-ਸਦਾ ਸਦਾ ਹਰਿ ਜਾਪੇ॥ ਪ੍ਰਭ ਬਾਲਕ ਰਾਖੇ ਆਪੇ॥ (ਪੰਨਾ 627)
-ਸੀਤਲਾ ਤੇ ਰਖਿਆ ਬਿਹਾਰੀ॥ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ॥
(ਪੰਨਾ 200)
ਸਾਹਿਬਜ਼ਾਦਾ ਜੀ ਚਾਰ ਸਾਲ ਦੇ ਹੋਏ ਤਾਂ ਪ੍ਰਿਥੀ ਚੰਦ ਨੇ ਮੁੜ ਰਸੋਈਏ ਰਾਹੀਂ ਦਹੀਂ ਵਿਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਸਾਹਿਬਜ਼ਾਦੇ ਨੇ ਤਾਂ ਦਹੀਂ ਨਾ ਖਾਧਾ ਪਰ ਰਸੋਈਆ ਪੇਟ ਵਿਚ ਸੂਲ ਉਂਠਣ ਤੇ ਮਰ ਗਿਆ:
ਲੇਪੁ ਨ ਲਾਗੋ ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥
(ਪੰਨਾ 1137)
(ਗੁਰੂ) ਹਰਿਗੋਬਿੰਦ ਜੀ ਛੇ ਸਾਲ ਦੇ ਹੋਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, "ਬਾਬਾ ਜੀ! ਤੁਸੀਂ ਫੱਟੀ ਤੇ ਪੈਂਤੀ ਆਪਣੇ ਹੱਥੀਂ ਲਿਖ ਕੇ ਸਾਹਿਬਜ਼ਾਦੇ ਨੂੰ ਦਿਉ।" ਬਾਬਾ ਜੀ ਨੇ ਪੰਜ ਗੁਰੂ ਸਾਹਿਬਾਨ ਦਾ ਧਿਆਨ ਧਰ ਕੇ ਅਰਦਾਸ ਕਰ ਕੇ ਫੱਟੀ ਤੇ ਪੈਂਤੀ ਲਿਖ ਕੇ ਦਿੱਤੀ। ਇਸ ਤਰ੍ਹਾਂ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸਾਹਿਬਜ਼ਾਦੇ ਨੂੰ ਸ਼ਾਸਤਰ ਅਤੇ ਸ਼ਸਤਰ ਵਿਦਿਆ, ਘੋੜ-ਸਵਾਰੀ, ਤੀਰ-ਅੰਦਾਜ਼ੀ, ਨਿਸ਼ਾਨਾਬਾਜ਼ੀ, ਰਾਜਨੀਤੀ, ਰਣਨੀਤੀ ਦੀ ਸਿਖਿਆ ਦਿਵਾਈ ਗਈ।
ਸਾਹਿਬ ਸ੍ਰੀ ਹਰਿਗੋਬਿੰਦ ਜੀ ਬਹੁਤ ਸੁੰਦਰ ਸਜੀਲੇ, ਖ਼ੂਬਸੂਰਤ, ਫੁਰਤੀਲੇ ਤੇ ਦਿਲਕਸ਼ ਸ਼ਖ਼ਸੀਅਤ ਦੇ ਮਾਲਕ ਸਨ। 11 ਕੁ ਸਾਲਾਂ ਦੇ ਸਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦ ਹੋ ਜਾਣ ਕਾਰਨ ਗੁਰਿਆਈ ਦਾ ਕਾਰਜ-ਭਾਰ ਆਪ ਜੀ ਦੇ ਮੋਢਿਆਂ ਤੇ ਪੈ ਗਿਆ।
