3/20/2010
ਪੰਜਾਬੀ ਭਾਸ਼ਾ
ਪੰਜਾਬ ਵਿਚ ਕਿਸੇ ਵੇਲੇ ਬਰੂਹੀ ਬੋਲੀ ਹੁੰਦੀ ਸੀ ਫਿਰ ਇਥੇ ਇਕ ਅਤਿ ਔਖੀ ਭਾਸ਼ਾ ਸੰਸਕ੍ਰਿਤ ਬਣੀ ਅਤੇ ਫਿਰ ਪੱਛਮੀ ਏਸ਼ੀਆ ਵਿਚ ਮੁਕਾਬਲਤਨ ਸੌਖੀਆਂ ਭਾਸ਼ਾਵਾਂ ਜਿਵੇਂ ਪੰਜਾਬੀ, ਬੰਗਲਾ, ਮਰਾਠੀ, ਗੁਜਰਾਤੀ ਆਦਿ ਬਣੀਆਂ। ਪੰਜਾਬੀ ਬੋਲਣ ਵਾਲਿਆਂ ਦਾ ਬਹੁਤ ਵੱਡਾ ਹਿੱਸਾ ਪਾਕਿਸਤਾਨ ਵਿਚ ਹੈ, ਜਿਥੋਂ ਇਹ ਮੁਲਤਾਨ ਤੋਂ ਤੁਰਦੀ ਤੁਰਦੀ ਪਟਿਆਲੇ, ਅੰਬਾਲੇ, ਚੰਗੀਗੜ੍ਹ, ਕਾਂਗੜੇ, ਜੰਮੂ ਆਦਿ ਤਕ ਪਹੁੰਚੀ। ਇਨ੍ਹਾਂ ਸਾਰੇ ਇਲਾਕਿਆਂ ਵਿਚ ਪੰਜਾਬੀ ਦੀਆਂ ਅੱਡ ਅੱਡ ਵੰਨਗੀਆਂ ਹਨ ਪਰ ਇਨ੍ਹਾਂ ਸਾਰੇ ਇਲਾਕਿਆਂ ਦੇ ਆਮ ਲੋਕ ਇਕ ਦੂਜੇ ਨਾਲ ਗੱਲ ਕਰ ਸਕਦੇ ਹਨ । 19ਵੀਂ ਤੋਂ 20ਵੀਂ ਸਦੀ ਵਿਚ ਥੋੜ੍ਹੀ ਥੋੜ੍ਹੀ ਸਰਮਾਏਦਾਰੀ ਮੰਡੀ ਅਰਥਚਾਰਾ ਵਧਿਆ, ਇਸ ਦੇ ਨਾਲ ਸਾਰੇ ਲੋਕਾਂ ਦਾ ਆਪਸ ਵਿਚ ਆਣਾ ਜਾਣਾ ਵੀ ਵਧਿਆ ਅਤੇ ਇਸ ਇਲਾਕੇ ਦੇ ਕੇਂਦਰ ਲਾਹੌਰ ਅੰਮ੍ਰਿਤਸਰ ਦੇ ਮਾਝੇ ਦੀ ਬੋਲੀ ਰੀੜ੍ਹ ਦੀ ਹੱਡੀ ਬਣੀ ਅਤੇ ਟਕਸਾਲੀ ਪੰਜਾਬੀ ਭਾਸ਼ਾ ਸਜੀ। ਪੰਜਾਬੀ ਭਾਸ਼ਾ ਦਾ ਹਾਲੇ ਟਕਸਾਲੀਕਰਣ ਹੋ ਹੀ ਰਿਹਾ ਸੀ ਕਿ ਡੋਗਰੀ ਜੰਮੂ ਖੇਤਰ ਵਿਚ ਥੋੜ੍ਹੀ ਬਹੁਤ ਟਕਸਾਲੀਕਰਣ ਵੱਲ ਤੁਰ ਪਈ ਪਰ ਕਾਂਗੜੇ ਵਾਲੀ ਡੋਗਰੀ ਹਿੰਦੀ ਵਲ ਟੁਰ ਪਈ। ਪਾਕਿਸਤਾਨ ਵਿਚ ਸਰਾਇਕੀ ਨਾਂ ਥੱਲੇ ਬਾਬਾ ਸ਼ੇਖ਼ ਫਰੀਦ ਬਾਬੇ-ਏ-ਪੰਜਾਬੀ ਕੌਮ ਦੇ ਅਪਣੇ ਘਰ ਮੁਲਤਾਨ ਤੋਂ ਸਿੰਧ ਵਾਲੇ ਪਾਸੇ ਸਰਕਣ ਲੱਗ ਪਈ। ਸਰਾਇਕੀ ਦਾ ਵੱਡੇ ਪੰਜਾਬੀ ਘਰ ਤੋਂ ਸਰਕ ਜਾਣਾ ਕਾਫ਼ੀ ਮੁਸ਼ਕਲ ਹੀ ਜਾਪਦਾ ਹੈ। ਇਧਰ ਭਾਰਤੀ ਪੰਜਾਬ ਵਿਚ ਪੁਆਧੀ ਅਤੇ ਬਾਗੜੀ ਨਾਂ ਪੂਰੀ ਤਰ੍ਹਾਂ ਟਕਸਾਲੀ ਪੰਜਾਬੀ ਵਿਚ ਰਚੀਆਂ ਹਨ ਅਤੇ ਨਾਂ ਹਿੰਦੀ ਵਿਚ। ਐਪਰ ਇਹ ਹਿੰਦੀ ਨਾਲੋਂ ਪੰਜਾਬੀ ਵੱਲ ਵਧੇਰੇ ਰੁਚਿਤ ਹੋ ਰਹੀਆਂ ਹਨ ਕਿਉਂਕਿ ਪਾਕਿਸਤਾਨ ਤੋਂ ਪੰਜਾਬੀ ਇਨ੍ਹਾਂ ਇਲਾਕਿਆਂ ਵਿਚ ਕਾਫ਼ੀ ਗਿਣਤੀ ਵਿਚ ਆ ਵੱਸੇ ਸਨ। ਜਦੋਂ ਅੱਜ ਦੁਨੀਆਂ ਇਕ ਮਹਾਨ ਪਿੰਡ ਬਣ ਰਹੀ ਹੈ ਪੰਜਾਬੀ ਭਾਸ਼ੀ ਲੋਕ ਸਾਰੀ ਦੁਨੀਆਂ ਵਿਚ ਖਿਲਰ ਗਏ ਹਨ ਪਰ ਹਾਲੇ ਵੀ ਇਨ੍ਹਾਂ ਦੀ ਅਕਸਰੀਅਤ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਵਿਚ ਹੀ ਹੈ। ਇਨ੍ਹਾਂ ਦੋਵੇਂ ਪੰਜਾਬਾਂ ਵਿਚ ਕੁੱਝ ਗ਼ੈਰ ਪੰਜਾਬੀ ਅਕਲੀਅਤਾ ਵੀ ਹਨ ਜਿਨ੍ਹਾਂ ਵਿਚੋਂ ਕੁਝ ਲੋਕ ਪੰਜਾਬੀ ਭਾਸ਼ਾ ਤੇ ਸਭਿਆਚਾਰ ਵਿਚ ਸਮੋਏ ਜਾ ਰਹੇ ਹਨ ਅਤੇ ਕੁੱਝ ਅਪਣੀ ਵੱਖਰੀ ਭਾਸ਼ਾਈ ਪਹਿਚਾਣ ਬਣਾਈ ਰਖਣ ਲਈ ਯਤਨਸ਼ੀਲ ਹਨ। ਇਸੇ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੇ ਹੋਰ ਸੂਬਿਆਂ ਵਿਚ ਕਾਫ਼ੀ ਗਿਣਤੀ ਵਿਚ ਪੰਜਾਬੀ ਭਾਸ਼ੀ ਲੋਕ ਪੰਜਾਬੀ ਬੋਲੀ ਅਤੇ ਸਭਿਆਚਾਰ ਨਾਲ ਹਾਲੀ ਵੀ ਜੁੜੇ ਹੋਏ ਹਨ। ਲੋਹੜੀ ਬੜੇ ਸ਼ੌਕ ਨਾਲ ਮਨਾਉਂਦੇ ਹਨ ਅਤੇ ਖ਼ੂਬ ਫੁੱਲੇ ਰਿਓੜੀਆਂ ਖਾਂਦੇ, ਲੋਹੜੀ ਬਾਲਦੇ ਅਤੇ ਦੁੱਲੇ ਭੱਟੀ ਦਾ ਗੀਤ ਗਾਉਂਦੇ ਹਨ। ਭਾਰਤੀ ਪੰਜਾਬ ਦੀ 2001 ਵਿਚ ਕੁਲ ਵਸੋਂ 2.42 ਕਰੋੜ ਸੀ ਅਤੇ ਪਾਕਿਸਤਾਨੀ ਪੰਜਾਬ ਦੀ 1997 ਵਿਚ 7.36 ਕਰੋੜ। ਕੁਲ ਭਾਰਤ, ਪਾਕਿਸਤਾਨ ਅਤੇ ਬਾਕੀ ਦੁਨੀਆਂ ਵਿਚ ਪੰਜਾਬੀ ਭਾਸ਼ੀਆਂ ਦੀ ਗਿਣਤੀ 13-14 ਕਰੋੜ ਸਮਝੀ ਜਾਂਦੀ ਹੈ, ਜਿਹੜੀ ਕਿ ਫ਼ਰਾਂਸ ਅਤੇ ਜਰਮਨੀ ਦੀ ਮਿਲਾ ਕੇ ਕੁੱਲ ਆਬਾਦੀ ਨਾਲੋਂ ਥੋੜ੍ਹੀ ਘੱਟ ਹੈ। ਹੁਣ ਸੋਚਿਆ ਜਾਵੇ ਕਿ ਜੇਕਰ ਇਹ 14 ਕਰੋੜ ਲੋਕ ਪੰਜਾਬੀ ਵਿਚ ਪੜ੍ਹ ਲਿਖ ਜਾਣ ਭਾਵੇਂ ਗੁਰਮੁਖੀ, ਸ਼ਾਹਮੁਖੀ ਜਾਂ ਕਿਸੇ ਹੋਰ ਮੁਖੀ ਵਿਚ ਤਾਂ ਇਨ੍ਹਾਂ ਪੜ੍ਹੇ ਲਿਖੇ ਸਮਰੱਥ ਪੰਜਾਬੀਆਂ ਦੀ ਸਭਿਆਚਾਰਕ ਭੁੱਖ ਮਿਟਾਉਣ ਲਈ ਕਿੰਨੀਆਂ ਕਿਤਾਬਾਂ, ਰਸਾਲੇ, ਅਖ਼ਬਾਰਾਂ, ਫ਼ਿਲਮਾਂ, ਸੀਡੀਆਂ, ਡੀਵੀਡੀਆਂ ਬਣ ਕੇ ਵਿਕ ਸਕਦੀਆਂ ਹਨ। ਇਹ ਤਾਂ ਇਕ ਸਭਿਆਚਾਰਕ ਇਨਕਲਾਬ ਵੀ ਨਹੀਂ ਸਗੋਂ ਆਰਥਕ ਇਨਕਲਾਬ ਹੀ ਹੋ ਨਿਬੜੇਗਾ। ਜੇਕਰ ਅਤੇ ਜਦੋਂ ਵੀ ਅਜਿਹਾ ਹੋ ਗਿਆ ਤਾਂ ਪੰਜਾਬੀ ਕੌਮ ਦਾ ਦੁਨੀਆਂ ਭਰ ਵਿਚ ਡੰਕਾ ਵਜਣਾ ਕੁਦਰਤੀ ਹੈ। ਬਹੁਤ ਆਸ਼ਾਵਾਦੀ ਤਾਂ ਇਹ ਕਹਿਣਗੇ ਕਿ ਅਜਿਹਾ ਅੱਜ ਨਹੀਂ ਤਾਂ ਕਲ ਹੋਣ ਹੀ ਵਾਲਾ ਹੈ। ਪਰ ਇਹ ਹੋਣਾ ਲੋੜੀਂਦਾ ਜ਼ਰੂਰ ਹੈ। ਹੇਠਾਂ ਪੰਜਾਬੀ ਦੀਆਂ ਕੁਝ ਉਪ ਭਾਸ਼ਾਂਵਾਂ ਬਾਰੇ ਲਿਖਿਆ ਹੈ
ਲੇਬਲ-
ਪੰਜਾਬ,
ਪੰਜਾਬ ਦਾ ਸੱਭਿਆਚਾਰ,
ਪੰਜਾਬੀ ਉਪਭਾਸ਼ਾਵਾਂ