋਲਿਆ ਜਾਂਦਾ ਹੈ, ਜਿਵੇਂ ਇਮੇਂ, ਕਿਮੇਂ, ਤਿਮੇਂ ਆਦਿ, ਉੱਥੇ ਦੁਆਬੀ ਵਿੱਚ ਵੱਖਰੇ ਸ਼ਬਦ ਹੀ ਪਰਚੱਲਿਤ ਹਨ। ਜਿਵੇਂ: ਇੱਦਾਂ, ਕਿੱਦਾਂ, ਅਤੇ ਜਿੱਦਾਂ ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿੱਚ ਵੀ ਸ਼ਬਦਾਂ ਵਿੱਚ ਮੱਧਵਰਤੀ ਜਾਂ ਅੰਤਰ /ਰ/ ਨੂੰ ਲੋਪ ਕਰਨ ਦਾ ਰੁਝਾਨ ਹੈ। ਜਿਵੇਂ ਪੋਤਾ, ਦ੍ਹੋਤਾ, ਦਾਤੀ, ਪੁੱਤ, ਸੂਤ ਆਦਿ ਮਾਝੀ ਵਿੱਚ ਪੋਤਰਾ, ਦੋਤ੍ਹਰਾ, ਦਾਤਰੀ, ਪੁੱਤਰ, ਸੂਤਰ ਹਨ।
ਦੁਆਬੀ ਵਿਆਕਰਨ ਬਣਤਰ ਮਲਵਈ ਨਾਲ ਕਾਫ਼ੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਹੀ ਦੁਆਬੀ ਵਿੱਚ ਸੀਗਾ, ਸੀਗੇ, ਸੀਗੀ ਅਤੇ ਸੀਗੀਆਂ ਵਾਂਗ ਵਰਤਿਆ ਜਾਂਦਾ ਹੈ। ਕਰਮਣੀਵਾਚੀ ਅਤੇ ਭਾਵਵਾੀਚੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ ਕਿ "ਮੈਥੋਂ ਕੰਮ ਕਰ ਨਹੀਂ ਹੁੰਦਾ, ਫੋਨ ਕੱਟ ਨਹੀਂ ਹੁੰਦਾ, ਜਾਂ ਖਾ ਨਹੀਂ ਹੁੰਦਾ" ਆਦਿ ਪੰਜਾਬੀ ਦੀ ਕਿਸੇ ਉਪਬੋਲੀ ਵਿੱਚ ਨਹੀਂ ਹਨ।
ਉਹ ਗਏ ਓਏ ਆ - ਉਹ ਗਏ ਹੋਏ ਹਨ ਉਹ ਗਏ ਉਈ ਆ- ਉਹ ਗਈ ਹੋਈ ਹੈ। ਸਾਰੀਆਂ ਆਈਆਂ ਆਂ - ਸਾਰੀਆਂ ਆਈਆਂ ਹੋਈਆਂ ਹਨ।

ਮਲਵਈ

ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ। ਮਹਾਂਭਾਰਤ ਵਿੱਚ ਮਾਲਵ ਗਣਰਾਜ ਦਾ ਜ਼ਿਕਰ ਹੋਇਆ ਹੈ। ਮਲਵਈ ਬੋਲੀ ਵਿੱਚ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਹਨ। ਬੂਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ 'ਬਾਰ' ਇੱਕ ਅਜਿਹਾ ਸ਼ਬਦ ਹੈ, ਜੋ ਕਿ ਵੈਦਿਕ ਕਾਲ ਵਿੱਚ ਹਾਸਲ ਹੈ। ਕੁਝ ਹੋਰ ਸ਼ਬਦ ਵੀ ਹਨ, ਜਿਵੇਂ ਕਿ: 'ਪਰਾਰਿ' ਅਤੇ 'ਸਮਾਂ'। 'ਪਰ-ਪਰਾਰ' ਅਤੇ 'ਐਂਤਕੀ ਸਮਾਂ (ਵਰ੍ਹਾ) ਲੱਗ ਗਿਆ' ਮਲਵਈ ਵਿੱਚ ਆਮ ਬੋਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਰਿਗਵੇਦ ਵਿੱਚ ਮਿਲਦੇ ਹਨ।
  • ਖੇਤਰ
ਜ਼ਿਲਾ ਬਠਿੰਡਾ, ਸੰਗਰੂਰ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਸ਼ਾਮਿਲ ਹੈ। ਪਟਿਆਲੇ ਜ਼ਿਲ੍ਹੇ ਦੀ ਪੱਛਮੀ ਭਾਗ ਵਿੱਚ ਮਲਵਈ ਬੋਲੀ ਜਾਂਦੀ ਹੈ। ਫਾਜ਼ਿਲਕਾ ਵਾਲੇ ਗੁੱਠ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀ ਕੁਝ ਸਿੱਖ-ਹਿੰਦੂ ਵਸੋਂ ਮਲਵਈ ਬੋਲਦੀ ਹੈ। ਮਲਵਈ ਵੱਡੇ ਖੇਤਰ ਵਿੱਚ ਫੈਲੀ ਹੋਣ ਕਰਕੇ ਇਸ ਦੀਆਂ ਅਗਾਂਹ ਕੁਝ ਲਘੂ-ਬੋਲੀਆਂ ਹਨ। ਬਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਨੂੰ 'ਉਤਾੜ' ਕਿਹਾ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ 'ਹਿਠਾੜ' ਕਹਿੰਦੇ ਹਨ।
  • ਮਲਵਈ ਭਾਸ਼ਾਈ ਵਿਸ਼ੇਸ਼ਤਾਵਾਂ:
ਇਥੇ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਬਜਾਏ ਦੀ ਥਾਂ ਸੁਰ ਉਚਾਰੀ ਜਾਂਦੀ ਹੈ। ਪਰ ਸੁਰ ਯੰਤਰੀ ਵਿਅੰਜਨ /ਹ/ ਗੂੜ੍ਹ ਮਲਵਈ ਵਿੱਚ ਆਪਣੇ ਵਿਅੰਜਨੀ ਸਰੂਪ ਵਿੱਚ ਕਾਇਮ ਰਹਿੰਦਾ ਹੈ। ਮਲਵਈ ਵਿੱਚ /ਙ/ ਅਤੇ /ਞ/ ਨਾਸਕੀ ਵਿਅੰਜਨ ਕਿਤੇ ਵੀ ਨਹੀਂ ਬੋਲੇ ਜਾਂਦੇ ਹਨ। ਫ਼ਾਰਸੀ ਧੁਨੀਆਂ /ਫ਼/, /ਖ਼/, /ਗ਼/, /ਜ਼/ ਆਦਿ ਦਾ ਵੱਖਰੇਵਾਂ ਮਲਵਈ ਬੁਲਾਰਿਆਂ ਦੇ ਜ਼ਿਹਨ ਵਿੱਚ ਸਾਰਥਿਕ ਨਹੀਂ ਹੁੰਦਾ। ਮਲਵਈ ਵਿੱਚ ਉਲਟ ਜੀਭੀ ਧੁਨੀਆਂ ਵੱਲ ਮਾਝੀ ਦੇ ਮੁਕਾਬਲੇ ਝੁਕਾ ਵੱਧ ਹੈ। ਜਿਵੇਂ ਕਿ ਤੋਰ ਨੂੰ ਟੋਰ, ਹੇਠਾਂ ਨੂੰ ਢਾਹਾਂ ਮਲਵਈ ਵਿੱਚ ਬੋਲੇ ਜਾਂਦੇ ਹਨ। ਮਲਵਈ ਵਿੱਚ ਮੁੱਢਲਾ ਸਵਰ ਲੋਪ ਕਰਨ ਦਾ ਰੁਝਾਨ ਵਧੇਰੇ ਹੈ। ਜਿਵੇਂ ਕਿ: ਅਨਾਜ ਨੂੰ ਨਾਜ, ਅਖੰਡ ਨੂੰ ਖੰਡ, ਅਦਾਲਤਾਂ ਨੂੰ ਦਾਲਤਾਂ, ਅਨੰਦ ਨੂੰ ਨੰਦ, ਇਲਾਜ ਨੂੰ ਲਾਜ ਅਤੇ ਇਕ ਵੇਰਾਂ ਨੂੰ ਕੇਰਾਂ ਆਦਿ ਬੋਲਿਆ ਜਾਂਦਾ ਹੈ। ਮਲਵਈ ਵਿੱਚ ਵਿਅੰਜਨ-ਧੁਨੀਆਂ ਦਾ ਅੰਤਰ-ਵਟਾਂਦਰਾ ਕਰਨਾ ਵੀ ਆਮ ਹੈ। ਜਿਵੇਂ ਕਿ ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸਾਈਕਲ ਨੂੰ ਸ਼ੈਕਲ, ਸ਼ਤਾਨ ਨੂੰ ਛਤਾਨ, ਸਰਦੀ ਨੂੰ ਸ਼ਰਦੀ, ਛਾਂ ਨੂੰ ਸਾਂ, ਸੜਕ ਨੂੰ ਸ਼ੜਕ, ਛਿੱਤਰ ਨੂੰ ਸ਼ਿੱਤਰ ਆਮ ਬੋਲਿਆ ਜਾਂਦਾ ਹੈ। 'ਬਾਂਝ ਔਰਤ' ਵਿੱਚ ਬਾਂਝ ਸ਼ਬਦ ਵੀ 'ਬਾਜ' (ਬਿਨਾਂ) ਦਾ ਮਲਵਈਕਰਨ ਹੀ ਹੈ। ਨਾਸਿਕਤਾ ਸਹਿਤ /ਵ/ ਨੂੰ /ਮ/ ਉਚਾਰਨ ਦਾ ਰੁਝਾਨ ਹੈ। ਜਿਵੇਂ: ਤੀਵੀਂ ਨੂੰ ਤੀਮੀਂ, ਇਵੇਂ ਨੂੰ ਇਮੇ, ਕਿਵੇਂ ਨੂੰ ਕਿਮੇ, ਜਾਵਾਂਗਾ ਨੂੰ ਜਾਮਾਗਾ ਜਾਂ ਖਾਵਾਂਗਾ ਨੂੰ ਖਾਮਾਂਗਾ ਆਦਿ। ਮਲਵਈ ਵਿੱਚ ਅੰਤਮ ਅੱਖਰ ਨੂੰ /ਐ/ ਲਾਉਣ ਦੀ ਬਹੁਤ ਰੁਚੀ ਹੈ। ਜਿਵੇਂ: ਕੀਤੈ, ਗਿਐ, ਆਖਿਐ ਆਦਿ। /ਵ/ ਨੂੰ /ਬ/ ਆਮ ਬੋਲਿਆ ਜਾਂਦਾ ਹੈ, ਜਿਵੇਂ: ਬੱਟਾ, ਬੀਰ, ਬੀਹ, ਬਾਹਗੁਰੂ, ਬੱਢ ਆਦਿ।
ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਨਿਆਰਾਪਨ ਇਸ ਦੇ ਨਿਰਾਲੇ ਪੜਨਾਵ ਹਨ। ਜਿਵੇਂ ਕਿ ਤੂੰ ਦੀ ਥਾਂ ਤੈਂ, ਤੁਹਾਡਾ ਦੀ ਥਾਂ ਠੋਡਾ/ਸੋਡਾ, ਤੁਹਾਨੂੰ ਦੀ ਥਾਂ ਥੋਨੂੰ/ਸੋਨੂੰ ਆਦਿ ਕਈ ਰੁਪਾਂਤਰ ਬੋਲੇ ਜਾਂਦੇ ਹਨ। 'ਆਪਣਾ' ਨੂੰ 'ਆਵਦਾ' ਵਰਤਿਆ ਜਾਂਦਾ ਹੈ। ਸਬੰਧਕ ਕਾ-ਕੀ-ਕੇ ਵੀ ਸਿਰਫ਼ ਮਲਵਈ ਵਿੱਚ ਹੀ ਬੋਲੇ ਜਾਂਦੇ ਹਨ। ਜਿਵੇਂ: ਜੈਲੇ ਕਾ ਖੇਤ, ਜੀਤੂ ਕੇ ਮੁੰਡੇ, ਜੀਤ ਕੀ ਬੁੜੀ। 'ਬੁੜੀ' ਸ਼ਬਦ ਵੀ ਸ਼ੁੱਧ ਮਲਵਈ ਹੈ, ਜੋ ਕਿ ਔਰਤਾਂ ਲਈ ਵਰਤਿਆ ਜਾ ਰਿਹਾ ਹੈ।
  • ਕਿਰਿਆ ਰੂਪੀ ਸ਼ਬਦ ਜਿਵੇਂ ਕਿ ਜਾਊਂ, ਖਾਊਂ, ਕਰੂੰ ਆਦਿ ਵੀ ਟਕਸਾਲੀ ਪੰਜਾਬੀ ਤੋਂ ਵੱਖਰੇ ਹਨ। ਮਲਵਈ ਕਰਮਣੀ ਵਾਚ ਵੀ ਲਹਿੰਦੀ ਨਾਲ
ਕਾਫ਼ੀ ਮਿਲਦਾ ਹੈ। ਜਿਵੇਂ: 'ਏਦਾਂ ਨਹੀਂ ਕਰੀਦਾ -ਖਾਈਦਾ ਜਾਂ ਪੜ੍ਹੀਦਾ ਆਦਿ।
  • ਮਲਵਈ ਸ਼ਬਦਾਵਲੀ:
ਹਾਜ਼ਰੀ ਰੋਟੀ, ਤਿੱਖੜ ਦੁਪੈਹਰਾ, ਆਥਣ-ਉੱਗਣ, ਵੱਡੇ ਤੜਕੇ, ਨੇਂ ਜਾਣੀਏ, ਬਲਾਂਈ, ਜਮਾ ਈ, ਖਬਣੀ, ਕੇਰਾਂ, ਐਮੇ, ਊਂਈ, ਐਰਕੀ ਜਾਂ ਤੋਕੀ (ਇਸ ਸਾਲ), ਬਗ ਗਿਐ, ਕਾਸ ਨੂੰ ਜਾਨੈਗਾ, ਮੂਹਰੇ, ਜਿੱਦਣ, ਕਿੱਦਣ, ਲੌਣੇ, ਲਵੇ, ਥਾਈਂ, ਖੋਲਾ, ਜਾਣੇ ਖਾਣਿਆਂ, ਵੀਰਾਂ ਵੱਢੀਏ, ਡੁਬੜੀਏ, ਦੋਜਕ ਜਾਣਿਆਂ ਆਦਿ।
  • ਮਲਵਈ ਵਾਰਤਾਲਾਪ ਦੀ ਵੰਨਗੀ

