6/18/2010

ਪੰਜਾਬ ਦੇ ਲੋਕ-ਨਾਚ

ਸੰਸਾਰ ਦਾ ਕੋਈ ਵੀ ਦੇਸ ਜਾਂ ਖਿੱਤਾ ਅਜਿਹਾ ਨਹੀ ਹੈ, ਜਿੱਥੋਂ ਦੇ ਲੋਕਾਂ ਦਾ ਆਪਣਾ ਵਿਲੱਖਣ ਲੋਕ-ਨਾਚ ਨਾਂ ਹੋਵੇ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਇਸ ਪ੍ਰਸੰਗ ਵਿੱਚ 'ਲੋਕ' ਸ਼ਬਦ ਵਿਆਪਕ ਅਰਥਾਂ ਦਾ ਬੋਧ ਕਰਾਉਦਾ ਹੈ, ਜਿਸ ਤੋਂ ਭਾਵ ਮਨੁੱਖੀ ਸਮੲਜ ਦੇ ਸਿੱਖਿਅਤ, ਅਣਸਿੱਖਿਅਤ, ਸ਼ਹਿਰੀ ਤੇ ਪੇਂਡੂ ਲੋਕ ਆ ਜਾਂਦੇ ਹਨ ਜੋ ਸਰਲ ਸੁਭਾਅ, ਵਿਖਾਵੇ ਰਹਿਤ, ਕੱਟੜ ਨਿਯਮਾਵਾਲੀ ਤੋਂ ਪ੍ਰਹੇਜ ਕਰਨ ਵਾਲੇ ਅਤੇ ਸਰਲ ਕਲਾ-ਕੋਸ਼ਲਤਾ ਵਾਲੇ ਹੁੰਦੇ ਹਨ। ਇਹਨਾਂ ਲੋਂਕਾ ਦੀ ਇਸ ਲੋਕ-ਕਲਾ ਦਾ ਸਰੂਪ ਵੀ ਵਾਸਤਵਿਕ ਰੂਪ ਵਿੱਚ ਸਰਲ, ਸਹਿਜ ਅਤੇ ਨਿਸ਼ਠਾਪੂਰਨ ਹੁੰਦਾ ਹੈ। ਇਸ ਵਿੱਚ ਕਿਸੇ ਅਡੰਬਰ ਰਚਣ ਦੀ ਕੋਈ ਗੁਨਜਾਇਸ਼ ਨਹੀਂ ਹੁੰਦੀ ਅਤੇ ਨਾਂ ਹੀ ਇਸ ਵਿੱਚ ਕਰੜੇ ਕਲਾ-ਨਿਯਮਾਂ ਦੇ ਪਾਲਣ ਦੀ ਪਾਬੰਦੀ ਹੁੰਦੀ ਹੈ। ਇਸ ਪ੍ਰਕਾਰ ਦੀ ਕਲਾ ਵਿੱਚ ਨਵੀਆਂ ਕਲਾਵਾਂ ਦਾ ਨਿਰਮਾਣ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ।

    ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂ੍ਹ ਦੀ ਸਮਾਜਿਕ, ਸੱਭਿਆਚਾਰਿਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁੰਦਰਾਵਾਂ ਦੇ ਮਾਧਿਅਮ ਰਾਂਹੀ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਂਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ ਜੋ ਪੁਸ਼ਤ-ਦਰ-ਪੁਸ਼ਤ ਹੋਰ ਲੋਕ-ਕਲਾਵਾਂ ਵਾਂਗ ਪ੍ਰਵਾਹਮਾਨ ਹੁੰਦਾ ਰਹਿੰਦਾ ਹੈ। ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਇਸ ਵਿੱਚ ਕੋਈ ਪਾਬੰਧੀ ਨਹੀਂ ਹੁੰਦੀ ਅਤੇ ਇਸ ਨਾਲ ਸੰਬੰਧਿਤ ਸਾਜ਼-ਸੰਗੀਤ ਤੇ ਵੇਸ਼-ਭੂਸ਼ਾ ਆਦਿ ਵੀ ਜਨ-ਸਧਾਰਨ ਦੀ ਪਹੁੰਚ ਅਤੇ ਪੱਧਰ ਅਨੁਸਾਰ ਹੀ ਹੁੰਦੀ ਹੈ।

    ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਪੰਜਾਬ ਵਿੱਚ ਪੰਜ ਹਜਾਰ ਪੂਰਵ ਈਸਵੀ ਤੋਂ ਲੋਕ-ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ। ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਜਿਸ ਵਿੱਚ ਕਈ ਭੂਗੋਲਿਕ, ਸਮਾਜਿਕ, ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆ ਚੁੱਕੇ ਹਨ। ਅਨੇਕਾਂ ਜਨ ਜਾਤੀਆਂ ਜਿਨ੍ਹਾ ਵਿਚ ਦਰਵਾੜਾਂ ਤੋਂ ਲੈ ਕੇ ਅੰਗਰੇਜਾਂ ਤੱਕ ਸ਼ਾਮਿਲ ਹਨ, ਨੇ ਇਸ ਖਿੱਤੇ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਅਨੇਕਾਂ ਪ੍ਰਕਾਰ ਦੀ ਉੱਥਲ-ਪੁੱਥਲ ਦੇ ਬਾਵਜੂਦ, ਇਸ ਧਰਤੀ ਤੇ ਨੱਚੇ ਜਾਂਦੇ ਲੋਕ-ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਨ ਕਾਇਮ ਰੱਖੀ ਹੈ। ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤ ਰੂਪਾਂ ਦੀ ਸੁਰ-ਤਾਲ ਵਿੱਚ ਢੋਲ ਜਾਂ ਹੋਰ ਲੋਕ-ਪ੍ਰਿਯ ਲੋਕ-ਸਾਜ ਦੀ ਤਾਲ ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ।

    ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
(ੳ) ਇਸਤਰੀਆਂ ਦੇ ਲੋਕ-ਨਾਚ
(ਅ) ਮਰਦਾਵੇਂ ਲੋਕ-ਨਾਚ
ਪੰਜਾਬ ਵਿੱਚ ਇਸਤਰੀਆਂ ਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਣ ਲੋਕ-ਨਾਚ ਨੱਚਣ ਦੀ ਪ੍ਰੰਪਰਾ, ਪਰਾਚੀਨ ਕਾਲ ਤੋਂ ਹੀ ਨਹੀ ਹੈ।

(ੳ) ਇਸਤਰੀਆਂ ਦੇ ਲੋਕ-ਨਾਚ
ਸਮਾਜਿਕ ਤੌਰ ਤੇ ਮਿਲੇ ਸਥਾਨ, ਪ੍ਰਚਲਿਤ ਪ੍ਰੰਪਰਾਇਕ ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਇਸਤਰੀਆਂ ਦੇ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਪੰਜਾਬਣਾਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ, ਭਰਵੇਂ ਸਰੀਰ, ਉੱਚੇ-ਲੰਬੇ ਕੱਦ-ਕਾਠ ਵਾਲੀਆਂ ਹਨ, ਤਾਂ ਵੀ ਇਹਨਾਂ ਦੇ ਨਾਚ ਕੋਮਲਤਾ, ਸਹੁਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਭੂਰ ਹਨ। ਗਹਿਣਿਆਂ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਦੀ ਚਾਹਤ ਇਨ੍ਹਾਂ ਦੇ ਲਹੂ ਮਾਸ ਵਿੱਚ ਰਚੀ ਪਈ ਹੈ। ਕੋਈ ਵੀ ਮਾਂਗਲਿਕ ਕਾਰਜ ਇਸਤਰੀਆਂ ਦੇ ਲੋਕ-ਨਾਂਚਾਂ ਦੀ ਪੇਸ਼ਕਾਰੀ ਤੋਂ ਸੱਖਣਾ ਨਹੀਂ ਰਹਿੰਦਾ। ਇਹ ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ , ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਆਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ ਮੁਦਰਾਂਵਾ ਸਹਿਜ਼-ਭਾਵ ਸੱਭਿਆਚਾਕ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਮੂਲ ਰੂਪ ਵਿੱਚ ਇਸਤਰੀ ਲੋਕ-ਨਾਚਾਂ ਦਾ ਸੰਬੰਧ ਉਪਜਾਇਕਤਾ ਨਾਲ ਜਾ ਜੁੜਦਾ ਹੈ। ਪੰਜਾਬ ਦੀਆਂ ਇਸਰੀਆਂ ਦੇ ਪ੍ਰਸਿੱਧ ਲੋਕ-ਨਾਚ ਇਹ ਹਨ:
ਗਿੱਧਾ
ਗਿੱਧਾ ਸਮੁੱਚੇ ਪੰਜਾਬ ਦੀਆਂ ਇਸਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਇੱਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ। ਉਹ ਸਹਿਜ ਭਾਵ ਨਾਲ, ਸੰਬੋਧਨੀ ਰੂਪ ਵਿੱਚ ਆਖਦੀ ਹੈ:
ਲਾਂਭ-ਚਾਂਭ ਨਾ ਜਾਈਂ, ਗਿੱਧਿਆ ਪਿੰਡ ਵੜ ਵੇ।
ਅਸਲ ਵਿੱਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੀਆਂ ਹੋਰ ਮੁਟਿਆਰ (ਇਸਤਰੀਆਂ) ਤਾਲੀ ਮਾਰਦੀਆਂ ਹਨ। ਤਾਲੀ ਦਾ ਵਹਾਉ ਲੋਕ-ਗੀਤਾਂ ਦੇ ਮੁੱਖ ਰੂਪਾਂ--ਬੋਲੀਆਂ, (ਛੋਟੀਆਂ ਅਤੇ ਵੱਡੀਆਂ) ਅਤੇ ਟੱਪਿਆ ਦੇ ਨਾਲ-ਨਾਲ ਚੱਲਦਾ ਹੈ। ਇਹਨਾਂ ਟੱਪਿਆਂ ਅਤੇ ਬੋਲੀਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿੱਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ 'ਬੱਲੇ-ਬੱਲੇ ਬਈ,ਸ਼ਾਵਾ-ਸ਼ਾਵਾ ' ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਜੋੜ ਲਿਆ ਜਾਂਦਾ ਹੈ।

    ਪੰਜਾਬਣਾ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿੱਚੋ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਰੁੱਤਾਂ, ਮੇਲਿਆਂ, ਥਿੱਤਾਂ, ਤਿਉਹਾਰ, ਤੋਂ ਛੁੱਟ ਤ੍ਰਿੰਵਣਾਂ ਵਿੱਚ ਪੂਣੀਆਂ ਕੱਤ ਹਟਣ ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ਤੇ, ਬੱਚੇ ਦੇ ਜਨਮ ਸਮੇਂ, ਮੰਗਣੀ ਜਾਂ ਵਿਆਹ ਸਮੇਂ, ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਅਜਿਹਾ ਸ਼ੌਂਕ ਪੂਰਾ ਕਰ ਲੈਂਦੀਆਂ ਹਨ। ਇਹਨਾ ਨੂੰ ਇਸ ਨਾਚ-ਵਾਸਤੇ ਕਿਸੇ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ। ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲਾਂ ਕਮਰਾਂ, ਖੇਤ ਜਾਂ ਮੈਦਾਨ ਆਦਿ ਸੱਭ ਪ੍ਰਕਾਰ ਦੀਆਂ ਥਾਂਵਾਂ ਗਿੱਧੇ ਲਈ ਢੁੱਕਵੀਆਂ ਹੀ ਹੁੰਦੀਆਂ ਹਨ। ਧਰਮਾਂ, ਫਿਰਕਾ, ਜਾਤ-ਪਾਤ, ਇਹਨਾਂ ਲਈ ਕੋਈ ਵਲਗਣ ਨਹੀਂ ਹੁੰਦੀ। ਗਿੱਧੇ ਦੇ ਪਿੜ ਵਿੱਚ ਚਾਹੇ, ਉਹ ਕਿਸੇ ਵੀ ਅਵਸਰ ਜਾਂ ਮੌਕੇ ਦਾ ਕਿਉਂ ਨਾਂ ਹੋਵੇ, ਇੱਕ ਕੁੜੀ ਬੋਲੀ ਪਾਉਂਦੀ ਹੈ, ਦੂਜੀਆਂ ਉਸਦੇ ਸਾਥ ਵਿੱਚ ਨਾਲ ਹੀ ਅਵਾਜ਼ ਚੁੱਕਦੀਆਂ ਹਨ ਅਤੇ ਇਸ ਦੇ ਨਾਲ ਹੀ ਦੋ ਮੁਟਿਆਰਾਂ ਇੱਕ ਜੁਟ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦਾ, ਘੇਰੇ ਦੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦਾ ਹੈ। ਇਹ ਪ੍ਰਵਾਹ ਘੰਟਿਆਂ ਵੱਧੀ ਚਲਦਾ ਰਹਿੰਦਾਂ ਹੈ। ਗਿੱਧੇ ਦੀ ਗਤੀ ਧੀਮੀਂ ਪੈਣ ਤੇ ਇਸ ਗਤੀ ਨੂੰ ਹੋਰ ਤੀਬਰ ਕਰਨ ਲਈ ਵੀ ਬੋਲੀਆਂ ਦਾ ਉਚਾਰ ਕਰ ਲਿਆ ਜਾਂਦਾ ਹੈ ਜਿਵੇਂ:
ਹਾਰੀ ਨਾਂ ਮਲਵੈਣੇ, ਗਿੱਧਾ ਹਾਰ ਗਿਆ
    ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ ਤੇ ਇਹ ਮੁਦਰਾਂਵਾਂ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਣੀ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ (ਸਾਂਗ) ਲਾ ਕੇ, ਆਹਮਣੇ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ਼ ਕੇ, ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ, ਆਦਿ ਜੁਗਤਾਂ ਰਾਂਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ-ਸੰਦਰਭ ਵਿੱਚੋਂ ਨਵੀਂ ਨਿਭਾਓ-ਪ੍ਰਸਿਥਤੀ ਉਜਾਗਰ ਹੁੰਦੀ ਹੈ। ਇਸ ਨਵੀਂ ਪਰਿਸਥਿਤੀ ਨੂੰ ਪੇਸ਼ ਕਰਨ ਵਾਸਤੇ ਨਵੀਂ ਅਤੇ ਮੌਕੇ ਅਨੁਸਾਰ ਮੁਦਰਾ ਸਿਰਜ਼ ਲਈ ਜਾਂਦੀ ਹੈ।

    ਗਿੱਧਾ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ, ਸਾਜ਼ ਦੀ ਮੁਥਾਜ਼ ਵੀ ਨਹੀਂ। ਢੋਲਕੀ ਦੀ ਵਰਤੋਂ ਭਾਵੇਂ ਆਮ ਕਰ ਲਈ ਜਾਂਦੀ ਹੈ ਪ੍ਰੰਤੂ ਪਰੰਪਰਾਇਕ ਨਾਚ ਵਿੱਚ ਢੋਲਕੀ ਦੀ ਵਰਤੋਂ ਵੀ ਨਹੀ ਸੀ ਹੁੰਦੀ। ਮੂੰਹ ਦੁਆਰਾ 'ਫੂ-ਫੂ' ਕਰਕੇ 'ਬੱਲੇ-ਬੱਲੇ' ਕਰਕੇ ਅੱਡੀਆਂ ਭੋਏਂ ਤੇ ਮਾਰ ਕੇ ਜਾਂ ਕਿਲਕਾਰੀ ਮਾਰ ਕੇ ਜੋਰਦਾਰ ਤਾੜੀਆਂ ਦੀ ਅਵਾਜ਼ ਦੀ ਸੰਗਤ ਵਿੱਚ ਹੀ ਹੁਣ ਦੇ ਸਾਜ਼ਾਂ ਜਿਹੀਆਂ ਧੁਨਾਂ ਉਭਾਰ ਲਈਆਂ ਜਾਦੀਂਆਂ ਰਹੀਆਂ ਹਨ। ਹੇਠਾਂ ਵੱਖ-ਵੱਖ ਮੌਕਿਆਂ ਨਾਲ ਸੰਬੰਧਿਤ ਕੁਝ ਕੁ ਬੋਲੀਆਂ ਪੇਸ਼ ਹਨ:
-ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ,
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟ੍ਹਾਂ ਚੜ੍ ਆਈਆਂ
-ਵੇ ਗੁਰਦਿੱਤੇ ਦੇ ਭਾਈਆ......ਹਾਂ ਜੀ/ਵੇ ਦੋ ਖੱਟੇ ਲਿਆ ਦੇ......ਹਾਂ ਜੀ
ਵੇ ਮੇਰੇ ਪੀੜ ਕਲੇਜ਼ੇ......ਹਾਂ ਜੀ/ਵੇ ਮੈਂ ਮਰਦੀ ਜਾਂਵਾਂ......ਹਾਂ ਜੀ।
-ਵੇ ਤੇਰੀ ਸੜ ਜਾਵੇ 'ਹਾਂ ਜੀ'......ਹਾਂ ਜੀ......।
    ਇਸ ਤਰ੍ਹਾਂ ਨਾਂ ਮੁਟਿਅਰਾਂ ਕੋਲੋਂ ਨਾਂ ਬੋਲੀਆਂ ਮੁੱਕਦੀਆਂ ਹਨ, ਨਾਂ ਥਕਾਣ ਹੁੰਦੀ ਹੈ, ਨਿਰੰਤਰ ਅਜਿਹਾ ਪ੍ਰਵਾਹ, ਨਿਰੱਛਲਤਾ ਸਹਿਤ ਚਲਦਾ ਰਹਿੰਦਾ ਹੈ। ਇਸੇ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ-ਨਾਚ ਮੰਨਿਆਂ ਗਿਆ ਹੈ।
ਸੰਮੀ
ਇਸਤਰੀਆਂ ਦੇ ਪ੍ਰਸਿੱਧ ਲੋਕ-ਨਾਚਾਂ ਵਿੱਚੋਂ ਸੰਮੀ ਇੱਕ ਹੈ। ਇਹ ਲੋਕ-ਨਾਚ ਸਾਂਝੇ ਪੰਜਾਬ ਦੇ ਪੱਛਮੀ ਭਾਗ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀਆਂ ਬਾਰਾਂ ਦੇ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਬਾਰਾਂ ਦੇ ਲੋਕਾਂ ਦਾ ਵੀ ਆਪਣਾ ਵਿਲੱਖਣ ਸਮਾਜਿਕ ਸੱਭਿਆਚਾਰਿਕ ਇਤਿਹਾਸ ਹੈ। ਜੰਗਲਾਂ, ਬੇਲਿਆਂ, ਰੋਹੀਆਂ ਵਿੱਚ ਪ੍ਰਵਾਨ ਚੜ੍ਹੀਆਂ ਪ੍ਰੀਤ-ਕਥਾਂਵਾਂ ਦੇ ਨਾਇਕ-ਨਾਇਕਾਵਾਂ ਇਹਨਾਂ ਲੋਕਾਂ ਨੇ ਹੀ ਅਮਰ ਕੀਤੇ ਹਨ। ਸੰਮੀ ਲੋਕ-ਨਾਚ ਦੇ ਜਨਮ ਅਤੇ ਪ੍ਰਫੁਲਿਤ ਹੋਣ ਸਬੰਧੀ ਵੀ ਕਈ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਮ 'ਸੰਮੀ' ਪ੍ਰਚਲਿਤ ਹੋ ਗਿਆ। ਇਹ ਧਾਰਨਾ ਪੂਜ਼ਾ ਅਰਚਨਾ ਤੇ ਅਧਾਰਿਤ ਹੈ। ਦੂਜੀ ਧਾਰਨਾ ਉਸ ਦੰਤ-ਕਥਾ ਤੇ ਅਧਾਰਿਤ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇੰਦਰ ਦੇ ਅਖਾੜੇ ਦੀ ਸੁੰਦਰੀ (ਅਪੱਛਰਾ) ਦਾ ਇੱਕ ਪਿੰਡ ਦੇ ਸਰੋਵਰ ਵਿੱਚ ਨ੍ਹਾਉਣ ਅਤੇ ਉਸਦੇ ਸੁਹੱਪਣ ਤੋਂ ਪ੍ਰੇਰਿਤ ਹੋ ਕੇ , ਉਸ ਜਿਹਾ ਬਣਨ ਦੀ ਲਾਲਸਾ ਹਿੱਤ, ਉਸ ਪਿੰਡ ਦੀ ਸੰਮੀ ਨਾਮਕ ਕੁੜੀ ਦਾ ਵੀ ਅਜਿਹਾ ਕਰਨ ਤੇ ਇਸ ਤਰ੍ਹਾਂ ਸੰਮੀ ਦੇ ਬਾਰ ਬਾਰ ਨਾਚ ਨੱਚਣ ਦੇ ਸਦਕਾ ਇਸ ਨਾਚ ਦਾ ਨਾਮ ਸੰਮੀ ਨਾਚ ਪੈ ਜਾਣਾ ਹੈ। ਤੀਜੀ ਧਾਰਨਾ ਗੜ-ਮੰਡਿਆਲੇ ਦੇ ਜਗੀਰਦਾਰ ਦੀ ਸੁੰਦਰ ਪੁੱਤਰੀ ਸੰਮੀ ਅਤੇ ਉਸਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ਪ੍ਰੀਤ ਕਥਾ ਤੇ ਅਧਾਰਿਤ ਹੈ, ਜਿਸ ਵਿੱਚ ਢੋਲੇ ਦੇ ਵਿਯੋਗ ਵਿੱਚ ਸੰਮੀ ਨੱਚ ਨੱਚ ਫਾਵੀ ਹੋ ਜਾਂਦੀ ਹੈ। ਇਸ ਤਰਾਂ ਹੋਰ ਵੀ ਕਈ ਕਥਾਂ ਬਿਰਤਾਂਤ ਮਿਲਦੇ ਹਨ ਜਿਨ੍ਹਾਂ ਦਾ ਸਾਰ ਭਾਵ ਪ੍ਰੀਤ-ਮਿਲਣੀ, ਸੰਜੋਗ-ਵਿਯੋਗ ਹੈ। ਇਸ ਸਬੰਧੀ ਇਸ ਖੇਤਰ ਵਿੱਚ ਬਹੁਤ ਸਾਰੇ ਲੋਕ-ਗੀਤ ਵੀ ਪ੍ਰਚਲਿਤ ਰਹੇ ਹਨ।

    ਸੰਮੀ ਲੋਕ-ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪ੍ਰੰਤੂ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਗਿੱਧੇ ਦੀਆਂ ਮੁਦਰਾਵਾਂ ਬੱਝਵੀਆਂ ਹੁੰਦੀਆਂ ਹਨ ਜਦਕਿ ਸੰਮੀ ਨਾਚ ਵਿੱਚ ਮੁਦਰਾਵਾਂ ਸਥਾਨਕ-ਭੇਦ ਸਦਕਾ ਬੱਝਵੀਆਂ ਨਹੀਂ ਰਹਿੰਦੀਆਂ।