ਗੁਰਿਆਈ ਦੀ ਰਸਮ ਵੇਲੇ ਆਪ ਜੀ ਨੇ ਬਾਬਾ ਬੁਢਾ ਜੀ ਨੂੰ ਕਿਹਾ, "ਬਾਬਾ ਜੀ, ਆਹ ਚੀਜ਼ਾਂ ਸੇਲ੍ਹੀ ਟੋਪੀ ਆਦਿ ਤੋਸ਼ੇਖਾਨੇ ਵਿਚ ਰਖਵਾ ਦਿਉ; ਤੁਸੀਂ ਮੈਨੂੰ ਤਲਵਾਰ ਪਹਿਨਾਉ।" ਬਾਬਾ ਜੀ ਜਾਣਦੇ ਸਨ ਕਿ "ਬਡ ਜੋਧਾ ਬਹੁ ਪਰਉਪਕਾਰੀ" ਸ਼ਸਤਰਾਂ ਨਾਲ ਹੀ ਸੋਂਹਦਾ ਹੈ। ਉਨ੍ਹਾਂ ਨੇ ਸਾਹਿਬਜ਼ਾਦੇ ਨੂੰ ਦੋ ਤਲਵਾਰਾਂ ਮੀਰੀ ਦੀ ਅਤੇ ਪੀਰੀ ਦੀਆਂ ਪਹਿਨਾਈਆਂ। ਸੁੰਦਰ ਤਿੱਲੇਦਾਰ ਜੜਤ ਵਾਲੀ, ਜਰੀ ਬਾਦਲੇ ਵਾਲੀ ਪੀਲੇ ਰੰਗ ਦੀ ਪੌਸ਼ਾਕ ਅਤੇ ਕੇਸਰੀ ਰੰਗ ਦੀ ਬਹੁਤ ਸੁੰਦਰ ਤਿੱਲੇਦਾਰ ਦਸਤਾਰ ਸਜਾਈ। ਕੇਸਰੀ ਬਾਣੇ ਵਿਚ ਸੁਸ਼ੋਭਿਤ ਸਾਹਿਬਜ਼ਾਦੇ ਨੂੰ ਕਲਗੀ ਬਾਬਾ ਜੀ ਨੇ ਸਜਾਈ।
ਹਰਿਮੰਦਰ ਸਾਹਿਬ ਦੇ ਐਨ ਸਾਹਮਣੇ 100 ਗਜ਼ ਦੀ ਦੂਰੀ ਤੇ ਉਂਚਾ ਥੜ੍ਹਾ ਬਣਾਇਆ ਗਿਆ ਜਿਸ ਵਿਚ ਕਿਸੇ ਰਾਜ ਮਿਸਤਰੀ ਦੇ ਹੱਥ ਨਹੀਂ ਲੱਗੇ ਸਗੋਂ ਉਸ ਦੀ ਉਸਾਰੀ ਗੁਰੂ ਸਾਹਿਬ ਨੇ ਖ਼ੁਦ ਅਤੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਆਦਿ ਗੁਰਸਿੱਖਾਂ ਨੇ ਆਪਣੇ ਹੱਥਾਂ ਨਾਲ ਕੀਤੀ:
ਕਿਸੀ ਰਾਜ ਨਹਿˆ ਹਾਥ ਲਗਾਯੋ। ਬੁੱਢਾ ਔ ਗੁਰਦਾਸ ਬਣਾਯੋ।
(ਗੁ: ਪਾ: 6)
ਦੀਪਮਾਲਾ ਦੇ ਮੇਲੇ ਵਾਲੇ ਦਿਨ ਗੁਰੂ ਸਾਹਿਬ ਪੂਰੀ ਸ਼ਾਨੋ-ਸ਼ੌਕਤ ਨਾਲ ਤਖ਼ਤ ਤੇ ਬਿਰਾਜਮਾਨ ਹੋਏ। ਸੰਗਤਾਂ ਨੇ ਬੇਅੰਤ ਧਨ-ਪਦਾਰਥ ਭੇਟ ਕੀਤਾ। ਗੋਇੰਦਵਾਲ ਤੋਂ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਖਡੂਰ ਸਾਹਿਬ ਤੋਂ ਭਾਈ ਦਾਤੂ ਜੀ ਅਤੇ ਕਰਤਾਰਪੁਰ ਤੋਂ ਭਾਈ ਧਰਮ ਚੰਦ ਜੀ ਵਿਸ਼ੇਸ਼ ਰੂਪ ਵਿਚ ਪੁੱਜੇ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਕਿਹਾ, "ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ, ਚੰਗਾ ਘੋੜਾ ਤੇ ਚੰਗੀ ਜਵਾਨੀ ਹੋਵੇਗੀ। ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤਾਂ ਕਰੋ, ਘੋੜੇ ਦੀ ਸਵਾਰੀ ਕਰੋ। ਮੈਂ ਤਲਵਾਰ ਇਸੇ ਲਈ ਧਾਰਨ ਕੀਤੀ ਹੈ ਕਿ ਜ਼ਾਲਮ ਜ਼ੁਲਮ ਦੀ ਤਲਵਾਰ ਬੰਦ ਕਰ ਦੇਵੇ। ਸ਼ਸਤਰ ਪਹਿਨਣ ਨਾਲ ਤੁਹਾਡਾ ਡਰ ਜਾਂਦਾ ਰਹੇਗਾ। ਤੁਸੀਂ ਸਿਰ ਉਂਚਾ ਕਰ ਕੇ ਤੁਰੋਗੇ। ਮੌਤ ਦਾ ਡਰ ਨਹੀਂ ਰਹੇਗਾ। ਆਪਣੇ ਖ਼ੂਨ ਨੂੰ ਠੰਡਾ ਨਾ ਹੋਣ ਦਿਉ ਸਗੋਂ ਇਸ ਨੂੰ ਸਦਾ ਖੌਲਦਾ ਰੱਖੋ।"
(ਗੁਰੁ ਭਾਰੀ ਕ੍ਰਿਤ ਪ੍ਰਿੰ. ਸਤਿਬੀਰ ਸਿੰਘ, ਪੰਨਾ 24-25)
ਫਿਰ ਆਪ ਜੀ ਨੇ ਭਾਈ ਗੁਰਦਾਸ ਜੀ ਤੋਂ ਹੁਕਮਨਾਮੇ ਲਿਖਵਾ ਕੇ ਦੂਰ-ਦੁਰਾਡੇ ਸੰਗਤਾਂ ਨੂੰ ਭੇਜੇ ਜਿਨ੍ਹਾਂ ਵਿਚ ਚੰਗਾ ਘੋੜਾ, ਚੰਗਾ ਸ਼ਸਤਰ ਭੇਟਾ ਕਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਹੁਕਮ ਦਿੱਤਾ। ਹੁਣ ਵਾਲੇ ਰਾਮਸਰ ਸਾਹਿਬ ਦੇ ਸਾਹਮਣੇ ਜਿਥੇ ਬਿਬੇਕਸਰ ਸਾਹਿਬ ਹੈ, ਖਾਲੀ ਥਾਂ ਤੇ ਜੰਗੀ ਮਸ਼ਕਾਂ ਹੋਣ ਲੱਗੀਆਂ। ਬੀਰ-ਰਸੀ ਵਾਰਾਂ ਗਾਉਣ ਦੀ ਪਰੰਪਰਾ ਚੱਲੀ ਜਿਸ ਦੇ ਸਭ ਤੋਂ ਪਹਿਲੇ ਢਾਡੀ ਪਿੰਡ ਸੁਰਸਿੰਘ ਦੇ ਨੱਥਾ ਤੇ ਅਬਦੁੱਲਾ ਸਨ ਜਿਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵਾਰ ਗਾਈ ਅਤੇ ਕਿਹਾ ਕਿ ਗੁਰੂ ਸਾਹਿਬ ਦੀ ਪੱਗ ਦੀ ਸ਼ਾਨ ਅੱਗੇ ਜਹਾਂਗੀਰ ਦੀ ਪੱਗ ਕੀ ਹੈ?
ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚੋਂ ਨੌਂ ਵਾਰਾਂ ਨੂੰ ਜੰਗੀ ਧੁਨਾਂ ਉਂਤੇ ਗਾਉਣ ਦੀ ਪਰੰਪਰਾ ਤੋਰੀ ਜੋ ਆਪ ਜੀ ਦੀ ਇਕ ਅਦੁੱਤੀ ਦੇਣ ਕਹੀ ਜਾ ਸਕਦੀ ਹੈ। ਸਿੱਖ ਸੂਰਬੀਰਾਂ ਦੀ ਗਿਣਤੀ ਵਧ ਜਾਣ ਕਾਰਨ ਪੰਜ ਜਥਿਆਂ ਵਿਚ ਵੰਡ ਕਰ ਦਿੱਤੀ ਗਈ। ਪੰਜ ਜਥੇਦਾਰ ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ ਜੀ ਤੇ ਭਾਈ ਪੈੜਾ ਜੀ ਹੋਏ। ਆਪ ਜੀ ਕੋਲ ਇਕ ਪੈਂਦੇ ਖਾਂ ਨਾਮ ਦਾ ਬਹਾਦਰ ਪਠਾਣ ਵੀ ਸੀ ਜਿਸ ਦੀ ਆਪ ਜੀ ਨੇ ਯਤੀਮ ਜਾਣ ਕੇ ਚੰਗੀ ਪਰਵਰਿਸ਼ ਕੀਤੀ। ਉਸ ਵਿਚ ਬਹੁਤ ਸਰੀਰਕ ਬਲ ਸੀ। ਉਹ ਬੌਲਦ, ਸੰਢੇ ਨਾਲ ਘੁਲਦਾ ਹੋਇਆ ਉਨ੍ਹਾਂ ਨੂੰ ਪਛਾੜ ਦਿੰਦਾ ਸੀ। ਉਸ ਦੇ ਕਰਤੱਬ ਵੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ।