ਮਾਝੀ

'ਮਾਝਾ' ਸ਼ਬਦ ਦਾ ਮੂਲ ਅਰਥ ਹੈ ਮੱਧ, ਭਾਵ ਕੇਂਦਰ, ਵਿਚਕਾਰਲਾ ਜਾਂ ਦਰਮਿਆਨਾ ਹੈ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਨਾਂ ਹੈ। ਇਨ੍ਹਾਂ ਪੰਜ ਦਰਿਆਵਾਂ ਵਿੱਚ ਦੋ ਦਰਿਆਵਾਂ ਦਾ ਨਾਂ ਰਾਵੀ ਅਤੇ ਬਿਆਸ ਹੈ। ਇਨ੍ਹਾਂ ਦੋਹਾਂ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਣ ਲੱਗ ਪਿਆ। ਇਸ ਮੱਝਲੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਨਾਂ ਮਾਝੀ ਪੈ ਗਿਆ।
  • ਖੇਤਰ
ਮਾਝੀ ਹੁਣ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਆਰਪਾਰ ਦੀਆਂ ਸਰਹੱਦਾਂ ਉੱਤੇ ਬੋਲੀ ਜਾਂਦੀ ਹੈ। ਭਾਰਤੀ ਪੰਜਾਬ ਵਿੱਚ ਮਾਝੀ ਪੂਰੇ ਜ਼ਿਲਾ ਅੰਮ੍ਰਿਤਸਰ, ਗੁਰਦਾਸਪੁਰ ਦੀਆਂ ਦੋ ਤਹਿਸੀਲਾਂ-ਗੁਰਦਾਸਪੁਰ ਅਤੇ ਬਟਾਲਾ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੇ ਕੁਝ ਖੇਤਰਾਂ ਵਿੱਚ ਵੀ ਮਾਝੀ ਬੋਲੀ ਜਾਂਦੀ ਹੈ। ਬਿਆਸ ਦਰਿਆ ਦੇ ਦੁਆਬੇ ਵਾਲੇ ਪਾਸੇ ਲੱਗਦੇ ਖੇਤਰਾਂ ਵਿੱਚ ਮਾਝੀ ਬੋਲੀ ਜਾਂਦੀ ਹੈ।
  • ਮਾਝੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ
ਧੁਨੀ ਵਿਉਂਤ ਧੁਨੀ ਵਿਉਂਤ ਦੇ ਪੱਖ ਤੋਂ ਸੁਰ  ਮਾਝੀ ਦੀ ਉੱਘੀ ਵਿਸ਼ੇਸ਼ਤਾ ਹੈ। ਮਾਝੀ ਵਿੱਚ ਤਿੰਨ ਸੁਰਾਂ - ਉੱਚੀ, ਨੀਵੀਂ ਅਤੇ ਪੱਧਰੀ ਉਚਾਰੀਆਂ ਜਾਂਦੀਆਂ ਹਨ। ਸੁਰਾੀਂ ਦੀ ਹੋਂਦ ਨਾਦੀ-ਮਹਾਂਪ੍ਰਾਣ ਧੁਨੀਆਂ /ਘ,ਝ,ਢ,ਧ,ਭ/ ਅਤੇ ਸੁਰਯੰਤਰੀ ਧੁਨੀ /ਹ/ ਆਦਿ ਵੱਖ ਵੱਖ ਸਥਿਤੀਆਂ ਉੱਤੇ ਨਿਰਭਰ ਕਰਦਾ ਹੈ। ਮਾਝੀ ਦੇ ਸ਼ਬਦ ਦੀਆਂ ਤਿੰਨੇ ਸਥਿਤੀਆਂ ਵਿੱਚ /ਹ/ ਧੁਨੀ ਸੁਰ ਵਿੱਚ ਬਦਲ ਜਾਂਦੀ ਹੈ। ਮਿਸਾਲ ਵਜੋਂ 'ਹੋਰ' ਦਾ ਮਾਝੀ ਉਚਾਰਨ'ਓਰ੍ਹ', ਤੁਹਾਡਾ ਦਾ 'ਤਿਅ੍ਹਾ ਡਾ' ਅਤੇ 'ਜਾਹ' ਦਾ 'ਜਾਅ੍ਹ' ਹੈ। ਇਸ ਦੇ ਮੁਕਾਬਲੇ ਮਲਵਈ ਵਿੱਚ /ਹ/ ਦਾ ਵਿਅੰਜਨੀ ਸਰੂਪ ਕਈ ਥਾਵਾਂ ਉੱਤੇ ਕਾਇਮ ਰਹਿੰਦਾ ਹੈ।
ਮਾਝੀ ਵਿੱਚ ਦੋਵੇਂ /ਲ/ ਧੁਨੀਆਂ ਫੁਨੀਮਕ ਪੱਖੋਂ ਸਾਰਥਕ ਹਨ। ਮਾਝੀ ਵਿੱਚ ਸਵਰਾਂ ਦਾ 'ਨਿਰਸੰਧੀ' ਝੁਕਾ ਵੀ ਜਾਰੀ ਹੈ ਭਾਵ ਮਾਝੇ ਵਿੱਚ ਆਮ ਤੌਰ ਉੱਤੇ /ਔ/ ਧੁਨੀ ਨੂੰ /ਆਉ/ ਹੀ ਉਚਾਰਦੇ ਹਨ। ਜਿਵੇਂ ਕਰਾਉਣਾ, ਸੁਣਾਉਣਾ ਆਦਿ ਨਿਰਸੰਧੀ ਉਚਾਰਨ ਮਾਝੀ ਹੈ, ਪਰ ਇਸ ਦੇ ਮੁਕਾਬਲੇ ਤੇ ਮਲਵਈ ਵਿੱਚ ਕਰੌਣਾ, ਸਣੌਣਾ ਸੰਧੀਯੁਕਤ ਉਚਾਰਨ ਮਿਲਦਾ ਹੈ। ਉਂਜ ਲਿਖਤ ਵਿੱਚ ਭਾਵੇਂ ਮਲਵਈ ਵੀ ਮਾਝੀ ਵਾਂਗ ਹੀ ਲਿਖੀ ਜਾਂਦੀ ਹੈ। ਆਮ ਪੰਜਾਬੀ ਵਿੱਚ ਨਾਸਕੀ ਵਿਅੰਜਨ ਤਿੰਨ (ਣ, ਨ, ਮ) ਹੀ ਉਚਾਰੇ ਜਾਂਦੇ ਹਨ, ਪਰ ਮਾਝੀ ਵਿੱਚ ਕਿਤੇ ਕਿਤੇ /ਙ/ ਤੇ /ਞ/ ਦੀ ਹੋਂਦ ਵੀ ਹੈ।
  • ਮਾਝੀ ਵਿਆਕਰਨ
ਵਿਆਕਰਨ ਪੱਖੋਂ ਵੀ ਬਹੁਤੀ ਵੱਖਰਤਾ ਨਹੀਂ ਹੈ, ਬਹੁਤ ਭੇਦ ਉਚਾਰਨ ਅਤੇ ਸ਼ਬਦਾਵਲੀ ਦਾ ਹੀ ਹੁੰਦਾ ਹੈ। ਜਿਵੇਂ ਮਾਝੀ ਦਾ ਬੁਲਾਰਾ 'ਤੁਹਾਡਾ' ਪੜਨਾਂਵ ਨੂੰ ਧਿਆਡਾ, ਧਿਆਡੇ ਅਤੇ ਤੁਹਾਨੂੰ ਦੀ ਥਾਂ ਧਿਆਨੂੰ ਜਾਂ ਤਿਆਨੂੰ ਉਚਾਰਦੇ ਹਨ। ਇਸੇਤਰਾਂ ਮਾਝੀ ਦੇ ਕੁਝ ਸ਼ਬਦ ਬਿਲਕੁਲ ਨਿਵੇਕਲੇ ਹਨ। ਜਿਵੇਂ: ਵਾਂਢੇ, ਸਲੂਣਾ, ਰੁਮਾਨ, ਖੜਨਾ, ਭਾਊ, ਭਾ, ਛਾਹਵੇਲਾ, ਲੌਢਾ ਵੇਲਾ (ਤਰਕਾਲਾਂ), ਗਾੜੀ (ਅੱਗੇ), ਝਬਦੇ (ਛੇਤੀ), ਕੂਣਾ (ਕਹਿਣਾ), ਬੁੱਢੀ (ਘਰਵਾਲੀ), ਯਾਰਾਂ (ਗਿਆਰਾਂ), ਹਵੇਲੀ (ਪਸ਼ੂਆਂ ਦਾ ਵਾੜਾ) ਅਤੇ ਟੱਲੀ (ਲੀਰ) ਆਦਿ ਅਨੇਕ ਸ਼ਬਦ ਹਨ, ਜਿਹੜੀਆਂ ਦੂਜੀਆਂ ਉਪਭਾਸ਼ਾਵਾਂ ਅਤੇ ਸਟੈਂਡਰਡ ਪੰਜਾਬੀ ਵਿੱਚ ਨਹੀਂ ਵਰਤੇ ਜਾਂਦੇ। ਵਿਆਕਰਨ ਦੇ ਪੱਖ ਤੋਂ ਮਾਝੀ ਦੀ ਵਿਲੱਖਣਤਾ ਇਹ ਜ਼ਰੂਰ ਹੈ ਕਿ ਮਾਝੀ ਭਾਸ਼ਾ ਮਲਵਈ ਦੇ ਮੁਕਾਬਲੇ ਸੰਜੋਗਾਤਮਿਕ ਰੁਚੀਆਂ ਦੀ ਧਾਰਨੀ ਹੈ। ਮਾਝੀ ਵਿੱਚ 'ਨੇ' ਸੰਬੰਧਕ ਬਹੁਤ ਘੱਟ ਹੈ। ਮਾਝੀ ਵਿੱਚ /ਉਸ ਕਿਹਾ, ਕਿਨ ਕਿਹਾ, ਇਨ ਕਿਹਾ, ਹੱਥੀਂ ਕੀਤਾ, ਅੱਖੀਂ ਡਿੱਠਾ, ਗੱਡੀਓ ਲੱਥਾ/ ਆਦਿ ਸੰਜੋਗਾਤਮਿਕ ਬਣਤਰਾਂ ਬੋਲਣ ਦੀ ਰੁਚੀ ਹੈ। ਇਸੇਤਰਾਂ ਮਾਝੀ ਦੇ ਭੂਤਕਾਲੀ ਕਿਰਦੰਤ ਰੂਪ ਵੀ ਦੂਜੀਆਂ ਉਪਭਾਸ਼ਾਵਾਂ ਨਾਲੋਂ ਫ਼ਰਕ ਵਾਲੇ ਹਨ। /-ਇਆ/ ਅੰਤਕ ਕਿਰਦੰਤੀ ਰੂਪ ਆਮ ਪੰਜਾਬੀ ਲੱਛਣ ਹਨ। ਜਿਵੇਂ 'ਪੜ੍ਹ' ਤੋਂ 'ਪੜ੍ਹਿਆ, 'ਕਰ' ਤੋਂ 'ਕਰਿਆ ਆਦਿ ਪਰ ਇਨ੍ਹਾਂ ਦਾ ਨਿਕਟ-ਤਤਸਮੀ ਰੂਪ /ਕੀਤਾ, ਸੀਤਾ/ਵੀ ਵਰਤੋਂ ਵਿੱਚ ਆਉਦਾ ਹੈ। ਮਾਝੀ ਵਿੱਚ ਆਮ ਨਾਲੋਂ ਵੱਧ ਅਜਿਹੇ ਰੂਪ ਪਰਚੱਲਿਤ ਹਨ, ਜਿਵੇਂ ਕਿ ਡਿੱਠਾ, ਰਿੱਧਾ, ਧੋਤਾ, ਗੁੱਧਾ ਆਦਿ। ਮਾਝੀ ਵਿੱਚ ਕੁਝ ਹੋਰ ਨਿਵੇਕਲੇ ਤੱਤ ਕਿਰਿਆ ਦੇ ਅਖ਼ੀਰ ਵਿੱਚ ਜੁੜਵੇਂ ਬੋਲੇ ਜਾਂਦੇ ਹਨ। ਜਿਵੇਂ ਕਿ ਆਖਿਆ ਸੂ, ਕੀ ਕੀਤਾ ਸੂ ਆਦਿ।