    ਸੰਮੀ ਲੋਕ-ਨਾਚ ਨੱਚਦੀਆਂ ਨਾਚ -ਸਮੂਹ (ਘੇਰੇ) ਵਿੱਚੋਂ ਕੁਝ ਕੁ ਇਸਤਰੀਆਂ ਖਲੋ ਕੇ, ਉੱਪਰ ਵੱਲ ਹੱਥ ਅਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਇਹ ਬੋਲ ਸੁਰੀਲੀ ਅਵਾਜ਼ ਵਿੱਚ ਅਲਾਪਦੀਆਂ ਹਨ:
ਖਲੀ ਦੇਨੀ ਆਂ ਸੁਨੇਹੜਾ/ਖਲੀ ਦੇਨੀ ਆਂ ਸੁਨੇਹੜਾ
ਇਸ ਬਟੇਰੇ ਨੂੰ/ਅੱਲ੍ਹਾ ਖੈਰ, ਸੁਣਾਵੇ ਸੱਜਣ ਮੇਰੇ ਨੂੰ
    ਇਸ ਤਰ੍ਹਾਂ ਤਿੱਤਰਾਂ, ਕਾਵਾਂ, ਰਾਂਹੀ ਸੁਨੇਹੜੇ ਭੇਜਣ ਦੀਆਂ ਮੁਦਰਾਵਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇਹਨਾਂ ਨਚਾਰ ਇਸਤਰੀਆਂ ਨੂੰ ਨੱਚਦੇ ਸਮੇਂ ਕਿਸੇ ਢੋਲਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ , ਜੋ ਬਾਹਾਂ ਨੂੰ ਉੱਪਰ ਕਰਕੇ ਜਾਂ ਹੇਠਾਂ ਕਰਕੇ,ਦੋਹਾਂ ਤਰ੍ਹਾਂ ਨਾਲ ਮਾਰੀਆਂ ਜਾਂਦੀਆਂ ਹਨ, ਤੋਂ ਛੁੱਟ ਚੁਟਕੀਆਂ ਅਤੇ ਪੈਰਾਂ ਦੀ ਥਾਪ ਆਦਿ ਤਾਲ ਨਾਲ ਸਿਰਜ ਲੈਂਦੀਆ ਹਨ, ਅਤੇ ਗੀਤ ਦੇ ਉਚਾਰ ਨਾਲ ਇਕਸੁਰ ਹੋ ਕੇ ਸਮਤਾ ਵਿੱਚ ਇਹ ਨੱਚ ਲੈਂਦੀਆਂ ਹਨ। ਗਿੱਧੇ ਵਾਂਗ ਇਹ ਨਾਚ ਵੀ ਵੇਖਾ-ਵੇਖੀ ਸਹਿਜ ਸੁਭਾਵਿਕ ਨੱਚਣਾ ਆ ਜਾਂਦਾ ਹੈ ਕਿਸੇ ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਪੈਂਦੀ। ਇਸ ਨਾਚ ਦੀ ਇੱਕ ਉੱਘੜਵੀਂ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਬਾਹਾਂ ਦੇ ਹਿਲੋਰਿਆਂ ਉੱਤੇ ਅਧਾਰਿਤ ਹੈ। ਜਿੰਨੀ ਵਾਰ ਬਾਹਾਂ ਹਿਲੋਰੋਆਂ ਵਿੱਚ ਲਿਆਂਦੀਆਂ ਜਾਦੀਆਂ ਹਨ, ਸੰਮੀ ਨਾਚ ਦੀਆਂ ਉੱਤਨੀਆਂ ਮੁਦਰਾਂਵਾਂ ਦਾ ਨਿਰਮਾਣ ਹੋ ਜਾਂਦਾ ਹੈ। ਮੁਦਰਾਵਾਂ ਦੇ ਸਥਾਨਿਕ ਭੇਦਾਂ ਤੋਂ ਇਲਾਵਾ ਇਸ ਨਾਚ ਦੀਆਂ ਸਭ ਥਾਈਂ ਸਾਂਝੀਆਂ ਵਿਸ਼ੇਸ਼ਤਾਵਾਂ ਵੀ ਹਨ। ਘੇਰੇ ਵਿੱਚ ਖਲੋਤੀਆਂ ਮੁਟਿਆਰਾਂ ਪਹਿਲਾਂ ਆਪਣੇ ਦੋਹਾਂ ਹੱਥਾਂ ਨੂੰ ਪਾਸਿਆਂ ਤੋਂ ਘੁੰਮਾਉਂਦੀਆਂ ਹਨ ਤੇ ਛਾਤੀ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ। ਫਿਰ ਸੱਜੀ ਬਾਂਹ ਲਹਿਰ ਵਾਂਗ ਉੱਪਰ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਬੜੀ ਮਨਮੋਹਕ ਅਦਾ ਨਾਲ ਚੁਟਕੀਆਂ ਮਾਰਦੀਆਂ ਹਨ। ਫਿਰ ਇਸ ਦੇ ਉਲਟ ਖੱਬੀ ਬਾਂਹ ਉੱਪਰ ਵੱਲ ਲਹਿਰਾ ਕੇ ਅਤੇ ਸੱਜੀ ਬਾਂਹ ਹੇਠਾਂ ਵੱਲ ਲਟਕਾ ਕੇ ਚੁਟਕੀਆਂ ਮਾਰਦੀਆਂ ਹਨ। ਹਰ ਹੁਲਾਰੇ ਨਾਲ ਉਹ ਆਪੋ-ਆਪਣੇ ਲੱਕ (ਕਮਰ) ਨੂੰ ਦਿਲ ਟੁੰਬਵੀਂ ਲਚਕ ਦੇ ਲੈਂਦੀਆਂ ਹਨ। ਇਸ ਉੱਪਰੰਤ ਉਹ ਅੱਗੇ ਵੱਲ ਨੂੰ ਝੁਕ ਕੇ ਤਾੜੀ ਮਾਰਦੀਆਂ ਹਨ ਅਤੇ ਨਾਲੋ ਨਾਲ ਗੋਲ ਦੁਆਰੇ ਵਿੱਚ ਘੁੰਮਦੀਆਂ ਹੋਈਆਂ ਅਗਾਂਹ ਵੱਧਦੀਆਂ ਜਾਂਦੀਆਂ ਹਨ। ਨਮਸਕਾਰ ਅਥਵਾ 'ਸਲਾਮੀ' ਮੁਦਰਾ ਤਾਂ ਕਮਾਲ ਦੀ ਹੁੰਦੀ ਹੈ।
ਸੰਮੀ ਲੋਕ-ਨਾਚ ਦੇ ਇੱਕ ਪ੍ਰਚਲਿਤ ਗੀਤ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ ;-

ਸੰਮੀ ਮੇਰੀ ਵਣ......ਕੂ ਤਾਂ ਮੇਰੇ ਵੀਰ ਦੀ, ਵਣ ਸੰਮੀਆਂ
ਸੰਮੀ ਮੇਰੀ ਵਣ......ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ
ਸੰਮੀ ਮੇਰੀ ਵਣ......ਕੋਠੇ ਤੇ ਤੰਦੂਰ, ਵਣ ਸੰਮੀਆਂ
ਸੰਮੀ ਮੇਰੀ ਵਣ......ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ
ਖਾਵਣ ਵਾਲੇ ਦੂਰ .....ਵਣ ਸੰਮੀਆਂ
ਸੰਮੀ ਮੇਰੀ ਵਣ......ਖਾਵਣ ਵਾਲੇ ਆ ਗਏ, ਵਣ ਸੰਮੀਆਂ।

ਕਿੱਕਲੀ
    ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਪ੍ਰਕਿਰਤੀ ਪੱਖੋਂ ਦੂਜੇ ਲੋਕ-ਨਾਚਾਂ ਵਿੱਚ ਇਸਦੀ ਵੱਖਰੀ ਪਛਾਣ ਹੈ। ਭਾਵੇਂ ਇਸ ਲੋਕ-ਨਾਚ ਨੂੰ ਇਸਤਰੀਆਂ ਗਿੱਧੇ ਜਾਂ ਆਪਣੇ ਹੋਰ ਲੋਕ-ਨਾਚਾਂ ਦੇ ਆਰੰਭਿਕ ਜਾਂ ਅੰਤਮ ਚਰਨ ਦੇ ਪੜਾਵਾਂ ਤੇ ਵੀ ਪੇਸ਼ ਕਰ ਲੈਂਦੀਆਂ ਹਨ ਪਰੰਤੂ ਇਹ ਬਾਲੜੀਆਂ ਦਾ ਹੀ ਸੁਤੰਤਰ ਲੋਕ-ਨਾਚ ਹੈ ਅਤੇ ਇਸ ਨੂੰ ਖੇਡ ਵੀ ਨਹੀਂ ਮੰਨਣਾ ਚਾਹੀਦਾ। 'ਕਿੱਕਲੀ' ਜਾਂ 'ਕਿਰਕਲੀ' ਤੋਂ ਭਾਵ ਖੁਸ਼ੀ ਅਤੇ ਚਾਅ ਭਰਪੂਰ ਅਵਾਜ਼ ਹੈ। ਅਸਲ ਵਿੱਚ ਇਹ ਲੋਕ-ਨਾਚ ਗਿੱਧੇ ਦੀ ਨਰਸਰੀ ਹੈ। ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਲਈ, ਕਿਸੇ ਖੁਸ਼ੀ ਦੇ ਮੋਕੇ, ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ, ਖੇਤ, ਚੁਰੱਸਤੇ, ਜਾਂ ਕੋਠੇ ਦੀ ਛੱਤ ਆਦਿ ਥਾਂਵਾਂ ਤੇ, ਇਸ ਲੋਕ-ਨਾਚ ਨੂੰ ਨਿੱਕੇ ਨਿੱਕੇ ਲੋਕ-ਗੀਤਾਂ ਦੇ ਨਾਲ ਨਾਲ ਨੱਚ ਲੈਂਦੀਆਂ ਹਨ। ਪ੍ਰਚਲਿਤ ਲੋਕ-ਗੀਤ ਦੇ ਬੋਲ ਹਨ:
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
    ਇਸ ਪ੍ਰਕਾਰ ਇਹ ਕੁੜੀਆਂ ਕਿਸੇ ਥਾਂ ਇੱਕਤਰ ਹੋ ਕੇ, ਦੋ-ਦੋ ਜੋਟੇ ਬਣਾ ਲੈਂਦੀਆਂ ਹਨ। ਜਿਹੜਾ ਜੋਟਾ ਸਮੂਹ ਦੇ ਇਕੱਠ ਦੇ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਨ ਵਾਲਾ ਹੁੰਦਾ ਹੈ, ਉਸ ਵਿੱਚੋਂ ਇਕ ਕੁੜੀ, ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਸਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸੇ ਤਰਾਂ ਦੂਜੀ ਕੁੜੀ ਕਰਦੀ ਹੈ। ਇਸ ਮੁਦਰਾ ਵਿੱਚ ਦੋਹਾਂ ਕੁੜੀਆਂ ਦੀਆਂ ਦੋਹੇਂ ਬਾਹਾਂ ਦੀ ਸੰਗਲੀ ਜਿਹੀ ਅੱਠ (8) ਦੇ ਹਿੰਦਸੇ ਵਰਗੀ ਬਣ ਜਾਂਦੀ ਹੈ। ਬਾਂਹਾਂ ਨੂੰ ਇਸ ਸਥਿਤੀ ਵਿੱਚ ਕਰਨ ਉੱਪਰੰਤ ਇਹ ਕੁੜੀਆਂ ਆਪਣੇ ਪੈਰਾਂ ਦਾ ਭਾਰ ਹੱਥਾਂ ਤੇ ਪਾ ਲੈਂਦੀਆਂ ਹਨ, ਅਤੇ ਬਾਕੀ ਸਰੀਰ ਦਾ ਭਾਰ ਪਿੱਛਾਂਹ ਵੱਲ ਨੂੰ ਉਲਾਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਦੀ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਹਾਂ ਦੀ ਬਣਾਈ ਹੋਈ ਸੰਗਲੀ ਜਿਹੀ ਤੇ ਰੱਖਿਆ ਜਾਂਦਾ ਹੈ ਤੇ ਕਿੱਕਲੀ ਸੰਬੰਧੀ ਪਰੰਪਰਾਇਕ ਲੋਕ-ਗੀਤਾਂ ਦੇ ਬੋਲਾ ਦਾ ਉਚਾਰ ਕੀਤਾ ਜਾਂਦਾ ਹੈ। ਅਜਿਹੇ ਕੁੱਝ ਲੋਕ-ਗੀਤਾਂ ਵਿੱਚ ਏਧਰ-ਉੱਧਰ ਗੀਤ ਦੀ ਟੋਨ ਮੁਤਾਬਿਕ ਇੱਕ-ਇੱਕ ਹੱਥ ਛੱਡ ਕੇ ਮੁਦਰਾ ਸਿਰਜਣ ਹਿੱਤ ਵੀ ਉਛਾਲਿਆ ਜਾਂਦਾ ਹੈ। ਕੁੜੀਆਂ ਦੇ ਇਹ ਲੋਕ-ਗੀਤ ਮਾਂ, ਭਰਾ, ਪਿਤਾ ਦੇ ਅਮੁੱਕ ਪਿਆਰ ਦਾ ਸੰਕੇਤ ਹੁੰਦੇ ਹਨ ਅਤੇ ਨਾਲ-ਨਾਲ ਸਮਾਜਿਕ, ਸੱਭਿਆਚਾਰਿਕ ਅਤੇ ਰਾਜਨੀਤਿਕ ਪ੍ਰਬੰਧ ਆਦਿ ਦੇ ਚਿਤਰਪੱਟ ਦਾ ਨਿਰੂਪਣ ਕਰਨ ਵਾਲੇ ਹੁੰਦੇ ਹਨ। ਅਜਿਹੀਆਂ ਕੁੱਝ ਉਦਹਾਰਨਾਂ ਹਨ:
ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ,
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ?
ਨੀ ਮੈਂ ਏਸ ਕਿੱਲੀ ਟੰਗਾਂ ? ਨੀ ਮੈਂ ਓਸ ਕਿੱਲੀ ਟੰਗਾ ?
    ਇਸ ਤਰ੍ਹਾਂ ਤੇਜ-ਤਰਾਰ ਘੁੰਮਦੀਆਂ ਕੁੜੀਆਂ ਦੀਆਂ ਪਹਿਨੀਆਂ ਹੋਈਆਂ ਕੱਚ ਦੀਆਂ ਵੰਗਾਂ-ਛਣਕਾਰ ਪੈਦਾ ਕਰਦੀਆਂ ਹਨ ਅਤੇ ਸਿਰਾਂ ਤੇ ਲਈਆਂ ਚੁੰਨੀਆਂ ਗਲਾਂ ਵਿੱਚ ਪੈ ਕੇ, ਤੇ ਵਾਲਾਂ ਦੀਆਂ ਗੁੰਦੀਆਂ ਗੁੱਤਾਂ ਲਮਕਦੀਆਂ ਹੋਈਆਂ ਉਹਨਾ ਦੇ ਮੋਢਿਆਂ ਤੋਂ ਹੇਠਾਂ ਨੂੰ ਗੋਲ ਅਕਾਰ ਵਿੱਚ ਉੱਡਦੀਆਂ ਹੋਈਆਂ ਰੌਚਕ ਦਿ੍ਸ਼ ਸਾਕਾਰ ਕਰਦੀਆਂ ਹਨ। ਇਸ ਤਰ੍ਹਾਂ ਇਹ ਤੀਬਰ ਗਤੀ ਦਾ ਜੁਟ-ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ ਦੀ ਲੋੜ ਨਹੀਂ ਪੈਂਦੀ। ਪਹਿਰਾਵੇ ਆਦਿ ਦੀ ਵੀ ਪੂਰਨ ਖੁੱਲ੍ਹ ਹੁੰਦੀ ਹੈ।
ਕੁੱਝ ਹੋਰ ਲੋਕ-ਨਾਚ
    ਗਿੱਧਾ, ਸੰਮੀ ਅਤੇ ਕਿੱਕਲੀ ਜਿਹੇ ਪ੍ਰਸਿੱਧ ਲੋਕ-ਨਾਚਾਂ ਤੋਂ ਇਲਾਵਾ ਪੰਜਾਬ ਵਿੱਚ ਇਸਤਰੀਆਂ ਦੇ ਹੋਰ ਲੋਕ-ਨਾਚ ਪ੍ਰਚਲਿਤ ਰਹੇ ਹਨ। ਕੁੱਝ ਭੁਗੋਲਿਕ,ਧਾਰਮਿਕ, ਸਮਾਜਿਕ,ਅਤੇ ਰਾਜਨੀਤਕ ਵੰਡਾਂ ਜਾਂ ਵਲਗਣਾਂ ਦੇ ਕਾਰਨ ਕਰਕੇ ਇਸ ਪ੍ਰਕਾਰ ਦੇ ਲੋਕ-ਨਾਚਾਂ ਨੂੰ ਪੰਜਾਬ ਦੇ ਖਾਸ-ਖਾਸ ਅਤ ਇਕਹਿਰੇ ਖਿੱਤਿਆਂ ਵਿੱਚ ਹੀ ਨੱਚਿਆ ਜਾਣ ਲੱਗ ਪਿਆ, ਜਿਸ ਸਦਕਾ ਇਹਨਾਂ ਨੂੰ ਸਮੂਹ ਲੋਕ ਪ੍ਰਵਾਨਗੀ ਨਾਂ ਮਿਲ ਸਕੀ ਅਤੇ ਸਮੇਂ ਦੀ ਪੈੜਾਂ ਤੋਂ ਇਹਨਾਂ ਦਾ ਖੁਰਾ ਹੌਲੀ-ਹੌਲੀ ਮਿਟ ਚੁੱਕਾ ਹੈ ਜਾਂ ਮਿਟ ਰਿਹਾ ਹੈ।

    ਅਜਿਹੇ ਲੋਕ-ਨਾਚਾਂ ਵਿੱਚੋਂ 'ਹੁੱਲੇ-ਹੁਲਾਰੇ' ਇਕ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਮਾਂਗਲਿਕ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ-ਉਮੰਗਾਂ ਨਾਲ ਨੱਚਦੀਆਂ ਸਨ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਮ ਹਲੀਸਨ ਸੀ ਅਤੇ ਇਸ ਲੋਕ-ਨਾਚ ਦੀ ਪ੍ਰੰਪਰਾ ਦੇਵ ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜੀ ਹੋਈ ਦੱਸੀ ਜਾਂਦੀ ਹੈ। ਇਸ ਲੋਕ-ਨਾਚ ਦੇ ਨਾਲ ਗਾਇਆ ਜਾਣ ਵਾਲਾ ਇੱਕ ਪ੍ਰਚਲਿੱਤ ਗੀਤ ਹੈ:
ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ ......ਹੁੱਲੇ।
ਸੱਸ ਤੇ ਸਹੁਰਾ ਚੱਲੇ......ਹੁੱਲੇ।
ਦਿਓਰ ਤੇ ਦਰਾਣੀ ਚੱਲੇ ......ਹੁੱਲੇ।
ਵਹੁਟੀ ਤੇ ਗੱਭਰੂ ਚੱਲੇ ......ਹੁੱਲੇ।
ਸ਼ੌਂਕਣ ਨਾਲ ਲੈ ਚੱਲੇ ......ਹੁੱਲੇ।
ਮੈਨੂੰ ਕੱਲੀ ਛੱਡ ਚੱਲੇ ......ਹੁੱਲੇ।
    ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਜੋ ਇਸਤਰੀ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰ ਰਹੀ ਹੁੰਦੀ ਸੀ, ਉਹ ਹਰੇਕ ਤੁਕ ਦਾ ਪਹਿਲਾ ਭਾਗ ਉਚਾਰਦੀ ਅਤੇ ਬਾਕੀ ਸਮੂਹ ਸਾਥਣਾਂ 'ਹੁੱਲੇ' , 'ਹੁੱਲੇ' ਸ਼ਬਦ ਦਾ ਉਚਾਰ ਭਰਵੀਂ ਅਤੇ ਉੱਚੀ ਅਵਾਜ ਵਿੱਚ ਕਰਦੀਆਂ ਹੁੰਦੀਆ ਸਨ। ਇਸ ਲੋਕ-ਨਾਚ ਦੀਆਂ ਵਿਸ਼ੇਸ਼ ਮੁਦਰਾਵਾਂ-ਹੱਥਾਂ ਦੇ ਹੁਲਾਰੇ ਅਤੇ ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਦੀਆਂ ਹੁੰਦੀਆਂ ਸਨ। ਹੁਣ ਦੇ ਸਮੇਂ ਵਿੱਚ ਇਹ ਲੋਕ-ਨਾਚ ਮਹਿਜੇ ਗਿੱਧੇ ਨਾਚ ਵਿੱਚ ਉਪਰੋਕਤ ਗੀਤ ਦੇ ਨਾਲ-ਨਾਲ ਇੱਕ ਮੁਦਰਾ ਵੱਲੋਂ ਰਹਿ ਗਿਆ ਹੈ।

    ਪੱਛਮੀ ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕ-ਨਾਚਾਂ ਵਿੱਚ 'ਲੁੱਡੀ' ਨੂੰ ਵੀ ਵਿਸ਼ੇਸ਼ ਥਾਂ ਹਾਸਲ ਸੀ। ਭਾਵੇਂ ਇਹ ਨਾਚ ਮਰਦਾਂ ਦੁਆਰਾ ਵੀ ਨੱਚਿਆ ਜਾਂਦਾ ਰਿਹਾ ਹੈ। ਪ੍ਰੰਤੂ ਇਸਤਰੀਆਂ ਦਾ ਸੰਚਾਰ ਅਤੇ ਪ੍ਰਗਟਾਉ-ਸੰਦਰਭ ਵੱਖਰੀ ਕਿਸਮ ਦਾ ਮਨਮੋਹਕ ਹੁੰਦਾ ਸੀ। ਇਸ ਤਰ੍ਹਾਂ 'ਧਮਾਲ' ਬੋਲੀ ਜਾਂ ਟੱਪੇ ਦੇ ਵਹਾਉ ਪ੍ਰਸੰਗ ਵਿੱਚ ਸੁੰਤਤਰ ਕਿਸਮ ਦਾ ਲੋਕ-ਨਾਚ ਹੁੰਦਾ ਸੀ, ਜੋ ਲੁੱਡੀ ਵਾਂਗ ਲੁਪਤ ਹੋ ਰਿਹਾ ਹੈ ਅਤੇ 'ਹੁੱਲੇ-ਹੁਲਾਰੇ' ਵਾਂਗ ਗਿੱਧੇ ਵਿੱਚ ਇਕ ਮੁਦਰਾ ਤੱਕ ਹੀ ਸਿਮਟ ਕਿ ਰਹਿ ਗਿਆ ਹੈ। ਇਹਨਾਂ ਤੋਂ ਇਲਾਵਾ ਟਿੱਪਰੀ ਜਾਂ ਡੰਡਾਸ, ਫੜੂਹਾ, ਘਮੂਰ ਅਤੇ ਸਪੇਰਾ ਜਾਂ ਨਾਗ ਲੋਕ-ਨਾਚਾਂ ਦੀ ਅਸਲ ਪ੍ਰਾਕਿਰਤੀ ਨੂੰ ਸਮੇਂ ਦੇ ਮਾਰੂ ਝੱਖੜਾਂ ਨੇ ਖਿੰਡਾ ਦਿੱਤਾ ਹੈ। ਫਲਸਰੂਪ ਇਹਨਾਂ ਦਾ ਵੱਖਰਾ ਸਰੂਪ ਨਿਰਧਾਰਿਤ ਕਰਨਾ ਕਠਿਨ ਹੋ ਗਿਆ ਹੈ।

(ਅ) ਮਰਦਾਵੇਂ ਲੋਕ-ਨਾਚ
    ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਦੀ ਆਪਣੀ ਵੱਖਰੀ ਪਛਾਣ ਹੈ। ਪੰਜਾਬੀਆਂ ਦੀ ਸਰੀਰਕ ਸੁਡੋਲਤਾ, ਜ਼ਿੰਦਾ-ਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਦੇ ਫਲਸਰੂਪ ਪੰਜਾਬ ਵਿੱਚ ਕਰੜੀ ਸਰੀਰਕ ਵਰਜ਼ਿਸ, ਮਸਤ-ਮਾਨਸਿਕਤਾ ਅਤੇ ਧਰਮ-ਨਿਰਪੇਖ ਪ੍ਰਵਿਰਤੀ ਦੇ ਲੋਕ-ਨਾਚ ਪ੍ਰਚਲਿਤ ਰਹੇ ਹਨ। ਇਹਨਾਂ ਦੀ ਪ੍ਰੰਪਰਾ ਪ੍ਰਾਚੀਨ ਹੈ। ਇਹਨਾਂ ਵਿੱਚੋਂ ਸਮੁੱਚੇ ਪੰਜਾਬੀ ਦੀ ਜੀਵਨ-ਝਲਕ ਦੇ ਅਨੇਕਾਂ ਪਹਿਲੂ ਪ੍ਰਗਟ ਹੁੰਦੇ ਹਨ। ਪੂਰਵ ਇਤਹਾਸਿਕ ਅਤੇ ਇਤਹਾਸਿਕ ਸਮਿਆਂ ਦੋਰਾਨ ਪੰਜਾਬ ਵਿੱਚ ਕਈ ਪ੍ਰਕਾਰ ਦੀ ਉਥਲ-ਪੁਥਲ ਹੋਈ, ਪ੍ਰੰਤੂ ਪੰਜਾਬੀਆਂ ਦੀ ਜਿੰਦ-ਜਾਨ ਇਹ ਲੋਕ-ਨਾਚ(ਕਈ ਪੂਰੇ ਦੇ ਪੂਰੇ ਅਤੇ ਕਈ ਅਰਧ-ਅਵਸਥਾ ਵਿੱਚ) ਬਚਦੇ-ਬਚਾਂਦੇ ਅੱਜ ਸਾਡੇ ਸਭਿਆਚਾਰ ਦੇ ਜੀਵਨ ਦਾ ਮਹੱਤਵਪੂਨ ਅੰਗ ਬਣ ਚੁੱਕੇ ਹਨ। ਹੇਠਾਂ ਕੁਝ ਕੁ ਪ੍ਰਸਿੱਧ ਮਰਦਾਵੇਂ ਲੋਕ-ਨਾਚਾਂ ਦਾ ਵਿਵਰਣ ਦਿੱਤਾ ਜਾਂਦਾ ਹੈ।
ਭੰਗੜਾ
    ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਸ ਵਿੱਚ ਤਕੜੇ ਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਅਲਬੇਲੇਪਨ ਵਿੱਚ, ਜ਼ੋਸ਼, ਵੀਰਤਾ ਅਤੇ ਹੌਂਸਲੇ ਭਰਪੂਰ ਨਾਚ ਮੁਦਰਾਵਾਂ ਰਹੀਂ ਕੀਤਾ ਜਾਂਦਾ ਹੈ। ਇਸ ਵਿੱਚ ਆਦਮ-ਨਾਚ ਵਾਲੀ ਰੰਗਤ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ। ਸੱਭਿਆਚਾਰ ਦੇ ਇਤਿਹਾਸਿਕ ਕਾਲ-ਕ੍ਰਮ ਵਿੱਚ ਇਸਨੇ ਆਪਣਾ ਰੂਪ ਨਿਖਾਰਿਆ ਅਤੇ ਖੇਤੀ-ਯੁਗ ਤੱਕ ਇਹ ਲੋਕ-ਨਾਚ ਪੂਰਨ-ਭਾਂਤ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਭੰਗੜਾ ਕਬਾਇਲੀ ਨਾਚ ਨਾ ਰਹਿ ਕੇ ਕਿਰਸਾਣੀ-ਨਾਚ ਵਧੇਰੇ ਹੈ। ਇਸ ਧਾਰਨਾ ਸਦਕਾ ਇਸ ਲੋਕ-ਨਾਚ ਦਾ ਨਾਮ 'ਫ਼ਸਲ-ਨਾਚ' ਜਾਂ 'ਵਿਸਾਖੀ-ਨਾਚ' ਵੀ ਪੈ ਗਿਆ।

