ਮਲਵਈ ਸ਼ਬਦ ਮਾਲਵ ਤੋਂ ਬਣਿਆ ਹੈ। ਮਾਲਵ ਆਰੀਆ ਲੋਕਾਂ ਦੀ ਇੱਕ ਪ੍ਰਾਚੀਨ ਜਾਤੀ ਸੀ। ਮਹਾਂਭਾਰਤ ਵਿੱਚ ਮਾਲਵ ਗਣਰਾਜ ਦਾ ਜ਼ਿਕਰ ਹੋਇਆ ਹੈ। ਮਲਵਈ ਬੋਲੀ ਵਿੱਚ ਪੁਰਾਣੀ ਵੈਦਿਕ ਭਾਸ਼ਾ ਦੇ ਕਈ ਸ਼ਬਦ ਮਿਲਦੇ ਹਨ। ਬੂਹੇ ਜਾਂ ਦਰਵਾਜ਼ੇ ਦੇ ਅਰਥਾਂ ਵਾਲਾ 'ਬਾਰ' ਇੱਕ ਅਜਿਹਾ ਸ਼ਬਦ ਹੈ, ਜੋ ਕਿ ਵੈਦਿਕ ਕਾਲ ਵਿੱਚ ਹਾਸਲ ਹੈ। ਕੁਝ ਹੋਰ ਸ਼ਬਦ ਵੀ ਹਨ, ਜਿਵੇਂ ਕਿ: 'ਪਰਾਰਿ' ਅਤੇ 'ਸਮਾਂ'। 'ਪਰ-ਪਰਾਰ' ਅਤੇ 'ਐਂਤਕੀ ਸਮਾਂ (ਵਰ੍ਹਾ) ਲੱਗ ਗਿਆ' ਮਲਵਈ ਵਿੱਚ ਆਮ ਬੋਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦੇ ਅਰਥ ਰਿਗਵੇਦ ਵਿੱਚ ਮਿਲਦੇ ਹਨ।
ਜ਼ਿਲਾ ਬਠਿੰਡਾ, ਸੰਗਰੂਰ, ਫ਼ਰੀਦਕੋਟ, ਮੁਕਤਸਰ, ਮੋਗਾ, ਲੁਧਿਆਣਾ ਅਤੇ ਫਿਰੋਜ਼ਪੁਰ ਦਾ ਕੁਝ ਹਿੱਸਾ ਸ਼ਾਮਿਲ ਹੈ। ਪਟਿਆਲੇ ਜ਼ਿਲ੍ਹੇ ਦੀ ਪੱਛਮੀ ਭਾਗ ਵਿੱਚ ਮਲਵਈ ਬੋਲੀ ਜਾਂਦੀ ਹੈ। ਫਾਜ਼ਿਲਕਾ ਵਾਲੇ ਗੁੱਠ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਦੀ ਕੁਝ ਸਿੱਖ-ਹਿੰਦੂ ਵਸੋਂ ਮਲਵਈ ਬੋਲਦੀ ਹੈ। ਮਲਵਈ ਵੱਡੇ ਖੇਤਰ ਵਿੱਚ ਫੈਲੀ ਹੋਣ ਕਰਕੇ ਇਸ ਦੀਆਂ ਅਗਾਂਹ ਕੁਝ ਲਘੂ-ਬੋਲੀਆਂ ਹਨ। ਬਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਨੂੰ 'ਉਤਾੜ' ਕਿਹਾ ਜਾਂਦਾ ਹੈ ਅਤੇ ਫ਼ਰੀਦਕੋਟ ਦੇ ਹੇਠਲੇ ਵਾਲੇ ਪਾਸੇ ਦੀ ਬੋਲੀ ਨੂੰ 'ਹਿਠਾੜ' ਕਹਿੰਦੇ ਹਨ।
- ਮਲਵਈ ਭਾਸ਼ਾਈ ਵਿਸ਼ੇਸ਼ਤਾਵਾਂ:
ਇਥੇ ਨਾਦੀ ਮਹਾਂਪ੍ਰਾਣ ਧੁਨੀਆਂ ਦੀ ਬਜਾਏ ਦੀ ਥਾਂ ਸੁਰ ਉਚਾਰੀ ਜਾਂਦੀ ਹੈ। ਪਰ ਸੁਰ ਯੰਤਰੀ ਵਿਅੰਜਨ /ਹ/ ਗੂੜ੍ਹ ਮਲਵਈ ਵਿੱਚ ਆਪਣੇ ਵਿਅੰਜਨੀ ਸਰੂਪ ਵਿੱਚ ਕਾਇਮ ਰਹਿੰਦਾ ਹੈ। ਮਲਵਈ ਵਿੱਚ /ਙ/ ਅਤੇ /ਞ/ ਨਾਸਕੀ ਵਿਅੰਜਨ ਕਿਤੇ ਵੀ ਨਹੀਂ ਬੋਲੇ ਜਾਂਦੇ ਹਨ। ਫ਼ਾਰਸੀ ਧੁਨੀਆਂ /ਫ਼/, /ਖ਼/, /ਗ਼/, /ਜ਼/ ਆਦਿ ਦਾ ਵੱਖਰੇਵਾਂ ਮਲਵਈ ਬੁਲਾਰਿਆਂ ਦੇ ਜ਼ਿਹਨ ਵਿੱਚ ਸਾਰਥਿਕ ਨਹੀਂ ਹੁੰਦਾ। ਮਲਵਈ ਵਿੱਚ ਉਲਟ ਜੀਭੀ ਧੁਨੀਆਂ ਵੱਲ ਮਾਝੀ ਦੇ ਮੁਕਾਬਲੇ ਝੁਕਾ ਵੱਧ ਹੈ। ਜਿਵੇਂ ਕਿ ਤੋਰ ਨੂੰ ਟੋਰ, ਹੇਠਾਂ ਨੂੰ ਢਾਹਾਂ ਮਲਵਈ ਵਿੱਚ ਬੋਲੇ ਜਾਂਦੇ ਹਨ। ਮਲਵਈ ਵਿੱਚ ਮੁੱਢਲਾ ਸਵਰ ਲੋਪ ਕਰਨ ਦਾ ਰੁਝਾਨ ਵਧੇਰੇ ਹੈ। ਜਿਵੇਂ ਕਿ: ਅਨਾਜ ਨੂੰ ਨਾਜ, ਅਖੰਡ ਨੂੰ ਖੰਡ, ਅਦਾਲਤਾਂ ਨੂੰ ਦਾਲਤਾਂ, ਅਨੰਦ ਨੂੰ ਨੰਦ, ਇਲਾਜ ਨੂੰ ਲਾਜ ਅਤੇ ਇਕ ਵੇਰਾਂ ਨੂੰ ਕੇਰਾਂ ਆਦਿ ਬੋਲਿਆ ਜਾਂਦਾ ਹੈ। ਮਲਵਈ ਵਿੱਚ ਵਿਅੰਜਨ-ਧੁਨੀਆਂ ਦਾ ਅੰਤਰ-ਵਟਾਂਦਰਾ ਕਰਨਾ ਵੀ ਆਮ ਹੈ। ਜਿਵੇਂ ਕਿ ਸ਼ੇਰ ਨੂੰ ਛੇਰ, ਛਾਤੀ ਨੂੰ ਸ਼ਾਤੀ, ਸਾਈਕਲ ਨੂੰ ਸ਼ੈਕਲ, ਸ਼ਤਾਨ ਨੂੰ ਛਤਾਨ, ਸਰਦੀ ਨੂੰ ਸ਼ਰਦੀ, ਛਾਂ ਨੂੰ ਸਾਂ, ਸੜਕ ਨੂੰ ਸ਼ੜਕ, ਛਿੱਤਰ ਨੂੰ ਸ਼ਿੱਤਰ ਆਮ ਬੋਲਿਆ ਜਾਂਦਾ ਹੈ। 'ਬਾਂਝ ਔਰਤ' ਵਿੱਚ ਬਾਂਝ ਸ਼ਬਦ ਵੀ 'ਬਾਜ' (ਬਿਨਾਂ) ਦਾ ਮਲਵਈਕਰਨ ਹੀ ਹੈ। ਨਾਸਿਕਤਾ ਸਹਿਤ /ਵ/ ਨੂੰ /ਮ/ ਉਚਾਰਨ ਦਾ ਰੁਝਾਨ ਹੈ। ਜਿਵੇਂ: ਤੀਵੀਂ ਨੂੰ ਤੀਮੀਂ, ਇਵੇਂ ਨੂੰ ਇਮੇ, ਕਿਵੇਂ ਨੂੰ ਕਿਮੇ, ਜਾਵਾਂਗਾ ਨੂੰ ਜਾਮਾਗਾ ਜਾਂ ਖਾਵਾਂਗਾ ਨੂੰ ਖਾਮਾਂਗਾ ਆਦਿ। ਮਲਵਈ ਵਿੱਚ ਅੰਤਮ ਅੱਖਰ ਨੂੰ /ਐ/ ਲਾਉਣ ਦੀ ਬਹੁਤ ਰੁਚੀ ਹੈ। ਜਿਵੇਂ: ਕੀਤੈ, ਗਿਐ, ਆਖਿਐ ਆਦਿ। /ਵ/ ਨੂੰ /ਬ/ ਆਮ ਬੋਲਿਆ ਜਾਂਦਾ ਹੈ, ਜਿਵੇਂ: ਬੱਟਾ, ਬੀਰ, ਬੀਹ, ਬਾਹਗੁਰੂ, ਬੱਢ ਆਦਿ।
ਵਿਆਕਰਨ ਦੇ ਪੱਖ ਤੋਂ ਮਲਵਈ ਦਾ ਸਭ ਤੋਂ ਨਿਆਰਾਪਨ ਇਸ ਦੇ ਨਿਰਾਲੇ ਪੜਨਾਵ ਹਨ। ਜਿਵੇਂ ਕਿ ਤੂੰ ਦੀ ਥਾਂ ਤੈਂ, ਤੁਹਾਡਾ ਦੀ ਥਾਂ ਠੋਡਾ/ਸੋਡਾ, ਤੁਹਾਨੂੰ ਦੀ ਥਾਂ ਥੋਨੂੰ/ਸੋਨੂੰ ਆਦਿ ਕਈ ਰੁਪਾਂਤਰ ਬੋਲੇ ਜਾਂਦੇ ਹਨ। 'ਆਪਣਾ' ਨੂੰ 'ਆਵਦਾ' ਵਰਤਿਆ ਜਾਂਦਾ ਹੈ। ਸਬੰਧਕ ਕਾ-ਕੀ-ਕੇ ਵੀ ਸਿਰਫ਼ ਮਲਵਈ ਵਿੱਚ ਹੀ ਬੋਲੇ ਜਾਂਦੇ ਹਨ। ਜਿਵੇਂ: ਜੈਲੇ ਕਾ ਖੇਤ, ਜੀਤੂ ਕੇ ਮੁੰਡੇ, ਜੀਤ ਕੀ ਬੁੜੀ। 'ਬੁੜੀ' ਸ਼ਬਦ ਵੀ ਸ਼ੁੱਧ ਮਲਵਈ ਹੈ, ਜੋ ਕਿ ਔਰਤਾਂ ਲਈ ਵਰਤਿਆ ਜਾ ਰਿਹਾ ਹੈ।
- ਕਿਰਿਆ ਰੂਪੀ ਸ਼ਬਦ ਜਿਵੇਂ ਕਿ ਜਾਊਂ, ਖਾਊਂ, ਕਰੂੰ ਆਦਿ ਵੀ ਟਕਸਾਲੀ ਪੰਜਾਬੀ ਤੋਂ ਵੱਖਰੇ ਹਨ। ਮਲਵਈ ਕਰਮਣੀ ਵਾਚ ਵੀ ਲਹਿੰਦੀ ਨਾਲ
ਕਾਫ਼ੀ ਮਿਲਦਾ ਹੈ। ਜਿਵੇਂ: 'ਏਦਾਂ ਨਹੀਂ ਕਰੀਦਾ -ਖਾਈਦਾ ਜਾਂ ਪੜ੍ਹੀਦਾ ਆਦਿ।
ਹਾਜ਼ਰੀ ਰੋਟੀ, ਤਿੱਖੜ ਦੁਪੈਹਰਾ, ਆਥਣ-ਉੱਗਣ, ਵੱਡੇ ਤੜਕੇ, ਨੇਂ ਜਾਣੀਏ, ਬਲਾਂਈ, ਜਮਾ ਈ, ਖਬਣੀ, ਕੇਰਾਂ, ਐਮੇ, ਊਂਈ, ਐਰਕੀ ਜਾਂ ਤੋਕੀ (ਇਸ ਸਾਲ), ਬਗ ਗਿਐ, ਕਾਸ ਨੂੰ ਜਾਨੈਗਾ, ਮੂਹਰੇ, ਜਿੱਦਣ, ਕਿੱਦਣ, ਲੌਣੇ, ਲਵੇ, ਥਾਈਂ, ਖੋਲਾ, ਜਾਣੇ ਖਾਣਿਆਂ, ਵੀਰਾਂ ਵੱਢੀਏ, ਡੁਬੜੀਏ, ਦੋਜਕ ਜਾਣਿਆਂ ਆਦਿ।
![]()