ਪੰਜਾਬੀ ਭਾਸ਼ਾ

ਪੰਜਾਬ ਵਿਚ ਕਿਸੇ ਵੇਲੇ ਬਰੂਹੀ ਬੋਲੀ ਹੁੰਦੀ ਸੀ ਫਿਰ ਇਥੇ ਇਕ ਅਤਿ ਔਖੀ ਭਾਸ਼ਾ ਸੰਸਕ੍ਰਿਤ ਬਣੀ ਅਤੇ ਫਿਰ ਪੱਛਮੀ ਏਸ਼ੀਆ ਵਿਚ ਮੁਕਾਬਲਤਨ ਸੌਖੀਆਂ ਭਾਸ਼ਾਵਾਂ ਜਿਵੇਂ ਪੰਜਾਬੀ, ਬੰਗਲਾ, ਮਰਾਠੀ, ਗੁਜਰਾਤੀ ਆਦਿ  ਬਣੀਆਂ। ਪੰਜਾਬੀ ਬੋਲਣ ਵਾਲਿਆਂ ਦਾ ਬਹੁਤ ਵੱਡਾ ਹਿੱਸਾ ਪਾਕਿਸਤਾਨ ਵਿਚ ਹੈ, ਜਿਥੋਂ ਇਹ ਮੁਲਤਾਨ ਤੋਂ ਤੁਰਦੀ ਤੁਰਦੀ ਪਟਿਆਲੇ, ਅੰਬਾਲੇ, ਚੰਗੀਗੜ੍ਹ, ਕਾਂਗੜੇ, ਜੰਮੂ ਆਦਿ ਤਕ ਪਹੁੰਚੀ। ਇਨ੍ਹਾਂ ਸਾਰੇ ਇਲਾਕਿਆਂ ਵਿਚ ਪੰਜਾਬੀ ਦੀਆਂ ਅੱਡ ਅੱਡ ਵੰਨਗੀਆਂ ਹਨ ਪਰ ਇਨ੍ਹਾਂ ਸਾਰੇ ਇਲਾਕਿਆਂ ਦੇ ਆਮ ਲੋਕ ਇਕ ਦੂਜੇ ਨਾਲ ਗੱਲ ਕਰ ਸਕਦੇ ਹਨ । 19ਵੀਂ ਤੋਂ 20ਵੀਂ ਸਦੀ ਵਿਚ ਥੋੜ੍ਹੀ ਥੋੜ੍ਹੀ ਸਰਮਾਏਦਾਰੀ ਮੰਡੀ ਅਰਥਚਾਰਾ ਵਧਿਆ, ਇਸ ਦੇ ਨਾਲ ਸਾਰੇ ਲੋਕਾਂ ਦਾ ਆਪਸ ਵਿਚ ਆਣਾ ਜਾਣਾ ਵੀ ਵਧਿਆ ਅਤੇ ਇਸ ਇਲਾਕੇ ਦੇ ਕੇਂਦਰ ਲਾਹੌਰ ਅੰਮ੍ਰਿਤਸਰ ਦੇ ਮਾਝੇ ਦੀ ਬੋਲੀ ਰੀੜ੍ਹ ਦੀ ਹੱਡੀ ਬਣੀ ਅਤੇ ਟਕਸਾਲੀ ਪੰਜਾਬੀ ਭਾਸ਼ਾ ਸਜੀ। ਪੰਜਾਬੀ ਭਾਸ਼ਾ ਦਾ ਹਾਲੇ ਟਕਸਾਲੀਕਰਣ ਹੋ ਹੀ ਰਿਹਾ ਸੀ ਕਿ ਡੋਗਰੀ ਜੰਮੂ ਖੇਤਰ ਵਿਚ ਥੋੜ੍ਹੀ ਬਹੁਤ ਟਕਸਾਲੀਕਰਣ ਵੱਲ ਤੁਰ ਪਈ ਪਰ ਕਾਂਗੜੇ ਵਾਲੀ ਡੋਗਰੀ ਹਿੰਦੀ ਵਲ ਟੁਰ ਪਈ। ਪਾਕਿਸਤਾਨ ਵਿਚ ਸਰਾਇਕੀ ਨਾਂ ਥੱਲੇ ਬਾਬਾ ਸ਼ੇਖ਼ ਫਰੀਦ ਬਾਬੇ-ਏ-ਪੰਜਾਬੀ ਕੌਮ ਦੇ ਅਪਣੇ ਘਰ ਮੁਲਤਾਨ ਤੋਂ ਸਿੰਧ ਵਾਲੇ ਪਾਸੇ ਸਰਕਣ ਲੱਗ ਪਈ। ਸਰਾਇਕੀ ਦਾ ਵੱਡੇ ਪੰਜਾਬੀ ਘਰ ਤੋਂ ਸਰਕ ਜਾਣਾ ਕਾਫ਼ੀ ਮੁਸ਼ਕਲ ਹੀ ਜਾਪਦਾ ਹੈ। ਇਧਰ ਭਾਰਤੀ ਪੰਜਾਬ ਵਿਚ ਪੁਆਧੀ ਅਤੇ ਬਾਗੜੀ ਨਾਂ ਪੂਰੀ ਤਰ੍ਹਾਂ ਟਕਸਾਲੀ ਪੰਜਾਬੀ ਵਿਚ ਰਚੀਆਂ ਹਨ ਅਤੇ ਨਾਂ ਹਿੰਦੀ ਵਿਚ। ਐਪਰ ਇਹ ਹਿੰਦੀ ਨਾਲੋਂ ਪੰਜਾਬੀ ਵੱਲ ਵਧੇਰੇ ਰੁਚਿਤ ਹੋ ਰਹੀਆਂ ਹਨ ਕਿਉਂਕਿ ਪਾਕਿਸਤਾਨ ਤੋਂ ਪੰਜਾਬੀ ਇਨ੍ਹਾਂ ਇਲਾਕਿਆਂ ਵਿਚ ਕਾਫ਼ੀ ਗਿਣਤੀ ਵਿਚ ਆ ਵੱਸੇ ਸਨ। ਜਦੋਂ ਅੱਜ ਦੁਨੀਆਂ ਇਕ ਮਹਾਨ ਪਿੰਡ ਬਣ ਰਹੀ ਹੈ ਪੰਜਾਬੀ ਭਾਸ਼ੀ ਲੋਕ ਸਾਰੀ ਦੁਨੀਆਂ ਵਿਚ ਖਿਲਰ ਗਏ ਹਨ ਪਰ ਹਾਲੇ ਵੀ ਇਨ੍ਹਾਂ ਦੀ ਅਕਸਰੀਅਤ  ਪਾਕਿਸਤਾਨੀ ਅਤੇ ਭਾਰਤੀ ਪੰਜਾਬ ਵਿਚ ਹੀ ਹੈ। ਇਨ੍ਹਾਂ ਦੋਵੇਂ ਪੰਜਾਬਾਂ ਵਿਚ ਕੁੱਝ ਗ਼ੈਰ ਪੰਜਾਬੀ ਅਕਲੀਅਤਾ ਵੀ ਹਨ ਜਿਨ੍ਹਾਂ ਵਿਚੋਂ ਕੁਝ ਲੋਕ  ਪੰਜਾਬੀ ਭਾਸ਼ਾ ਤੇ ਸਭਿਆਚਾਰ ਵਿਚ ਸਮੋਏ ਜਾ ਰਹੇ ਹਨ ਅਤੇ ਕੁੱਝ ਅਪਣੀ ਵੱਖਰੀ ਭਾਸ਼ਾਈ ਪਹਿਚਾਣ ਬਣਾਈ ਰਖਣ ਲਈ ਯਤਨਸ਼ੀਲ ਹਨ। ਇਸੇ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੇ ਹੋਰ ਸੂਬਿਆਂ ਵਿਚ ਕਾਫ਼ੀ ਗਿਣਤੀ ਵਿਚ ਪੰਜਾਬੀ ਭਾਸ਼ੀ ਲੋਕ ਪੰਜਾਬੀ ਬੋਲੀ ਅਤੇ ਸਭਿਆਚਾਰ ਨਾਲ ਹਾਲੀ ਵੀ ਜੁੜੇ ਹੋਏ ਹਨ। ਲੋਹੜੀ ਬੜੇ ਸ਼ੌਕ ਨਾਲ ਮਨਾਉਂਦੇ ਹਨ ਅਤੇ ਖ਼ੂਬ ਫੁੱਲੇ ਰਿਓੜੀਆਂ ਖਾਂਦੇ, ਲੋਹੜੀ ਬਾਲਦੇ ਅਤੇ ਦੁੱਲੇ ਭੱਟੀ ਦਾ ਗੀਤ ਗਾਉਂਦੇ ਹਨ। ਭਾਰਤੀ ਪੰਜਾਬ ਦੀ 2001 ਵਿਚ ਕੁਲ ਵਸੋਂ 2.42 ਕਰੋੜ ਸੀ ਅਤੇ ਪਾਕਿਸਤਾਨੀ ਪੰਜਾਬ ਦੀ 1997 ਵਿਚ 7.36 ਕਰੋੜ। ਕੁਲ ਭਾਰਤ, ਪਾਕਿਸਤਾਨ ਅਤੇ ਬਾਕੀ ਦੁਨੀਆਂ ਵਿਚ ਪੰਜਾਬੀ ਭਾਸ਼ੀਆਂ ਦੀ ਗਿਣਤੀ 13-14 ਕਰੋੜ ਸਮਝੀ ਜਾਂਦੀ ਹੈ, ਜਿਹੜੀ ਕਿ ਫ਼ਰਾਂਸ ਅਤੇ ਜਰਮਨੀ ਦੀ ਮਿਲਾ ਕੇ ਕੁੱਲ ਆਬਾਦੀ ਨਾਲੋਂ ਥੋੜ੍ਹੀ ਘੱਟ ਹੈ। ਹੁਣ ਸੋਚਿਆ ਜਾਵੇ ਕਿ ਜੇਕਰ ਇਹ 14 ਕਰੋੜ ਲੋਕ ਪੰਜਾਬੀ ਵਿਚ ਪੜ੍ਹ ਲਿਖ ਜਾਣ ਭਾਵੇਂ ਗੁਰਮੁਖੀ, ਸ਼ਾਹਮੁਖੀ ਜਾਂ ਕਿਸੇ ਹੋਰ ਮੁਖੀ ਵਿਚ ਤਾਂ ਇਨ੍ਹਾਂ ਪੜ੍ਹੇ ਲਿਖੇ ਸਮਰੱਥ ਪੰਜਾਬੀਆਂ ਦੀ ਸਭਿਆਚਾਰਕ ਭੁੱਖ ਮਿਟਾਉਣ ਲਈ ਕਿੰਨੀਆਂ ਕਿਤਾਬਾਂ, ਰਸਾਲੇ, ਅਖ਼ਬਾਰਾਂ, ਫ਼ਿਲਮਾਂ, ਸੀਡੀਆਂ, ਡੀਵੀਡੀਆਂ ਬਣ ਕੇ ਵਿਕ ਸਕਦੀਆਂ ਹਨ। ਇਹ ਤਾਂ ਇਕ ਸਭਿਆਚਾਰਕ ਇਨਕਲਾਬ ਵੀ ਨਹੀਂ ਸਗੋਂ ਆਰਥਕ ਇਨਕਲਾਬ ਹੀ ਹੋ ਨਿਬੜੇਗਾ। ਜੇਕਰ ਅਤੇ ਜਦੋਂ ਵੀ ਅਜਿਹਾ ਹੋ ਗਿਆ ਤਾਂ ਪੰਜਾਬੀ ਕੌਮ ਦਾ ਦੁਨੀਆਂ ਭਰ ਵਿਚ ਡੰਕਾ ਵਜਣਾ ਕੁਦਰਤੀ ਹੈ। ਬਹੁਤ ਆਸ਼ਾਵਾਦੀ ਤਾਂ ਇਹ ਕਹਿਣਗੇ ਕਿ ਅਜਿਹਾ ਅੱਜ ਨਹੀਂ ਤਾਂ ਕਲ ਹੋਣ ਹੀ ਵਾਲਾ ਹੈ। ਪਰ ਇਹ ਹੋਣਾ ਲੋੜੀਂਦਾ ਜ਼ਰੂਰ ਹੈ। ਹੇਠਾਂ ਪੰਜਾਬੀ ਦੀਆਂ ਕੁਝ ਉਪ ਭਾਸ਼ਾਂਵਾਂ ਬਾਰੇ ਲਿਖਿਆ ਹੈ

