ਮੈਨੂੰ ਤਾਂ ਰੂਹ ਦੀ ਗਲ ਸੀ,ਉਸ ਨੂੰ ਬਦਨ ਸੀ ਸ਼ਾਇਦ
ਸੋਚਾਂ ਦਾ ਭੋਲਾ ਪੰਛੀ, ਹਿਜਰਾਂ ਜੋ ਫੰਧ ਲਿਆ ਸੀ
ਅੰਬਰ-ਉਡਾਰੀਆਂ ਦੇ, ਖੰਭ ਦੀ ਥਕਨ ਸੀ ਸ਼ਾਇਦ
ਵਕਤਾਂ ਦੇ ਮਲਬੇ ਵਿੱਚੋਂ,ਅਜ ਰੰਗ ਜੋ ਲਭ ਰਿਹਾ ਹੈ
ਖੰਡਰ ਦਾ ਅਕਸ ਹੋਇਆ,ਖਿੜਦਾ ਚਮਨ ਸੀ ਸ਼ਾਇਦ
ਅੱਖ ਦੇ ਦੁਮੇਲ ਉੱਤੇ ,ਸੂਰਜ ਗਰਹਿਣਿਆ ਜੋ
ਰਾਤਾਂ ਧੁਆਂਖੀ ਮੇਰੀ ਧੁਪ ਦਾ ਸਪਨ ਸੀ ਸ਼ਾਇਦ
ਚਾਵਾਂ ਦੇ ਟਾਹਣਿਆਂ ਤੇ, ਆਸਾਂ ਦੇ ਪੱਤੇ ਲੁੜਕੇ
ਰੁੱਖਾਂ ਦਾ ਬਾਂਝ ਹੋਣਾ, ਰੁਤ ਦਾ ਚਲਨ ਸੀ ਸ਼ਾਇਦ
ਪੀੜਾ-ਕਰਿੰਦੇ ਹੱਥੋਂ, ਦਿਲ ਦਾ ਗਬਨ ਸੀ ਹੋਇਆ
ਪ੍ਰੀਤਾਂ ਦੇ ਪੈਂਡਿਆਂ ਦਾ , ਕੋਈ ਚਰਨ ਸੀ ਸ਼ਾਇਦ
ਕੰਡਿਆਂ ਦੀ ਸਥ 'ਚ ਖਿੜਦੇ,ਫੁਲ-ਰੰਗ ਸ਼ੋਖੀਆਂ ਦੇ
ਥੋਹਰਾਂ ਦੀ ਛਾਂ ਦੇ ਹੇਠਾਂ, ਮਜਨੂੰ ਦਫਨ ਸੀ ਸ਼ਾਇਦ
ਫਿਰ ਧੁਪ ਗਰੀਬ ਘਰ ਦੀ,ਨ੍ਹੇਰੇ ਉਧਾਲ ਲਈ ਅਜ
ਦੰਮਾਂ ਦੇ ਰਾਮ-ਰਾਜੀਂ,ਸੀਤਾ-ਹਰਨ ਸੀ ਸ਼ਾਇਦ
ਉਹ ਵੈਣ ਭੁਖ ਮਰੀ ਦੇ,ਸੁਣਦਾ ਤਾਂ ਕਿਸ ਤਰਾਂ ਫਿਰ
ਅਪਣੀ ਖੁਦਾਈ ਵਿਚ ਹੀ,ਰਬ ਵੀ ਮਗਨ ਸੀ ਸ਼ਾਇਦ
ਸੜਕੇ ਸਵਾਹ ਸੀ ਹੋਏ, ਫਿਰ ਤਾਜ ਪਾਤਸ਼ਾਹੀ
ਅੱਖਾਂ ਦਾ ਰੋਹ ਜੋ ਹੋਈ,ਦਿਲ ਦੀ ਜਲਨ ਸੀ ਸ਼ਾਇਦ
ਦਿਨ ਆਹਰਾਂ ਦਾ ਭੰਨਿਆ,ਰਾਤਾਂ ਨੂੰ ਰੋਂਵਦਾ ਹੈ
ਚਕਵੇ ਦਾ ਵਾਂਗ ਸਾਡੇ,ਛੁਟਿਆ ਵਤਨ ਸੀ ਸ਼ਾਇਦ
ਨਜ਼ਰਾ ਬੁਝੇਦੀਆਂ ਨਾਲ,ਧੁਪ ਦੀ ਵਿਦਾ ਨਿਹਾਰੀ
ਚੰਨ ਦਾ ਬਰਾਤੇ ਚੜਨਾ, ਦਿਨ ਦਾ ਮਰਨ ਸੀ ਸ਼ਾਇਦ