    ਜਿੱਥੋਂ ਤੱਕ ਇਹ ਲੋਕ-ਨਾਚ ਦੇ ਖੇਤਰ ਦਾ ਸਬੰਧ ਹੈ, ਇਹ ਨਾਚ ਪੱਛਮੀ ਪੰਜਾਬ ਦੇ ਗੁੱਜਰਾਂਵਾਲਾ, ਸਰਗੋਧਾ, ਗੁਜਰਾਤ ਅਤੇ ਵਿਸ਼ੇਸ਼ ਕਰਕੇ ਸਿਆਲਕੋਟ-ਜਿਲ੍ਹੇ ਦੇ ਸਾਰੇ ਭਾਗਾਂ (ਪਸਰੂਰ, ਡਸਕਾ, ਨਾਰੋਵਾਲ ਆਦਿ) ਵਿੱਚ ਅਤੇ ਪੂਰਵੀ ਪੰਜਾਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਸਾਰੇ ਭਾਗਾਂ ਵਿੱਚ ਪ੍ਰਚਲਿਤ ਰਿਹਾ ਸੀ। ਦੇਸ ਦੀ ਵੰਡ ਉਪਰੰਤ ਅਜੋਕੇ (ਇਧਰਲੇ) ਪੰਜਾਬ ਦੇ ਕੋਨੇ ਕੋਨੇ ਤੱਕ ਇਹ ਲੋਕ-ਨਾਚ ਲੋਕ-ਪ੍ਰਿਯਤਾ ਪ੍ਰਾਪਤ ਕਰ ਚੁੱਕਾ ਹੈ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਵੀ ਹਾਸਲ ਕਰ ਚੁੱਕਾ ਹੈ।

    ਲੋਕ-ਨਾਚ ਭੰਗੜਾ, ਲੋਕ-ਦਿਲਾਂ ਦੀ ਧੜਕਣ ਦੇ ਪ੍ਰਮਾਣਿਕ ਲੋਕ-ਸਾਜ਼ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ। ਢੋਲ ਪੰਜਾਬੀਆਂ ਦੇ ਅੰਦਰੂਨੀ ਅਤੇ ਬਾਹਰੀ ਮਨੋ-ਵੇਗਾਂ ਦੀ ਤ੍ਰਿਪਤੀ ਦਾ ਵੀ ਮੂਲ ਸਰੋਤ ਹੈ। ਇਹ ਤਾਲ ਇਸ ਪ੍ਰਕਾਰ ਹੈ:
12-3456-78
ਧਿਨਧਨਾਧਿਨਧਿਨਤਨਾਕਤ
    ਭੰਗੜੇ ਦੇ ਆਰੰਭ ਸਮੇਂ ਇਹ ਤਾਲ ਧੀਮੀ ਧੀਮੀ ਵੱਜਦੀ ਹੈ। ਨਚਾਰ ਭੰਗੜੇ ਦੇ ਤਾਲ ਦੇ ਅਨੁਕੂਲ ਪੈਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਲੂਣਦੇ ਹੋਏ, ਇੱਕ ਰੂਪ, ਕਈ ਪ੍ਰਕਾਰ ਦੀਆਂ ਮੁਦਰਾਵਾਂ ਦਾ ਪ੍ਰਗਟਾ ਕਰਦੇ ਹਨ। ਭੰਗੜੇ ਦੀ ਟੌਲੀ ਵਿੱਚੋਂ ਹੀ ਨਚਾਰ ਜਾਂ ਢੋਲਚੀ ਜਾਂ ਲਾਕੜੀ ਬੋਲੀ ਦਾ ਉਚਾਰ ਕਰਦਾ ਹੈ, ਬਾਕੀ ਸਮੂਹ ਲੋੜ ਅਨੁਸਾਰ ਉਸ ਦਾ ਸਾਥ ਦਿੰਦੇ ਹਨ। ਅਰੰਭਿਕ ਸਮੇਂ ਦੀ ਇੱਕ ਬੋਲੀ ਦੀ ਉਦਾਹਰਨ ਪੇਸ਼ ਹੈ:
ਦੇਸ ਪੰਜਾਬ ਦੇ ਮੁੰਡੇ ਸੁਣੀਂਦੇ, ਹਿੱਕਾਂ ਰੱਖਦੇ ਤਣੀਆਂ।
ਕੱਠੇ ਹੋ ਕੇ ਪਾਉਣ ਬੋਲੀਆਂ, ਮੁੱਛਾਂ ਰੱਖਦੇ ਖੜੀਆਂ।
ਰਲ ਮਿਲ ਕੇ ਇਹ ਪਾਉਂਦੇ ਭੰਗੜੇ, ਸਹਿੰਦੇ ਨਾ ਕਿਸੇ ਦੀਆਂ ਤੜੀਆਂ।
ਐਰ ਗੈਰ ਨਾਲ ਗੱਲ ਨਹੀਂ ਕਰਦੇ, ਵਿਆਹ ਕੇ ਲਿਉਂਦੇ ਪਰੀਆਂ।
ਵੇਲਾਂ ਧਰਮ ਦੀਆਂ ਜੁੱਗੋ ਜੁੱਗ ਰਹਿਣ ਹਰੀਆਂ! ਵੇਲਾਂ......।
ਬੋਲੀ ਦੀ ਅੰਤਮ ਤੁਕ ਦੇ ਉਚਾਰ ਨਾਲ ਨਾਚ ਤੇਜ ਗਤੀ ਨਾਲ ਹੋ ਜਾਂਦਾ ਹੈ। ਭੰਗੜੇ ਦੀ ਇਸ ਗਤੀ ਨੂੰ ਤੇਜ ਕਰਨ ਹਿੱਤ ਢੋਲੀ ਢੋਲ ਨੂੰ ਤੇਜ ਗਤੀ ਨਾਲ ਵਜਾਂਉਦਾ ਹੈ ਅਤੇ ਵੱਖ-ਵੱਖ ਮੁਦਰਾਵਾਂ ਅਤੇ ਬੋਲੀਆਂ ਦਾ ਪ੍ਰਗਟਾਉ-ਸੰਦਰਭ ਉਸਦੇ ਇਸ ਵੱਖ-ਵੱਖ ਅੰਦਾਜ਼ ਨਾਲ ਬਦਲਦਾ ਰਹਿੰਦਾ ਹੈ। ਭੰਗੜੇ ਦੀਆਂ ਬੋਲੀਆਂ, ਟੱਪੇ ਆਦਿ ਬਣਤਰ ਪੱਖੋਂ ਵੱਖ-ਵੱਖ ਕਿਸਮਾਂ ਦੇ ਹੁੰਦੇ ਹਨ ਤੇ ਇਹਨਾ ਦੇ ਅਨੁਕੂਲ ਹੀ ਤਾਲ ਤੇ ਮੁਦਰਾਵਾਂ ਬਦਲਦੀਆਂ ਰਹਿੰਦੀਆਂ ਹਨ।

    ਭੰਗੜਾ ਹਰ ਖੁਸ਼ੀ ਦੇ ਮੋਕੇ ਤੇ ਕਿਸੇ ਸਥਾਨ ਤੇ ਪਾਇਆ ਜਾ ਸਕਦਾ ਹੈ। ਗੁਰੂ-ਪੀਰਾਂ-ਫਕੀਰਾਂ ਦੇ ਸਥਾਨਾਂ ,ਮੇਲਿਆਂ, ਤਿੱਥਾਂ, ਤਿਉਹਾਰਾਂ, ਜਨਮ, ਮੰਗਣਾ, ਵਿਆਹ, ਆਦਿ ਕੋਈ ਵੀ ਮਾਂਗਲਿਕ-ਸਮਾਂ ਇਸ ਤੋਂ ਵਿਰਵਾ ਨਹੀ ਰਹਿੰਦਾ। ਭੰਗੜੇ ਵਿੱਚ ਢੋਲ ਤੋਂ ਇਲਾਵਾ, ਚਿਮਟਾ, ਡਾਂਗ, ਕਾਟੋ, ਸੱਪ ਆਦਿ ਦੀ ਵੀ ਵਰਤੋਂ ਕੀਤੀ ਜਾਂਦੀ ਰਹੀ ਹੈ। ਸਿਆਲਕੋਟੀ ਭੰਗੜੇ ਦੀ ਝਲਕ ਹੱਥਾਂ ਵਿੱਚ ਡਾਂਗਾ ਅਤੇ ਸ਼ੀਸ਼ਿਆਂ ਕਰਕੇ ਪ੍ਰਸਿੱਧ ਰਹੀ ਹੈ। ਅਜਿਹੀਆਂ ਦੋ ਬੋਲੀਆਂ ਪੇਸ਼ ਹਨ।
-ਡੱਬੀਂ ਬੋਤਲਾਂ ਹੱਥਾਂ ਵਿੱਚ ਸ਼ੀਸ਼ੇ, ਭੰਗੜਾ ਸਿਆਲਕੋਟ ਦਾ
ਚੰਨ ਉਏ, ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇੱਕੋ ਮੰਨ ਉਏ।
-ਕਾਲੀ ਡਾਂਗ ਪਿੱਤਲ ਦੇ ਕੋਕੇ, ਭੰਗੜਾ ਸਿਆਲਕੋਟ ਦਾ,
ਨੂਰ ਉਏ ! ਭੰਗੜਾ ਸਿਆਲਕੋਟ ਦਾ ਮਸ਼ਹੂਰ ਉਏ।
    ਭੰਗੜੇ ਦੀਆਂ ਅਣਗਿਣਤ ਮੁਦਰਾਵਾਂ ਹਨ। ਭਾਂਗੜੀ (ਨਚਾਰ) ਇਸ ਨੂੰ ਕਤਾਰਾਂ ਵਿੱਚ, ਆਹਮੋ-ਸਾਹਮਣੇ ਘੇਰੇ ਵਿੱਚ, ਅੱਗੜ-ਪਿੱਛੜ, ਸੱਜੇ-ਖੱਬੇ, ਢੋਲੀ ਦੇ ਇਰਦ-ਗਿਰਦ, ਇੱਕ ਦੂਸਰੇ ਦੇ ਪੱਟਾਂ ਜਾਂ ਮੋਢਿਆਂ ਤੇ ਚੜ ਕੇ, ਆਦਿ ਕਿਸੇ ਦਿਸ਼ਾ ਵੱਲ ਵੀ ਹੁਲਾਰੇ ਵਿੱਚ ਘੁੰਮਦੇ ਹੋਏ ਨੱਚ ਸਕਦੇ ਹਨ। ਆਹਮੋ-ਸਾਹਮਣੇ ਜਾਂ ਜੋਟੇ ਦੇ ਰੂਪ ਵਿੱਚ ਦੋ ਨੱਚ ਦੇ ਗੱਭਰੂਆਂ ਤੋਂ ਕਦੇ ਇਸ ਤਰ੍ਹਾਂ ਜਾਪਣ ਲੱਗ ਪੈਂਦਾ ਹੈ ਜਿਵੇਂ ਇਹ ਕਿਸੇ ਖ਼ਾਸ ਮੁਕਾਬਲੇ ਵਿੱਚ ਮੁਕਾਬਲੇ ਵਿੱਚ ਹੋਣ। ਭੰਗੜੇ ਦੀਆਂ ਦਿਲ ਖਿਚਵੀਆਂ ਮੁਦਰਾਵਾਂ ਵਿੱਚੋਂ ਲੱਤਾਂ, ਬਾਹਾਂ, ਹੱਥਾਂ, ਉਂਗਲੀਆਂ, ਅੱਡੀਆਂ, ਮੋਢਿਆਂ-ਗੋਢਿਆਂ, ਗਿੱਟਿਆਂ, ਧੌਣ, ਲੱਕ, ਚਿਹਰੇ (ਅੱਖ,ਨੱਕ,ਬੁੱਲਾਂ ਆਦਿ ਦੇ ਹਾਵ ਭਾਵ) ਆਦਿ ਦੀਆਂ ਹਰਕਤਾਂ ਨਾਲ ਸਬੰਧਿਤ ਹਨ। ਮੁੱਖ ਰੂਪ ਵਿੱਚ ਇਹਨਾਂ ਮੁਦਰਾਵਾਂ ਦੀ ਉੱਤਪਤੀ ਅਤੇ ਵਿਕਾਸ ਖੇਤੀ-ਬਾੜੀ ਨਾਲ ਸੰਬੰਧਿਤ ਵਿਭਿੰਨ ਸੰਦਾ ਅਤੇ ਧੰਦਿਆਂ ਵਿੱਚੋਂ ਹੋਇਆ ਹੈ।

    ਕਿਸੇ ਕਿਸਮ ਦੇ ਭੇਦ-ਭਾਵ ਰਹਿਤ, ਪਿਆਰ ਪਰੁੱਤੇ ਬੋਲਾਂ ਦੇ ਮਾਧਿਅਮ ਰਾਹੀਂ ਇਹਨਾਂ ਨਚਾਰਾਂ ਦੀਆਂ ਸਿਫਤਾਂ ਸੁਣਨ ਅਤੇ ਮੁਦਰਾਵਾਂ ਦੇ ਮਾਧਿਅਮ ਰਾਹੀਂ ਵੇਖਣ ਯੋਗ ਹੁੰਦੀਆਂ ਹਨ। ਇੱਕ ਪ੍ਰਚਲਿਤ ਬੋਲੀ ਹੈ:
ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ,
ਕੰਨੀਦਾਰ ਇਹ ਬੰਨ ਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ,
ਦੁਧ-ਕਾਸ਼ਨੀ ਬੰਨ੍ਹਦੇ ਸਾਫੇ, ਜਿਉਂ ਉੱਡਦਾ ਕਬੂਤਰ ਜਾਵੇ।
ਮਲਮਲ ਦੇ ਤਾਂ ਕੁੜਤੇ ਪਾਉਂਦੇ, ਜਿਉਂ ਬਗਲਾ ਤਲਾ ਵਿੱਚ ਨ੍ਹਾਵੇ,
ਭੰਗੜਾ ਪਾਉਂਦਿਆਂ ਦੀ.....ਸਿਫਤ ਕਰੀ ਨਾ ਜਾਵੇ। ਭੰਗੜਾ......।
    ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਅਤੇ ਨਾਂ ਹੀ ਵਿਸ਼ੇਸ਼ ਸਾਜ਼ਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਮੁਦਰਾਵਾਂ ਦੇ ਪ੍ਰਗਟਾਵੇ ਸੰਬੰਧੀ ਵੀ ਕਿਸੇ ਨਿਯਮਬੱਧ ਸਿਖਲਾਈ ਦੀ ਲੋੜ ਨਹੀਂ ਹੁੰਦੀ ; ਹਰ ਉਮਰ-ਵਰਗ ਦਾ ਮਰਦ ਆਪ ਮੁਹਾਰੀਆਂ ਇਹਨਾਂ ਸਰਲ ਤਾਲਮਈ ਸਰੀਰਕ-ਮੁਦਰਾਵਾਂ ਨੂੰ, ਆਪਣੇ ਸੱਭਿਆਚਾਰਿਕ ਜੀਵਨ ਵਿੱਚ ਵਿਚਰਦਿਆਂ, ਵੇਖਾ-ਵੇਖੀ ਸਿਖ ਜਾਂਦਾ ਹੈ। ਏਸੇ ਤਰਾਂ ਇਹਨਾਂ ਨਚਾਰਾਂ ਦੀ ਪੁਸ਼ਾਕ ਵੀ ਸਰਲ, ਆਰਥਿਕਤਾ ਦੇ ਅਨੁਕੂਲ, ਜਿਸ ਵਿੱਚ ਪੱਗ, ਝੱਗਾ (ਕਮੀਜ਼) ਚਾਦਰਾ ਹੁੰਦਾ ਹੈ, ਆਮ ਪ੍ਰਚਲਿਤ ਹੈ। ਬਣਨ-ਫੱਬਣ ਦੀ ਰੁਚੀ ਸਦਕਾ, ਨਚਾਰ ਗਲਾਂ ਵਿੱਚ ਕੈਂਠੇ, ਬੁਗਤੀਆਂ, ਇਲਾਕੇ ਦੇ ਰਿਵਾਜ਼ ਸਦਕਾ ਕੰਨਾਂ ਵਿੱਚ ਮੁਰਕੀਆਂ (ਜਿਵੇਂ ਕਿ ਸਿਆਲਕੋਟ ਵਿੱਚ ਪ੍ਰਚਲਿਤ ਹੈ ) ਆਦਿ ਨੂੰ ਬਿਨ੍ਹਾਂ ਕਿਸੇ ਉਚੇਚ ਦੇ ਪਹਿਨ ਲੈਂਦੇ ਰਹੇ ਹਨ।

    ਵਰਤਮਾਨ ਸਮੇਂ ਵਿੱਚ ' ਅਸਲ ਭੰਗੜੇ' ਦਾ ਰੂਪ ਬਦਲ ਚੁੱਕਾ ਹੈ। ਬੋਲੀਆਂ ਦੇ ਪੱਧਰ, ਮੁਦਰਾਵਾਂ ਦੇ ਸੰਚਾਰ-ਪੱਧਰ ਅਤੇ ਸਾਜੋ-ਸਮਾਨ ਆਦਿ ਪੱਖੋਂ ਕਾਫੀ ਤਬਦੀਲੀਆਂ ਆ ਚੁੱਕੀਆਂ ਹਨ। ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਇਸ ਵਿੱਚ ਸੰਮਿਲਤ ਹੋ ਰਹੀਆਂ ਹਨ। ਕੁਝ ਇਕ ਉਹ ਲੋਕ-ਨਾਚ ਜਿੰਨ੍ਹਾਂ ਦੀ ਹੋਂਦ ਮੁੱਕਦੀ ਜਾ ਰਹੀ ਹੈ, ਦੀਆਂ ਮੁੱਖ ਮੁਦਰਾਵਾਂ ਵੀ ਇੱਕ-ਇੱਕ ਕਰਕੇ ਇਸ ਦੀਆਂ ਚਾਲਾਂ ਜਾਂ ਮੁਦਰਾਵਾਂ ਦਾ ਨਾਮ ਗ੍ਰਹਿਣ ਕ ਚੁੱਕੀਆਂ ਹਨ। ਨਿਰਸੰਦੇਸ ਭੰਗੜਾ ਪੰਜਾਬੀਆਂ ਦੇ ਹੌਂਸਲੇ, ਗ਼ੈਰਤ, ਵੀਰਤਾ, ਅਤੇ ਇੱਥੋਂ ਦੇ ਖੇਤੀ ਪ੍ਰਦਾਨ ਕਾਰ-ਵਿਹਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ।
ਝੂੰਮਰ
    ਪ੍ਰਸਿੱਧ ਲੋਕ-ਨਾਚ ਝੂੰਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲਾਰਾਂ ਨੂੰ ਪ੍ਰਗਟ ਕਰਦਾ ਹੈ। ਝੂਮ ਝੂਮ ਜੇ ਨੱਚਣ ਸਦਕਾ ਇਸ ਦਾ ਨਾਮ ਝੂੰਮਰ ਪੈ ਗਿਆ। ਰਾਜਸਥਾਨ ਦੇ ਘੂਮਰ ਵਿਚਲੀਆਂ ਕੁੱਝ ਵਿਸ਼ੇਸ਼ਤਾਵਾਂ ਵੀ ਇਸ ਵਿੱਚ ਹਨ। ਬਾਰ ਦੇ ਲੋਕਾਂ ਦੇ ਲੋਕਾਂ ਦੇ ਏਧਰਲੇ ਪੰਜਾਬ ਵਿੱਚ ਆ ਕੇ ਵੱਸਣ ਉਪਰੰਤ ਇਹ ਲੋਕ-ਨਾਚ ਵੀ ਇਧਰ ਆ ਗਿਆ। ਜੰਗਲਾਂ ਵਿੱਚ ਵਸੇਬੇ ਹੋਣ ਸਦਕਾ ਇਹਨਾਂ ਲੋਕਾਂ ਦਾ ਨਾਮ ਹੀ ਜਾਂਗਲੀ ਪੈ ਗਿਆ ਸੀ। ਇਸ ਨਾਚ ਨੂੰ ਨੱਚਣ ਸਮੇਂ ਇਹ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁਲ੍ਹੀ ਥਾਂ , ਘੇਰੇ ਦੇ ਅਕਾਰ ਵਿੱਚ ਆਪਣੇ ਹਰਮਨ ਪਿਆਰੇ ਲੋਕ-ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਲ ਤੇ ਹੀ ਨਾਚ ਨੱਚਦੇ ਰਹੇ ਹਨ। ਇਹ ਨਾਚ ਤਿੰਨ ਪੜਾਂਵਾਂ ਤਹਿਤ ਨੱਚਿਆ ਜਾਂਦਾ ਹੈ, ਜਿਸ ਨੂਂ ਤਿੰਨ ਤਾਲਾਂ -(ੳ) ਮੱਠੀ ਤਾਲ (ਅ) ਤੇਜ਼ ਤਾਲ (ੲ)ਬਹੁਤ ਹੀ ਤੇਜ਼ ਤਾਲ ਦਾ ਨਾਮ ਦਿੱਤਾ ਜਾਂਦਾ ਹੈ। ਕਈ ਵਿਦਵਾਨਾਂ ਨੇ ਇਹਨਾਂ ਤਾਲਾਂ ਨੂੰ ਕ੍ਰਮਵਾਰ 'ਝੂੰਮਰ ਦੀ ਤਾਲ', 'ਚੀਣਾ ਛੜਨਾ' ਅਤੇ 'ਧਮਾਲ' ਵੀ ਆਖਿਆ ਹੈ। ਅਸਲ ਵਿੱਚ ਇਸ ਨਾਚ ਦਾ ਆਰੰਭ ਧੀਮੀ ਗਤੀ ਨਾਲ ਸ਼ੁਰੂ ਹੋ ਕੇ ਤੀਜ਼ੇ ਪੜਾਅ ਤੱਕ ਅਤਿ ਤੇਜ਼ ਅਤੇ ਜੋਸ਼ੀਲਾ ਹੋ ਜਾਂਦਾ ਹੈ। ਅੰਤਮ ਪੜਾਅ ਤੱਕ ਸਮੂਹ ਵਿੱਚੋਂ ਕੇਵਲ ਕੁੱਝ ਕੁ ਨਚਾਰ ਹੀ ਨੱਚਦੇ ਰਹਿ ਜਾਂਦੇ ਹਨ ਬਾਕੀ ਹਾਰ-ਹਫ੍ਹ ਕੇ ਖਲੋ ਜਾਂਦੇ ਹਨ।

    ਲੰਮੇ ਗੀਤ, ਜਿੰਨਾ ਵਿੱਚ ਮੱਝਾਂ-ਗਾਈਆਂ, ਬੱਕਰੀਆਂ, ਡਾਚੀਆਂ, ਘੋੜਿਆਂ, ਤਿੱਤਰਾਂ, ਬਟੇਰਿਆਂ, ਕਿੱਕਰਾਂ, ਫਲਾਹੀਆਂ ਦੇ ਜਿਕਰ ਤੋਂ ਛੁੱਟ ਪ੍ਰਮੀ ਜਨਾਂ ਦੇ ਮਿਲਣ ਦੀ ਸਿੱਕ ਤੇ ਅਨਾਜ (ਖਾਸ ਕਰਕੇ ਝੋਨਾ) ਝਾੜਣ ਅਤੇ ਉੱਖਲੀ ਰਾਹੀਂ ਛੜਨ ਆਦਿ ਦਾ ਜ਼ਿਕਰ ਅਤੇ ਸੰਬੰਧਿਤ ਮੁਦਰਾਵਾਂ ਹੁੰਦੀਆਂ ਹਨ। ਝੂੰਮਰ ਦੇ ਚੋਣਵੇਂ ਗੀਤਾਂ ਦੀਆਂ ਕੁੱਝ ਉਦਹਾਰਨਾਂ ਪੇਸ਼ ਹਨ:
(ੳ) ਚੀਣਾ ਇੰਜ ਛਣੀਂਦਾ ਲਾਲ, ਚੀਣਾ ਇੰਜ ਛਣੀਂਦਾ ਹੋ......
ਮੋਹਲਾ ਇੰਜ ਮਰੀਂਦਾ ਲਾਲ, ਮੋਹਲਾ ਇੰਜ ਮਰੀਂਦਾ ਲਾਲ......
ਚੀਣਾ ਇੰਜ ਛਣੀਂਦਾ ਹੋ......
(ਅ) ਲੰਘ ਆ ਜਾ ਪੱਤਣ ਝਨ੍ਹਾ ਦਾ, ਯਾਰ ਲੰਘ ਆ ਜਾ ਪੱਤਣ ਝਨ੍ਹਾਂ ਦਾ।
ਸਿਰ ਸਦਕਾ ਮੈਂ ਤੇਰੇ ਨਾਂ ਦਾ, ਯਾਰ, ਸਿਰ ਸਦਕਾ ਮੈਂ ਤੇਰੇ ਨਾਂ ਦਾ।
ਮੇਰੇ ਕਾਗ ਬਨੇਰੇ ਉੱਤੇ ਬੋਲਿਆ, ਮੇਰਾ ਤੱਤੜੀ ਦਾ ਜਿਉੜਾ ਡੋਲਿਆ।
ਲੰਘ ਆ ਜਾ ......
ਅਜੋਕੇ ਸਮੇਂ ਵਿੱਚ ਇਸ ਲੋਕ-ਨਾਚ ਦੀਆਂ ਕੁੱਝ ਮੁਗਰਾਵਾਂ ਭੰਗੜੇ ਵਿੱਚ ਹੀ ਪੇਸ਼ ਕੀਤੀਆਂ ਜਾਣ ਲੱਗ ਪਈਆਂ ਹਨ।
ਲੁੱਡੀ
    ਲੁੱਡੀ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ-ਸਹਿਜ ਹੋਣ ਕਰਕੇ ਇਸ ਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ, ਇਸ ਦਾ ਕਾਰਨ ਇਹ ਹੈ ਕਿ ਇਹ ਲੋਕ-ਨਾਚ ਸ਼ਾਂਤਮਈ ਖੇਤਰਾਂ ਵਿੱਚ ਪਰਚਲਿਤ ਰਿਹਾ, ਜਿਸ ਦੇ ਸਿੱਟੇ ਵਜੋਂ ਉਹਨਾਂ ਲੋਕਾਂ ਦੀ ਜੀਵਨ ਤੋਰ ਉਤਨੀ ਕਰੜੀ ਨਾ ਹੋ ਸਕੀ ਜਿੰਨੀ ਭੰਗੜੇ ਅਤੇ ਝੂਮਰ ਦੇ ਨਾਚਾਂ ਵਾਲੇ ਖੇਤਰਾਂ ਵਿੱਚ ਵਸਦੇ ਪੰਜਾਬੀਆਂ ਦੀ ਸੀ। ਮੂਲ ਰੂਪ ਵਿੱਚ ਇਹ ਨਾਚ ਜਿੱਤ ਜਾਂ ਖੁਸ਼ੀ ਦਾ ਨਾਚ ਹੈ। ਇਸ ਲਈ ਵੀ ਢੋਲ ਦੇ ਤਾਲ ਦੀ ਆਵਸ਼ਕਤਾ ਮੰਨੀ ਜਾਂਦੀ ਹੈ। ਇਸ ਦੀਆਂ ਤਾਲਾਂ ਸਧਾਰਨ ਹੁੰਦੀਆਂ ਹਨ ਜਿਨ੍ਹਾਂ ਨਾਲ ਨਚਾਰ ਜਿਵੇਂ ਮਰਜ਼ੀ ਨਾਚ-ਮੁਦਰਾਵਾਂ ਪ੍ਰਗਟਾ ਸਕਦਾ ਹੈ। ਆਮ ਤੌਰ ਤੇ ਲੁੱਡੀ ਨਾਚ ਨੱਚਦੇ ਸਮੇਂ ਪਹਿਲਾਂ ਤਾਂ ਛਾਤੀ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਹਿਲਾਉਂਦੇ ਹੋਏ, ਘੇਰੇ ਦੇ ਅੰਦਰ ਢੋਲ ਦੀ ਤਾਲ ਨਾਲ ਤੁਰਦੇ ਹਨ। ਫੇਰ ਢੋਲੀ ਦੁਆਰਾ ਢੋਲ ਤੇ ਕੀਤੇ ਸੰਕੇਤ ਅਨੁਸਾਰ ਨਾਚ ਮੁਦਰਾ ਬਦਲ ਕੇ ਤਿਨੰ ਤਾੜੀਆਂ ਮਾਰਦੇ ਹਨ। ਇਹ ਤਿੰਨ ਤਾੜੀਆਂ ਘੇਰੇ ਦੇ ਅੰਦਰਵਾਰ ਸਰੀਰ ਦੇ ਉੱਪਰਲੇ ਭਾਗ ਨੂੰ ਝੁਕਾਅ ਕੇ, ਫੇਰ ਛਾਤੀ ਅੱਗੇ ਕਰਕੇ ਅਤੇ ਤੀਜੀ ਤਾੜੀ ਘੇਰੇ ਦੇ ਬਾਹਰ ਵਾਲੇ ਪਾਸੇ ਨੂੰ ਝੁਕ ਕੇ ਮਾਰਦੇ ਹਨ। ਢੋਲ ਦੀ ਨੀਵੀਂ ਸੁਰ ਵਾਲੀ ਥਾਪੀ ਦੇ ਸੰਕੇਤ ਤੇ ਨਵੀਂ ਮੁਦਰਾ ਦਾ ਪ੍ਰਗਟਾ ਕਰਨ ਵਾਸਤੇ ਨਚਾਰ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਉਛਲਦੇ ਹਨ। ਇਸ ਪ੍ਰਕਾਰ ਨੱਚਦੇ ਨਚਾਰਾਂ ਦਾ ਮੋਢਾ, ਪੈਰ ਅਤੇ ਤਾੜੀ ਦੇ ਕਾਰਜ ਵਿੱਚ ਸ਼ਮਤਾ ਆ ਜਾਂਦੀ ਹੈ। ਇਸ ਲੋਕ-ਨਾਚ ਦੀ ਵਿੱਲਖਣਤਾ ਇਹ ਹੈ ਕਿ ਇਸ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ, ਮਸਤੀ ਵਿੱਚ ਆਏ ਨਚਾਰ ਆਪਣੇ ਮੂੰਹ ਵਿੱਚੋਂ ਕਈ ਪ੍ਰਕਾਰ ਦੀਆਂ ਅਵਾਜ਼ਾਂ ਜਿਵੇਂ:
ਸ਼..ਸ਼....ਸ਼..ਸ਼, ਹੀ...ਹੀ...ਹੀ...ਹੀ
ਹੋ..ਹੋ....ਹੋ....ਹੋ..ਓ..ਓ....ਓ....ਓ

ਜਾਂ

ਐਲੀ...ਐਲੀ...ਐਲੀ !!! ਹੜੀਪਾ ਹਾਇ ! ਹੜੀਪਾ ਹਾਇ !!
ਆਦਿ ਕੱਢ ਕੇ ਰਸਕਤਾ ਭਰ ਲੈਂਦੇ ਹਨ।

    ਅਜੋਕੇ ਯੁੱਗ ਵਿੱਚ ਇਸ ਲੋਕ-ਨਾਚ ਦੀ ਵੱਖਰੀ ਪਛਾਣ ਵੀ ਭੰਗੜੇ ਦੀਆਂ ਇੱਕ ਦੋਂ ਚਾਲਾਂ ਵਿੱਚ ਸਿਮਟ ਕੇ ਰਹਿ ਗਈ ਵੇਖਣ ਨੂੰ ਮਿਲਦੀ ਹੈ, ਅਸਲ ਮੁਹਾਂਦਰਾ ਲੁਪਤ ਹੋ ਰਿਹਾ ਹੈ।
ਕੁਝ ਹੋਰ ਲੋਕ-ਨਾਚ
    ਪੂਰਬੀ ਪੰਜਾਬ ਦੇ ਮਾਲਵਾ ਭੂਖੰਡ ਵਿੱਚ 'ਮਰਦਾਂ ਦਾ ਗਿੱਧਾ ' ਪ੍ਰਚਲਿਤ ਹੈ। ਇਸ ਨੂੰ 'ਚੋਬਰਾਂ ਦਾ ਗਿੱਧਾ ' ਜਾਂ 'ਮਲਵਈਆਂ ਦਾ ਗਿੱਧਾ' ਵੀ ਆਖਿਆ ਜਾਂਦਾ ਹੈ। ਇਹ ਲੋਕ-ਨਾਚ ਭੰਗੜੇ, ਗਿੱਧੇ, ਝੂੰਮਰ, ਸੰਮੀ ਆਦਿ ਲੋਕ-ਨਾਚਾਂ ਵਾਂਗ ਪ੍ਰਾਚੀਨ ਨਹੀਂ ਹੈ। ਮੁੱਖ ਤੌਰ ਤੇ 'ਮਰਦਾਵੇਂ ਗਿੱਧੇ' ਦੇ ਨਚਾਰ ਸਮੂਹ ਰੂਪ ਵਿੱਚ ਬੋਲੀਆਂ ਪਾਉਣ ਵਾਲੇ ਤੋਂ ਇਲਾਵਾ, ਅਲਗੋਜ਼ੇ, ਢੋਲਕ, ਚਿਮਟੇ, ਬੁੱਘਦੂ, ਸੀਟੀ, ਗੜਵੇ, ਛੈਣੇ. ਬਾਲਟੀ ਆਦਿ ਵਾਲੇ ਮਰਦ ਹੁੰਦੇ ਹਨ, ਇਹ ਹੀ ਇਹਨਾਂ ਦੇ ਸਾਜ਼-ਸੰਦ ਹੁੰਦੇ ਹਨ। ਇਸ ਲੋਕ-ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਵਧੇਰੇ ਹੁੰਦੀ ਹੈ। ਇਹਨਾਂ ਬੋਲੀਆਂ ਦੇ ਵਿਸ਼ੇ ਦੁਨੀਆਂ ਦੀ ਨਾਸ਼ਮਾਨਤਾ, ਰੱਬ ਦੀ ਹੋਂਦ, ਪ੍ਰੇਮ-ਪਿਆਰ, ਇਸਤਰੀ ਪ੍ਰਤੀ ਖਿੱਚ ਅਤੇ ਇਲਾਕਾਈ ਮਾਣ ਤੋਂ ਛੁੱਟ ਹੋਰ ਸਮਾਜਿਕ ਅਤੇ ਸੱਭਿਆਚਾਰਕ ਵਰਤਾਰਿਆਂ ਨਾਲ ਵੀ ਸੰਬੰਧਿਤ ਹੁੰਦੇ ਹਨ। ਇੱਕ ਬੋਲੀ ਹਾਜ਼ਰ ਹੈ:
ਚਲ ਵੇ ਮਨਾ, ਬਿਗਾਨਿਆ ਧਨਾ, ਕਾਹਨੂੰ ਪ੍ਰੀਤਾਂ ਜੜੀਆਂ।
ਓੜਕ ਇੱਥੋਂ ਚੱਲਣਾ ਇੱਕ ਦਿਨ, ਕਬਰਾਂ ਉਡੀਂਕਣ ਖੜੀਆਂ।
ਉੱਤੋਂ ਦੀ ਤੇਰੇ ਵਗਣ ਨ੍ਹੇਰੀਆਂ , ਲੱਗਣ ਸੌਣ ਦੀਆ ਝੜੀਆਂ।
ਅੱਖੀਆਂ ਮੋੜ ਰਿਹਾ, ਨਾ ਮੁੜੀਆਂ ਨਾ ਲੜੀਆਂ।
    ਬੋਲਕਾਰ ਕੰਨਾਂ ਤੇ ਖੱਬਾ ਹੱਥ ਰੱਖ ਕੇ ਸੱਜੀ ਬਾਂਹ ਉਤਾਂਹ ਨੂੰ ਉਭਾਰ ਕੇ ਬੋਲੀ ਚੁੱਕਦਾ ਹੈ ਅਤੇ ਬੋਲੀ ਦੇ ਅੰਤਮ ਚਰਣ ਤੇ ਬਾਕੀ ਦੇ ਸਾਥੀ ਆਪਣੇ ਸਾਜ਼ ਵਜਾਉਂਦੇ ਹਨ, ਸਮੂਹ ਵਿੱਚੋਂ ਕੋਈਂ ਦੋ ਅੱਗੇ ਨਿੱਕਲ ਕੇ ਪੱਬਾਂ ਭਾਰ ਹੋ, ਸਰੀਰ ਦੇ ਉੱਪਰਲੇ ਧੜ ਨੂੰ ਹਰਕਤਾ ਵਿੱਚ ਲਿਆਉਂਦੇ ਹਨ। ਨਿਰਸੰਦੇਹ ਇਹ ਨਾਚ ਕਾਫ਼ੀ ਹਰਮਨ ਪਿਆਰਾ ਹੋ ਰਿਹਾ ਹੈ।

    ਲੋਕ-ਨਾਚ 'ਧਮਾਲ' ਪ੍ਰਾਚੀਨ ਕਾਲ ਤੋਂ ਸੂਫ਼ੀਆਂ-ਸੰਤਾ ਦੇ ਡੇਰਿਆ ਤੇ ਨੱਚਿਆਂ ਜਾਂਦਾ ਰਿਹਾ ਹੈ। ਤੇਜ਼ ਗਤੀ ਦਾ ਇਹ ਨਾਚ ਖ਼ਾਸ ਕਿਸਮ ਦੇ ਸਰੀਰਿਕ ਹਿਲੌਰੇ ਦਾ ਨਾਚ ਸੀ ਪਰੰਤੂ ਪਰ ਇਹ ਹੁਣ ਉਤਨਾ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਿਤ ਹੋ ਚੁੱਕਾ ਹੈ। 'ਖਲੀ', 'ਹੇਮੜੀ', 'ਡੰਡਾਸ', 'ਅਖਾੜਾ', 'ਗੱਤਕਾ', 'ਪਠਾਣੀਆਂ', 'ਫੁੰਮਣੀਆਂ' ਜਿਹੇ ਲੋਕ-ਨਾਚ ਵੀ ਸੀਮਤ ਖੇਤਰੀ ਲੋਕ-ਨਾਚ ਬਣਦੇ-ਬਣਦੇ ਆਂਪਣੀ ਹੋਂਦ ਇੱਕ-ਇੱਕ, ਦੋ-ਦੋ ਮੁਦਰਾਵਾਂ ਤੱਕ ਸੀਮਿਤ ਕਰਕੇ ਲਗ-ਪਗ ਖ਼ਤਮ ਹੀ ਹੋ ਗਏ ਜਾਪਦੇ ਹਨ। ਇਸੇ ਤਰ੍ਹਾ 'ਭਗਤ ਨਾਚ', 'ਜੰਗਮ ਨਾਚ', 'ਨਾਮਧਾਰੀ ਨਾਚ', 'ਸੁਥਰਾ ਨਾਚ', 'ਮਰਕਤ ਨਾਚ', 'ਗੁੱਗਾ-ਨਾਚ', ਆਦਿ ਲੋਕ-ਨਾਚ ਵੀ ਲਗਪਗ ਲੁਪਤ ਹੋ ਚੁੱਕੇ ਹਨ। ਇਹਨਾਂ ਲੋਕ-ਨਾਚਾਂ ਦੇ ਲੁਪਤ ਹੋ ਜਾਣ ਜਾਂ ਨਾਮ-ਮਾਤਰ ਰਹਿ ਜਾਣ ਦੇ ਫਲਸਰੂਪ ਵਿਸ਼ਾਲ ਪੰਜਾਬੀ ਸੱਭਿਆਚਾਰ ਦੇ ਕਈ ਮੁੱਲ-ਵਿਧਾਨ ਅਤੇ ਇਸ ਦੀ ਕਦਰ-ਪ੍ਰਣਾਲੀ ਸੰਬੰਧੀ ਗਿਆਨ ਵੀ ਪੀੜ੍ਹੀ-ਦਰ-ਪੀੜ੍ਹੀ ਸੀਮਤ ਜਾਂ ਖਤਮ ਹੋ ਗਿਆ ਹੈ।

    ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਇੱਥੋਂ ਦੇ ਲੋਕ-ਨਾਚਾਂ ਵਿੱਚ ਵੀ ਕਾਫ਼ੀ ਬਦਲਾਵ ਲੈ ਆਂਦਾ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਸੱਭਿਆਚਾਰਿਕ ਕੇਂਦਰਾਂ.....ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ ਆਦਿ ਤੋਂ ਸਟੇਜ, ਫ਼ਿਲਮਾਂ ਅਤੇ ਟੈਲੀਵੀਜ਼ਨ ਤੱਕ ਦੇ ਸਫ਼ਰ ਨੂੰ ਤਹਿ ਕਰ ਚੁੱਕੇ ਹਨ। ਇਸ ਪੜਾਅ ਤੇ ਆ ਕੇ ਲੋਕ-ਨਾਚ ਆਪਣੇ ਪ੍ਰਯੋਜਨ, ਨਿਭਾਓ-ਪ੍ਰਸੰਗ ਅਤੇ ਨਚਾਰਾਂ ਦੇ ਪੱਧਰ ਤੇ, ਕਈ ਪ੍ਰਕਾਰ ਦੇ ਬਦਲਾਵ ਗ੍ਰਹਿਣ ਕਰ ਚੁੱਕੇ ਹਨ। ਇਹ ਬਦਲਾਵ ਮੁਦਰਾਵਾਂ ਦੇ ਸੰਚਾਲਨ, ਗਤੀ ਦੀ ਤੀਬਰਤਾ, ਨਵ-ਸਿਰਜਕ ਨਿਜੀ ਗੀਤ-ਮੁੱਖੀ ਬੋਲੀਆਂ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ-ਸ਼ਿੰਗਾਰ, ਸਾਜ਼-ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਆਦਿ ਦੇ ਕਈ ਪੱਖਾਂ ਵਿੱਚੋਂ ਪ੍ਰਗਟ ਹੁੰਦੇ ਹਨ। ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਬਦਲਾਵ ਆਪਣੇ ਸੱਭਿਆਚਾਰਿਕ-ਇਤਿਹਾਸਿਕ ਚੌਖਟੇ ਵਿੱਚ ਰੱਖ ਕੇ ਉਸਾਰੂ ਕਰਦ-ਪ੍ਰਣਾਲੀ ਨੂੰ ਗ੍ਰਹਿਣ ਕਰਨ ਹਿੱਤ ਕਰਨਾ ਹੀ ਉਚਿਤ ਹੈ। ਇਹਨਾਂ ਵਿੱਚ ਵਿਦੇਸੀ ਪ੍ਰਭਾਵ ਪ੍ਰਤੀ ਚੇਤੰਨ ਹੋਣਾ ਲਾਜ਼ਮੀ ਹੈ। ਅਜਿਹਾ ਸੰਭਵ ਹੋਣ ਤੇ ਹੀ ਇਹ ਲੋਕ-ਨਾਚ ਸਮੂਹ ਪੰਜਾਬੀਆਂ ਦੇ ਸਰਬ-ਪੱਖੀ ਸੱਭਿਆਚਾਰਿਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਸਮਰੱਥ ਹੋਣਗੇ।

ਪੰਜਾਬ ਦੇ ਲੋਕ-ਗੀਤ

ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਸੁੱਤ-ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰਾਂ ਝਰਕੇ, ਲੋਕ ਚੇਤਿਆਂ ਦਾ ਅੰਗ ਬਣਦੇ ਹੋਏ ਪੀੜੀ-ਦਰ-ਪੀੜੀ ਅਗੇਰੇ ਪਹੁੰਚਦੇ ਹਨ। ਇਹ ਕਿਸੇ ਕੌਮ ਦਾ ਅਣਵੰਡਿਆ ਕੀਮਤੀ ਸਰਮਾਇਆ ਹੁੰਦੇ ਹਨ। ਕਿਸੇ ਬੋਲੀ ਦੇ ਸਾਹਿਤ ਦੀ ਇਹ ਅਜਿਹੀ ਪਲੇਠੀ ਕਿਰਤ ਹੁੰਦੇ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਅਵਚੇਤਨ ਮਨ ਦੀਆਂ ਆਪ-ਮੁਹਾਰੀਆ ਛੱਲਾਂ ਲੈ-ਬੱਧ ਰੂਪ ਧਾਰਦੀਆਂ ਰਹਿੰਦੀਆਂ ਹਨ। ਇਹ ਕੌਮਾਂ ਦੇ ਹਿਰਦਿਆਂ ਅੰਦਰ ਸਾਂਝ ਤੇ ਅੱਪਣਤ ਦੀ ਵਗਦੀ ਸਾਂਝੀ ਰੌਂ ਨੂੰ ਪੁਨਰ ਸਰਜੀਤ ਕਰਨ ਤੇ ਲੋਕਾਂ ਨੂੰ ਸਾਂਝੀ -ਸੱਭਿਆਚਾਰਿਕ ਕੜੀ ਤੇ ਭਾਵਕ ਏਕਤਾ ਵਿੱਚ ਬੰਨ੍ਹੀ ਰੱਖਣ ਦਾ ਸਾਰਥਕ ਰੋਲ ਦਾ ਕਰਦੇ ਹਨ।

    ਮਨੁੱਖੀ ਸੱਭਿਆਚਾਰ ਨਾਲ ਇਹਨਾਂ ਦਾ ਰਿਸ਼ਤਾ ਬੜਾ ਕਦੀਮੀ ਹੈ। ਸੱਭਿਆਚਾਰ ਦੀ ਸਾਂਝੀ ਸੋਚ, ਸਾਂਝੇ ਵਲਵਲਿਆਂ ਤੇ ਪਰੰਪਰਾਗਤ ਰਹਿਣੀ -ਬਹਿਣੀ ਦੇ ਅਨੇਕਾਂ ਸਜੀਵ ਚਿੱਤਰ ਇਹਨਾਂ ਵਿੱਚੋਂ ਝਲਕਾਂ ਮਾਰਦੇ ਹਨ। ਮਨੁੱਖੀ ਸੱਭਿਆਚਾਰ ਅਤੇ ਮਾਨਵੀ ਹਿਰਦਿਆਂ ਦੇ ਇਹ ਇਤਨਾ ਕਰੀਬ ਹਨ ਕਿ ਵਸ਼ਿਸ਼ਟ ਸਾਹਿਤ, ਜਿਨ੍ਹਾਂ ਵਿਸ਼ਿਆ ਨੂੰ ਕਈ ਵਾਰ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ, ਉਹਨਾਂ ਨੂੰ ਵੀ ਇਹਨਾਂ ਲੋਕ ਗੀਤਾ ਵਿੱਚ ਜ਼ਬਾਨ ਮਿਲ ਜਾਂਦੀ ਹੈ।