ਧਰਮ

ਪੰਜਾਬ ਇੱਕ ਬਹੁ-ਧਰਮੀ ਰਾਜ ਹੈ। ਸਿੱਖੀ ਅਤੇ ਹਿੰਦੂ ਮੱਤ ਇੱਥੇ ਮੰਨੇ ਜਾਣ ਵਾਲੇ ਪ੍ਰਮੁੱਖ ਧਰਮ ਹਨ। ਇਸਲਾਮ, ਈਸਾਈ ਮੱਤ, ਜੈਨ ਮੱਤ ਵੀ ਇੱਥੇ ਘੱਟ ਗਿਣਤੀ ਵਿਚ ਮੰਨੇ ਜਾਣ ਵਾਲੇ ਧਰਮ ਹਨ। ਪੰਜਾਬੀ, ਜੋ ਕਿ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ, ਪੰਜਾਬ ਦੀ ਰਾਜ ਭਾਸ਼ਾ ਹੈ।

ਆਰਥਿਕਤਾ

ਪੰਜਾਬ ਦੀ ਆਰਥਿਕਤਾ ਸਭ ਤੋਂ ਵੱਧ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ। ਪੰਜਾਬ ਦੀ ਕੁਲ ਵਾਹੀਯੋਗ ਜ਼ਮੀਨ ਦੇ ੯੮.੮% ਖੇਤਰ ਉਤੇ ਖੇਤੀਬਾੜੀ ਕੀਤੀ ਜਾਂਦੀ ਹੈ। ਸੰਨ ੨੦੦੩-੦੪ ਦੌਰਾਨ ਪੰਜਾਬ ਵਿੱਚ ਉੱਚ ਪੱਧਰੀ ਅਤੇ ਮੱਧਮ ਪੱਧਰੀ ਸਨਅਤਾਂ ਸਨ, ਅਤੇ ਛੋਟੇ ਪੱਧਰੀ ਸਨਅਤਾਂ ਦੀ ਗਿਣਤੀ ਲਗਭਗ ੨ ਲੱਖ ੩ ਹਜ਼ਾਰ ਸੀ। "ਪੰਜਾਬ ਰਾਜ ਐਗਰੋ-ਇੰਡਸਟ੍ਰੀਜ਼ ਕਾਰਪੋਰੇਸ਼ਨ"  ਰਾਜ ਵਿਚ ਖੇਤੀ ਆਧਰਿਤ ਸਨਅਤਾਂ ਦੀ ਏਜੰਸੀ ਹੈ। ਪੰਜਾਬ ਇੰਫੋਟੈੱਕ  ਰਾਜ ਵਿਚ ਸੂਚਨਾ ਅਤੇ ਸੰਚਾਰ ਆਧਰਿਤ ਸਨਅਤਾਂ ਦੀ ਏਜੰਸੀ ਹੈ।

