ਇਤਿਹਾਸਿਕ ਦ੍ਰਿਸ਼ਟੀ ਤੋਂ ਪੂਰਬਲੇ ਸੱਭਿਆਚਾਰ ਦੇ ਪ੍ਰਮਾਣ ਇਸ ਧਰਤੀ ਤੋਂ ਮਿਲਦੇ ਹਨ, ਜੋ ਲਗ-ਪਗ ਦਸ ਹਜ਼ਾਰ ਸਾਲ ਤੋਂ ਵੀ ਪੁਰਾਣੇ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਸਪਤ ਸਿੰਧੂ ਸੱਭਿਅਤਾ ਦੇ ਨਾਂ ਨਾਲ ਜਾਣੀ ਜਾਂਦੀ ਅਤਿ ਵਿਕਸਿਤ ਸ਼ਹਿਰੀ ਸੱਭਿਅਤਾ ਵੀ ਇਸੇ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਸੱਭਿਅਤਾ ਦੇ ਪ੍ਰਾਚੀਨ ਨਮੂਨੇ ਮੁਇੰਜੋਦੜੋ, ਹੜੱਪਾ, ਸੰਘੋਲ ਅਤੇ ਢੋਲਬਾਹਾ ਆਦਿ ਥਾਂਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਹਨ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਗਲੀਆਂ, ਘਰਾਂ, ਇਸ਼ਨਾਨ-ਘਰਾਂ ਆਦਿ ਦੀ ਨਿਸ਼ਚਿਤ ਵਿਉਂਤ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਇਹ ਸੱਭਿਅਤਾ ਉਸ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਿਕਸਿਤ ਸੀ। ਆਰੀਆ ਲੋਕਾਂ ਨੇ ਲਗ-ਪਗ 1500-3000 ਈਸਵੀ ਪੂਰਵ ਦੇ ਸਮੇਂ ਵਿੱਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ ਵੱਖ ਸਮਿਆਂ ਵਿੱਚ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਏ। ਇਸ ਦੌਰ ਵਿੱਚ ਪੰਜਾਬ ਦੇ ਇਸ ਖਿੱਤੇ ਵਿੱਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ ਸੱਭਿਆਚਾਰਿਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ।
ਪੰਜਾਬ ਦੀ ਇਸ ਧਰਤੀ ਦਾ ਇਹ ਨਾਂ ਤਾਂ ਮੁਸਲਮਾਨਾਂ ਦੇ ਆਉਣ ਨਾਲ ਪੰਜ+ਆਬ ਤੋਂ ਪ੍ਰਚਲਿਤ ਹੋਇਆ, ਪਰ ਇਸ ਤੋਂ ਪਹਿਲਾਂ ਇਸ ਖਿੱਤੇ ਬਾਰੇ ਪੰਚਨਦ ਨਾਂ ਦੀ ਵਰਤੋਂ ਦੇ ਹਵਾਲੇ ਪ੍ਰਾਪਤ ਹਨ। ਸਮੇਂ ਦੇ ਬਦਲਣ ਨਾਲ ਪੰਜਾਬ ਦਾ ਇਹ ਭੂਗੋਲਿਕ ਖਿੱਤਾ ਸੰਸਾਰ ਦੇ ਪ੍ਰਾਚੀਨਤਮ ਵਿਕਸਿਤ ਮਹਾਨ ਸੱਭਿਆਚਾਰ ਦਾ ਕੇਂਦਰ ਬਣ ਜਾਂਦਾ ਹੈ ਪੰਜਾਬ ਦੀ ਇਸ ਧਰਤੀ ਉੱਤੇ ਚਾਰੇ ਵੇਦ (ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ) ਰਚੇ ਗਏ, ਜੋ ਅਜੇ ਤੱਕ ਵੀ ਸਾਡੀ ਸੱਭਿਆਚਾਰਿਕ ਪ੍ਰਾਚੀਨਤਾ ਅਤੇ ਮਹਾਨਤਾ ਦਾ ਉੱਤਮ ਨਮੂਨਾ ਹਨ। ਉਪਨਿਸ਼ਦ ਗਿਆਨ-ਸਾਹਿਤ ਦੀ ਦੂਸਰੀ ਮਾਣਯੋਗ ਵੰਨਗੀ ਹੈ ਜੋ ਇੱਥੇ ਰਚੀ ਗਈ। ਭਾਸ਼ਾ-ਵਿਆਕਰਨ ਸੰਬੰਧੀ ਪਾਣਨੀ ਦੀ ਜਗਤ-ਪ੍ਰਸਿੱਧ ਰਚਨਾ 'ਅਸ਼ਟਾਧਿਆਇ' ਵੀ ਇਸੇ ਧਰਤੀ ਤੇ ਲਿਖੀ ਗਈ। ਇਸੇ ਸਮੇਂ ਤਕਸ਼ਿਲਾ ਨਾਂ ਦਾ ਸਿੱਖਿਆ ਕੇਂਦਰ ਬਹੁਤ ਚਰਚਿਤ ਰਿਹਾ, ਜਿੱਥੇ ਦੇਸਾਂ-ਦੇਸਾਂਤਰਾਂ ਤੋਂ ਰਾਜਕੁਮਾਰ ਪੜ੍ਹਨ ਆਉਂਦੇ ਰਹੇ।
ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਇਸਲਾਮ ਧਰਮ ਦੇ ਦਖਲ ਅਥਵਾ ਮੁਸਲਮਾਨੀ ਹਮਲਿਆਂ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਆਰੰਭ 712 ਈਸਵੀ ਵਿੱਚ ਮੁੰਹਮਦ ਬਿਨ ਕਾਸਮ ਦੇ ਹਮਲੇ ਨੇ ਕੀਤਾ। ਸੱਤ ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਤ ਹੁੰਦੇ ਰਹੇ ਜਿਨ੍ਹਾਂ ਦੀ ਸਿਖਰ ਮੁਗ਼ਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ। ਸੂਫ਼ੀਮਤ ਨੇ ਕੱਟੜ ਬ੍ਰਾਹਮਣੀ ਵਿਵਸਥਾ ਤੋਂ ਦੁਖੀ ਲੋਕਾਂ ਨੂੰ ਰਾਹਤ ਦਿਵਾਈ। ਪੰਜਾਬੀ ਖਾਣ-ਪੀਣ, ਪਹਿਰਾਵੇ, ਭਾਸ਼ਾ ਅਤੇ ਸਾਹਿਤ ਉੱਤੇ ਇਸਲਾਮੀ ਸੱਭਿਆਚਾਰ ਦਾ ਪ੍ਰਭਾਵ ਨਿਖੇੜਨਾ ਬਹੁਤ ਮੁਸ਼ਕਲ ਹੈ।
ਮੱਧ ਯੁੱਗ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਗੁਰੂ ਨਾਨਕ ਦੇਵ ਜੀਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਾ ਸਥਾਪਤ ਕਰਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਰਬ ਕਾਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਆਦਿ ਦੇ ਭੇਦ-ਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਅਤੇ ਸਰਬਤ ਦੇ ਭਲੇ ਦੀ ਗੱਲ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਾਹਿਤ ਨੂੰ ਲਾਸਾਨੀ ਖ਼ਜਾਨਾ ਦਿੱਤਾ ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਠ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ, ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ।
ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ-ਸਧਾਰਨ ਦਾ ਵਿਕਸ ਰਹੀ ਪੂੰਜੀਵਾਦੀ ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ-ਅੰਦੇਸ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਹਨਾਂ ਪ੍ਰਭਾਵਾਂ ਅਤੇ ਪਰਿਣਾਵਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਹਨ। ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ ਵਿੱਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵੱਜੋਂ ਸੰਪਰਕ ਵਿੱਚ ਆਏ ਸਨ, ਜਿਸ ਦੇ ਬਹੁਤ ਵਿਕੋਲਿਤਰੇ ਅਤੇ ਉਲਟੇ-ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ-ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਅਤੇ ਖੁੱਲ੍ਹੇਪਣ ਦਾ ਇਹਸਾਸ ਕਰਵਾਇਆ।