    ਲੋਕ-ਗੀਤ ਲੋਕ-ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿਤਨੀ ਬਹੁਰੰਗੀ ਤੇ ਵੰਨ-ਸੁਵੰਨੀ ਝਾਂਕੀ ਲੋਕ-ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ-ਰੂਪ ਵਿੱਚ ਆਪਣਾ ਪ੍ਰਗਟਾਉ ਨਹੀਂ ਲੱਭ ਸਕਦੀ। ਲੋਕ-ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨਿਕਟੀ ਸਾਂਝ ਦਾ ਸਦਕਾ ਹੀ ਲੋਕ-ਗੀਤਾਂ ਦੀ ਫੁੱਲਕਾਰੀ ਦਾ ਇੱਕ-ਇੱਕ ਧਾਗਾ ਸੱਭਿਆਚਾਰਿਕ ਕਦਰਾਂ-ਕੀਮਤਾਂ ਤੇ ਰਸਮਾ ਨਾਲ ਪਰੁੱਤਿਆ ਪਿਆ ਹੈ। ਇਨਸਾਨ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਸ਼ਾਇਦ ਹੀ ਸਾਡੀ ਰਹਿਣੀ-ਬਹਿਣੀ ਦਾ ਕੋਈ ਅਜਿਹਾ ਮੌਕਾ ਹੋਵੇ ਜਿਸ ਸੰਬੰਧੀ ਲੋਕ-ਗੀਤ ਆਪਣਾ ਸਾਥ ਨਾ ਪਾਲਦੇ ਹੋਣ। ਖ਼ਸ਼ੀ-ਗ਼ਮੀ, ਜੰਮਣ-ਮਰਨ, ਮੇਲ-ਵਿਛੋੜੇ, ਰੁੱਤਾਂ-ਥਿੱਤਾਂ, ਦਿਨਾ-ਦਿਹਾਰਾਂ, ਰੀਤੀ-ਰਿਵਾਜਾਂ ਤੇ ਹੋਰ ਸਮਜਿਕ ਕਾਰਾਂ-ਵਿਹਾਰਾਂ ਵਿੱਚ ਲੋਕ ਗੀਤ ਮਨੁੱਖ ਦੇ ਅੰਗ-ਸੰਗ ਰਹਿੰਦੇ ਹਨ। ਇਸ ਕਰਕੇ ਹੀ ਇਹਨਾਂ ਨੂੰ ਲੋਕ -ਸੱਭਿਆਚਾਰ ਦਾ ਜਖ਼ੀਰਾ ਮੰਨਿਆ ਜਾਂਦਾ ਹੈ।

    ਇਤਹਾਸਿਕ ਤੌਰ ਤੇ ਲੋਕ-ਗੀਤਾਂ ਦੀ ਸਿਰਜਣਾ, ਉਦੋਂ ਤੋਂ ਆਰੰਭ ਹੋਈ ਜਦੋਂ ਮਨੁੱਖ ਨੇ 'ਭਾਸ਼ਾ ਬੋਲਦੇ' ਸਮਾਜ ਵਿੱਚ ਰਿਸ਼ਤੇ-ਨਾਤਿਆਂ ਦੇ ਸੰਸਾਰ ਵਿੱਚ ਰਹਿਣ-ਸਹਿਣ ਸ਼ੁਰੂ ਕੀਤਾ। ਮੁੱਢਲੇ ਸਮੇਂ ਵਿੱਚ ਇਹ ਨਾਚ ਅਤੇ ਸੰਗੀਤ ਵਰਗੀਆਂ ਕਲਾਵਾਂ ਨਾਲ ਸਾਂਝੇ ਰੂਪ ਵਿੱਚ ਹੋਂਦ ਵਿੱਚ ਆਏ। ਮਨੱਖੀ ਕਿਰਤ ਦੇ ਹੁੰਗਾਰਿਆ ਵਜੋਂ ਇਹ ਮਨੁੱਖ ਦੇ ਦੁੱਖ-ਸੁੱਖ, ਤੰਗੀਆ-ਤੁਰਸ਼ੀਆ, ਰੀਝਾਂ, ਵਲਵਲਿਆਂ, ਮੇਲੇ-ਵਿਛੋੜਿਆਂ ਅਤੇ ਹਾਸਿਆਂ-ਰੋਸਿਆ ਦਾ ਸਭ ਤੋਂ ਪਹਿਲਾ ਪ੍ਰਗਟਾਉ ਮਾਧੀਅਮ ਬਣੇ, ਇਹਨਾਂ ਦੀ ਸਿਰਜਨਾ ਪਿੱਛੇ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਤੀਰਾ ਕਾਰਜਸ਼ੀਲ ਹੁੰਦਾ ਹੈ ਜਿਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ।

    ਇਹਨਾਂ ਦੀ ਸਿਰਜਨਾ ਦੇ ਸੰਬੰਧ ਵਿੱਚ ਇਹ ਆਮ ਭੁੱਲੇਖਾ ਹੈ ਕਿ ਲੋਕ-ਗੀਤਾਂ ਦੀ ਸਿਰਜਣਾ ਸ਼ਾਇਦ 'ਜਨ ਸਮੂਹ' ਜਾਂ 'ਲੋਕ' ਕਰਦਾ ਹੈ ਪਰ ਹਕੀਕਤ ਇਹ ਹੈ ਕਿ ਕੋਈ ਵੀ ਗੀਤ ਰਚਨਾ, ਲੋਕ ਸਮੂਹ ਨਹੀਂ ਰਚਦਾ ਸਗੋਂ ਹਰ ਲੋਕ ਗੀਤ ਸਿਰਜਣਾ ਵਿਅਕਤੀਗਤ ਕਿਰਤ ਹੁੰਦੀ ਹੈ। ਇਤਨਾ ਜ਼ਰੂਰ ਹੈ ਕਿ ਇਸ ਦੀ ਪ੍ਰਕਿਰਤੀ ਗੁਮਨਾਮ ਹੁੰਦੀ ਹੈ ਤੇ ਇਸ ਦਾ ਸਿਰਜਨਹਾਰ -ਵਿਅਕਤੀ, ਸਮੂਹ ਜਾਂ ਜਾਤੀਗਤ ਭਾਵਾਂ, ਤਜਰਬਿਆਂ ਤੇ ਲੋਕ-ਮੁਹਾਵਰੇ ਦੀ ਤਰਜਮਾਨੀ ਕਰਨ ਕਰਕੇ ਹੌਲੀ-ਹੌਲੀ ਗੁਮਨਾਮ ਜਾਂ ਅਲੋਪ ਹੋ ਜਾਂਦਾ ਹੈ ਤੇ ਉਸ ਰਚਨਾ ਦੇ ਅੰਦਰੋਂ ਸਮੂਹ ਬੋਲਣ ਲੱਗ ਜਾਂਦਾ ਹੈ। ਮਿਸਾਲ ਵਜੋਂ ਨਿਮਨ-ਲਿਖਤ ਲੋਕ-ਗੀਤ ਵੇਖਣ ਯੋਗ ਹੈ।
ਬਾਬਲ ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉਡ ਵੇ ਜਾਣਾ
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ,
............
............

ਬੇਸ਼ਕ ਇਹ ਗੀਤ ਕਿਸੇ ਵਿਅਕਤੀ ਵਿਸ਼ੇਸ਼ ਦੀ ਰਚਨਾ ਹੀ ਹੋਵੇ ਪਰ ਲੋਕ-ਭਾਵਾਂ ਦੀ ਤਰਜਮਾਨੀ ਕਰਨ ਤੇ ਲੋਕ-ਮੁਹਾਵਰੇ ਵਿੱਚ ਸੁਰ ਉਚਾਰਨ ਕਰਕੇ, ਸਮੇਂ ਦੇ ਪ੍ਰਵਾਹ ਨਾਲ ਇਸਦਾ ਕਰਤਾ ਹੌਲੀ-ਹੌਲੀ ਗੁਮਨਾਮ ਹੋ ਗਿਆ ਹੋਵੇਗਾ। ਅਸਲ ਵਿੱਚ ਲੋਕ-ਗੀਤਾਂ ਦੀ ਸਰਲਤਾ, ਸਾਦਗੀ ਠੇਠਤਾ ਤੇ ਲੋਕ-ਮੁਖਤਾ ਹੀ ਇਹਨਾਂ ਨੂੰ ਲੋਕ ਪ੍ਰਵਾਨਗੀ ਦੇ ਅਮਲ ਵਿੱਚੋਂ ਗੁਜ਼ਰ ਕੇ ਲੋਕ-ਸਮੂਹ ਦੀ ਰਚਨਾ ਦਾ ਦਰਜਾ ਦਿਵਾਂਦੀ ਹੈ। ਇਸੇ ਕਰਕੇ ਲੋਕ-ਗੀਤਾਂ ਦੇ ਨਾਮ ਹੇਠ ਆਧੁਨਿਕ ਸਮੇਂ ਵਿੱਚ ਪੱਤਰ-ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੀਆਂ ਕਿਰਤਾਂ ਨੂੰ ਲੋਕ-ਕਾਵਿ ਕਹਿਣਾ ਬੜਾ ਅਲੋਕਾਰ ਪ੍ਰਤੀਤ ਹੁੰਦਾ ਹੈ ਕਿਉਂਕਿ ਇਹ ਰਚਨਾਵਾਂ ਲੋਕ ਪ੍ਰਵਾਨਗੀ, ਲੋਕ-ਮੁਹਾਵਰੇ ਤੇ ਲੋਕ-ਸਿਮਰਤੀਆਂ ਦੇ ਪ੍ਰਵਾਹ ਤੋਂ ਕੋਰੀਆਂ ਹੁੰਦੀਆਂ ਹਨ।

    ਲੋਕ ਜੀਵਨ ਨਾਲ ਸੰਬਧਿਤ ਹੋਣ ਕਰਕੇ ਲੋਕ-ਗੀਤ ਆਪਣੇ ਵਿਸ਼ੇ-ਵਸਤੂ ਅਤੇ ਪ੍ਰਗਟਾਉ ਦੇ ਪੱਖ ਤੋਂ ਭਾਵੇਂ ਸਾਰੀ ਸਮਗਰੀ ਆਪਣੇ ਸੱਭਿਆਚਾਰਿਕ ਪਿਛੋਕੜ ਵਿੱਚੋਂ ਹਾਸਲ ਕਾਰਕੇ, ਆਪਣੇ ਅਤੀਤ ਨਾਲ ਜੁੜੇ ਰਹਿੰਦੇ ਹਨ ਪਰ ਇਹਨਾਂ ਵਿੱਚ ਨਿੱਤ ਨਵਿਆਂ ਵੇਰਵਿਆਂ ਨੂੰ ਗ੍ਰਹਿਣ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ। ਜੰਗਲ ਦੇ ਰੁੱਖ ਵਾਂਗ ਭਾਵੇਂ ਇਹਨਾਂ ਦੀਆਂ ਜੜ੍ਹਾਂ ਧਰਤੀ ਵਿੱਚ ਧਸੀਆਂ ਰਹਿੰਦੀਆਂ ਹਨ ਪਰ ਇਹਨਾਂ ਤੇ ਨਿੱਤ ਨਵੀਆਂ ਹਰੀਆਂ-ਕਚੂਰ ਕਰੂੰਬਲਾਂ, ਡਾਲੀਆਂ ਤੇ ਫੁੱਲ, ਫਲ ਖਿੜਦੇ ਰਹਿੰਦੇ ਹਨ।

    ਲੋਕ-ਗੀਤਾਂ ਦੀ ਸਿਰਜਣਾ, ਇੱਕ ਪ੍ਰਕਾਰ ਦੀ ਸਹਿਜ ਸਿਰਜਣਾ ਹੈ। ਇਹ ਸਾਹਿਤ ਦੇ ਕਰੜੇ ਨਿਯਮਾਂ, ਪਰਾਪੇਗੰਡਿਆਂ, ਬਾਹਰੀ ਉਚੇਚ ਜਾਂ ਬਣਾਵਟੀਪਣ ਤੋਂ ਉਸੇ ਤਰਾਂ ਹੀ ਕੋਰੇ ਹੁੰਦੇ ਹਨ ਜਿਸ ਤਰ੍ਹਾਂ ਇਹਨਾਂ ਦੇ ਸਿਰਜਣਹਾਰੇ ਆਮ ਜਿੰਦਗੀ ਦੀ ਤੜਕ-ਭੜਕ ਤੇ ਵਿਖਾਵਿਆਂ ਤੋ ਬੇਲਾਗ ਹੁੰਦੇ ਹਨ। ਇਹ ਅੱਖਰ ਗਿਆਨ ਤੋਂ ਕੋਰੇ, ਸਾਦ-ਮੁਰਾਦੇ, ਨਿਰਛਲ ਲੋਕਾਂ ਦੇ ਸੁਤੇ-ਸਿਧ ਪ੍ਰਗਟਾਵੇ ਹਨ ਜਿਵੇਂ:
ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ ,
ਨਾ ਬੈਠੀ ਸਾਂ ਡੇਰੇ,
ਨਿਤ ਨਵੀਆਂ ਮੈਂ ਜੋੜਾਂ ਬੋਲੀਆਂ,
ਬਹਿ ਕੇ ਮੋਟੇ ਨੇ੍ਰੇ।
ਗੀਤ ਅਗੰਮੀ ਨਿਕਲਣ ਅੰਦਰੋਂ,
ਵੱਸ ਨਹੀ ਕੁਝ ਮੇਰੇ।
ਮੇਲਣੇ ਨੱਚ ਲੈ ਨੀ,
ਦੇ ਕੇ ਸ਼ੌਕ ਦੇ ਗੇੜੇ।

ਪਰ ਲੋਕ-ਗੀਤ ਸਹਿਜ ਸਿਰਜਣਾ ਦੇ ਬਾਵਜੂਦ ਵੀ ਵਸ਼ਿਸ਼ਟ ਸਾਹਿਤ ਵਾਲੀ ਕਲਾ ਤੇ ਸੁਹਜ ਨਾਲ ਭਰਪੂਰ ਹੁੰਦੇ ਹਨ। ਇਹ ਤਾਂ ਸਗੋਂ ਮਨੁੱਖੀ ਸਿਰਜਣ-ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਵਿਖਾਲਾ ਹਨ। ਵਿਅਕਤੀਗਤ ਸਾਹਿਤ ਦੇ ਮੁਕਾਬਲੇ ਤੇ ਇਹਨਾਂ ਦੇ ਸਾਦ ਮੁਰਾਦੀ ਕਲਾਤਮਿਕ ਪ੍ਰਤਿਭਾ ਦੇ ਬਾਵਜੂਦ ਵੀ ਸਾਡੇ ਸੱਭਿਆਚਾਰਿਕ ਵਰਤਾਰੇ ਤੇ ਨਿਤ ਗੁੰਮਦੀ ਗੁਆਚਦੀ ਸਾਡੀ ਰਹਿਤਲ ਤੇ ਕਲਾ ਦੇ ਸੁੱਚੇ ਮੋਤੀਆਂ ਨੂੰ ਜਿਸ ਕਦਰ ਸਾਂਭਿਆ ਹੈ ਉਸ ਕਰਕੇ ਇਹਨਾਂ ਦਾ ਮਹੱਤਵ ਵਸ਼ਿਸ਼ਟ ਸਾਹਿਤ ਨਾਲੋ ਵੀ ਵਧੇਰੇ ਹੈ। ਲੋਕ ਧਰਤੀ ਦੇ ਨੇੜੇ ਰਹਿਣ ਕਰਕੇ ਇਹਨਾਂ ਵਿੱਚੋਂ ਅਸੀਂ ਪੰਜਾਬ ਦੀ ਮਿੱਟੀ ਦੀ ਮਹਿਕ ਤੇ ਇੱਥੋਂ ਦੇ ਅਨਘੜ-ਸੁਹਜ ਨੂੰ ਪਛਾਣ ਸਕਦੇ ਹਾਂ।

    ਪੰਜਾਬ ਦੀ ਭੂਗੋਲਿਕ ਖ਼ੂਬਸੂਰਤੀ ਤੇ ਇਤਿਹਾਸਿਕ ਜੁਗਗਰਦੀਆਂ ਦੇ ਪ੍ਰਵਾਹ ਨੇ ਪੰਜਾਬ ਦੇ ਜੰਮਿਆ-ਜਾਇਆਂ ਨੂੰ ਇਸ ਕਦਰ ਕਰੜੇ ਬਣਾ ਦਿੱਤਾ ਹੈ ਕਿ ਉਹ ਸਦਾ ਤਿਆਰ-ਬਰ-ਤਿਆਰ, ਮੌਤ ਨੂੰ ਟਿੱਚ ਜਾਨਣ ਵਾਲੇ, ਔਖੇ ਤੋਂ ਔਖੇ ਇਮਤਿਹਾਨ ਵਿੱਚੋਂ ਸਹਿਜ ਗੁਜ਼ਰਨ ਵਾਲੇ, ਸਾਹਸੀ ਤੇ ਉੱਦਮੀ ਬਣ ਗਏ। ਤਲਵਾਰਾਂ ਦੀਆਂ ਧਾਰਾਂ ਤੇ ਪਲਣ ਵਾਲੇ ਇਹਨਾਂ ਪੰਜਾਬੀਆਂ ਨੇ ਜਿਸ ਪ੍ਰਕਾਰ ਦੇ ਨਿਵੇਕਲੇ ਸੱਭਿਆਚਾਰ ਨੂੰ ਸਿਰਜਿਆ ਉਸ ਦੇ ਭਰਪੂਰ ਨਮੂਨੇ ਅਤੇ ਵੇਰਵੇ ਪੰਜਾਬੀ ਲੋਕ-ਗੀਤਾਂ ਵਿੱਚੋਂ ਸਾਖਿਆਤ ਹੁੰਦੇ ਹਨ।

    ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੇਹਾਰ ਅਤੇ ਪਹਾੜੀ ਇਲਾਇਆਂ ਵਿੱਚੋਂ ਇਤਨੀ ਵੱਡੀ ਗਿਣਤੀ ਵਿੱਚ ਲੋਕ-ਗੀਤ ਮਿਲਦੇ ਹਨ ਕਿ ਇਹਨਾਂ ਦੇ ਕਈ ਸੰਗ੍ਰਹਿ ਸੰਕਲਿਤ ਕੀਤੇ ਜਾ ਸਕਦੇ ਹਨ। ਪੰਜਾਬ ਦੇ ਇਹਨਾਂ ਵੱਖ-ਵੱਖ ਖਿੱਤਿਆਂ ਵਿੱਚੋ ਮਿਲਣ ਵਾਲੇ ਵਧੇਰੇ ਗੀਤ, ਸਥਾਨਕ ਨਾਵਾਂ, ਥਾਵਾਂ, ਵੇਰਵਿਆਂ, ਹਵਾਲਿਆਂ ਅਤੇ ਭਾਸ਼ਾਈ ਅੰਤਰਾਂ ਦੇ ਬਾਵਜੂਦ ਇੱਕੋ ਸੁਭਾਅ ਅਤੇ ਤਾਸੀਰ ਵਾਲੇ ਹਨ। ਰੂਪਕ ਅਤੇ ਭਾਸ਼ਾਈ ਵੰਨਗੀਆਂ ਦੇ ਪੱਖ ਤੋਂ ਜ਼ਰੂਰ ਕਈ ਲੋਕ ਗੀਤ ਇੱਕ ਇਲਾਕੇ ਵਿਸ਼ੇਸ਼ ਵਿੱਚ ਹੀ ਗਾਏ ਜਾਂਦੇ ਹਨ। ਪਰ ਸਮੁੱਚੇ ਰੂਪ ਵਿੱਚ ਪੰਜਾਬੀ ਦੇ ਇਹਨਾਂ ਲੋਕ-ਗੀਤਾ ਵਿੱਚ ਪੰਜਾਬੀ ਸੱਭਿਆਚਾਰ ਦਾ ਇੱਕ ਸਮੱਰਗ ਰੂਪ ਅੰਕਿਤ ਹੋਇਆ ਮਿਲਦਾ ਹੈ। ਉਸ ਤਰਾਂ ਆਮ ਪ੍ਰਸਿੱਧ ਹੈ ਕਿ ਕਵੀਸ਼ਰੀ ਮਾਲਵੇ ਦੀ, ਗੌਣ ਮਾਝੇ ਦਾ, ਢੋਲ ਬਾਰ ਦੇ, ਮਾਹੀਆ ਪੋਠੇਹਾਰ ਦਾ, ਬੋਲੀਆਂ ਪੁਆਧ ਦੀਆ, ਜਿੰਦੂਆ ਪਹਾੜੀਆਂ ਦਾ, ਪਰ ਇੱਥੇ ਵੱਖ-ਵੱਖ ਖਿੱਤਿਆ ਦੇ ਵੱਖ-ਵੱਖ ਗੀਤਾਂ ਦਾ ਅਧਿਐਨ ਸੰਭਵ ਨਹੀਂ ਹੈ।

    ਪੰਜਾਬੀ ਲੋਕ ਗੀਤ ਸਾਂਝੇ ਤੇ ਅਣਵੰਡੇ ਪੰਜਾਬ ਦੇ ਪੰਜਾਬੀਆਂ ਦਾ ਅਣਵੰਡਿਆ ਮੁੱਲਵਾਨ ਵਿਰਸਾ ਹੈ। ਵਿਸ਼ੇਸ਼ ਸੱਭਿਆਚਾਰਿਕ ਪ੍ਰਵਾਹ ਵਿੱਚੋਂ ਗੁਜ਼ਰਦੀ, ਵਿਗਸਦੀ, ਮੌਲਦੀ, ਪੰਜਾਬੀ ਮਾਨਸਿਕਤਾ ਨੇ ਸੁੱਤੇ-ਸਿਧ ਹੀ ਲੋਕ-ਗੀਤਾਂ ਦੀ ਸਿਰਜਣਾ ਰਾਹੀਂ ਜੋ ਪ੍ਰਕਾਸ਼ ਪਰਾਪਤ ਕੀਤਾ ਹੈ ਉਸ ਤੋਂ ਪੰਜਾਬੀ ਸੱਭਿਆਚਾਰ ਦੀ ਇੱਕ ਬੜੀ ਰਾਂਗਲੀ ਤਸਵੀਰ ਵੇਖਣ ਨੂੰ ਮਿਲਦੀ ਹੈ। ਸਦਕੇ ਜਾਈਏ ਪੰਜਾਬੀ ਗੀਤਾਂ ਦੀਆਂ ਸਿਰਜਣਹਾਰ ਸੁਆਣੀਆਂ ਦੇ ਜਿਨ੍ਹਾਂ ਨੇ ਆਪਣੇ ਮਸਤਕਾਂ ਅੰਦਰ ਹਜ਼ਾਰਾ ਲੋਕ-ਗੀਤਾਂ ਨੂੰ ਸਾਂਭ ਕੇ ਪੰਜਾਬੀ ਸੱਭਿਆਚਾਰ ਦੀਆਂ ਉਹਨਾਂ ਕਦੀਮੀ ਰਵਾਇਤਾਂ ਨੂੰ ਪੁਨਰ-ਸੁਰਜੀਤ ਕਰ ਦਿੱਤਾ ਹੈ ਜੋ ਅੱਜ ਸਾਨੂੰ ਬਹੁਤ ਪਰਾਈਆਂ ਅਤੇ ਪੁਰਾਣੀਆਂ ਪ੍ਰਤੀਤ ਹੁੰਦੀਆਂ ਹਨ। ਪੰਜਾਬੀ ਲੋਕ-ਗੀਤਾਂ ਦੀ ਇੱਕ ਵਿਲੱਖਣਤਾ ਜੋ ਬੜੇ ਸਪੱਸ਼ਟ ਰੂਪ ਵਿੱਚ ਨਜ਼ਰੀ ਪੈਂਦੀ ਹੈ ਉਹ ਇਹ ਹੈ ਕਿ ਸਾਡੇ ਲੋਕ-ਗੀਤਾਂ ਦਾ ਵਧੇਰੇ ਹਿੱਸਾ ਸਾਡੀਆਂ ਸੁਆਣੀਆਂ ਦੇ ਹੋਠਾਂ ਅਤੇ ਚੇਤਿਆਂ ਰਾਹੀਂ ਸਾਡੇ ਤੱਕ ਪੁੱਜਾ ਹੈ। ਲੋਕ-ਗੀਤਾਂ ਦੇ ਇਹ ਭੰਡਾਰ ਜੋ ਸਾਡੀਆਂ ਸੁਆਣ਼ੀਆਂ ਨੇ ਭਰੇ ਹਨ ਇਹ ਵਧੇਰੇ ਪਰੰਪਰਾ-ਪਾਲਕ ਹਨ ਜੋ ਪੰਜਾਬੀ ਸੁਭਾਅ ਦੀ ਸਾਦਗੀ ਦੀ ਗਵਾਹੀ ਭਰਦੇ ਹਨ। ਸੋ ਇਹਨਾਂ ਲੋਕ-ਗੀਤਾਂ ਵਿੱਚ ਮਿਸ਼ਰੀ ਜਿਹੀ ਮਿਠਾਸ ਘੁਲੀ ਹੈ ਤੇ ਇਹਨਾਂ ਨੂੰ ਆਪਣੇ ਘਰਾਂ ਦੇ ਵਿਹੜਿਆਂ ਤੋ ਧਰਤੀ ਦੇ ਨੇੜੇ ਰਹਿਣ ਦਾ ਸ਼ੌਂਕ ਹੈ। ਮਰਦਾ ਵਲੋਂ ਬੜੇ ਘੱਟ ਗੀਤ ਰਚੇ ਗਏ ਹਨ ਤੇ ਜਿਹੜੇ ਰਚੇ ਵੀ ਗਏ ਹਨ ਉਹਨਾ ਦਾ ਸੁਭਾਅ ਪਰੰਪਰਾ-ਪਾਲਕ ਦੀ ਬਜਾਏ ਵਿਅਕਤੀਗਤ ਸੁਤੰਤਰਤਾ ਦੀ ਲੋਚਾ ਰੱਖਦਾ ਹੇ।