ਪੰਜਾਬ ਦਾ ਇਤਿਹਾਸ

ਹੜੱਪਾ ਹੜੱਪਾ ਸਾਹੀਵਾਲ ਜ਼ਿਲੇ ਵਿੱਚ ਇੱਕ ਕਸਬੇ ਦਾ ਨਾਮ ਹੈ. ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਹਨ. ਵਿਦਵਾਨਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਚੀਜ਼ਾਂ ਈਸਾ ਦੇ ਜਨਮ ਤੋਂ 3000 ਸਾਲ ਪਹਿਲਾਂ ਦੀਆਂ ਹਨ.
ਸਿਕੰਦਰ . ਸਿਕੰਦਰ ਫੈਲਕੂਸ ਦਾ ਬੇਟਾ ਯੂਨਾਨ ਦਾ ਬਾਦਸ਼ਾਹ ਸੀ. ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤੇ ਕਰਕੇ ਈਸਵੀ ਸਨ ਤੋਂ 327 ਸਾਲ ਪਹਿਲਾਂ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਅਰ ਪੰਜਾਬ ਦੇ ਰਾਜਾ ਪੁਰੁ  ਨੂੰ ਜੇਹਲਮ ਦੇ ਕੰਢੇ ਹਾਰ ਦਿੱਤੀ ਅਤੇ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ. ਇਸ ਦਾ ਦੇਹਾਂਤ B.C. 323 ਵਿੱਚ ਹੋਇਆ.
ਚੰਦ੍ਰਗੁਪਤ . ਇਹ ਮਗਧ ਦੇਸ਼ ਦਾ ਮੌਰਯ ਰਾਜਾ ਸੀ. ਇਸ ਨੇ ਚਾਣਿਕ੍ਯ ਮੰਤ੍ਰੀ ਦੀ ਸਹਾਇਤਾ ਨਾਲ ਰਾਜਾ ਮਹਾਨੰਦ ਅਤੇ ਨੰਦਵੰਸ਼ ਦਾ ਨਾਸ਼ ਕਰਕੇ ਪਟਨੇ ਵਿੱਚ ਰਾਜਧਾਨੀ ਕਾਇਮ ਕੀਤੀ ਅਤੇ ਸਾਰੇ ਭਾਰਤ ਨੂੰ ਅਧੀਨ ਕੀਤਾ ਸੀ. ਇਸ ਦੇ ਰਾਜ ਵਿੱਚ ਅਫਗਾਨਿਸਤਾਨ, ਬਿਹਾਰ, ਕਾਠੀਆਵਾੜ ਅਤੇ ਪੰਜਾਬ ਆਦਿ ਦੇਸ਼ ਸ਼ਾਮਿਲ. ਚੰਦ੍ਰਗੁਪਤ ਨੇ ਯੂਨਾਨੀ ਰਾਜਾ  ਦੀ ਪੁਤ੍ਰੀ ਨਾਲ ਵਿਆਹ ਕੀਤਾ। ਮੁਦ੍ਰਾਰਾਕਸ਼ਸ ਨਾਟਕ ਵਿੱਚ ਚੰਦ੍ਰਗੁਪਤ ਦੀ ਸੁੰਦਰ ਕਥਾ ਮਿਲਦੀ ਹੈ. ਇਹ B.C. 322 ਵਿੱਚ ਰਾਜਸਿੰਘਾਸਨ ਤੇ ਬੈਠਾ ਅਤੇ B.C.298 ਵਿੱਚ ਰਾਜਸਿੰਘਾਸਨ ਛੱਡਕੇ ਬਨਬਾਸੀ ਹੋ ਗਿਆ. ਚੰਦ੍ਰਗੁਪਤ ਦੀ ਚਤੁਰੰਗਿਨੀ ਫੌਜ 6,95,000 ਸੀ. ਇਸ ਦਾ ਪੁਤ੍ਰ ਬਿੰਦੁਸਾਰ ਭੀ ਪ੍ਰਤਾਪੀ ਮਹਾਰਾਜਾ ਹੋਇਆ ਹੈ।
ਅਸ਼ੋਕ. ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਵਿੰਦੁਸਾਰ ਦਾ ਪੁਤ੍ਰ ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ. ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ. ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ. ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੌੱਧ ਹੋ ਗਿਆ. ਇਸ ਦੇ ਆਸਰੇ ਬੁੱਧਮਤ ਦੇ 64,120 ਪੁਜਾਰੀ ਗੁਜਾਰਾ ਕਰਦੇ ਸਨ, ਅਤੇ ਇਸ ਨੇ 84,007 ਕੀਰਤੀਸੰਭ  ਖੜੇ ਕਰਵਾਏ, ਜਿਨ੍ਹਾਂ ਉਤੇ ਰਾਜਸੀ ਅਤੇ ਧਾਰਮਿਕ ਹੁਕਮ ਉੱਕਰੇ ਹੋਏ ਸਨ. ਆਪਣੇ ਰਾਜ ਦੇ ਅਠਾਰ੍ਹਵੇਂ ਸਾਲ ਵਿੱਚ ਇਸ ਨੇ ਬੁੱਧਮਤ ਦਾ ਇੱਕ ਵਡਾ ਭਾਰੀ ਜਲਸਾ ਕੀਤਾ ਅਤੇ ਉਸ ਪਿਛੋਂ ਲੰਕਾ ਅਤੇ ਹੋਰ ਦੇਸ਼ਾਂ ਵੱਲ ਉਪਦੇਸ਼ਕ ਘੱਲੇ ਅਤੇ ਜੀਵਹਿੰਸਾ ਹੁਕਮਨ ਬੰਦ ਕੀਤੀ. ਅਫਗਾਨਿਸਤਾਨ ਤੋਂ ਲੈ ਕੇ ਲੰਕਾ ਤੀਕ ਕੁੱਲ ਦੇਸ਼ ਇਸ ਦੇ ਅਧੀਨ ਸੀ. ਇਨ੍ਹਾਂ ਗੱਲਾਂ ਦਾ ਪਤਾ ਉਨ੍ਹਾਂ ਸ਼ਿਲਾਲੇਖਾਂ ਤੋਂ ਲਗਦਾ ਹੈ, ਜੋ ਪਾਲੀ ਭਾਸ਼ਾ ਵਿੱਚ ਖੁਦੇ ਹੋਏ ਅਨੇਕ ਥਾਵਾਂ ਤੋਂ ਮਿਲੇ ਹਨ. ਅਨੇਕ ਲੇਖਕਾਂ ਨੇ ਇਸ ਦਾ ਨਾਉਂ ਪ੍ਰਿਯਦਰਸ਼ਨ ਭੀ ਲਿਖਿਆ ਹੈ. ਅਸ਼ੋਕ ਨੇ ਈਸਾ ਤੋਂ ਪਹਿਲਾਂ (B.C.) 269- 232 ਦੇ ਵਿਚਕਾਰ ਪਟਨੇ ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ. ਅਸ਼ੋਕ ਦੀ ਪੁਤ੍ਰੀ ਧਰਮਾਤਮਾ ਚਾਰੁਮਤੀ ਬੌੱਧਧਰਮ ਦੀ ਪ੍ਰਸਿੱਧ ਪ੍ਰਚਾਰਿਕਾ ਹੋਈ ਹੈ.
ਸਕ . ਉੱਤਰ ਦਿਸ਼ਾ ਵੱਲ ਵਸਣ ਵਾਲੀ ਇੱਕ ਜਾਤਿ. ਪਹਿਲਾਂ ਇਹ ਲੋਕ ਸਾਇਰ ਦਰਿਆ ਦੇ ਕਿਨਾਰੇ ਤੁਰਕਿਸਤਾਨ ਵਿੱਚ ਵਸਦੇ ਸਨ, ਸਨ ਈਸਵੀ ਤੋਂ 160 ਵਰ੍ਹੇ ਪਹਿਲੋਂ ਤੁਰਕਿਸਤਾਨ ਵਿੱਚੋਂ ਨਿਕਲਕੇ ਦੱਖਣ ਵੱਲ ਤੁਰ ਪਏ, ਸਰਹੱਦੀ ਯਵਨਾਂ ਦੇ ਰਾਜ ਨੂੰ ਗਾਹੁੰਦੇ ਹੋਏ ਹਿੰਦ ਵਿੱਚ ਆਵੜੇ. ਇਨ੍ਹਾਂ ਦੀ ਵਸੋਂ ਟੈਕਸਿਲਾ ਮਥੁਰਾ ਅਤੇ ਸੁਰਾਸ਼ਟ੍ਰ (ਕਾਠੀਆਵਾੜ) ਵਿੱਚ ਸੀ. ਸਨ 395 ਦੇ ਕਰੀਬ ਗੁਪਤ ਵੰਸ਼ ਦੇ ਰਾਜਾ ਚੰਦ੍ਰਗੁਪਤ ਵਿਕ੍ਰਮਾਦਿਤ੍ਯ ਨੇ ਇਨ੍ਹਾਂ ਨੂੰ ਜਿੱਤਕੇ ਪੱਛਮੀ ਹਿੰਦ ਨੂੰ ਆਪਣੇ ਰਾਜ ਨਾਲ ਮਿਲਾਇਆ, ਇਸੇ ਲਈ ਉਸ ਦਾ ਨਾਉਂ ਸ਼ਕਾਰਿ ਪਿਆ. ਸੀਸਤਾਨ (ਸ਼ਕ ਅਸਥਾਨ) ਦੇਸ਼ ਦਾ ਨਾਉਂ ਭੀ ਇਸ ਜਾਤੀ ਦੇ ਸੰਬੰਧ ਤੋਂ ਹੀ ਜਾਪਦਾ ਹੈ. ਮਹਾਭਾਰਤ ਵਿੱਚ ਸ਼ਕਾਂ ਦੀ ਉਤਪੱਤੀ ਵਸਿਸ਼ਠ ਦੀ ਗਾਂ ਦੇ ਪਸੀਨੇ ਤੋਂ ਲਿਖੀ ਹੈ।
ਗੁਪਤ.  ਇੱਕ ਪ੍ਰਤਾਪੀ ਪੁਰਖ, ਜਿਸ ਤੋਂ ਵੰਸ਼ ਦੀ ਅੱਲ ਗੁਪਤ ਹੋਈ. ਇਸ ਦਾ ਪੁਤ੍ਰ ਘਟੋਤਕਚ ਬਲਵਾਨ ਅਤੇ ਵਡਾ ਉੱਦਮੀ ਸੀ. ਘਟੋਤਕਚ ਦਾ ਬੇਟਾ ਚੰਦ੍ਰਗੁਪਤ ਹੋਇਆ, ਜੋ ਆਪਣੀ ਇਸਤ੍ਰੀ ਕੁਮਾਰਦੇਵੀ ਦੀ ਸਹਾਇਤਾ ਨਾਲ ਸਨ 320 ਵਿੱਚ ਮਗਧ ਦਾ ਰਾਜਾ ਹੋਕੇ ਨੀਤਿਬਲ ਨਾਲ ਭਾਰਤ ਦਾ ਮਹਾਰਾਜਾ ਬਣਿਆ. ਇਸ ਦੀ ਰਾਜਧਾਨੀ ਪਟਨਾ ਸੀ. ਇਸ ਦਾ ਪੁਤ੍ਰ ਸਮੁਦ੍ਰਗੁਪਤ ਭੀ ਵਡਾ ਪ੍ਰਸਿੱਧ ਮਹਾਰਾਜਾ ਸਨ 330 ਵਿੱਚ ਹੋਇਆ, ਜਿਸ ਨੇ ਪਟਨੇ ਤੋਂ ਛੁੱਟ ਆਪਣੀ ਰਾਜਧਾਨੀ ਅਯੋਧ੍ਯਾ ਭੀ ਥਾਪੀ. ਧ੍ਰੁਵਦੇਵੀ ਦੇ ਉਦਰ ਤੋਂ ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ ਦੂਜਾ,  ਮਹਾ ਤੇਜਸੀ ਮਹਾਰਾਜਾ ਸਨ 380 ਵਿੱਚ ਹੋਇਆ, ਇਸ ਨੇ ਉੱਜਯਨ ਮਾਲਵਾ, ਗੁਜਰਾਤ ਤੇ ਸੁਰਾਸ਼ਟ੍ਰ ਨੂੰ ਫਤੇ ਕੀਤਾ. ਬਹੁਤ ਸਾਰੀ ਸਾਖੀਆਂ ਜੋ ਮਸ਼ਹੂਰ ਰਾਜਾ ਬਿਕ੍ਰਮਾਜੀਤ ਨਾਲ ਸੰਬੰਧ ਰਖਦੀਆਂ ਹਨ, ਉਹ ਇਸੇ ਪ੍ਰਤਾਪੀ ਰਾਜੇ ਦੇ ਜੀਵਨ ਤੋਂ ਲਈਆਂ ਗਈਆਂ ਹਨ. ਇਸ ਦੇ ਵੇਲੇ ਸੰਸਕ੍ਰਿਤ ਦੀ ਭਾਰੀ ਤਰੱਕੀ ਹੋਈ. ਬਹੁਤਿਆਂ ਨੇ ਕਾਲੀਦਾਸ ਮਹਾਂ ਕਵੀ ਇਸੇ ਦੇ ਸਮੇਂ ਹੋਣਾ ਮੰਨਿਆ ਹੈ. ਇਸ ਦਾ ਪੁਤ੍ਰ ਕੁਮਾਰਗੁਪਤ ਸਨ 413 ਅਥਵਾ 415 ਵਿੱਚ ਗੱਦੀ ਪੁਰ ਬੈਠਾ, ਪਰ ਇਸ ਦੇ ਸਮੇਂ ਤੋਂ ਗੁਪਤਵੰਸ਼ ਦਾ ਪ੍ਰਤਾਪ ਘਟਣ ਲਗ ਪਿਆ. ਕੁਮਾਰਗੁਪਤ ਦਾ ਪੁਤ੍ਰ ਸਕੰਦਗੁਪਤ ਸਨ 455 ਵਿੱਚ ਹੂਨ ਜਾਤਿ ਤੋਂ ਜਿੱਤਿਆ ਗਿਆ. ਇਸ ਨੂੰ ਗੁਪਤਵੰਸ਼ ਦਾ ਅਖੀਰੀ ਮਹਾਰਾਜਾ ਸਮਝਣਾ ਚਾਹੀਏ. ਭਾਵੇਂ ਇਸ ਕੁਲ ਦੇ, ਛੋਟੇ ਛੋਟੇ ਰਾਜੇ ਅਰ ਸਰਦਾਰ ਨਰਸਿੰਹਗੁਪਤ, ਕੁਮਾਰਗੁਪਤ ਦੂਜਾ ਆਦਿਕ ਹੋਏ, ਜਿਨ੍ਹਾਂ ਵਿੱਚੋਂ ਭਾਨੁਗੁਪਤ ਸਨ 510 ਵਿੱਚ ਅਖੀਰੀ ਹੋਇਆ, ਪਰ ਇਸ ਗੁਪਤਵੰਸ਼ ਦਾ ਰਾਜ ਪੂਰੇ ਪ੍ਰਤਾਪ ਵਿੱਚ ਸਨ 320 ਤੋਂ 455 ਤੀਕ ਰਿਹਾ. ਗੁਪਤ ਸੰਮਤ ਜੋ ਸਨ 320 ਤੋਂ ਆਰੰਭ ਹੋਇਆ ਸੀ, ਉਹ ਭੀ ਇਸ ਕੁਲ ਦੇ ਰਾਜ ਨਾਲ ਹੀ ਲੋਪ ਹੋ ਗਿਆ।

