ਇੱਕ ਨਦੀ ਦੇ ਕੰਢੇ ਤੇ ਇੱਕ ਦਰਖ਼ਤ ਸੀ |
ਉਸ ਦਰਖ਼ਤ ਉੱਪਰ ਇੱਕ ਘੁੱਗੀ ਰਹਿੰਦੀ ਸੀ |
ਰੋਜ਼ ਦੀ ਤਰ੍ਹਾਂ ਘੁੱਗੀ ਨਦੀ ਦੇ ਕੰਢੇ ਤੇ ਪਾਣੀ ਪੀਣ ਲਈ ਆਈ |
ਜਦ ਉਹ ਪਾਣੀ ਪੀਣ ਲੱਗੀ ਤਾਂ ਉਸਦੀ ਨਜ਼ਰ ਪਾਣੀ ਵਿੱਚ ਰੁੜ੍ਹਦੀ ਇੱਕ ਸ਼ਹਿਦ ਦੀ ਮੱਖੀ ਤੇ ਪਈ |
ਉਹ ਸ਼ਹਿਦ ਦੀ ਮੱਖੀ ਕੰਢੇ ਤੇ ਆਉਣ ਦਾ ਯਤਨ ਕਰ ਰਹੀ ਸੀ |
ਜਦ ਉਹ ਕੰਢੇ ਦੇ ਨੇੜੇ ਆਉਂਦੀ ਤਾਂ ਪਾਣੀ ਦੀ ਲਹਿਰ ਉਸਨੂੰ ਫਿਰ ਪਾਣੀ ਵਿੱਚ ਲੈ ਜਾਂਦੀ |
ਇਹ ਦੇਖ ਕੇ ਘੁੱਗੀ ਨੂੰ ਸ਼ਹਿਦ ਦੀ ਮੱਖੀ ‘ਤੇ ਤਰਸ ਆਇਆ |
ਉਸਨੇ ਇੱਧਰ-ਉਧਰ ਵੇਖਿਆ |
ਉਸ ਨੂੰ ਇੱਕ ਸਕਿਮ ਸੁੱਝੀ |
ਘੁੱਗੀ ਨੇ ਉਸ ਸਮੇਂ ਇੱਕ ਪੱਤਾ ਆਪਣੀ ਚੁੰਝ ਵਿੱਚ ਫੜਿਆ ਅਤੇ ਸ਼ਹਿਦ ਦੀ ਮੱਖੀ ਦੇ ਨੇੜੇ ਰੱਖ ਦਿੱਤਾ |
ਸ਼ਹਿਦ ਦੀ ਮੱਖੀ ਆਪਣੀ ਜਾਨ ਬਚਾਉਣ ਲਈ ਉਸ ਪੱਤੇ ਤੇ ਚੜ੍ਹ ਗਈ |
ਘੁੱਗੀ ਨੇ ਉਹ ਪੱਤਾ ਸਹਿਜ ਨਾਲ ਆਪਣੀ ਚੁੰਝ ਵਿੱਚ ਫੜ ਲਿਆ ਅਤੇ ਸੁੱਕੀ ਧਰਤੀ ਤੇ ਰੱਖ ਦਿੱਤਾ |
ਇਸ ਤਰ੍ਹਾਂ ਡੁੱਬਣ ਤੋਂ ਬਚਾਉਣ ਵਾਲੇ ਪੰਛੀ ਦਾ ਸ਼ਹਿਦ ਦੀ ਮੱਖੀ ਨੇ ਬਹੁਤ ਧੰਨਵਾਦ ਕੀਤਾ |
ਕੁੱਝ ਦਿਨਾਂ ਬਾਅਦ ਉਸ ਸ਼ਹਿਦ ਦੀ ਮੱਖੀ ਨੇ ਵੇਖਿਆ ਕਿ ਇੱਕ ਸ਼ਿਕਾਰੀ ਦੇ ਹੱਥ ਵਿੱਚ ਬੰਦੂਕ ਹੈ ਅਤੇ ਉਹ ਸ਼ਿਕਾਰੀ ਦਰਖ਼ਤ ਤੇ ਬੈਠੀ ਉਸੇ ਘੁੱਗੀ ਨੂੰ ਮਾਰਨ ਲਈ ਨਿਸ਼ਾਨਾ ਬੰਨ੍ਹ ਰਿਹਾ ਹੈ |
ਘੁੱਗੀ ਵਿਚਾਰੀ ਬੇਖ਼ਬਰ ਸੀ |
ਇਹ ਵੇਖ ਕੇ ਸ਼ਹਿਦ ਦੀ ਮੱਖੀ ਨੂੰ ਬਹੁਤ ਚਿੰਤਾ ਹੋਈ |
ਉਹ ਸੋਚਣ ਲੱਗੀ ਕਿ ਮੈਂ ਇਸ ਪੰਛੀ ਦੀ ਜਾਨ ਬਚਾ ਕੇ ਉਸਦੇ ਉਪਕਾਰ ਦਾ ਬਦਲਾ ਕਿਵੇਂ ਚੁਕਾਵਾਂ? ਉਸਨੂੰ ਇੱਕ ਉਪਾਅ ਸੁੱਝਿਆ |
ਉਹ ਝੱਟ-ਪੱਟ ਸ਼ਿਕਾਰੀ ਦੀ ਅੱਖ ਤੇ ਲੜ ਗਈ |
ਸ਼ਿਕਾਰੀ ਨੇ ਉਸ ਵੇਲੇ ਨਿਸ਼ਾਨਾ ਲਗਾਉਣਾ ਸੀ |
ਸ਼ਹਿਦ ਦੀ ਮੱਖੀ ਦੇ ਲੜਦਿਆਂ ਹੀ ਉਸਦਾ ਨਿਸ਼ਾਨਾ ਉੱਕ ਗਿਆ |
ਦਰਖ਼ਤ ਤੇ ਬੈਠੀ ਘੁੱਗੀ ਗੋਲੀ ਦੀ ਆਵਾਜ਼ ਸੁਣ ਕੇ ਉੱਡ ਗਈ |
ਇਸ ਤਰ੍ਹਾਂ ਸ਼ਹਿਦ ਦੀ ਮੱਖੀ ਨੇ ਘੁੱਗੀ ਦੀ ਜਾਨ ਬਚਾ ਕੇ ਉਸ ਦੇ ਉਪਕਾਰ ਦਾ ਬਦਲਾ ਚੁਕਾ ਦਿੱਤਾ |