    ਪੰਜਾਬ ਦੀਆਂ ਸੁਆਣੀਆਂ ਤੇ ਮਰਦਾ ਵਲੋਂ ਰਚੇ ਗਏ ਲੋਕ-ਗੀਤਾਂ ਦੀ ਵਿਸ਼ੇ ਪੱਖੋ ਵਰਗ ਵੰਡ ਇਸ ਤਰ੍ਹਾ ਕੀਤੀ ਜਾ ਸਕਦੀ ਹੈ ਸੂਰਮਗਤੀ ਦੇ ਗੀਤ, ਪਰੀਤ ਕਥਾਵਾਂ, ਰਾਜਨੀਤਿਕ, ਸਮਾਜਿਕ ਤੇ ਆਰਥਿਕ ਪੱਖ, ਸੰਸਕਾਰ, ਪੂਜਾ-ਪਾਠ, ਦਿਨ-ਦਿਹਾਰ,ਰੁੱਤਾਂ-ਥਿੱਤਾਂ, ਪੇਂਡੂ ਆਹਰ, ਪਿਆਰ-ਗੀਤ, ਵਿਛੋੜਾ, ਜਨਮ, ਵਿਆਹ, ਮਰਨ, ਪੇਕਾ ਘਰ, ਸਹੁਰਾ ਘਰ, ਹਾਰ-ਸ਼ਿੰਗਾਰ, ਰੁੱਖ, ਪੰਛੀ, ਫ਼ਸਲਾਂ, ਪਸੂ ਆਦਿ ਸੰਬੰਧੀ ਲੋਕ-ਗੀਤ। ਇਸੇ ਤਰਾਂ ਹੀ ਰੂਪਕ ਵੰਨਗੀਆਂ ਦੇ ਲਿਹਾਜ਼ ਨਾਲ ਲੋਕ-ਗੀਤਾਂ ਦੇ ਵੱਖ-ਵੱਖ ਰੂਪ: ਲੰਮੇ ਗੌਣ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪਾ, ਬੋਲੀ, ਮਾਹੀਆ, ਢੋਲਾ, ਅਲਾਹੁਣੀ, ਵੈਣ, ਛੰਦ ਪਰਾਗਾ, ਪੱਤਲ, ਥਾਲ, ਕਿੱਕਲੀ, ਹੇਅਰਾ, ਲੋਰੀਆਂ, ਮੰਗਲ -ਗੀਤ ਆਦਿ। ਅਸਲ ਵਿੱਚ ਪੰਜਾਬੀ ਲੋਕ-ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਇਸ ਵਿੱਚ ਪੰਜਾਬ ਦੇ ਲੋਕ ਨਾਇਕਾਂ, ਪ੍ਰੀਤ- ਨਾਇਕਾਂ, ਦੇਵੀ-ਦੇਵਤਿਆਂ, ਸੰਸਕਾਰਾਂ (ਪੁੱਤਰ ਜਨਮ, ਤੇਰਵਾਂ, ਤੜਾਗੀ, ਧਮਾਣ, ਨਾਮਕਰਨ, ਜਨੇਊ, ਮੁੰਡਣ, ਕੁੜਮਾਈ, ਵਿਆਹ, ਵੱਟਣਾ ਖਾਰਾ, ਸਾਹੇ ਬੰਨ੍ਹਣਾ, ਸਿਠਣੀਆਂ, ਸੁਹਾਗ, ਲਾਵਾਂ, ਬੇਦੀ, ਡੋਲੀ, ਖੱਟ, ਪਾਣੀ ਵਾਰਨਾ, ਮੁਕਲਾਵਾ, ਵੈਣ, ਕੀਰਣੇ, ਵਰ੍ਹੇ-ਗੰਢ, ਵਰੀਣਾ) ਰੁੱਤਾਂ (ਬਸੰਤ, ਸਾਵੇ, ਤੀਆਂ, ਝੂਲੇ, ਪੀਘਾਂ, ਰੱਖੜੀ, ਸੰਗਰਾਂਦ, ਹੋਲੀ, ਵਿਸਾਖੀ ) ਰਾਮ ਨੌਮੀ, ਦੇਵੀਆਂ ਦੀਆਂ ਭੇਟਾਂ, ਭਜਨ, ਆਰਤੀਆਂ, ਜਾਗੋ, ਆਹਰ ਦੇ ਗੀਤ (ਕਣਕ ਕੱਟਣ, ਕੋਹਲੂ ਚੱਲਣ, ਚੱਕੀ ਪੀਸਣ, ਚਰਖਾ ਕੱਤਣ, ਪਾਣੀ ਭਰਨ ਆਦਿ)। ਪਿਆਰ ਗੀਤਾਂ ਵਿੱਚ ਮਾਹੀਆ, ਟੱਪੇ, ਬੋਲੀਆਂ, ਜਿਦੂੰਆ ਤੋਂ ਇਲਾਵਾ ਚਿੱਠੀ, ਢੋਲਾ, ਦੋਹੜੇ, ਕਾਫ਼ੀਆਂ, ਸੱਦਾ, ਝੋਕਾਂ, ਬਿਰਹੜੇ ਆਦਿ ਸ਼ਾਮਲ ਹਨ। ਲੋਕ-ਗੀਤਾਂ ਦੇ ਇਹਨਾਂ ਰੂਪਾ ਤੋਂ ਇਲਾਵਾਂ ਡਾ: ਕਰਨੈਲ ਸਿੰਘ ਥਿੰਦ ਨੇ ਪੇਸ਼ਾਵਾਰ ਜਾਤੀਆਂ ਦੇ ਲੋਕ-ਗੀਤਾਂ ਵਿੱਚ ਤੇਲੀ, ਆਜੜੀ, ਧੋਬੀ, ਸਪੇਰੇ, ਨਾਥ, ਮਿਰਾਸੀ, ਭੰਡ, ਸਿਕਲੀਗੀਰ, ਗੁੱਜਰ, ਘੁਮਿਆਰ, ਸਾਂਸੀ, ਓਡ ਆਦਿ ਦੇ ਲੋਕ-ਗੀਤਾਂ ਨੂੰ ਵੀ ਪੰਜਾਬੀ ਕਿਰਮਾਣੀ ਜੀਵਨ ਦੇ ਲੋਕ-ਗੀਤਾਂ ਵਿਚ ਸ਼ਾਮਲ ਕੀਤਾ ਹੈ।

    ਪੰਜਾਬੀ ਲੋਕ-ਗੀਤਾਂ ਵਿੱਚ ਪੰਜਾਬੀਆਂ ਦੀ ਸੂਰਮਗਤੀ ਨੂੰ ਭਾਵੇਂ ਸਿੱਧਾ ਕਾਵਿ ਪ੍ਰਗਟਾਵਾ ਤਾਂ ਨਹੀਂ ਮਿਲਿਆ ਪਰ ਪੰਜਾਬੀਆਂ ਦੇ ਲੋਕ-ਮਨਾਂ ਵਿੱਚ ਵਸਦੇ ਲੋਕ-ਨਾਇਕਾਂ ਦੇ ਕਾਰਨਾਮਿਆਂ ਅਤੇ ਲੋਕ-ਪ੍ਰਵਾਨਗੀ ਦੇ ਅਨੇਕਾਂ ਵੇਰਵਿਆਂ ਨੂੰ ਲੋਕ-ਗੀਤਕਾਰਾਂ ਨੇ ਸੁੱਤੇ-ਸਿਧ ਪਰਵਾਨ ਕਰ ਲਿਆ ਹੈ। ਲੋਕ-ਗੀਤਾਂ ਵਿੱਚ ਸਾਡੇ ਲੋਕ ਨਾਇਕਾਂ ਰਾਜਾ ਰਸਾਲੂ, ਦੁੱਲਾ ਭੱਟੀ, ਜੱਗਾ ਜੱਟ, ਸੁੱਚਾ ਸੂਰਮਾ, ਜਿਉਣਾ ਮੌੜ, ਭਗਤ ਸਿੰਘ ਆਦਿ ਦੀਆਂ ਜੀਵਨ-ਗਥਾਵਾਂ ਦੇ ਉਹਨਾਂ ਪੱਖਾਂ ਨੂੰ ਅਚੇਤ ਰੂਪ ਵਿੱਚ ਹੀ ਜ਼ਬਾਨ ਮਿਲ ਗਈ ਹੈ ਜਿਨ੍ਹਾਂ ਨੂੰ ਲੋਕ-ਮਨ ਨੇ ਆਪਣੇ ਹਿਰਦੇ ਨਾਲ ਲਾਇਆ ਹੈ। ਮਿਸਾਲ ਵਜੋਂ ਸਾਂਦਲ ਬਾਰ ਦੇ ਦੁੱਲੇ ਭੱਟੀ ਦੀ ਲੋਕ-ਪ੍ਰਸਿਧੀ ਬਾਰੇ ਨਿਮਨ-ਲਿਖਤ ਲੋਕ-ਗੀਤ ਤਾਂ ਸਮੁੱਚੇ ਪੰਜਾਬ ਵਿੱਚ ਅਮਰ ਹੋ ਗਿਆ ਹੈ:
ਸੁੰਦਰ ਮੁੰਦਰੀਏ ਹੋ
ਤੇਰਾ ਕੋਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ੱਕਰ ਆਈ ਹੋ
ਕੁੜੀ ਦੇ ਬੋਝੇ ਪਾਈ ਹੋ
ਕੁੜੀ ਦਾ ਲਾਲ ਪਟਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ
ਚਾਚਾ ਗਾਲੀ ਦੇਸੇ ਹੋ
ਚਾਚਾ ਚੂਰੀ ਕੁੱਟੀ ਹੋ
ਜਿੰਮੀਦਾਰਾਂ ਲੁੱਟੀ ਹੋ
ਜਿੰਮੀਦਾਰ ਸਦਾਏ ਹੋ
ਗਿਣ ਮਿਣ ਪੱਲੇ ਪਾਏ ਹੋ।

ਇਹਨਾਂ ਲੋਕ-ਗੀਤ ਪੰਕਤੀਆਂ ਵਿੱਚ ਦੁੱਲਾ ਭੱਟੀ ਦੀ ਕਥਾ ਦੇ ਵੇਰਵੇ ਬੇਸ਼ਕ ਤਰੁੱਟ ਗਏ ਹੋਣ ਪਰ ਇਸ ਤੋਂ ਇਹ ਜ਼ਰੂਰ ਪਤਾ ਚੱਲਦਾ ਹੈ ਕਿ ਦੁੱਲਾ ਭੱਟੀ ਮੁਗਲ ਸਲਤਨਤ ਦੇ ਖਿਲਾਫ਼ ਜੂਝਦੀ ਪੰਜਾਬੀਅਤ ਦਾ ਪਰਤੀਕ ਹੈ। ਇਸੇ ਤਰ੍ਹਾਂ ਪੰਜਾਬ ਦੇ ਹੋਰ ਲੋਕ ਨਾਇਕ ਰਾਜੇ ਰਸਾਲੂ ਨਾਲ ਸੰਬੰਧਿਤ ਅਨੇਕਾਂ ਲੋਕ-ਗੀਤ ਪੰਜਾਬ ਵਿੱਚ ਵਿਸ਼ੇਸ ਪ੍ਰਸਿੱਧੀ ਪ੍ਰਾਪਤ ਕਰ ਗਏ ਹਨ। ਇਵੇਂ ਹੀ ਲੋਕ-ਗੀਤਾਂ ਵਿੱਚ ਕਿੱਧਰੇ 'ਛਵੀਆਂ' ਦੇ ਕੁੰਢ ਮੁੜ ਜਾਣ ਦੇ ਬਾਵਜੂਦ ਵੀ ਜਿਉਣਾ ਮੌੜ ਵੱਢਿਆਂ ਨਹੀ ਜਾਂਦਾ, ਕਿੱਧਰੇ ਸੁੱਚਾ ਸੂਰਮਾ ਡਾਕੇ ਮਾਰਦਾ ਹੈ, ਕਿੱਧਰੇ ਜੱਗੇ ਜੱਟ ਦੇ ਮਰ ਜਾਣ ਤੇ ਮਣਾ ਮਣ ਰੇਤ ਭਿੱਜਦੀ ਹੈ ਤੇ ਕਿੱਧਰੇ ਉਸਦੇ ਵਿਯੋਗ ਦਾ ਅਸਰ ਪਰਿੰਦਿਆਂ ਤੱਕ ਨੂੰ ਵੀ ਹੁੰਦਾ ਹੈ:
ਜਿਥੇ ਜੱਗਾ ਮਾਰਿਆ, ਉਥੇ ਰੋਣ ਤਿੱਤਰ ਤੇ ਮੋਰ,
ਮਹਿਲੀਂ ਰੋਦੀਆਂ ਰਾਣੀਆਂ, ਪਿਛਵਾੜੇ ਰੋਂਦੇ ਚੋਰ।

ਦੁਨੀਆਂ ਦੇ ਇਤਿਹਾਸ ਅੰਦਰ ਸ਼ਾਇਦ ਇਹ ਪੰਜਾਬੀ ਮਾਵਾਂ ਦੇ ਹੀ ਹਿੱਸੇ ਆਇਆ ਹੈ ਜੋ ਆਪਣੌ ਜੰਮੇ-ਜਾਇ ਪੁੱਤਰਾਂ ਦੇ ਹੌਕੇ-ਹੇਰਵਿਆਂ ਦੀ ਬਜਾਏ ਇਸ ਤਰ੍ਹਾਂ ਦੇ ਸਵਰ ਉਚਾਰਦੀਆਂ ਹਨ:
ਪਤਾ ਹੁੰਦਾ ਜੇ ਜੱਗੇ ਨੇ ਮਰ ਜਾਣਾ,
ਇੱਕ ਦੀ ਮੈਂ ਦੋ ਜਣਦੀ।

    ਪੰਜਾਬੀਆਂ ਨੇ ਬਹਾਦਰੀ ਅਤੇ ਸੂਰਮਗਤੀ ਦੇ ਨਾਲ-ਨਾਲ ਪਿਆਰ ਦੇ ਖੇਤਰ ਵਿੱਚ ਵੀ ਸਾਡੇ ਪ੍ਰੀਤ-ਨਾਇਕਾਂ ਨਾਲ ਬੇਪਨਾਹ ਮੁੱਹਬਤ ਪਾਈ ਹੈ। ਪੰਜਾਬੀ ਲੋਕ-ਗੀਤਾਂ ਵਿੱਚ ਹੀਰ-ਰਾਂਝਾ, ਸੱਸੀ-ਪੁੰਨੂ, ਮਿਰਜਾ-ਸਾਹਿਬਾਂ, ਸੋਹਣੀ-ਮਹੀਂਵਾਲ ਆਦਿ ਪ੍ਰੀਤ ਕਥਾਵਾਂ ਨੂੰ ਵਿਸ਼ੇਸ਼ ਥਾਂ ਮਿਲੀ ਹੈ। ਕਈ ਵਾਰ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਪ੍ਰੀਤ-ਨਾਇਕ ਲੋਕ-ਗੀਤਾਂ ਥਾਣੀ ਲੰਘਕੇ ਹੀ ਸਾਡੀਆਂ ਕਿੱਸਾ-ਰਚਨਾਵਾਂ ਦਾ ਅੰਗ ਬਣ ਗਏ ਹਨ। ਗੱਲ ਕੀ ਸਾਡੀਆ ਲੋਕ-ਪਰਵਾਨਿਤ ਪਰੀਤ-ਕਥਾਵਾਂ ਪਹਿਲਾ ਲੋਕ ਹਿਰਦਿਆਂ ਵਿੱਚ ਲੋਕ ਗੀਤਾ ਰਾਹੀਂ ਹੀ ਪਰਵਾਨ ਚੜ੍ਹੀਆਂ ਤੇ ਸ਼ਾਇਦ ਇਹਨਾ ਗੀਤੇਂ ਨੇ ਹੀ ਵਿਅਕਤੀਗਤ ਕਿੱਸਾਕਾਰਾਂ ਨੂੰ ਪਰੀਤ ਕਥਾਵਾਂ, ਕਿੱਸਿਆ ਵਿੱਚ ਸਮੋਣ ਲਈ ਪਰੇਰਿਤ ਕੀਤਾ। ਪੰਜਾਬ ਕਿਉਕਿ ਸੂਰਮਿਆ ਅਤੇ ਆਸ਼ਕਾ ਦੀ ਧਰਤੀ ਹੈ ਤੇ ਇੱਥੋਂ ਦੇ ਲੋਕ-ਗੀਤ ਰਚਨਹਾਰਿਆ ਨੇ ਇਹਨਾਂ ਦੇ ਨਾਇਕਾ ਦੀ ਪਛਾਣ ਕਰਕੇ ਇਹਨਾਂ ਨੂੰ ਆਪਣੇ ਗੀਤਾਂ ਦਾ ਅੰਗ ਬਣਾ ਲਿਆ ਹੈ।

    ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਜਨਮ ਤੋਂ ਲੈ ਕੇ ਮੌਤ ਤੱਕ ਦੀਆ ਅਨੇਕਾ ਘਟਨਾਵਾਂ ਨੂੰ ਉਹਨਾ ਦੇ ਸਮਾਜਿਕ ਪ੍ਸੰਗ ਵਿੱਚ ਪੇਸ਼ ਕਰਨ ਦੇ ਨਾਲ-ਨਾਲ ਪੰਜਾਬੀ ਭਾਈਚਾਰੇ ਦੇ ਸਚਿਆਰੇ ਜੀਵਨ ਤੇ ਸਾਕਾਦਰੀਆ ਦੇ ਮਿਲ ਵਰਤਣ ਦੀ ਬਹੁਰੰਗੀ ਝਲਕੀ ਪੇਸ਼ ਕਰਦਾ ਹੈ। ਇਹਨਾਂ ਵਿੱਚ ਜਿੱਥੇ ਸਮੂਹਿਕ ਭਾਈਚਾਰਕ ਜੀਵਨ ਦੀ ਝਾਕੀ ਪ੍ਸਤੁਤ ਹੁੰਦੀ ਹੈ ਉੱਥੇ ਪੱਜਾਬੀ ਰਹਿਤ-ਬਹਿਤ ਦੇ ਅਨੇਕਾ ਪੱਖਾ ਨੂੰ ਜ਼ੁਬਾਨ ਮਿਲਦੀ ਹੈ ਜਿਵੇਂ:
ਵੇ ਪਿੱਪਲਾ ਤੂ ਆਪ ਵੱਡਾ ਪਰਿਵਾਰ ਵੱਡਾ
ਪੱਤਿਆ ਨੇ ਛਹਿਬਰ ਲਾਈ,
ਵੇ ਡਾਣਿਆ ਤੋਂ ਬਾਝ ਤੈਨੂੰ ਸਰਦਾ ਨਾਹੀ।
ਪੱਤਿਆ ਨੇ ਛਹਿਬਰ ਲਾਈ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਭਾਈਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਚਾਚਿਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਜੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਲਾਗੀਆ ਤੋ ਬਾਝ ਤੈਨੂੰ ਸਰਦਾ ਨਾਹੀਂ।
ਵੇ ਬਾਬਲ ਤੂ ਆਪ ਵੱਡਾ ਪਰਿਵਾਰ ਵੱਡਾ
ਪੱਤਿਆ ਤੋ ਬਾਝ ਤੈਨੂੰ ਸਰਦਾ ਨਾਹੀਂ।

ਇਸ ਲੋਕ-ਗੀਤ ਵਿੱਚ ਪੰਜਾਬ ਦੇ ਭਾਈਚਾਰਿਕ ਜੀਵਨ ਵਿੱਚਲੀ ਅਤੁੱਟ ਸਾਂਝ ਅਤੇ ਉਸ ਦੀ ਲੋੜ ਨੂੰ ਪਿੱਪਲ ਦੇ ਚਿੰਨ੍ਹ ਰਾਹੀਂ ਰੂਪਮਾਨ ਕਿਤਾ ਗਿਆ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਂਝੀ ਰਹਿਣੀ ਅਤੇ ਸੰਯੁਕਤ ਪਰਿਵਾਰ ਦੀ ਖਾਸ ਲੋੜ ਮਹਿਸੂਸ ਕੀਤੀ ਜਾਂਦੀ ਹੈ।

    ਕਿਰਸਾਣੀ ਸਮਾਜ ਵਿੱਚ ਵੀ ਵਰ-ਘਰ ਦੀ ਚੋਣ ਸਮੇਂ ਵੀ ਇਸ ਗੱਲ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਪਰਿਵਾਰ ਜਾ ਖਾਨਦਾਨ ਕਿਤਨਾ ਕੁ ਵੱਡਾ ਹੈ। ਪੰਜਾਬ ਦੇ ਸੁਹਾਗ ਗੀਤਾਂ ਵਿੱਚ ਅਨੇਕਾਂ ਥਾਈਂ ਅਜਿਹੇ ਪਰਿਵਾਰ ਦੀ ਕਲਪਨਾ ਕਿਤੀ ਗਈ ਹੈ :
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਸੱਸ ਭਲੀ, ਸਹੁਰਾ ਪ੍ਰਧਾਨ ਹੋਵੇ।
ਡਾਹ ਬਹਿੰਦੀ ਪੀੜ੍ਹਾ ਸਾਹਮਣੇ ਮੱਥੇ ਕਦੀ ਨਾ ਵੱਟ।
ਬਾਬਲ ਤੇਰਾ ਪੁੰਨ ਹੋਵੇ, ਤੇਰਾ ਹੋਵੇ ਵੱਡੜਾ ਜੱਸ ਬਾਬਲਾ।
ਦੇਵੀਂ ਵੇ ਬਾਬਲਾ ਉਸ ਘਰੇ ਜਿੱਥੇ ਸੱਸੂ ਦੇ ਬਾਹਲੜੇ ਪੁੱਤ,
ਇੱਕ ਮੰਗੀਏ ਇੱਕ ਵਿਆਹਰੀਏ ਵੇ ਮੈਂ ਸ਼ਾਦੀਆ ਵੇਖਾਂ ਨਿੱਤ।
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਬੂਰੀਆਂ ਹੋਵਣ ਸੱਠ,
ਇੱਕ ਰਿੜਕਾ ਇੱਕ ਜਮਾਵਾਂ, ਵੇ ਮੇਰਾ ਚਾਟੀਆਂ ਦੇ ਵਿੱਚ ਹੱਥ।
ਦੇਈਂ ਵੇ ਬਾਬਲਾ ਉਸ ਘਰੇ ਜਿੱਥੇ ਦਰਜ਼ੀ ਸੀਵੇ ਪੱਟ,
ਇੱਕ ਪਾਵਾਂ ਇੱਕ ਟੱਗਣੇ ਵੇ ਮੇਰਾ ਸੰਦੂਖਾਂ ਦੇ ਵਿੱਚ ਹੱਥ।
ਦੇਈਂ ਵੇ ਬਾਬਲਾ ਉਸ ਘਰੇ, ਜਿੱਥੇ ਘਾੜ ਘੜੇ ਸੁਨਿਆਰ,
ਇੱਕ ਪਾਵਾਂ ਇੱਕ ਲਾਹਵਾਂ, ਵੇ ਮੇਰਾ ਵਿੱਚ ਪਟਾਰੀਆ ਹੱਥ।