ਭੂਗੋਲ

ਭੂਗੋਲਿਕ ਤੌਰ ਤੇ ਪੰਜਾਬ ਦਰਿਆ ਸਿੰਧ ਦੇ ਸਹਾਇਕ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਵੱਲੋਂ ਪਹਾੜਾਂ ਤੋਂ ਖੋਰ ਕੇ ਲਿਆਂਦੀ ਮਿੱਟੀ ਨਾਲ ਤਿਆਰ ਇੱਕ ਮੈਦਾਨੀ ਖੇਤਰ ਹੈ। ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗੇ ਉੱਤਰ-ਪੂਰਬੀ ਖੇਤਰ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ। ਪੰਜਾਬ ਅਕਸ਼ਾਂਸ਼  ੨੯.੩੦° ਤੋਂ ੩੨.੩੨° ਉੱਤਰ ਅਤੇ ਰੇਖਾਂਸ਼  ੭੩.੫੫° ਤੋਂ ੭੬.੫੦° ਪੂਰਵ ਵਿਚਕਾਰ ਫੈਲਿਆ ਹੋਇਆ ਹੈ। ਪੰਜਾਬ ਵਿੱਚ ਤਿੰਨ ਮੁੱਖ ਮੌਸਮ ਹੁੰਦੇ ਹਨ: (੧) ਗਰਮੀ ਦਾ ਮੌਸਮ (ਅਪ੍ਰੈਲ ਤੋਂ ਜੂਨ), ਇਸ ਸਮੇਂ ਤਾਪਮਾਨ ੪੫ ਡਿਗਰੀ ਤੱਕ ਚਲਾ ਜਾਂਦਾ ਹੈ। (੨) ਬਾਰਿਸ਼ ਦਾ ਮੌਸਮ (ਜੁਲਾਈ ਤੋਂ ਸਤੰਬਰ), ਔਸਤਨ ਸਲਾਨਾ ਬਾਰਿਸ਼ ਅਰਧ-ਪਹਾੜੀ ਥਾਵਾਂ ਤੇ ੯੬ ਸੈ.ਮੀ. ਅਤੇ ਮੈਦਾਨੀ ਇਲਾਕਿਆਂ ਵਿੱਚ ੪੬ ਸੈ.ਮੀ.। (੩) ਸਰਦੀ ਦਾ ਮੌਸਮ (ਅਕਤੂਬਰ ਤੋਂ ਮਾਰਚ) - ਘੱਟ ਤੋਂ ਘੱਟ ਤਾਪਮਾਨ ੦ ਡਿਗਰੀ ਤੱਕ ਚਲਾ ਜਾਂਦਾ ਹੈ

ਪੰਜਾਬ

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲਗਦੀ ਹੈ| ਇਸਦਾ ਕੁਲ ਖੇਤਰਫਲ ੫੦੩੬੨ ਵਰਗ ਕਿਲੋਮੀਟਰ, ਅਤੇ ਜਨਸੰਖਿਆ ੨,੪੨,੮੯,੨੯੬ (ਸਨ੍ ੨੦੦੦ ਦੇ ਆਂਕੜਿਆਂ ਅਨੁਸਾਰ) ਹੈ। ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ।
 http://www.travelindia-guide.com/maps/north/punjab-map_s.jpg

ਸੱਭਿਆਚਾਰ ਰੂਪਾਂਤਰਨ

ਆਰਥਕ, ਰਾਜਸੀ ਜਾਂ ਵਿਗਿਆਨਿਕ ਤਬਦੀਲੀਆਂ ਸੱਭਿਆਚਾਰ ਨੂੰ ਸਿੱਧੇ-ਅਸਿੱਧੇ ਢੰਗ ਨਾਲ ਬਦਲਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇੱਕ ਸਦੀ ਤੋਂ ਬਹੁਤ ਤੇਜ਼ੀ ਨਾਲ ਪਰਿਵਰਤਨ ਵਾਪਰੇ ਹਨ। ਇਹਨਾਂ ਤਬਦੀਲੀਆਂ ਨੇ ਨਾ ਸਿਰਫ਼ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਲੋੜਾਂ ਨੂੰ ਬਦਲਿਆ ਹੈ ਸਗੋਂ ਸਾਡੇ ਮਨੋਰਥਾਂ ਅਤੇ ਸਾਡੀ ਮਨੋਬਣਤਰ ਨੂੰ ਵੀ ਬਦਲਿਆ ਹੈ ਅਤੇ ਹੋਰ ਬਦਲਣਾ ਹੈ। ਹੁਣ ਪੰਜਾਬਣ ਆਪਣੇ ਮਾਹੀ ਨੂੰ ਨਹੀਂ ਕਹੇਗੀ ਕਿ 'ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ'। ਸਗੋਂ ਹੁਣ ਸੁਖ ਸਹੂਲਤਾਂ ਦੇ ਨਵੇਂ ਸਾਧਨ ਆਉਣ ਲੱਗੇ ਹਨ ਅਤੇ ਸੰਚਾਰ ਸਾਧਨ ਮਨੁੱਖ ਨੂੰ ਬਾਹਰਲੀ ਦੁਨਿਆਂ ਨਾਲ ਇਸ ਤਰ੍ਹਾਂ ਜੋੜ ਰਹੇ ਹਨ ਕਿ ਨਾ ਕੇਵਲ ਮਨ ਉੱਤੇ ਸਗੋਂ ਜੀਵਨ ਉੱਤੇ ਸੰਸਾਰ ਵਿਆਪੀ ਹਾਲਤਾਂ ਅਸਰ ਕਰਦੀਆਂ ਹਨ। ਇਹਨਾਂ ਤਬਦੀਲੀਆਂ ਨੇ ਪੰਜਾਬੀਆਂ ਨੂੰ ਨਵੀਆਂ ਵੰਗਾਰਾਂ ਪੇਸ਼ ਕੀਤੀਆਂ ਹਨ।
ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਨਕਸ਼ ਨੁਹਾਰ ਘੜਨ ਅਤੇ ਇਹਨਾਂ ਨੂੰ ਇਤਿਹਾਸ ਦੇ ਪੁੱਠੇ-ਸਿੱਧੇ ਦਬਾਵਾਂ ਦੇ ਬਾਵਜੂਦ ਹੋਰ ਹੁਸੀਨ ਬਣਾਉਣ ਵਿੱਚ ਅਸਾਧਾਰਨ ਦ੍ਰਿੜਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਇਹ ਆਸ ਬੱਝਦੀ ਹੈ ਕਿ ਇਸ ਦਾ ਭਵਿੱਖ ਸ਼ਾਨਦਾਰ ਹੋਵੇਗਾ।

ਪੰਜਾਬੀ ਚਰਿੱਤਰ ਦੇ ਪਛਾਣ-ਚਿੰਨ੍ਹ

ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ। ਉਪਜਾਊ ਭੂਮੀ ਕਾਰਨ ਭੁੱਖੇ ਮਰਨਾਂ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ ਪਰ ਨਾਲ ਹੀ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖ਼ਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਇਹਨਾਂ ਦੀ ਖ਼ੂਬੀ ਹੈ। ਲਗਾਤਾਰ ਜੰਗਾਂ, ਯੁਧਾਂ ਦਾ ਅਖਾੜਾ ਬਣੇ ਰਹਿਣ ਕਾਰਨ ਪੰਜਾਬੀ ਉੱਜੜਦੇ ਰਹਿਣ ਤੇ ਵੀ ਫੇਰ ਵੱਸਣ ਦੀ ਅਨੋਖੀ ਜੀਵਨ-ਤਾਂਘ ਨਾਲ ਓਤਪੋਤ ਹਨ। ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਉੱਤੇ ਉਹੀ ਲੋਕ ਟਿਕੇ ਜੋ ਨਾ ਯੁਧ ਤੋਂ ਡਰਦੇ ਸਨ, ਨਾ ਮੌਤ ਤੋਂ ਅਤੇ ਨਾ ਲੁੱਟੇ-ਪੁੱਟੇ ਜਾਣ ਤੋਂ, ਸਗੋਂ ਹਾਲਤ ਅਨੁਸਾਰ ਹਮੇਸ਼ਾਂ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਸਨ। ਪੰਜਾਬੀ ਪਹਿਲ-ਕਦਮੀ ਕਰਨ ਵਾਲੇ ਹਨ। ਇਹ ਖੜੋਤ ਵਿੱਚ ਯਕੀਨ ਨਹੀਂ ਰੱਖਦੇ। ਇਹ ਕੁਝ ਨਾ ਕੁਝ ਕਰਨ ਦੇ ਆਹਰ ਵਿੱਚ ਰਹਿੰਦੇ ਹਨ, ਜੋਰ ਨਹੀਂ ਤਾਂ ਆਪੋ ਵਿੱਚ ਲੜਨ-ਮਰਨ ਦੇ।
ਇਸ ਨਿਰੰਤਰ ਉਥਲ-ਪੁਥਲ ਨੇ ਪੰਜਾਬੀ ਸੁਭਾਅ ਵਿੱਚ ਦੋ ਮੁੰਹ ਜ਼ੋਰ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ। ਪਹਿਲੀ ਇਹ ਕਿ ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ, ਸੁਭਾਅ ਵੱਜੋਂ ਹੀ, ਟਿਕਾਓ ਵਾਲਾ ਜੀਵਨ ਬਤੀਤ ਕਰਨੋ ਇਨਕਾਰੀ ਬਣ ਗਿਆਂ ਹੈ। ਦੂਸਰੀ ਪ੍ਰਵਿਰਤੀ ਉੱਚੀ ਬੋਲਣ ਅਤੇ ਲੋੜੋਂ ਵਧੇਰੇ ਤੀਂਘੜਨ ਦੀ ਹੈ। ਉਸਦੀ ਗੱਲ-ਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ। ਰਾਂਝਾ ਹੀਰ ਦੇ ਦਰ ਤੇਇਸੇ ਕਰਕੇ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ ਅਤੇ ਧੁੱਪ ਛੱਡਣ ਦਾ ਬੋਲ ਬੇਖੌਫ਼ ਹੋ ਬੋਲਦੇ ਹਨ, ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ-ਨਾਇਕ ਮੰਨਿਆ ਹੈ।
ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। 'ਖਾਧਾ ਪੀਤਾ ਲਾਹੇ ਦਾ' ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ। ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।