1609 ਈ. ਵਿਚ ਲੋਹਗੜ੍ਹ ਕਿਲ੍ਹੇ ਦੀ ਉਸਾਰੀ ਕਰਵਾਈ, ਉਥੇ ਜੰਗੀ ਸਾਮਾਨ ਰੱਖਿਆ ਗਿਆ। ਧਰਮ ਦੀ ਰੱਖਿਆ ਲਈ ਫੌਜ ਤਿਆਰ ਹੋ ਗਈ। ਅੰਮ੍ਰਿਤਸਰ ਸਿੱਖਾਂ ਦਾ ਕੇਂਦਰ ਤਾਂ ਸੀ ਹੀ, ਹੁਣ ਪਨਾਹਗਾਹ ਵੀ ਬਣ ਗਿਆ। ਸਰਕਾਰ ਇਨ੍ਹਾਂ ਗੱਲਾਂ ਤੋਂ ਅਵੇਸਲੀ ਨਹੀਂ ਸੀ। ਇਕ-ਇਕ ਦਿਨ ਦੀ ਖ਼ਬਰ ਬਾਦਸ਼ਾਹ ਤਕ ਪੁੱਜ ਰਹੀ ਸੀ।
ਗੁਰੂ ਸਾਹਿਬ ਦਾ ਤਖ਼ਤ ਬਣਾਉਣਾ, ਇਨਸਾਫ਼ ਕਰਨੇ, ਫ਼ੌਜੀ ਜੰਗੀ ਸਾਮਾਨ ਇਕੱਠਾ ਕਰਨਾ ਆਦਿ ਤੋਂ ਹਕੂਮਤ ਨੂੰ ਡਰ ਭਾਸਣ ਲੱਗਾ। ਉਹ ਗੁਰੂ ਸਾਹਿਬ ਨੂੰ ਕਿਸੇ ਬਹਾਨੇ ਗ੍ਰਿਫ਼ਤਾਰ ਕਰਨ ਦੇ ਮੌਕੇ ਲੱਭਣ ਲੱਗੇ। ਸੋ ਤਖ਼ਤ ਬਣਾਉਣਾ ਹੀ ਬਹਾਨਾ ਕਾਫ਼ੀ ਹੋਣ ਕਾਰਨ ਗੁਰੂ ਸਾਹਿਬ ਨੂੰ ਦਿੱਲੀ ਗਿਆਂ ਹੋਇਆਂ ਨੂੰ ਵਿਸਾਹਘਾਤ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਆਪ ਜੀ ਨੂੰ ਪਹਿਲਾਂ ਆਗਰੇ ਅਤੇ ਫਿਰ ਗਵਾਲੀਅਰ ਦੇ ਕਿਲ੍ਹੇ ਵਿਚ ਪਹੁੰਚਾ ਦਿੱਤਾ ਗਿਆ, ਜਿਥੇ ਪਹਿਲਾਂ ਹੀ ਬਵੰਜਾ ਰਾਜਪੂਤ ਹਿੰਦੂ ਰਾਜੇ ਕੈਦ ਵਿਚ ਸਨ।
ਜਦੋਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗ੍ਰਿਫ਼ਤਾਰ ਹੋਣ ਦਾ ਪਤਾ ਲੱਗਾ ਤਾਂ ਘਬਰਾਹਟ ਤੇ ਰੋਸ ਹੋਣਾ ਕੁਦਰਤੀ ਸੀ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਸਥਿਤੀ ਨੂੰ ਸੰਭਾਲਦਿਆਂ ਚੌਂਕੀਆਂ ਕੱਢਣੀਆਂ ਸ਼ੁਰੂ ਕੀਤੀਆਂ। ਕੁਝ ਚੌਂਕੀਆਂ ਪੰਜਾਬ ਦੇ ਪਿੰਡਾਂ ਵਿਚ ਭੇਜੀਆਂ ਗਈਆਂ। ਇਕ ਸਿੱਖ ਦੇ ਹੱਥ ਵਿਚ ਬਲਦੀ ਮਸ਼ਾਲ ਹੁੰਦੀ ਤੇ ਦੂਸਰੇ ਦੇ ਹੱਥ ਨਿਸ਼ਾਨ ਸਾਹਿਬ। ਬਾਬਾ ਬੁੱਢਾ ਜੀ ਆਪ ਬਿਰਧ ਅਵਸਥਾ ਵਿਚ ਚੌਂਕੀ ਕੱਢਦੇ ਰਹੇ। ਇਹ ਪਿਰਤ ਬਾਬਾ ਜੀ ਨੇ ਹੀ ਸ਼ੁਰੂ ਕੀਤੀ ਜੋ ਹੁਣ ਤਕ ਚੱਲ ਰਹੀ ਹੈ। ਵਜ਼ੀਰ ਖਾਂ, ਸਾਈਂ ਮੀਆਂ ਮੀਰ, ਨਿਜ਼ਾਮੁਦੀਨ ਔਲੀਆ ਸੁਲਾਹਕੁਲ ਜਿਹੇ ਮੁਸਲਮਾਨ ਜੋ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਸਨ, ਨੇ ਗੁਰੂ ਸਾਹਿਬ ਨੂੰ ਰਿਹਾਅ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅੰਤ 1612 ਈ. ਨੂੰ ਗੁਰੂ ਸਾਹਿਬ ਬਾਕੀ ਬਵੰਜਾ ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾਉਣ ਉਪਰੰਤ ਅੰਮ੍ਰਿਤਸਰ ਪੁੱਜੇ। ਸਿੱਖ ਰਵਾਇਤ ਅਨੁਸਾਰ ਗੁਰੂ ਜੀ ਦੀਵਾਲੀ ਵਾਲੇ ਦਿਨ ਪੁੱਜੇ ਤੇ ਸਾਰੇ ਸ਼ਹਿਰ ਵਿਚ ਵਿਚ ਖੁਸ਼ੀ ਦੀ ਦੀਪਮਾਲਾ ਕੀਤੀ ਗਈ।
ਅੰਮ੍ਰਿਤਸਰ ਪੁੱਜਣ ਉਪਰੰਤ ਫਿਰ ਨਿੱਤ ਕਰਮ ਸ਼ੁਰੂ ਕਰ ਦਿੱਤੇ। ਅਕਾਲ ਬੁੰਗੇ ਦੇ ਲਾਗੇ ਖੂਹ ਤੇ ਬਾਗ਼ ਲਗਵਾਇਆ। ਅੰਮ੍ਰਿਤਸਰ ਸ਼ਹਿਰ ਦੇ ਦੁਆਲੇ ਪੱਕੀ ਫਸੀਲ ਉਸਾਰੀ ਗਈ।
ਲਾਹੌਰ ਦੇ ਕਾਜ਼ੀ ਰੁਸਤਮ ਖਾਂ ਦੀ ਧੀ ਕੌਲਾਂ ਜੋ ਸਾਈਂ ਮੀਆਂ ਮੀਰ ਜੀ ਦੀ ਮੁਰੀਦ ਬਣ ਗਈ ਸੀ ਅਤੇ ਰਾਤ-ਦਿਨ ਖ਼ੁਦਾ ਦੀ ਬੰਦਗੀ ਵਿਚ ਲੱਗੀ ਰਹਿੰਦੀ ਸੀ, ਨੂੰ ਕਾਫ਼ਰ ਹੋ ਗਈ ਸਮਝ ਕੇ ਪਿਤਾ ਨੇ ਸਖ਼ਤ ਨਾਰਾਜ਼ਗੀ ਦਰਸਾਈ ਅਤੇ ਕਤਲ ਕਰ ਦੇਣ ਦਾ ਡਰਾਵਾ ਵੀ ਦਿੱਤਾ। ਸਾਈਂ ਮੀਆਂ ਮੀਰ ਜੀ ਦੀ ਬੇਨਤੀ ਨੂੰ ਮੰਨ ਕੇ ਗੁਰੂ ਜੀ ਨੇ ਕੌਲਾਂ ਨੂੰ ਪਨਾਹ ਬਖਸ਼ੀ ਅਤੇ ਇਕ ਵੇਰ ਉਸ ਵੱਲੋਂ ਕਿਸੇ ਸਦੀਵੀ ਯਾਦਗਾਰ ਦੀ ਇੱਛਾ ਜ਼ਾਹਰ ਕੀਤੇ ਜਾਣ ਉਂਤੇ ਗੁਰੂ ਜੀ ਨੇ ਸੰਮਤ 1681 ਵਿਚ ਇਕ ਤਾਲ ਬਣਾਉਣਾ ਆਰੰਭਿਆ ਜੋ ਸੰਮਤ 1684 ਵਿਚ ਮੁਕੰਮਲ ਹੋਇਆ। ਇਸ ਸਰੋਵਰ ਨੂੰ ਗੁਰੂ ਸਾਹਿਬ ਨੇ ਕੌਲਸਰ ਦਾ ਨਾਮ ਦਿੱਤਾ, ਜੋ ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ ਦੇ ਪਾਸ ਹੀ ਵਾਕਿਆ ਹੈ।
