ਮੱਕੀ ਦੇ ਟਾਂਡ੍ਹਿਆਂ ਦਾ
ਉਹ ਉੱਚਾ ਗਰਾ
ਉੱਪਰ ਪੈਂਦੀ ਧੁੱਪ
ਉਦੈ ਹੁੰਦੇ ਸੂਰਜ ਦੀ
ਮਨ ਅੱਜ ਸੁਣਦਾ ਹੈ
ਮਾਂ ਦੀ ਮਿੱਠੀ ਧਵਨੀ
“ਪੁੱਤ, ਆ ਕੇਸ ਧੋਵਾਂ
ਪਾਣੀ ਗਰਮ ਹੋ ਗਿਆ।”
ਸ਼ੁਰੂ ਹੁੰਦੀ ਐ ਫੇਰ
ਵਾਲ਼ ਖੁਲ੍ਹਾਈ, ਪੁਟਾਈ
ਜਾਮਣ ਰਗੜਾਈ, ਘਸਾਈ
ਕੇਸ ਧੁਆਈ, ਨੁਹਾਈ
ਕੱਖਾਂ ਦੀ ਆੜ `ਚ,
ਬਾਪੂ, ਧੁੱਪੇ ਵਛਾ
ਬਲ਼੍ਹਦ ਦਾ ਝੁੱਲ, ਆਖੇ
“ਬਹਿ ਟਾਟਕੇ ਵਿੱਚ,
ਵਾਲ਼ ਸੁਕਾ ਨਾਲ਼ੇ ਪੜ੍ਹ।”
ਖੇਡਣਾ ਮਨ੍ਹਾ, ਪੜ੍ਹਨਾ ਜ਼ਰੂਰੀ
ਪੜ੍ਹਨਾ ਵੀ ਇੱਕ ਮਜਬੂਰੀ
ਕਿਤਾਬ ਹੱਥ, ਅੱਖਾਂ `ਚ ਊਂਘ
ਧੁੱਪ, ਨਿੱਘ, ਚੜ੍ਹੀ ਘੂਕੀ
ਮਾਂ ਗਰਮ ਦੁੱਧ ਲਿਆਈ
ਬਾਪੂ ਗੜਗੜ ਬੋਲਿਆ
“ਹਰਾਮੀ ਸੌਂ ਗਿਆ,
ਫੇਹਲ ਹੋਊ!”
ਮਾਂ ਨੇ ਪੁਸਤਕ ਸਾਂਭੀ,
ਮੁਸਕੁਰਾਈ, ਬੋਲੀ
“ਸੌਂ ਲੈਣ ਦੇ
ਸਾਝਰੇ ਦਾ ਜਾਗਿਆ ਐ
ਚੰਨ ਮੇਰਾ, ਥੱਕ ਗਿਆ।”
ਐਵੇਂ ਤਾਂ ਨਹੀਂ ਕਹਿੰਦੇ
ਮਾਂ ਘਣੀ ਛਾਂ!
__________________