ਦਿਲਚਸਪ ਗੱਲ ਇਹ ਹੈ ਕਿ ਇਸ ਗੀਤ ਵਿੱਚ ਵਰ ਦਾ ਕਿੱਧਰੇ ਜ਼ਿਕਰ ਨਹੀਂ ਆਇਆ ਅਤੇ ਸਾਰਾ ਧਿਆਨ ਕੇਵਲ ਘਰ ਅਤੇ ਖਾਨਦਾਨ ਉੱਤੇ ਕੇਂਦ੍ਰਿਤ ਹੈ। ਲੋਕ-ਗੀਤ ਦੀ ਮੂਲ ਭਾਵਨਾ ਜਿੱਥੇ ਸਰਦੇ-ਪੁੱਜਦੇ ਰੱਜੇ-ਪੁੱਜੇ ਪਰਿਵਾਰ ਨਾਲ ਸੰਬੰਧਿਤ ਹੈ ਉੱਥੇ ਸੱਸੂ ਦੇ ਬਾਹਲੜੇ ਪੁੱਤਾ ਦੀ ਅਜਿਹੀ ਸਮਾਜਿਕ ਲੋੜ ਵੱਲ ਇਸ਼ਾਰਾ ਵੀ ਹੈ ਜੋ ਕਿ ਕਿਰਸਾਣੀ ਜੀਵਨ ਦੀ ਇੱਕ ਲੋੜ ਹੈ। ਇਹ ਸਾਰੀ ਦੀ ਸਾਰੀ ਲੋਕ-ਗੀਤ ਰਚਨਾ ਕਿਰਸਾਣੀ ਸਮਾਜ ਦੇ ਘਰੋਗੀ ਜੀਵਨ ਦੀਆਂ ਤਾਲਾਂ ਨਾਲ ਓਤਪੋਤ ਹੈ। ਇਸ ਤੋਂ ਇਲਾਵਾ ਸਾਡੇ ਲੋਕ-ਗੀਤਾਂ ਵਿੱਚੋਂ ਕਿਰਸਾਣੀ ਸਮਾਜ ਵਿੱਚ ਮਰਦ ਦੀ ਸਰਦਾਰੀ ਅਤੇ ਔਰਤ ਦੀ ਅਧੀਨਗੀ ਦੇ ਅਨੇਕਾਂ ਅਜਿਹੇ ਉਦਾਹਰਨ ਮਿਲਦੇ ਹਨ ਜਿਨ੍ਹਾਂ ਵਿੱਚੋਂ ਲੜਕੀ ਵਾਲੇ ਘਰ ਦੀ ਨਿਮਨ ਸਥਿਤੀ ਦੀ ਝਲਕ ਮਿਲਦੀ ਹੈ:
ਕੋਠਾ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ,
ਇਸ ਕੋਠੇ ਦੀ ਛੱਤ ਪੁਰਾਣੀ, ਕੋਠਾ ਧਰਮੀ ਤਾਂ ਨਿਵਿਆਂ।
ਬਾਬਲ ਕਿਉਂ ਨਿਵਿਆਂ, ਧਰਮੀ ਕਿਉਂ ਨਿਵਿਆਂ,
ਇਸ ਬਾਬਲ ਦੀ ਕੰਨਿਆ ਕੁਆਰੀ, ਬਾਬਲ ਧਰਮੀ ਤਾਂ ਨਿਵਿਆਂ।

ਮਰਦ ਪ੍ਰਧਾਨ ਸਮਾਜ ਵਿੱਚ ਕੁੜੀ ਦਾ ਬਾਬਲ ਚਾਹੇ ਕਿੰਨਾ ਹੀ ਵੱਡਾ ਸਰਦਾਰ ਕਿਉਂ ਨਾ ਹੋਵੇ ਉਸਨੂੰ ਕੁੜਮਾਚਾਰੀ ਦੇ ਸਾਹਮਣੇ ਨਿਵਣਾ ਹੀ ਪੈਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਪੁੱਤਰ ਅਤੇ ਧੀ ਦੇ ਜਨਮ ਨੂੰ ਵੱਖਰੀ-ਵੱਖਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ।

    ਸਾਡੇ ਭਾਈਚਾਰੇ ਵਿੱਚ ਔਰਤਾਂ ਨੂੰ ਮਰਦ ਦੇ ਮੁਕਾਬਲੇ ਤੇ ਸਦਾ ਅਧੀਨਗੀ ਦੀ ਸਥਿਤੀ ਵਿੱਚ ਜਿਉਂਣਾ ਪੈਂਦਾ ਹੈ ਤੇ ਉਸਦੀ ਖੱਟੀ ਕਮਾਈ ਨੂੰ ਮਰਦਾਂ ਦੇ ਮੁਕਾਬਲੇ ਬੜਾ ਨਿਮਣ ਤੇ ਨਿਗੁਣਾ ਜਿਹਾ ਮੰਨਿਆ ਜਾਦਾ ਹੈ।
ਜੇਠ ਹਾੜ ਦੀਆਂ ਧੁੱਪਾਂ ਵੇ ਚੰਨਾ, ਏਥੇ ਪੈਣ ਬਲਾਈਂ,
ਵੇ ਲਾਲ ਦਮਾਂ ਦਿਆ ਲੋਭੀਆਂ, ਪ੍ਰਦੇਸ ਨਾ ਜਾਈਂ।
ਮੈ ਕੱਤੂਗੀ ਨਿੱਕੜਾ, ਤੂੰ ਬਹਿ ਕੇ ਖਾਈਂ,
ਨੀ ਲਾਜੋ ਨਾਰਾਂ ਦੀ ਖੱਟੀ ਵਿੱਚ ਕੋਈ ਬਰਕਤ ਨਾਹੀਂ,
ਨੀ ਗੋਰੀਏ, ਮਰਦਾ ਦੀ ਖੱਟੀ, ਚੂੜੇ ਛਣਕਨ ਬਾਹੀਂ।

ਇਹ ਗੀਤ ਜਿਸ ਸਮਾਜਿਕ ਮਨੋਸਥਿਤੀ ਦੀ ਉਪਜ ਹੈ ਉਸ ਵਿੱਚ ਔਰਤ ਦੀ ਖੱਟੀ ਕਮਾਈ ਨੂੰ ਕਿਸੇ ਨੌਂਗੇ ਵਿੱਚ ਨਹੀਂ ਗਿਣਿਆ ਜਾਂਦਾ ਤੇ ਸਾਰੀਆਂ ਬਰਕਤਾਂ ਮਰਦ ਦੀ ਬਦੌਲਤ ਹੀ ਮੰਨੀਆ ਗਈਆ ਹਨ। ਔਰਤ ਦੀ ਇਸ ਸਥਿਤੀ ਦੇ ਨਾਲ-ਨਾਲ ਕਿਰਸਾਣੀ ਸਮਾਜ ਦੀਆਂ ਆਰਥਿਕ ਤੰਗੀਆਂ ਤੁਰਸੀਆਂ, ਲੋੜਾਂ, ਥੁੱੜਾਂ ਤੇ ਕਸਕਾਂ ਨੂੰ ਵੀ ਲੋਕ-ਗੀਤਾਂ ਵਿੱਚ ਭਰਵੀ ਥਾਂ ਮਿਲਦੀ ਹੈ। ਪੰਜਾਬ ਦੀ ਛੋਟੀ ਕਿਰਸਾਣੀ ਅਤੇ ਆਰਥਿਕ ਸੰਕਟਾ ਤੇ ਤੰਗੀਆਂ-ਤੁਰਸੀਆਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਪੈਦਾ ਹੋਏ ਕਈ ਅੰਤਰ ਵਿਰੋਧਾਂ ਨੂੰ ਵੀ ਲੋਕ-ਗੀਤ ਰੂਪਮਾਨ ਕਰਦੇ ਹਨ।

    ਪੰਜਾਬੀ ਲੋਕ-ਗੀਤਾਂ ਵਿੱਚ ਕਿਰਸਾਣੀ ਸਮਾਜ ਦੇ ਆਰਥਿਕ ਰਿਸ਼ਤਿਆਂ ਦੇ ਨਾਲ-ਨਾਲ ਸਾਕਾਂ ਸਰੀਕੀਆਂ ਅਤੇ ਬਰਾਦਰੀਆਂ ਦੇ ਵਰਤ ਵਿਹਾਰ ਦੇ ਅਨੇਕਾਂ ਰੂਪ ਵੇਖਣ ਨੂੰ ਮਿਲਦੇ ਹਨ। ਇਹਨਾਂ ਵਿੱਚ ਪੰਜਾਬੀਆਂ ਦੇ ਸਚਿਆਰੇ ਜੀਵਨ ਤੇ ਰਿਸ਼ਤੇ ਨਾਤਿਆ ਦੇ ਕਈ ਚਿਤਰ ਤਾਂ ਸਜੀਵ ਰੂਪਧਾਰਨ ਕਰ ਗਏ ਹਨ। ਖਾਸ ਕਰਕੇ ਸੁਹਾਗਾਂ ਅਤੇ ਘੋੜੀਆਂ ਵਿੱਚ ਨਾਨਕਿਆਂ, ਦਾਦਕਿਆਂ, ਪੇਕਿਆਂ, ਸਹੁਰਿਆਂ, ਚਾਚਿਆਂ, ਤਾਇਆਂ,ਮਾਮਿਆਂ, ਭੂਆ, ਫੁੱਫੜਾ, ਨਾਨੀਆਂ, ਨਾਨਿਆਂ, ਦਾਦੀ, ਦਾਦਿਆਂ, ਗੱਲ ਕੀ ਸਾਰੇ ਰਿਸ਼ਤੀਆਂ ਦੇ ਵਿਭਿੰਨ ਰੂਪ ਪ੍ਰਸਤੁਤ ਹੁੰਦੇ ਹਨ। ਇਹ ਸਾਰੇ ਸਾਕ ਅੰਗ, ਸਾਕ-ਸਰੀਕਿਆਂ, ਸ਼ਰੀਕੇ-ਬਰਾਦਰੀਆਂ ਸਾਡੇ ਜੀਵਨ ਵਿੱਚ ਜਿਉਂ ਦਾ ਤਿਉਂ ਵਿਚਰਦੇ ਪ੍ਰਤੀਤ ਹੁੰਦੇ ਹਨ। ਵਿਆਹ ਸ਼ਾਦੀਆਂ ਦੇ ਸਮੇਂ ਕਿੱਧਰੇ ਨਾਨਕਿਆਂ, ਦਾਦਕਿਆਂ ਦੀ ਲੋੜ ਮਹਿਸੂਸ ਹੁੰਦੀ ਹੈ। ਕਿੱਧਰੇ ਧਰਮੀ ਬਾਬਲ, ਚਾਚੇ, ਮਾਮੇ, ਵੀਰ, ਫੁੱਫੜ, ਬਾਬੇ ਆਪਣੀ ਧੀ ਲਈ ਵਰ ਟੋਲਣ ਜਾਂਦੇ ਹਨ, ਕਿੱਧਰੇ ਨਾਨਕੀਆਂ ਹੱਥੀਂ ਚੂੜੇ ਪਾ ਕੇ ਚੜੋ-ਚੜੰਦੀਆਂ ਗਾਉਂਦੀਆਂ ਆਉਂਦੀਆਂ ਹਨ। ਕਿਧਰੇ ਮਾਮਾ ਆਪਣੀ ਭਾਣਜੀ ਨੂੰ ਖਾਰਿਉਂ ਉਤਾਰਦਾ ਵਿਭਿੰਨ ਰਸਮਾਂ ਨਿਭਾਉਦਾ ਹੈ ਜਿਵੇਂ:
ਹਰੇ ਨ੍ਹਾਈ ਹਰੇ ਧੋਈ, ਹਰੇ ਠੰਡਾ ਪਾਣੀਆਂ,
ਦੇਸ ਮਾਮਾ ਵਹਿੜ ਵੱਛੀ, ਤੇਰਾ ਪੁੰਨ ਕਰਕੇ ਜਾਣੀਏ।
ਅੱਗੇ ਤਾ ਦਿੰਦਾ ਸੈਂ ਅੱਜੀਂ ਪੱਜੀਂ,
ਹੁਣ ਦਿਤੜਾ ਦਾਨ ਪਛਾਣੀਏ।

ਪੰਜਾਬੀ ਲੋਕ-ਗੀਤਾਂ ਪੰਜਾਬ ਦੇ ਕਿਰਸਾਣੀ ਸਮਾਜ ਦੇ ਸੱਭਿਆਚਾਰ ਦਾ ਜੋ ਚਿਤਰ ਸਾਕਾਰ ਕਰਦੇ ਹਨ, ਉਸ ਵਿੱਚੋਂ ਇਸ ਵਰਤਾਰੇ ਦੀ ਜਾਤਾਂ-ਜਮਾਂਤਾਂ ਦੀ ਸ਼੍ਰੇਣੀ ਵੰਡ ਵੀ ਕਿਧਰੇ ਨਜ਼ਰੀ ਪੈਂਦੀ ਹੈ। ਕਿਰਸਾਣੀ ਸਮਾਜ ਵਿੱਚ ਰਿਸ਼ਤਿਆਂ-ਨਾਤਿਆਂ ਦਾ ਜਜਮਾਨੀ-ਰਿਸ਼ਤਾ ਲੋਕ-ਗੀਤਾਂ ਦੀ ਸਿਰਜਣਾ ਪ੍ਰਕਿਰਿਆਂ ਦਾ ਅਧਾਰ ਵੀ ਬਣਦਾ ਹੇ ਜਿਵੇਂ:
ਰਾਜਾ ਤੇ ਪੁੱਛਦਾ ਰਾਣੀਏ, ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
ਗਾਗਾਰ ਦੇ ਸੁੱਚੇ ਮੋਤੀ ਕ੍ਹਿਨੂੰ ਦੇਈਏ।
ਪਾਂਧੇ ਦੇ ਜਾਈਏ ਵੇ ਰਾਜਾ, ਸਾਹਾ ਸੁਧਾਈਏ, ਸਾਹਾ ਸੁਧਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,
ਇੰਦਰ ਦੀ ਵਰਖਾ ਵੇ ਰਾਜਾ ਨਿੱਤ ਨਹੀਉਂ।
.............................
ਨਾਈ ਦੇ ਜਾਈਏ ਵੇ ਰਾਜਾ, ਗੰਢਾਂ ਘਲਾਈਏ, ਗੰਢਾਂ ਘਲਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਲਲਾਰੀ ਦੇ ਜਾਈਏ ਵੇ ਰਾਜਾ, ਚੀਰਾ ਰੰਗਾਇਏ, ਚੀਰਾ ਰੰਗਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਸੁਨਿਆਰੇ ਦੇ ਜਾਈਏ ਵੇ ਰਾਜਾ, ਕੈਂਠਾਂ ਘੜਾਈਏ, ਕੈਂਠਾਂ ਘੜਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ ਵੇ ਰਾਜਾ।
.............................
ਮਾਲਣ ਦੇ ਜਾਈਏ ਵੇ ਰਾਜਾ, ਸਿਹਰਾ ਗੁੰਦਾਈਏ, ਸਿਹਰਾ ਗੁੰਦਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਦਰਜੀ ਦੇ ਜਾਈਏ ਵੇ ਰਾਜਾ, ਲੀੜੇ ਸਵਾਈਏ, ਲੀੜੇ ਸਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਈਏ।
.............................
ਮੋਚੀ ਦੇ ਜਾਈਏ ਵੇ ਰਾਜਾ, ਜੋੜਾ ਬਣਵਾਈਏ, ਜੋੜਾ ਬਣਵਾਈਏ,
ਗਾਗਰ ਦੇ ਸੁੱਚੇ ਮੋਤੀ ਤਾਂ ਉਨੂੰ ਦੇਇਏ।

ਇਸ ਲੋਕ-ਗੀਤ ਵਿੱਚ ਸਾਡੇ ਸੱਭਿਆਚਾਰਕ ਵਰਤਾਰੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਹੁੰਦੀ ਹੈ ਜਿਸ ਵਿੱਚ ਇੱਕ ਜੱਟ ਕਿਰਸਾਣ ਜਜਮਾਨ ਹੈ ਤੇ ਉਸ ਦੇ ਆਸੇ-ਪਾਸੇ ਲਾਗੀਆਂ ਦਾ ਇੱਕ ਝੂੰਮਰ ਹੈ। ਇਹ ਲਾਗੀ ਆਪਣੇ ਜਜਮਾਨਾ ਨਾਲ ਇੱਕ ਕਦੀਮੀ ਸਾਂਝ ਤੇ ਰਿਸ਼ਤੇ ਵਿੱਚ ਇਸ ਤਰ੍ਹਾਂ ਬੱਝੇ ਪਏ ਹਨ ਕਿ ਇਹ ਇੱਕ ਦੂਸਰੇ ਦੇ ਪੂਰਕ ਪ੍ਰਤੀਤ ਹੁੰਦੇ ਹਨ। ਭਾਵੇਂ ਜਜਮਾਨ ਇੱਕ ਰਾਜਾ ਹੈ ਪਰ ਲਾਗੀਆਂ ਨੂੰ ਸਾਡੇ ਸੱਭਿਆਚਾਰ ਵਿੱਚ ਆਦਰ ਮਾਣ ਵਾਲੇ ਨਾਵਾਂ ਨਾਲ ਪੁਕਾਰਿਆਂ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਡੇ ਲਾਗੀ - ਜਜਮਾਨੀ ਰਿਸ਼ਤਿਆਂ ਵਿੱਚ ਇੱਕ ਸੱਭਿਆਚਾਰਕ ਨਿੱਘ, ਅਪਣੱਤ ਤੇ ਸਾਂਝ ਦਾ ਅਹਿਸਾਸ ਹੁੰਦਾ ਹੈ।

    ਜਿੱਥੋਂ ਤੱਕ ਸੰਸਕਾਰ-ਗੀਤਾਂ ਦਾ ਸੰਬਧ ਹੈ ਇਹ ਲੋਕ-ਗੀਤ ਪੰਜਾਬੀਆਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਥਾਂ-ਪਰ-ਥਾਂ ਪੰਜਾਬੀਆਂ ਦਾ ਸੰਗ ਪਾਲਦੇ ਹੋਏ ਸਾਡੀਆਂ ਭਾਈਚਾਰਿਕ ਰਸਮਾਂ ਦਾ ਅਤੁੱਟ ਅੰਗ ਬਣ ਗਏ ਹਨ ਤੇ ਸਾਡੇ ਭਾਈਚਾਰੇ ਦੀ ਸ਼ਾਇਦ ਹੀ ਕੋਈ ਅਜਿਹੀ ਰਸਮ ਹੋਵੇ ਜਿਸ ਨਾਲ ਸਾਡੇ ਲੋਕ-ਗੀਤਾਂ ਦਾ ਸਾਥ ਨਾ ਹੋਵੇ। ਸ਼ਾਇਦ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਪੰਜਾਬੀ ਲੋਕ-ਗੀਤਾਂ ਵਿੱਚ ਜੰਮਦਾ, ਪਲਦਾ, ਨਿੰਮਦਾ, ਵਿਆਹਿਆ ਜਾਂਦਾ ਅਤੇ ਮਰਦਾ ਹੈ। ਇੱਥੋਂ ਤੱਕ ਕਿ ਸੰਸਕਾਰ-ਗੀਤਾਂ ਵਿੱਚ ਤਾਂ ਸਾਡਾ ਸਮੁੱਚਾ ਭਾਈਚਾਰਾ ਵਾਸਤਵਿਕ ਰੂਪ ਵਿੱਚ ਵਿਹਾਰ ਕਰਦਾ, ਮੰਨਤਾਂ-ਮਨੌਤਾਂ ਮਨਾਉਂਦਾ, ਵਿਗਸਦਾ, ਮੌਲਦਾ, ਨਜ਼ਰ ਆਉਂਦਾ ਹੈ।

    ਪੰਜਾਬੀ ਲੋਕ-ਗੀਤਾਂ ਨੇ ਇੱਥੋਂ ਦੇ ਧਰਮ ਅਤੇ ਸਦਾਚਾਰ ਨਾਲ ਵੀ ਆਪਣੀ ਅਤੁੱਟ ਸਾਂਝ ਦਾ ਸਬੂਤ ਦਿੱਤਾ ਹੈ। ਵਿਸ਼ੇਸ਼ ਤੇ ਵਿਲੱਖਣ ਖੂਬੀ ਇਹ ਹੈ ਕਿ ਨਾ ਤਾਂ ਇਸ ਜ਼ਰਖੇਜ਼ ਧਰਤੀ ਵਿੱਚੋਂ ਉਪਜਿਆ ਧਰਮ ਹੀ ਗੁੰਝਲਦਾਰ ਹੈ ਅਤੇ ਨਾ ਹੀ ਇੱਥੋਂ ਦੀਆਂ ਲੋਕ-ਗੀਤ ਸਿਰਜਣਾ ਗੁੰਝਲਦਾਰ ਹਨ। ਪੰਜਾਬ ਦੇ ਲੋਕ-ਗੀਤ ਰਚਣਹਾਰਿਆਂ ਨੇ ਜੇਕਰ ਇੱਕ ਪਾਸੇ ਬਹਾਦਰ ਲੋਕ-ਨਾਇਕਾਂ, ਪ੍ਰੀਤ-ਪਾਤਰਾਂ, ਭਗਤੀਵਾਨਾ ਅਤੇ ਸ਼ਕਤੀਵਾਨਾਂ ਨੂੰ ਨਵੇਂ ਨਕਸ਼ ਪਰਦਾਨ ਕੀਤੇ ਹਨ ਤਾਂ ਦੂਸਰੇ ਪਾਸੇ ਇੱਥੋਂ ਉਪਜੇ ਧਰਮ ਅਤੇ ਸਦਾਚਾਰ ਨੂੰ ਵੀ ਬੜਾ ਸਹਿਵਨ ਹੀ ਆਪਣਾ ਅੰਗ ਬਣਾ ਲਿਆ ਹੈ ਜਿਵੇਂ:
ਧਰਤੀ ਜੇਡ ਗਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਬ੍ਰਹਮਾ ਜੇਡ ਪੰਡਤ ਨਾ ਕੋਈ
ਸੀਤਾ ਜੇਡ ਨਾ ਮਾਤਾ।
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ।
ਸਰਵਣ ਜੇਡ ਪੁੱਤਰ ਨਾ ਕੋਈ,
ਜਿਸ ਰੱਬ ਦਾ ਨਾਮ ਗਿਆਤਾ।
ਨਾਨਕ ਜੇਡ ਭਗਤ ਨਾ ਕੋਈ,
ਜਿਨ ਹਰ ਦਾ ਨਾਮ ਪਛਾਤਾ।
ਦੁਨੀਆ ਮਾਣ ਕਰਦੀ,
ਰੱਬ ਸਭਨਾਂ ਦਾ ਰਾਖਾ।

ਉਪਰੋਕਤ ਲੋਕ-ਗੀਤ ਵਿੱਚੋਂ ਧਾਰਮਿਕ ਰਵਾਦਾਰੀ ਅਤੇ ਸਾਦਗੀ ਦੀ ਜੋ ਤਸਵੀਰ ਝਲਕਦੀ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਸਾਰੇ ਸੰਤਾਂ ਭਗਤਾਂ ਨੂੰ ਮੰਨਦੇ ਹੋਏ ਉਹਨਾਂ ਵਿੱਚ ਕਿਸੇ ਕਿਸਮ ਦਾ ਭੇਦ-ਭਾਵ ਜਾਂ ਵਿਤਕਰਾ ਨਹੀਂ ਮੰਨਦੇ।