ਇਤਿਹਾਸਕ ਪਿਛੋਕੜ

ਪੰਜਾਬੀ ਸੱਭਿਆਚਾਰ ਪੰਜਾਬ ਦੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ। ਪੰਜਾਬ ਦੀ ਭੂਗੋਲਿਕ ਹੱਦਬੰਦੀ ਲਗਾਤਰ ਬਦਲਦੀ ਆਈ ਹੈ। ਇਸੇ ਕਰਕੇ ਅਜੋਕਾ ਪੰਜਾਬ ਇੱਕ ਰਾਜਸੀ ਇਕਾਈ ਤਾਂ ਹੈ ਪਰ ਇਸ ਨੂੰ ਸੰਪੂਰਨ ਸੱਭਿਆਚਾਰਿਕ ਖਿੱਤੇ ਵਜੋਂ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਸਾਰੇ ਇਲਾਕੇ ਅਜੋਕੇ ਪੰਜਾਬ ਤੋਂ ਬਾਹਰ ਵੀ ਹਨ। ਵਾਸਤਵ ਵਿੱਚ ਪੰਜਾਬ ਪੰਜਾਬੀ ਬੋਲਦੇ ਸਾਂਝੇ ਵਿਰਸੇ ਦੇ ਲੋਕਾਂ ਦੇ ਸਾਂਝੇ ਜੀਵਨ ਢੰਗ, ਵੱਖਰੀ ਸਰੀਰਿਕ ਅਤੇ ਮਨੋਬਣਤਰ ਦਾ ਸੂਚਕ ਹੈ। ਪੁਰਾਣੇ ਪੰਜਾਬ ਦਾ ਖੇਤਰਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪ੍ਰਾਚੀਨ ਜ਼ਮਾਨੇ ਤੋਂ ਥਲ ਰਾਹੀਂ ਭਾਰਤ ਨੂੰ ਦੱਖਣ-ਪੱਛਮੀ ਰਸਤਿਉਂ ਹੋਰ ਮੁਲਕਾਂ ਨਾਲ ਜੋੜਨ ਵਾਲਾ ਰਿਹਾ ਹੈ। ਇਸੇ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼-ਦੁਆਰ ਕਿਹਾ ਜਾਂਦਾ ਰਿਹਾ ਹੈ। ਪਹਿਲੇ ਜ਼ਮਾਨਿਆਂ ਵਿੱਚ ਜਿੰਨੇ ਵੀ ਲੋਕ ਜਾਂ ਹਮਲਾਵਰ ਭਾਰਤ ਵੱਲ ਆਏ ਉਹ ਪੰਜਾਬ ਵਿੱਚੋਂ ਹੀ ਲੰਘੇ। ਇਸ ਕਰਕੇ ਪੰਜਾਬ ਵਿੱਚ ਯੁਧਾਂ, ਮਾਰ-ਧਾੜਾਂ ਅਤੇ ਪਰਸਪਰ ਸਹਿਚਾਰ ਦੇ ਅਨੋਖੇ ਨਮੂਨੇ ਮਿਲਦੇ ਹਨ। ਇਹ ਅਸਲ ਵਿੱਚ ਵਿਭਿੰਨ ਨਸਲਾਂ, ਜਾਤਾਂ, ਧਰਮਾਂ ਦੀ ਸੁਮੇਲ ਭੂਮੀ ਹੈ। ਇਸੇ ਕਰਕੇ ਪੰਜਾਬੀ ਸੱਭਿਆਚਾਰ ਦੇ ਕੁਝ ਕੇਂਦਰੀ ਪੱਖ ਹੋਰ ਸੱਭਿਆਚਾਰਾਂ ਨਾਲੋਂ ਮੂਲੋਂ ਵੱਖਰੇ ਹਨ। ਪੰਜਾਬ ਦੀ ਜ਼ਰਖੇਜ਼ ਅਤੇ ਮੈਦਾਨੀ ਜ਼ਮੀਨ, ਜੀਵਨ-ਅਨੁਕੂਲ ਸਹਿੰਦਾ ਗਰਮ ਤੇ ਤਰ ਜਲਵਾਯੂ ਅਤੇ ਹਿਮਾਲਾ ਪਰਬਤ ਤੋਂ ਵਹਿੰਦੇ ਦਰਿਆਵਾਂ ਦੀ ਕੁਦਰਤੀ ਨਿਆਮਤ ਨੇ ਇਸ ਹੁਸੀਨ ਜ਼ਮੀਨ ਨੂੰ ਪ੍ਰਾਚੀਨ ਜ਼ਮਾਨੇ ਤੋਂ ਹੀ ਮਨੁੱਖੀ ਵੱਸੋਂ ਲਈ ਬਹੁਤ ਅਨੁਕੂਲ ਬਣਾਈ ਰਖਿਆ ਹੈ। ਪ੍ਰਾਣੀ-ਜੀਵਨ ਦੀਆਂ ਮੂਲ ਲੋੜਾਂ ਸਹਿਜੇ ਹੀ ਪ੍ਰਾਪਤ ਹੋ ਜਾਣ ਕਾਰਨ ਇੱਥੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਵਸਦਾ ਆ ਰਿਹਾ ਹੈ। ਲਗਾਤਾਰ ਉਥਲ-ਪੁਥਲ ਅਤੇ ਤਬਾਹੀ ਦੇ ਬਾਵਜੂਦ ਇਹ ਖਿੱਤਾ ਅਬਾਦ ਰਿਹਾ ਹੈ। ਇਸੇ ਕਰਕੇ ਹੀ ਸੱਭਿਆਚਾਰ ਵਿਗਿਆਨੀ ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਹੋਣ ਦਾ ਮਾਣ ਦਿੰਦੇ ਹਨ।
ਇਤਿਹਾਸਿਕ ਦ੍ਰਿਸ਼ਟੀ ਤੋਂ ਪੂਰਬਲੇ ਸੱਭਿਆਚਾਰ ਦੇ ਪ੍ਰਮਾਣ ਇਸ ਧਰਤੀ ਤੋਂ ਮਿਲਦੇ ਹਨ, ਜੋ ਲਗ-ਪਗ ਦਸ ਹਜ਼ਾਰ ਸਾਲ ਤੋਂ ਵੀ ਪੁਰਾਣੇ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਸਪਤ ਸਿੰਧੂ ਸੱਭਿਅਤਾ ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਿਤ ਸ਼ਹਿਰੀ ਸੱਭਿਅਤਾ ਵੀ ਇਸੇ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਸੱਭਿਅਤਾ ਦੇ ਪ੍ਰਾਚੀਨ ਨਮੂਨੇ ਮੁਇੰਜੋਦੜੋ, ਹੜੱਪਾ, ਸੰਘੋਲ ਅਤੇ ਢੋਲਬਾਹਾ ਆਦਿ ਥਾਂਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਗਲੀਆਂ, ਘਰਾਂ, ਇਸ਼ਨਾਨ-ਘਰਾਂ ਆਦਿ ਦੀ ਨਿਸ਼ਚਿਤ ਵਿਉਂਤ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਇਹ ਸੱਭਿਅਤਾ ਉਸ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਿਕਸਿਤ ਸੀ। ਆਰੀਆ ਲੋਕਾਂ ਨੇ ਲਗ-ਪਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿੱਚ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਏ। ਇਸ ਦੌਰ ਵਿੱਚ ਪੰਜਾਬ ਦੇ ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ ਸੱਭਿਆਚਾਰਿਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ।
ਪੰਜਾਬ ਦੀ ਇਸ ਧਰਤੀ ਦਾ ਇਹ ਨਾਂ ਤਾਂ ਮੁਸਲਮਾਨਾਂ ਦੇ ਆਉਣ ਨਾਲ ਪੰਜ+ਆਬ ਤੋਂ ਪ੍ਰਚਲਿਤ ਹੋਇਆ, ਪਰ ਇਸ ਤੋਂ ਪਹਿਲਾਂ ਇਸ ਖਿੱਤੇ ਬਾਰੇ ਪੰਚਨਦ ਨਾਂ ਦੀ ਵਰਤੋਂ ਦੇ ਹਵਾਲੇ ਪ੍ਰਾਪਤ ਹਨ। ਸਮੇਂ ਦੇ ਬਦਲਣ ਨਾਲ ਪੰਜਾਬ ਦਾ ਇਹ ਭੂਗੋਲਿਕ ਖਿੱਤਾ ਸੰਸਾਰ ਦੇ ਪ੍ਰਾਚੀਨਤਮ ਵਿਕਸਿਤ ਮਹਾਨ ਸੱਭਿਆਚਾਰ ਦਾ ਕੇਂਦਰ ਬਣ ਜਾਂਦਾ ਹੈ ਪੰਜਾਬ ਦੀ ਇਸ ਧਰਤੀ ਉੱਤੇ ਚਾਰੇ ਵੇਦ (ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ) ਰਚੇ ਗਏ, ਜੋ ਅਜੇ ਤੱਕ ਵੀ ਸਾਡੀ ਸੱਭਿਆਚਾਰਿਕ ਪ੍ਰਾਚੀਨਤਾ ਅਤੇ ਮਹਾਨਤਾ ਦਾ ਉੱਤਮ ਨਮੂਨਾ ਹਨ। ਉਪਨਿਸ਼ਦ ਗਿਆਨ-ਸਾਹਿਤ ਦੀ ਦੂਸਰੀ ਮਾਣਯੋਗ ਵੰਨਗੀ ਹੈ ਜੋ ਇੱਥੇ ਰਚੀ ਗਈ। ਭਾਸ਼ਾ-ਵਿਆਕਰਨ ਸੰਬੰਧੀ ਪਾਣਨੀ ਦੀ ਜਗਤ-ਪ੍ਰਸਿੱਧ ਰਚਨਾ 'ਅਸ਼ਟਾਧਿਆਇ' ਵੀ ਇਸੇ ਧਰਤੀ ਤੇ ਲਿਖੀ ਗਈ। ਇਸੇ ਸਮੇਂ ਤਕਸ਼ਿਲਾ ਨਾਂ ਦਾ ਸਿੱਖਿਆ ਕੇਂਦਰ ਬਹੁਤ ਚਰਚਿਤ ਰਿਹਾ, ਜਿੱਥੇ ਦੇਸਾਂ-ਦੇਸਾਂਤਰਾਂ ਤੋਂ ਰਾਜਕੁਮਾਰ ਪੜ੍ਹਨ ਆਉਂਦੇ ਰਹੇ।
ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਇਸਲਾਮ ਧਰਮ ਦੇ ਦਖਲ ਅਥਵਾ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ ਬਿਨ ਕਾਸਮ ਦੇ ਹਮਲੇ ਨੇ ਕੀਤਾ। ਸੱਤ ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗ਼ਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ। ਸੂਫ਼ੀਮਤ ਨੇ ਕੱਟੜ ਬ੍ਰਾਹਮਣੀ ਵਿਵਸਥਾ ਤੋਂ ਦੁਖੀ ਲੋਕਾਂ ਨੂੰ ਰਾਹਤ ਦਿਵਾਈ। ਪੰਜਾਬੀ ਖਾਣ-ਪੀਣ, ਪਹਿਰਾਵੇ, ਭਾਸ਼ਾ ਅਤੇ ਸਾਹਿਤ ਉੱਤੇ ਇਸਲਾਮੀ ਸੱਭਿਆਚਾਰ ਦਾ ਪ੍ਰਭਾਵ ਨਿਖੇੜਨਾ ਬਹੁਤ ਮੁਸ਼ਕਲ ਹੈ।
ਮੱਧ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਨਾਨਕ ਦੇਵ ਜੀਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।
ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਇਹਸਾਸ ਕਰਵਾਇਆ।

