3/20/2010

ਪੰਜਾਬੀ ਚਰਿੱਤਰ ਦੇ ਪਛਾਣ-ਚਿੰਨ੍ਹ

ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ-ਚੜ੍ਹਾਵਾਂ ਨੇ ਪੰਜਾਬੀ ਜੀਵਨ-ਜਾਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ, ਜੋ ਪੰਜਾਬੀਅਤ ਦੇ ਪਛਾਣ-ਚਿੰਨ੍ਹ ਬਣ ਗਏ ਹਨ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚ ਉਜਾਗਰ ਹੁੰਦੇ ਹਨ। ਉਪਜਾਊ ਭੂਮੀ ਕਾਰਨ ਭੁੱਖੇ ਮਰਨਾਂ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ ਪਰ ਨਾਲ ਹੀ ਕਰੜੀ ਮਿਹਨਤ ਕਰਕੇ ਇਸ ਤੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖ਼ਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਇਹਨਾਂ ਦੀ ਖ਼ੂਬੀ ਹੈ। ਲਗਾਤਾਰ ਜੰਗਾਂ, ਯੁਧਾਂ ਦਾ ਅਖਾੜਾ ਬਣੇ ਰਹਿਣ ਕਾਰਨ ਪੰਜਾਬੀ ਉੱਜੜਦੇ ਰਹਿਣ ਤੇ ਵੀ ਫੇਰ ਵੱਸਣ ਦੀ ਅਨੋਖੀ ਜੀਵਨ-ਤਾਂਘ ਨਾਲ ਓਤਪੋਤ ਹਨ। ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਉੱਤੇ ਉਹੀ ਲੋਕ ਟਿਕੇ ਜੋ ਨਾ ਯੁਧ ਤੋਂ ਡਰਦੇ ਸਨ, ਨਾ ਮੌਤ ਤੋਂ ਅਤੇ ਨਾ ਲੁੱਟੇ-ਪੁੱਟੇ ਜਾਣ ਤੋਂ, ਸਗੋਂ ਹਾਲਤ ਅਨੁਸਾਰ ਹਮੇਸ਼ਾਂ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਸਨ। ਪੰਜਾਬੀ ਪਹਿਲ-ਕਦਮੀ ਕਰਨ ਵਾਲੇ ਹਨ। ਇਹ ਖੜੋਤ ਵਿੱਚ ਯਕੀਨ ਨਹੀਂ ਰੱਖਦੇ। ਇਹ ਕੁਝ ਨਾ ਕੁਝ ਕਰਨ ਦੇ ਆਹਰ ਵਿੱਚ ਰਹਿੰਦੇ ਹਨ, ਜੋਰ ਨਹੀਂ ਤਾਂ ਆਪੋ ਵਿੱਚ ਲੜਨ-ਮਰਨ ਦੇ।
ਇਸ ਨਿਰੰਤਰ ਉਥਲ-ਪੁਥਲ ਨੇ ਪੰਜਾਬੀ ਸੁਭਾਅ ਵਿੱਚ ਦੋ ਮੁੰਹ ਜ਼ੋਰ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ। ਪਹਿਲੀ ਇਹ ਕਿ ਪੰਜਾਬੀ ਜ਼ਿੰਦਗੀ ਨੂੰ ਜਨੂੰਨ ਵਾਂਗ ਜਿਉਂਦਾ ਹੈ। ਇਸ ਕਰਕੇ ਉਸਦਾ ਸੁਭਾਅ ਭੜਕੀਲਾ ਹੈ। ਉਹ ਫ਼ੌਰੀ ਅਤੇ ਇਕਦਮ ਤੱਤਾ ਹੋ ਉਠਦਾ ਹੈ ਅਤੇ ਓਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸਨੂੰ ਬੜੇ ਖੌਫਨਾਕ ਸਬਕ ਸਿਖਾਏ ਹਨ। ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ, ਸੁਭਾਅ ਵੱਜੋਂ ਹੀ, ਟਿਕਾਓ ਵਾਲਾ ਜੀਵਨ ਬਤੀਤ ਕਰਨੋ ਇਨਕਾਰੀ ਬਣ ਗਿਆਂ ਹੈ। ਦੂਸਰੀ ਪ੍ਰਵਿਰਤੀ ਉੱਚੀ ਬੋਲਣ ਅਤੇ ਲੋੜੋਂ ਵਧੇਰੇ ਤੀਂਘੜਨ ਦੀ ਹੈ। ਉਸਦੀ ਗੱਲ-ਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਅਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਅਤੇ ਟਕਰਾਵਾਂ ਵਿੱਚ ਉੱਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ। ਰਾਂਝਾ ਹੀਰ ਦੇ ਦਰ ਤੇਇਸੇ ਕਰਕੇ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਅਤੇ ਜਨੂੰਨ ਨਾਲ ਆਪਣੇ ਪੈੰਡੇ ਪੈਂਦੇ ਹਨ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ-ਨਾਇਕ ਨਹੀਂ, ਸਗੋਂ ਰਾਜਾ ਤ੍ਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਅਤੇ ਸ਼ਾਨੋ-ਸ਼ੌਕਤ ਦੀ ਬਜਾਏ ਫ਼ਕੀਰ ਦੀ ਉੱਚਤਾ-ਸੁੱਚਤਾ ਨੂੰ ਮਾਣ ਦਿੱਤਾ ਹੈ। ਇਹ ਧਰਤੀ ਹੈ ਜਿੱਥੇ ਦੇ ਫ਼ਕੀਰ ਰਾਜੇ ਨੂੰ ਪਰ੍ਹਾਂ ਹੋ ਖੜੋਣ ਅਤੇ ਧੁੱਪ ਛੱਡਣ ਦਾ ਬੋਲ ਬੇਖੌਫ਼ ਹੋ ਬੋਲਦੇ ਹਨ, ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ-ਨਾਇਕ ਮੰਨਿਆ ਹੈ।
ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ-ਫ਼ਲਸਫ਼ੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ-ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਣ ਸਿਰਜਣ ਦਾ ਮੱਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ-ਵਿਹਾਰ, ਆਦਰਸ਼ ਅਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨੂੰ ਜਿਊਣ ਦੀ ਇੱਛਾ ਅਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖ਼ਾਸਾ ਹੈ। 'ਖਾਧਾ ਪੀਤਾ ਲਾਹੇ ਦਾ' ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ। ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ-ਸ਼ਿੰਗਾਰ ਅਤੇ ਲੋਕ-ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਹਨ। ਜ਼ਿੰਦਗੀ ਦੇ ਹਰ ਮੌਕੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਨਾਲ ਪਰੋਈ ਰੱਖਦੀ ਹੈ।