3/20/2010
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ
ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ ਧਰਤਿ ਲੁਕਾਈ॥ ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੱਸ ਕੇ ਇਨ੍ਹਾਂ ਨੂੰ ਤਿਆਗਣ ਅਤੇ ਇਕ ਅਕਾਲ ਪੁਰਖ ਦੀ ਓਟ ਵਿਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ।
ਲੇਬਲ-
ਧਰਮ,
ਪੰਜਾਬ,
ਪੰਜਾਬ ਦਾ ਇਤਿਹਾਸ,
ਪੰਜਾਬ ਦਾ ਸੱਭਿਆਚਾਰ