ਪੰਜਾਬ ਦਾ ਸੱਭਿਆਚਾਰ‍

ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਦਾ ਨਾਂ ਹੈ। ਪਸੂ ਜੀਵਨ ਤੋਂ ਅਗਾਂਹ ਲੰਘ ਮਨੁੱਖ ਆਪਣੀਆਂ ਅੰਦਰੂਨੀ ਕਰਤਾਰੀ ਸ਼ਕਤੀਆਂ ਨੂੰ ਪ੍ਰਗਟ ਕਰਨ ਤੇ ਵਿਉਂਤਣ ਲਈ ਸੱਭਿਆਚਾਰ ਸਿਰਜਦਾ ਹੈ। ਮਨ, ਸਰੀਰ ਅਤੇ ਆਤਮਾ ਦੀ ਇਕਸੁਰਤਾ ਪੈਦਾ ਕਰਦਿਆਂ ਬੁਨਿਆਦੀ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਅਤੇ ਨਾਲ ਹੀ ਮਨੁੱਖ ਦੀਆਂ ਨਿੱਜੀ ਅਤੇ ਸਮੂਹਿਕ ਸੰਭਾਵਨਾਵਾਂ ਨੂੰ ਪ੍ਰਫੁਲਿਤ ਕਰਨਾ ਸੱਭਿਆਚਾਰ ਦਾ ਮੁੱਖ ਲਕਸ਼ ਹੁੰਦਾ ਹੈ। ਵਿਸ਼ੇਸ਼ ਭੂਗੋਲਿਕ ਖਿੱਤੇ ਦੀਆਂ ਪਦਾਰਥਿਕ, ਕੁਦਰਤੀ ਅਤੇ ਮੌਸਮੀ ਪਰਿਸਥਿਤੀਆਂ ਮੁਤਾਬਕ ਲੋਕ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਪੱਖ ਤੋਂ ਲੈ ਕੇ ਵੱਡੇ ਤੋਂ ਵੱਡੇ ਮਨੋਰਥ ਲਈ ਬੜਾ ਵੰਨ-ਸੁਵੰਨਾ ਸੱਭਿਆਚਾਰਿਕ ਪ੍ਰਬੰਧ ਉਸਾਰਦੇ ਆਏ ਹਨ। ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ ਹੈ। ਪਦਾਰਥਿਕ, ਰਾਜਸੀ ਅਤੇ ਹੋਰ ਬਦਲਾਵ ਇਸ ਵਿੱਚ ਤਬਦੀਲੀ ਲਿਆਉਂਦੇ ਰਹਿੰਦੇ ਹਨ। ਪੰਜਾਬੀ ਸੱਭਿਆਚਾਰ ਦਾ ਅਸਲ ਸਰੂਪ ਵੀ ਇਸ ਗਤੀਸ਼ਿਲਤਾ ਵਿੱਚੋਂ ਪਛਾਣਨ ਦੀ ਲੋੜ ਹੈ। ਬਹੁਤੀ ਵਾਰ ਅਸੀਂ ਅਗਿਆਨਤਾ ਵੱਸ ਪ੍ਰਾਚੀਨਤਾ ਨੂੰ ਹੀ ਸੱਭਿਆਚਾਰ ਮੰਨਣ-ਮਨਾਉਣ ਦਾ ਯਤਨ ਕਰਦੇ ਹਾਂ। ਵਾਸਤਵ ਵਿੱਚ ਸੱਭਿਆਚਾਰ ਸੱਚੀ ਅਤੇ ਸੁੱਚੀ, ਵਡੇਰੀ ਅਤੇ ਸੂਝ ਭਰੀ ਸ਼ਖ਼ਸੀਅਤ ਸਿਰਜਣ ਲਈ ਮਨੁੱਖਾਂ ਵੱਲੋਂ ਉਸਾਰਿਆ ਗਿਆ ਇੱਕ ਸਾਂਝਾ ਪ੍ਰਬੰਧ ਹੈ। ਇਸੇ ਲੋੜ ਹਿਤ ਘਰ, ਪਰਿਵਾਰ, ਭਾਈਚਾਰਾ, ਰਿਸ਼ਤਾ - ਨਾਤਾ ਪ੍ਰਬੰਧ, ਵਿਆਹ - ਪ੍ਰਬੰਧ, ਰੀਤੀ - ਰਿਵਾਜ, ਵਿਸ਼ਵਾਸ, ਕੀਮਤਾਂ, ਪ੍ਰਤਿਮਾਨ, ਕਲਾਵਾਂ, ਪਹਿਰਾਵਾ, ਹਾਰ-ਸ਼ਿੰਗਾਰ, ਲੋਕਧਾਰਾ ਅਤੇ ਅਜਿਹੀਆਂ ਹੋਰ ਵੰਨਗੀਆਂ ਦੀ ਸਿਰਜਣਾ ਹੁੰਦੀ ਆਈ ਹੈ। ਇਹ ਸਭ ਸਿਰਜਣਾਵਾਂ ਮਨੁੱਖ ਨੂੰ ਪਸੂਪੂਣੇ ਤੋਂ ਉੱਪਰ ਉਠਾ ਕੇ ਉਸਾਰੂ ਅਤੇ ਸੁਚਾਰੂ ਮਨੁੱਖ ਬਣਨ-ਬਣਾਉਣ ਲਈ ਸਿਰਜੇ ਗਏ ਵਸੀਲੇ ਹਨ।

ਕਰ ਭਲਾ ਹੋ ਭਲਾ

ਇੱਕ ਨਦੀ ਦੇ ਕੰਢੇ ਤੇ ਇੱਕ ਦਰਖ਼ਤ ਸੀ  
ਉਸ ਦਰਖ਼ਤ ਉੱਪਰ ਇੱਕ ਘੁੱਗੀ ਰਹਿੰਦੀ ਸੀ  
ਰੋਜ਼ ਦੀ ਤਰ੍ਹਾਂ ਘੁੱਗੀ ਨਦੀ ਦੇ ਕੰਢੇ ਤੇ ਪਾਣੀ ਪੀਣ ਲਈ ਆਈ 
ਜਦ ਉਹ ਪਾਣੀ ਪੀਣ ਲੱਗੀ ਤਾਂ ਉਸਦੀ ਨਜ਼ਰ ਪਾਣੀ ਵਿੱਚ ਰੁੜ੍ਹਦੀ ਇੱਕ ਸ਼ਹਿਦ ਦੀ ਮੱਖੀ ਤੇ ਪਈ 
ਉਹ ਸ਼ਹਿਦ ਦੀ ਮੱਖੀ ਕੰਢੇ ਤੇ ਆਉਣ ਦਾ ਯਤਨ ਕਰ ਰਹੀ ਸੀ 
ਜਦ ਉਹ ਕੰਢੇ ਦੇ ਨੇੜੇ ਆਉਂਦੀ ਤਾਂ ਪਾਣੀ ਦੀ ਲਹਿਰ ਉਸਨੂੰ ਫਿਰ ਪਾਣੀ ਵਿੱਚ ਲੈ ਜਾਂਦੀ 
ਇਹ ਦੇਖ ਕੇ ਘੁੱਗੀ ਨੂੰ ਸ਼ਹਿਦ ਦੀ ਮੱਖੀ ਤੇ ਤਰਸ ਆਇਆ 
ਉਸਨੇ ਇੱਧਰ-ਉਧਰ ਵੇਖਿਆ 
ਉਸ ਨੂੰ ਇੱਕ ਸਕਿਮ ਸੁੱਝੀ 
ਘੁੱਗੀ ਨੇ ਉਸ ਸਮੇਂ ਇੱਕ ਪੱਤਾ ਆਪਣੀ ਚੁੰਝ ਵਿੱਚ ਫੜਿਆ ਅਤੇ ਸ਼ਹਿਦ ਦੀ ਮੱਖੀ ਦੇ ਨੇੜੇ ਰੱਖ ਦਿੱਤਾ 
ਸ਼ਹਿਦ ਦੀ ਮੱਖੀ ਆਪਣੀ ਜਾਨ ਬਚਾਉਣ ਲਈ ਉਸ ਪੱਤੇ ਤੇ ਚੜ੍ਹ ਗਈ 
ਘੁੱਗੀ ਨੇ ਉਹ ਪੱਤਾ ਸਹਿਜ ਨਾਲ ਆਪਣੀ ਚੁੰਝ ਵਿੱਚ ਫੜ ਲਿਆ ਅਤੇ ਸੁੱਕੀ ਧਰਤੀ ਤੇ ਰੱਖ ਦਿੱਤਾ 
ਇਸ ਤਰ੍ਹਾਂ ਡੁੱਬਣ ਤੋਂ ਬਚਾਉਣ ਵਾਲੇ ਪੰਛੀ ਦਾ ਸ਼ਹਿਦ ਦੀ ਮੱਖੀ ਨੇ ਬਹੁਤ ਧੰਨਵਾਦ ਕੀਤਾ 
ਕੁੱਝ ਦਿਨਾਂ ਬਾਅਦ ਉਸ ਸ਼ਹਿਦ ਦੀ ਮੱਖੀ ਨੇ ਵੇਖਿਆ ਕਿ ਇੱਕ ਸ਼ਿਕਾਰੀ ਦੇ ਹੱਥ ਵਿੱਚ ਬੰਦੂਕ ਹੈ ਅਤੇ ਉਹ ਸ਼ਿਕਾਰੀ ਦਰਖ਼ਤ ਤੇ ਬੈਠੀ ਉਸੇ ਘੁੱਗੀ ਨੂੰ ਮਾਰਨ ਲਈ ਨਿਸ਼ਾਨਾ ਬੰਨ੍ਹ ਰਿਹਾ ਹੈ 
ਘੁੱਗੀ ਵਿਚਾਰੀ ਬੇਖ਼ਬਰ ਸੀ 
ਇਹ ਵੇਖ ਕੇ ਸ਼ਹਿਦ ਦੀ ਮੱਖੀ ਨੂੰ ਬਹੁਤ ਚਿੰਤਾ ਹੋਈ 
ਉਹ ਸੋਚਣ ਲੱਗੀ ਕਿ ਮੈਂ ਇਸ ਪੰਛੀ ਦੀ ਜਾਨ ਬਚਾ ਕੇ ਉਸਦੇ ਉਪਕਾਰ ਦਾ ਬਦਲਾ ਕਿਵੇਂ ਚੁਕਾਵਾਂ? ਉਸਨੂੰ ਇੱਕ ਉਪਾਅ ਸੁੱਝਿਆ 
ਉਹ ਝੱਟ-ਪੱਟ ਸ਼ਿਕਾਰੀ ਦੀ ਅੱਖ ਤੇ ਲੜ ਗਈ 
ਸ਼ਿਕਾਰੀ ਨੇ ਉਸ ਵੇਲੇ ਨਿਸ਼ਾਨਾ ਲਗਾਉਣਾ ਸੀ 
ਸ਼ਹਿਦ ਦੀ ਮੱਖੀ ਦੇ ਲੜਦਿਆਂ ਹੀ ਉਸਦਾ ਨਿਸ਼ਾਨਾ ਉੱਕ ਗਿਆ 
ਦਰਖ਼ਤ ਤੇ ਬੈਠੀ ਘੁੱਗੀ ਗੋਲੀ ਦੀ ਆਵਾਜ਼ ਸੁਣ ਕੇ ਉੱਡ ਗਈ 
ਇਸ ਤਰ੍ਹਾਂ ਸ਼ਹਿਦ ਦੀ ਮੱਖੀ ਨੇ ਘੁੱਗੀ ਦੀ ਜਾਨ ਬਚਾ ਕੇ ਉਸ ਦੇ ਉਪਕਾਰ ਦਾ ਬਦਲਾ ਚੁਕਾ ਦਿੱਤਾ