ਇੰਜ ਹੀ ਗੁਰੂ ਸਾਹਿਬ ਨੇ ਰਾਮਸਰ ਸਾਹਿਬ ਦੇ ਨਜ਼ਦੀਕ ਬਿਬੇਕਸਰ ਸਾਹਿਬ ਦੀ ਉਸਾਰੀ ਸੰਮਤ 1685 ਵਿਚ ਕਰਵਾਈ।
ਇਸ ਤਰ੍ਹਾਂ ਅੰਮ੍ਰਿਤਸਰ ਪੰਜਾਂ ਸਰੋਵਰਾਂ ਦਾ ਪਵਿੱਤਰ ਸ਼ਹਿਰ ਬਣ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ-ਕਾਲ ਵਿਚ ਚਾਰ ਯੁੱਧ ਲੜੇ; ਪਹਿਲਾ ਅੰਮ੍ਰਿਤਸਰ 1628 ਈ. ਵਿਚ, ਦੂਜਾ 1630 ਈ. ਵਿਚ ਸ੍ਰੀ ਹਰਿਗੋਬਿੰਦਪੁਰ, ਤੀਜਾ 1632 ਈ. ਵਿਚ ਗੁਰੂਸਰ ਮਹਿਰਾਜ ਦੇ ਸਥਾਨ ਤੇ ਅਤੇ ਚੌਥਾ ਕਰਤਾਰਪੁਰ ਨਗਰ ਵਿਚ 1634 ਨੂੰ। ਚਾਰੇ ਯੁੱਧਾਂ ਵਿਚ ਗੁਰੂ ਜੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜੀਵਨ-ਕਾਲ ਦੇ ਅੰਤਲੇ ਵਰ੍ਹਿਆਂ ਵਿਚ ਕੀਰਤਪੁਰ ਨਗਰ ਵਸਾਇਆ। ਆਪ ਜੀਵਨ ਦੇ ਅੰਤਲੇ ਸੁਆਸਾਂ ਤਕ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਭੁੱਲਿਆਂ-ਭਟਕਿਆਂ ਨੂੰ ਸਤਿਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਰਾਹ ਤੇ ਪਾਉਂਦੇ ਰਹੇ। ਆਪ ਜੀ ਖ਼ੁਦ ਨਾਮ-ਬਾਣੀ ਦੇ ਰਸੀਏ, ਸ਼ੁੱਧ ਬਾਣੀ ਪੜ੍ਹਨ-ਸੁਣਨ ਦੇ ਤੀਬਰ ਇੱਛਾਵਾਨ ਤੇ ਮਹਾਨ ਚਿੰਤਕ ਸਨ। ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਆਪ ਨੇ ਗੁਰੂਤਾ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਨੂੰ ਹਰ ਪ੍ਰਕਾਰ ਯੋਗ ਜਾਣ ਕੇ ਹਵਾਲੇ ਕਰ ਦਿੱਤੀ ਅਤੇ 3 ਮਾਰਚ 1644 ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ। ਆਪ ਜੀ ਦਾ ਸਸਕਾਰ ਸਮੂਹ ਸਿੱਖ ਸੰਗਤਾਂ ਨੇ ਸੇਜਲ ਨੇਤਰਾਂ ਨਾਲ ਸਤਲੁਜ ਦੇ ਕੰਢੇ ਕੀਤਾ, ਜਿਥੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਸੁਸ਼ੋਭਿਤ ਹੈ।