3/20/2010

ਸੱਭਿਆਚਾਰ ਰੂਪਾਂਤਰਨ

ਆਰਥਕ, ਰਾਜਸੀ ਜਾਂ ਵਿਗਿਆਨਿਕ ਤਬਦੀਲੀਆਂ ਸੱਭਿਆਚਾਰ ਨੂੰ ਸਿੱਧੇ-ਅਸਿੱਧੇ ਢੰਗ ਨਾਲ ਬਦਲਦੀਆਂ ਹਨ। ਪੰਜਾਬੀ ਸੱਭਿਆਚਾਰ ਵਿੱਚ ਪਿਛਲੀ ਇੱਕ ਸਦੀ ਤੋਂ ਬਹੁਤ ਤੇਜ਼ੀ ਨਾਲ ਪਰਿਵਰਤਨ ਵਾਪਰੇ ਹਨ। ਇਹਨਾਂ ਤਬਦੀਲੀਆਂ ਨੇ ਨਾ ਸਿਰਫ਼ ਕੰਮ ਕਰਨ ਦੇ ਢੰਗ ਅਤੇ ਸਾਡੀਆਂ ਲੋੜਾਂ ਨੂੰ ਬਦਲਿਆ ਹੈ ਸਗੋਂ ਸਾਡੇ ਮਨੋਰਥਾਂ ਅਤੇ ਸਾਡੀ ਮਨੋਬਣਤਰ ਨੂੰ ਵੀ ਬਦਲਿਆ ਹੈ ਅਤੇ ਹੋਰ ਬਦਲਣਾ ਹੈ। ਹੁਣ ਪੰਜਾਬਣ ਆਪਣੇ ਮਾਹੀ ਨੂੰ ਨਹੀਂ ਕਹੇਗੀ ਕਿ 'ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ'। ਸਗੋਂ ਹੁਣ ਸੁਖ ਸਹੂਲਤਾਂ ਦੇ ਨਵੇਂ ਸਾਧਨ ਆਉਣ ਲੱਗੇ ਹਨ ਅਤੇ ਸੰਚਾਰ ਸਾਧਨ ਮਨੁੱਖ ਨੂੰ ਬਾਹਰਲੀ ਦੁਨਿਆਂ ਨਾਲ ਇਸ ਤਰ੍ਹਾਂ ਜੋੜ ਰਹੇ ਹਨ ਕਿ ਨਾ ਕੇਵਲ ਮਨ ਉੱਤੇ ਸਗੋਂ ਜੀਵਨ ਉੱਤੇ ਸੰਸਾਰ ਵਿਆਪੀ ਹਾਲਤਾਂ ਅਸਰ ਕਰਦੀਆਂ ਹਨ। ਇਹਨਾਂ ਤਬਦੀਲੀਆਂ ਨੇ ਪੰਜਾਬੀਆਂ ਨੂੰ ਨਵੀਆਂ ਵੰਗਾਰਾਂ ਪੇਸ਼ ਕੀਤੀਆਂ ਹਨ।
ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਨਕਸ਼ ਨੁਹਾਰ ਘੜਨ ਅਤੇ ਇਹਨਾਂ ਨੂੰ ਇਤਿਹਾਸ ਦੇ ਪੁੱਠੇ-ਸਿੱਧੇ ਦਬਾਵਾਂ ਦੇ ਬਾਵਜੂਦ ਹੋਰ ਹੁਸੀਨ ਬਣਾਉਣ ਵਿੱਚ ਅਸਾਧਾਰਨ ਦ੍ਰਿੜਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਇਹ ਆਸ ਬੱਝਦੀ ਹੈ ਕਿ ਇਸ ਦਾ ਭਵਿੱਖ ਸ਼ਾਨਦਾਰ ਹੋਵੇਗਾ।