ਪੰਜਾਬ ਦੇ ਦੁਆਬੇ ਦੇ ਇਲਾਕੇ ਦੀ ਬੋਲੀ ਨੂੰ ਦੁਆਬੀ ਕਿਹਾ ਜਾਂਦਾ ਹੈ। ਦੁਆਬ ਜਾਂ ਦੁਆਬਾ ਸ਼ਬਦ ਪੰਜ+ਆਬ ਦੀ ਤਰਜ਼ ਉੱਤੇ ਹੀ ਬਣਿਆ ਹੈ। ਦੋਆਬਾ (ਦੋ-ਆਬਾ) ਦੋ ਦਰਿਆਵਾਂ ਦੇ ਵਿਚਲੇ ਖੇਤਰ ਨੂੰ ਕਿਹਾ ਜਾਂਦਾ ਹੈ। ਇਉਂ ਦੁਆਬੀ ਸਤਲੁਜ ਅਤੇ ਬਿਆਸ ਦੇ ਵਿਚਲੇ ਇਲਾਕੇ ਦੀ ਬੋਲੀ ਲਈ ਰੂੜ੍ਹ ਹੋਇਆ ਸ਼ਬਦ ਹੈ।
- ਖੇਤਰ: ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ।
- ਦੁਆਬੀ ਭਾਸ਼ਾਈ ਵਿਸ਼ੇਸ਼ਤਾਵਾਂ:
ਦੁਆਬੀ ਵਿੱਚ ਤਿੰਨੇ ਸੁਰ - ਉੱਚੀ, ਨੀਵੀਂ ਅਤੇ ਪੱਧਰੀ ਕਾਰਜਸ਼ੀਲ ਹਨ। ਪਰ ਮਲਵਈ ਵਾਂਗ ਦੁਆਬੀ ਵਿੱਚ ਨਾਸਕੀ ਧੁਨੀਆਂ /ਙ/ ਅਤੇ /ਞ/ ਦਾ ਉਚਾਰਨ ਨਹੀਂ ਹੁੰਦਾ ਹੈ। ਦੰਤੀ /ਲ/ ਅਤੇ ਉਲਟ ਜੀਭੀ /ਲ਼/ ਦੋਵੇਂ ਵਿਅੰਜਨ ਧੁਨੀਆਂ ਧੁਨੀਆਤਮਿਕ ਪੱਖੋਂ ਸਾਰਥਿਕ ਅਤੇ ਨਖੇੜੂ ਹਨ। ਦੁਆਬੀ ਵਿੱਚ /ਵ/ ਅਤੇ /ਬ/ ਧੁਨੀਆਂ ਅੰਤਰ-ਵਟਾਂਦਰਾ ਕਰਦੀਆਂ ਹਨ, ਭਾਵ 'ਵਿੱਚ' ਅਤੇ 'ਬਿੱਚ' ਦੋਵੇ ਬੋਲੀਦੇ ਹਨ। ਪਰ ਵਧੇਰੇ ਰੁਝਾਨ /ਬ/ ਦੀ ਹੈ। ਸ਼ਬਦਾਂ ਦੇ ਮੱਧ ਜਾਂ ਅੰਤ ਉੱਤੇ ਨਾਸਿਕਤਾ-ਸਹਿਤ /ਵ/ ਨੂੰ ਜਿੱਥੇ ਮਲਵਈ ਵਿੱਚ /ਮ/ ਬੋਲਿਆ ਜਾਂਦਾ ਹੈ, ਜਿਵੇਂ ਇਮੇਂ, ਕਿਮੇਂ, ਤਿਮੇਂ ਆਦਿ, ਉੱਥੇ ਦੁਆਬੀ ਵਿੱਚ ਵੱਖਰੇ ਸ਼ਬਦ ਹੀ ਪਰਚੱਲਿਤ ਹਨ। ਜਿਵੇਂ: ਇੱਦਾਂ, ਕਿੱਦਾਂ, ਅਤੇ ਜਿੱਦਾਂ ਆਦਿ। ਮਾਝੀ ਦੇ ਉਲਟ ਪਰ ਮਲਵਈ ਵਾਂਗ ਦੁਆਬੀ ਵਿੱਚ ਵੀ ਸ਼ਬਦਾਂ ਵਿੱਚ ਮੱਧਵਰਤੀ ਜਾਂ ਅੰਤਰ /ਰ/ ਨੂੰ ਲੋਪ ਕਰਨ ਦਾ ਰੁਝਾਨ ਹੈ। ਜਿਵੇਂ ਪੋਤਾ, ਦ੍ਹੋਤਾ, ਦਾਤੀ, ਪੁੱਤ, ਸੂਤ ਆਦਿ ਮਾਝੀ ਵਿੱਚ ਪੋਤਰਾ, ਦੋਤ੍ਹਰਾ, ਦਾਤਰੀ, ਪੁੱਤਰ, ਸੂਤਰ ਹਨ।
ਦੁਆਬੀ ਵਿਆਕਰਨ ਬਣਤਰ ਮਲਵਈ ਨਾਲ ਕਾਫ਼ੀ ਮਿਲਦੀ ਹੈ। ਭੂਤਕਾਲੀ ਕਿਰਿਆ ਸੂਚਕ /ਸੀ/ ਨੂੰ ਮਲਵਈ ਵਾਂਗ ਹੀ ਦੁਆਬੀ ਵਿੱਚ ਸੀਗਾ, ਸੀਗੇ, ਸੀਗੀ ਅਤੇ ਸੀਗੀਆਂ ਵਾਂਗ ਵਰਤਿਆ ਜਾਂਦਾ ਹੈ। ਕਰਮਣੀਵਾਚੀ ਅਤੇ ਭਾਵਵਾੀਚੀ ਬਣਤਰਾਂ ਦੁਆਬੀ ਦੀਆਂ ਵੱਖਰੀਆਂ ਹਨ। ਜਿਵੇਂ ਕਿ "ਮੈਥੋਂ ਕੰਮ ਕਰ ਨਹੀਂ ਹੁੰਦਾ, ਫੋਨ ਕੱਟ ਨਹੀਂ ਹੁੰਦਾ, ਜਾਂ ਖਾ ਨਹੀਂ ਹੁੰਦਾ" ਆਦਿ ਪੰਜਾਬੀ ਦੀ ਕਿਸੇ ਉਪਬੋਲੀ ਵਿੱਚ ਨਹੀਂ ਹਨ।
ਉਹ ਗਏ ਓਏ ਆ - ਉਹ ਗਏ ਹੋਏ ਹਨ ਉਹ ਗਏ ਉਈ ਆ- ਉਹ ਗਈ ਹੋਈ ਹੈ। ਸਾਰੀਆਂ ਆਈਆਂ ਆਂ - ਸਾਰੀਆਂ ਆਈਆਂ ਹੋਈਆਂ ਹਨ।
![]()