ਕਿ ਮੈਂ ਪਰਤ ਆਵਾਂਗਾ
ਸ਼ਮਾਂ 'ਤੇ ਗਿਆ ਪਤੰਗਾ ਤੇ ਬੀਤਿਆ ਵਕਤ ,
ਕਦੇ ਪਰਤ ਕੇ ਨਹੀਂ ਆਉਂਦੇ
ਹੁਣ ਮੈਂ ਢਾਲ ਲਿਆ ਆਪਣੇ ਆਪ ਨੂੰ
ਵਾਤਾਵਰਨ ਦੇ ਅਨੁਕੂਲ ਹੀ
ਤੇ ਰੋਕ ਲਏ ਹਨ ਕਦਮ ਤੇਰੀਆਂ ਜੂਹਾਂ ਵੱਲੋਂ
ਤੇ ਸਿੱਖ ਲਿਆ ਪਰਿੰਦਿਆਂ ਵਾਂਗ ਰਹਿਣਾ
ਪਰਿੰਦੇ , ਜੋ ਗੁਜ਼ਾਰਦੇ ਨੇ ਟਹਿਣੀਆਂ ਉਪਰ ਰਾਤਾਂ
ਤੇ ਲਾਉਂਦੇ ਖੁੱਲੇ ਆਕਾਸ਼ੀ ਉਡਾਰੀਆਂ
ਨਹੀਂ ਭਾਉਂਦੇ ਉਹਨਾਂ ਨੂੰ ਸੋਨੇ ਦੇ ਪਿੰਜਰੇ ,
ਤੇ ਨਾ ਹੀ ਘਿਉਂ ਦੀਆਂ ਚੂਰੀਆਂ
ਮੇਰੇ ਅਜ਼ੀਜ਼ , ਪਿੰਜਰਾ ਤਾਂ ਪਿੰਜਰਾ ਹੀ ਹੈ ਨਾ ,
ਭਾਵੇਂ ਸੋਨੇ , ਲੋਹੇ ਜਾਂ ਲੀਰਾਂ ਦਾ ਹੋਵੇ
ਪਸੰਦ ਹੈ ਸਾਨੂੰ ਕੰਕਰਾਂ ਦਾ ਚੋਗਾ
ਤੇ ਗੁਟਕਣਾਂ ਜਲਾਂ ਥਲਾਂ ਦੇ ਕੰਢਿਆਂ ਤੇ
ਕਿਉਂ ਤੂੰ ਝੂਰਦੈਂ ਦੋਸਤਾ ,
ਤੇ ਨਾ ਟੁੱਕ ਬੁੱਲੀਆਂ
ਸਾਡੀ ਸੋਚ ਦਾ ਵੀ ਅਹਿਸਾਸ ਕਰ
ਅਸੀਂ ਇਕ ਸੰਕਲਪ ਚਿਤਵ ਕੇ ਨਿਕਲੇ ਸੀ ,
ਤੇ ਪੂਰਤੀ ਬਿਨਾਂ ਵਾਪਸੀ ਨਹੀਂ ਕਰਾਂਗੇ
ਤੇਰੀ ਸੁਲਗਦੀ ਅੱਗ ਦਾ ਮੈਨੂੰ ਅਹਿਸਾਸ ਏ
ਤੇ ਤੂੰ ਵੀ ਉਦਾਸ ਨਾ ਹੋਵੀਂ
ਮੈਂ ਕੋਈ ਗੌਤਮ ਬੁੱਧ ਵਾਂਗ ਸੰਨਿਆਸ ਨਹੀਂ ਲਿਆ
ਮੈਨੂੰ ਤਾਂ ਚਾਹੀਦੀ ਹੈ ਸੰਕਲਪ ਦੀ ਪੂਰਤੀ
ਨਾ ਮੈਂ ਬੀਤਿਆ ਵਕਤ ਹਾਂ ,
ਤੇ ਨਾ ਹੀ ਪੱਤਣ ਤੋਂ ਲੰਘਿਆ ਨੀਰ
ਕਿ ਪਰਤ ਕੇ ਨਹੀਂ ਆ ਸਕਦਾ
ਮੈਂ ਆਵਾਂਗਾ ਖੁਸ਼ਗਵਾਰ ਮਾਹੌਲ ਤੇ ਬਹਾਰਾਂ ਸੰਗ ਲੈ ਕੇ ,
ਤੇ ਤੇਰੇ ਖੇੜੇ ਤੈਨੂੰ ਮੋੜਾਂਗਾ....