    ਇਸ ਧਰਤੀ ਵਿੱਚੋਂ ਪੈਦਾ ਹੋਏ ਸਦਾਚਾਰ ਦੀਆਂ ਕਈ ਪ੍ਰਤੀਨਿਧ ਉਦਾਹਰਨਾ ਲੋਕ-ਗੀਤਾਂ ਵਿੱਚ ਵੀ ਮਿਲਦੀਆਂ ਹਨ - ਜਿਵੇਂ ਪੂਰਨ ਦੀ ਲੋਕ-ਕਥਾਂ ਵਿੱਚ ਪੂਰਨ ਸਦਾਚਾਰ ਦੀਆਂ ਕਰੜੀਆਂ ਪਰੀਖਿਆਵਾਂ ਵਿੱਚੋ ਨਿਕਲ ਕੇ ਹੀ ਪ੍ਰਵਾਨ ਚੜ੍ਹਦਾ ਹੈ। ਉਸ ਨੂੰ ਨਾ ਤਾਂ ਲੂਣਾ ਦੇ ਲਵਾਏ ਸੋਹਣੇ ਬਾਗ ਤੇ ਨਵਾਬ ਸੇਜਾਂ ਉਸਦੇ ਜਤ-ਸਤ ਤੋਂ ਡੁਲਾ ਸਕਦੀਆਂ ਹਨ ਅਤੇ ਨਾ ਹੀ ਸੁੰਦਰਾਂ ਦਾ ਬੇਪਨਾਹ ਹੁਸਨ ਥਿੜਕਾ ਸਕਦਾ ਹੈ:
ਵੇ ਮੈਂ ਬਾਗ ਲਵਾਇਆ ਸੁਹਣਾ,
ਵੇ ਤੂੰ ਫੁੱਲਾਂ ਦੇ ਪੱਜ ਆ
ਮੇਰਿਆ ਗੋਰਖ ਨਾਥਾ ਪੂਰਨਾ।
ਨੀਂ ਮੈਂ ਤੇਰੇ ਬਾਗੀਂ ਨਾ ਆਵਾਂ
ਤੂੰ ਤਾਂ ਲੱਗੇਂ ਧਰਮ-ਦੀ ਮਾਂ,
ਮੇਰੀਏ ਅਕਲਾਂ ਸਮਝ ਸਿਆਣੀਏ।
ਵੇ ਮੈਂ ਨਾ ਜੰਮਿਆ ਨਾ ਪਾਲਿਆ
ਮੈਂ ਕਿਸ ਬਿੱਧ ਦੀ ਮਾਂ ?
ਮੇਰਿਆ ਗੋਰਖ ਨਾਥਾ ਪੂਰਨਾ।
ਨੀ ਤੂੰ ਮੇਰੇ ਬਾਪ ਦੀ ਇਸਤਰੀ,
ਇਸ ਬਿਧ ਧਰਮ-ਦੀ ਮਾਂ
ਮੇਰੀਏ ਅਕਲਾਂ ਸਮਝ ਸਿਆਣੀਏ।

ਇਸ ਲੋਕ-ਗੀਤ ਵਿੱਚ ਅਸਲ ਝਗੜਾ ਧਰਮ ਅਤੇ ਸਦਾਚਾਰ ਦਾ ਹੈ। ਲੂਣਾ ਦੀ ਹਰ ਦਲੀਲ ਦਾ ਪੂਰਨ ਪਾਸ ਜਵਾਬ ਹੈ। ਅਸਲ ਵਿੱਚ ਪੂਰਨ ਜਿਹੀ ਸਾਬਤੀ ਅਤੇ ਸਦਾਚਾਰਿਕ ਤੇ ਦ੍ਰਿੜਤਾ ਦੇ ਮਾਰਗ ਤੇ ਤੁਰਨ ਤੋਂ ਬਗੈਰ ਕੋਈ ਲੋਕ-ਨਾਇਕ ਦੀ ਕੱਸਵਟੀ ਤੇ ਪੂਰਾ ਨਹੀਂ ਉਤਰ ਸਕਦਾ। ਇਹੀ ਕਾਰਨ ਹੈ ਕਿ ਪੰਜਾਬ ਦੇ ਸਾਰੇ ਲੋਕ-ਨਾਇਕ ਚਾਹੇ ਸੂਰਮਗਤੀ, ਧਰਮ ਤੇ ਪ੍ਰੀਤ ਦੇ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਵਿਚਰਨ ਉਹਨਾਂ ਨੂੰ ਪੰਜਾਬੀ ਸਦਾਚਾਰ ਦੀ ਕੁਠਾਲੀ ਵਿੱਚੋ ਢਲਕੇ ਹੀ ਲੋਕ ਪ੍ਰਵਾਨ ਚੜਨਾ ਪੈਂਦਾ ਹੈ।

    ਪੂਰਨ ਜਿਹੀ ਫ਼ਕੀਰੀ ਤੇ ਸਦਾਚਾਰ ਦਾ ਮਾਰਗ ਹੀ ਪੰਜਾਬ ਦੇ ਸੱਭਿਆਚਾਰ ਦੀ ਅਸਲ ਕਸਵੱਟੀ ਹੈ। ਪੰਜਾਬ ਦੇ ਲੋਕ-ਨਾਇਕਾਂ ਸੰਬੰਧੀ ਰਚੇ ਗਏ ਗੀਤਾਂ ਤੋਂ ਇਲਾਵਾ ਹੋਰ ਲੋਕ-ਗੀਤਾਂ ਵਿੱਚ ਪੰਜਾਬ ਦੇ ਸਦਾਚਾਰ ਲੱਜ, ਸ਼ਰਮ, ਅਤੇ ਰਵਾਇਤੀ ਕਦਰਾਂ-ਕੀਮਤਾਂ ਦੀਆ ਕਨਸੋਆਂ ਕੰਨੀ ਪੈਂਦੀਆਂ ਹਨ।

    ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਬੋਲੀਆਂ, ਟੱਪੇ, ਮਾਹੀਆ, ਸਿੱਠਣੀਆਂ, ਛੰਦ ਪਰਾਗੇ ਤੇ ਕੁਝ ਹੋਰ ਨਿੱਕੀਆ-ਨਿੱਕੀਆਂ ਗੀਤ-ਬਣਤਰਾਂ ਵਿੱਚੋਂ ਮਿਲਦਾ ਹੈ ਜਿਨ੍ਹਾਂ ਵਿੱਚੋਂ ਇੱਥੋਂ ਦੇ ਰਚਣਹਾਰਿਆਂ ਤੇ ਖਾਸ ਕਰਕੇ ਪੰਜਾਬ ਦੀਆਂ ਸੁਆਣੀਆਂ ਨੇ ਆਪਣੇ 'ਗੁਭ-ਗੁਭਾਟ ' ਕੱਢਕੇ ਆਪਣੀਆ ਕਸਕਾਂ, ਹੌਕੇਂ-ਹਾਵਿਆਂ, ਹੇਰਵਿਆਂ ਵਿਛੋੜੇ, ਤਲਖੀਆਂ ਤੇ ਸਮਾਜਿਕ ਜਿਆਦਤੀਆਂ ਦੇ ਦਰਦ ਅਤੇ ਪੀੜਾ ਨੂੰ ਮੱਠਿਆ ਕੀਤਾ ਹੈ। ਇਸ ਕਰਕੇ ਲੋਕ-ਗੀਤਾਂ ਵਿੱਚੋਂ ਕਿੱਧਰੇ-ਕਿੱਧਰੇ ਸਥਾਪਤ ਪਰੰਪਰਾ ਤੇ ਸਦਾਚਾਰ ਦੇ ਵਿਰੁੱਧ ਨਾਬਰੀ ਦੀ ਸੁਰ ਵੀ ਉੱਚੀ ਹੁੰਦੀ ਹੈ। ਕਿਧਰੇ ਬਾਬਲ ਦੁਆਰਾ ਸਹੇੜੇ ਮਧਰੇ ਤੇ ਕਾਲੇ ਵਰ ਦਾ ਦਰਦ ਹੈ। ਕਿੱਧਰੇ ਸੱਸ ਦੀਆ ਗਾਲਾਂ ਹਨ। ਕਿਧਰੇ ਸਹੁਰੇ, ਜੇਠ ਦੀਆਂ ਘੂਰਾਂ ਹਨ, ਕਿਧਰੇ ਪਰਦੇਸ ਗਏ ਮਾਹੀ ਦੇ ਹੌਕੇਂ ਹਨ। ਕਿਧਰੇ ਅੱਲੜ ਪਤੀ ਦੀਆਂ ਬੇਪ੍ਰਵਾਹੀਆਂ ਹਨ, ਕਿਧਰੇ ਦਰਾਣੀਆਂ-ਜਠਾਣੀਆਂ ਤੇ ਨਣਦਾਂ ਦੇ ਸਰੀਕੇ ਹਨ:
ਰੱਤੀ ਰੱਤੀ ਡੱਬੀ ਵਿੱਚ ਸੀਟੀਆਂ ਵੇ ਲਾਲ,
ਤੇਰੀ ਭੈਣ ਨੇ ਸਾਨੂੰ ਗੱਲਾਂ ਕੀਤੀਆਂ ਵੇ ਲਾਲ।
ਤੇਰੀ ਭੈਣ ਲੜੇ, ਨਾ ਲੜਨਾਂ ਵੇ ਲਾਲ,
ਅਸੀਂ ਸਿਰ ਚਰਨਾ ਤੇ ਧਰਨਾ ਵੇ ਲਾਲ।


ਪੰਜਾਬ ਦੀ ਧਰਤੀ ਦੀਆਂ ਇਹਨਾਂ ਲੋਕ-ਗੀਤ ਰਚਣਹਾਰੀਆਂ ਸਵਾਣੀਆਂ ਨੇ ਆਪਣੇ ਜੀਵਨ ਦੇ ਨਿੱਕੇ-ਨਿੱਕੇ ਪ੍ਰਤਿਕਰਮਾਂ ਤੇ ਹੁਗਾਰਿਆਂ ਨੂੰ ਲੋਕ-ਗੀਤਾਂ ਨਾਲ ਇਸ ਤਰ੍ਹਾਂ ਜੋੜ ਦਿੱਤਾ ਹੈ ਕਿ ਲੋਕ ਸੱਭਿਆਚਾਰ ਤੇ ਲੋਕ-ਗੀਤ ਇੱਕ-ਮਿੱਕ ਹੋ ਗਏ ਪ੍ਰਤੀਤ ਹੁੰਦੇ ਹਨ। ਲੋਕ ਸੱਭਿਆਚਾਰ ਦੀ ਰਾਂਗਲੀ ਫੁਲਕਾਰੀ ਦੀਆਂ ਝਲਕਾਂ ਇਹਨਾਂ ਵਿੱਚੋਂ ਥਾਂ-ਥਾਂ ਤੇ ਖਿੰਡੀਆਂ ਵੇਖੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਕਿੱਧਰੇ ਚਰਖੇ ਹਲਾਂ ਲਾਗੇ ਲਿਜਾਏ ਜਾਂਦੇ ਹਨ, ਕਿੱਧਰੇ ਮਾਵਾਂ ਪੁੱਤਰਾਂ ਦੀਆਂ ਦੁਆਵਾਂ ਕਰਦੀਆਂ ਹਨ, ਕਿਧਰੇ ਨਾਰਾਂ ਕੰਤਾਂ ਦੀ ਸਲਾਮਤੀ ਚਾਹੁੰਦੀਆਂ ਹਨ, ਕਿਧਰੇ ਦਿਓਰ ਭਰਜਾਈਆਂ ਦੇ ਝੇੜੇ ਹਨ, ਕਿੱਧਰੇ ਹੱਥ ਪੂਣੀਆਂ ਢਾਂਕ ਤੇ ਚਰਖਾ ਹੈ, ਕਿੱਧਰੇ ਨਾਇਣ ਮੀਢੀਆਂ ਗੁੰਦ ਕੇ ਡਾਕ ਬੰਗਲਾ ਬਣਾਉਂਦੀ ਹੈ, ਕਿਧਰੇ ਉੱਚੀਆਂ ਲੰਮੀਆਂ ਟਾਹਲੀਆਂ ਤੇ ਗੁਜਰੀ ਦੀ ਪੀਂਘ ਪੈਂਦੀ ਹੈ, ਕਿਧਰੇ ਬਾਬਲ ਦੇ ਮਹਿਲਾਂ ਵਿੱਚ ਸੱਤ ਰੰਗੀਆ ਕਬੂਤਰ ਬੋਲਦਾ ਹੈ। ਕਿੱਧਰੇ ਕਾਂ ਦੇ ਹੱਥ ਵੀਰਾਂ ਨੂੰ ਸੁਨੇਹਾਂ ਭੇਜਿਆ ਜਾਂਦਾ ਹੈ, ਕਿੱਧਰੇ ਵੀਰ ਨੀਲਾ ਘੋੜਾ ਬੀੜ ਕੇ ਆਉਂਦਾ ਹੈ, ਕਿੱਧਰੇ ਵੀਰ ਦੀ ਕੁਰਸੀ ਥਾਣੇਦਾਰ ਦੇ ਬਰਾਬਰ ਡਹਿੰਦੀ ਹੈ। ਕਿਧਰੇ ਵੀਰ ਰੁੱਸੀ ਭੈਣ ਨੂੰ ਮਨਾਉਂਦਾ ਹੈ, ਕਿਧਰੇ ਚੰਦਰੀ ਸੱਸ ਵੀਰ ਨੂੰ ਸੁੱਕੀ ਖੰਡ ਪਾਉਂਦੀ ਹੈ। ਇਸ ਤਰ੍ਹਾਂ ਪੰਜਾਬੀ ਲੋਕ-ਗੀਤਾਂ ਵਿੱਚ ਥਾਂ-ਪਰ-ਥਾਂ ਪੰਜਾਬ ਦੀ ਮਿੱਟੀ ਦੀ ਮਹਿਕ ਖਿੰਡਰੀ ਨਜ਼ਰ ਆਉਂਦੀ ਹੈ।

    ਅੱਜ ਇਸ ਪ੍ਰਕਾਰ ਦੀ ਰਾਂਗਲੀ ਝਾਕੀ ਪੇਸ਼ ਕਰਨ ਵਾਲੇ ਲੋਕ-ਗੀਤਾਂ ਦੇ ਸ੍ਰੋਤ ਹੌਲੀ-ਹੌਲੀ ਖੁਰਦੇ ਜਾ ਰਹੇ ਹਨ। ਸਾਡੇ ਲੋਕ-ਗੀਤਾਂ ਦੇ ਰਚਣਹਾਰੇ ਤੇ ਬੋਲਣਹਾਰੇ ਕਿਰਮਣ ਕਿਰਮਣ ਸਾਡੇ ਪਾਸੋਂ ਕਿਰਦੇ ਜਾ ਰਹੇ ਹਨ ਤੇ ਸਾਡੀ ਝੋਲ, ਸਾਡੇ ਆਪਣੇ, ਸਾਡੀ ਧਰਤੀ ਦੇ ਲੋਕਾਂ ਦੇ ਇਹਨਾਂ ਗੀਤਾਂ ਖੁਣੋਂ ਸੱਖਣੀ ਹੁੰਦੀ ਜਾ ਰਹੀ ਹੈ। ਜਦ ਸਾਡੀ ਮਾਂ-ਧਰਤੀ ਵਿੱਚੋਂ ਉਪਜੇ ਇਹ ਸੁੱਚੇ ਗੀਤ ਹੀ ਸਾਡੇ ਪਾਸ ਨਹੀਂ ਰਹਿਣਗੇ ਤਾਂ ਅਸੀਂ ਇਹਨਾਂ ਵਿੱਚ ਪੇਸ਼ ਹੋਣ ਵਾਲੀਆਂ ਪੰਜਾਬੀ ਜਨ-ਜੀਵਨ ਤੇ ਵਰਤਾਰੇ ਦੀਆਂ ਸਚਿਆਰੀਆਂ ਕਦਰਾਂ-ਕੀਮਤਾਂ ਕਿਵੇਂ ਬਰਕਰਾਰ ਰੱਖ ਸਕਾਂਗੇ। ਲੋਕ ਵਿਰਸੇ ਤੇ ਖਾਸ ਕਰਕੇ ਲੋਕ-ਗੀਤਾਂ ਦੀ ਸਾਂਭ-ਸੰਭਾਲ ਕਰਨ, ਉਹਨਾਂ ਦੇ ਸਾਰਥਕ ਪੱਖਾਂ ਦਾ ਮੁਲਾਂਕਣ ਕਰਨ ਤੇ ਉਸ ਨੂੰ ਵਰਤਮਾਨ ਨਾਲ ਜੋੜਨ ਦੀ ਜਿੰਨੀ ਲੋੜ ਅੱਜ ਮਹਿਸੂਸ ਕੀਤੀ ਜਾ ਰਹੀ ਹੈ, ਸ਼ਾਇਦ ਪਹਿਲਾਂ ਕਦੇ ਨਹੀਂ ਸੀ ਕੀਤੀ ਗਈ। ਪੰਜਾਬੀ ਲੋਕ-ਗੀਤਾਂ ਦੇ ਸੋਮਿਆ ਨਾਲ ਸਾਂਝ ਪੈਦਾ ਕਰਨ ਦੇ ਸੰਬੰਧ ਵਿੱਚ ਪੰਜਾਬੀ ਦੇ ਸਾਹਿਤ ਰਿਸ਼ੀ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਇਹ ਸਤਰਾਂ ਬਹੁਤ ਮੁੱਲਵਾਨ ਪ੍ਰਤੀਤ ਹੁੰਦੀਆਂ ਹਨ:

    ਜੇ ਕਦੇ ਫੇਰ ਸਾਡੀ ਆਪਣੀ ਜ਼ਿੰਦਗੀ ਵਿੱਚ ਰੂਹ ਨੇ ਰੁਮਕਣਾ ਹੈ, ਤਾਂ ਉਸ ਲਈ ਪੁਰਾਣੀ ਲਾਗ ਨੂੰ ਕਾਇਮ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਆਪਣੇ ਗੀਤ-ਭੰਡਾਰ ਨੂੰ ਸਾਂਭ ਲਈਏ। ਇਹ ਗੀਤ ਹੌਲੀ ਹੌਲੀ ਸਾਡੀ ਯਾਦੋਂ ਲਹਿ ਰਹੇ ਹਨ। ਜੇਕਰ ਕੁਝ ਚਿਰ ਹੋਰ ਸਾਰ ਨਾ ਲਈ ਤਾਂ ਇਹ ਮੂਲੋਂ ਹੀ ਦੁਰਲੱਭ ਹੋ ਜਾਣਗੇ, ਫਿਰ ਅਸੀਂ ਟੈਕਸਲਾ, ਤੇ ਮੋਹਿੰਜੋਦੜੋ ਦੇ ਥੇਹਾਂ ਵਾਕਰ ਇਨ੍ਹਾਂ ਗੀਤਾਂ ਦੀਆਂ ਟੁੱਟੀਆਂ ਫੁੱਟੀਆਂ ਤੁਕਾਂ ਨੂੰ ਹੀ ਸਹਿਕਦੇ ਫਿਰਾਂਗੇ

ਪੰਜਾਬ ਦੀਆਂ ਲੋਕ-ਖੇਡਾਂ

ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ। ਹਰ ਉਮਰ, ਵਰਗ ਅਤੇ ਦੇਸ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਮਨੁੱਖੀ ਖੇਡ-ਪ੍ਰਵਿਰਤੀ ਦਾ ਬੋਧ ਇੱਕ ਨੰਨ੍ਹੇ ਬੱਚੇ ਦੀਆਂ ਹੱਥਾਂ ਪੈਰਾਂ ਨੂੰ ਹਿਲਾਉਣ ਅਤੇ ਅੰਗੂਠੇ ਪਕੜਨ ਦੀਆਂ ਸਰੀਰਕ ਰੂਪ ਦੀਆਂ ਕਿਰਿਆਵਾਂ ਤੋਂ ਹੁੰਦਾ ਹੈ ਜੋ ਬਾਲਗ ਖੇਡ ਕਾਰਜਾਂ ਦਾ ਬੀਜ ਰੂਪ ਹੁੰਦੀਆਂ ਹਨ। ਪੰਜ-ਛੇ ਸਾਲ ਦੇ ਬੱਚੇ ਸੁਚੇਤ ਪੱਧਰ ਉੱਤੇ ਖੇਡਦੇ ਹਨ। ਉਹਨਾਂ ਨੂੰ ਖੇਡ ਅਤਿ ਪਿਆਰੀ ਹੁੰਦੀ ਹੈ। ਇਹ ਇੱਕ ਧਾਰਨਾ ਬਣ ਚੁੱਕੀ ਹੈ ਕਿ ਖੇਡ ਵਿੱਚ ਮਸਤ ਬੱਚਿਆਂ ਨੂੰ ਖਾਣ ਪੀਣ ਅਤੇ ਮਾਂ, ਪਿਉ ਸਭ ਕੁਝ ਵਿਸਰਿਆ ਹੁੰਦਾ ਹੈ। ਮੁੰਡਿਆਂ ਕੁੜੀਆਂ ਦਾ ਬਾਲਪਣ ਖੇਡਾਂ ਵਿੱਚ ਬੀਤਦਾ ਹੈ। ਜੁਆਨੀ ਦੀ ਉਮਰ ਵਿੱਚ ਖੇਡਾਂ ਲਈ ਵਿਸ਼ੇਸ਼ ਉਮਾਹ ਦੀ ਸਥਿਤੀ ਹੁੰਦੀ ਹੈ। ਜੁਆਨ ਕੁੜੀਆਂ ਲਈ ਖੇਡਾਂ ਸਰੀਰਕ ਅਭਿਆਸ ਤੋਂ ਛੁੱਟ ਮਨੋਭਾਵ ਪ੍ਰਗਟ ਕਰਨ ਦਾ ਵੀ ਢੁਕਵਾਂ ਜ਼ਰੀਆ ਹੁੰਦੀਆਂ ਹਨ। ਜੁਆਨ ਗੱਭਰੂ ਸਰੀਰਕ ਬਲ ਵਧਾਉਣ ਅਤੇ ਸੁਡੌਲਤਾ ਬਣਾਈ ਰੱਖਣ ਲਈ ਵਧੇਰੇ ਬਾਹਰੀ ਖੇਡਾਂ  ਖੇਡਦੇ ਹਨ। ਬਿਰਧ ਅਵਸਥਾ ਦੇ ਮਰਦ ਵੀ ਵਿਹਲ ਦਾ ਸਮਾਂ ਬਿਤਾਉਣ ਲਈ ਢੁਕਵੀਆਂ ਖੇਡਾਂ ਖੇਡ ਕੇ ਮਨੋਰੰਜਨ ਕਰਦੇ ਹਨ।

    ਖੇਡ ਰੁਚੀ ਦੇ ਕਾਰਨ ਅਤੇ ਸਿੱਟਿਆਂ ਦੇ ਆਧਾਰ ਉੱਤੇ ਸਪਸ਼ਟ ਹੈ ਕਿ ਖੇਡ ਕਾਰਜ ਮਨੁੱਖ ਵਿਚਲੀ ਵਾਫ਼ਰ ਸ਼ਕਤੀ ਦਾ ਨਿਸਤਾਰਾ ਕਰਨ, ਸਰੀਰਕ ਸ਼ਕਤੀ ਦੀ ਕਮੀ ਨੂੰ ਭਰਪੂਰ ਕਰਨ ਅਤੇ ਮਾਨਸਿਕ, ਸਰੀਰਕ ਵਿਕਾਸ ਨੂੰ ਧੱਕਾ ਲਾਉਣ ਦਾ ਵੱਡਾ ਸਾਧਨ ਹਨ। ਮਨੁੱਖ ਤੋਂ ਛੁੱਟ ਵੱਖ-ਵੱਖ ਜੀਵ-ਜੰਤੂ ਵੀ ਕਈ ਪ੍ਰਕਾਰ ਦੀਆਂ ਖੇਡਾਂ ਖੇਡਦੇ ਵੇਖੇ ਜਾਂਦੇ ਹਨ। ਪ੍ਰਤੱਖ ਹੈ ਖੇਡ ਪ੍ਰਵਿਰਤੀ ਹਰੇਕ ਜੀਵ ਦੀ ਸਹਿਜ ਪ੍ਰਵਿਰਤੀ ਹੈ ਅਤੇ ਖੇਡਾਂ ਜੀਵਨ ਦਾ ਇੱਕ ਅਤਿਅੰਤ ਲਾਜ਼ਮੀ ਅੰਗ ਹਨ।

    ਲੋਕ-ਖੇਡਾਂ ਲੋਕ-ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਅਤੇ ਸਹਿਜ ਰੂਪ ਵਿੱਚ ਨਿੰਮਦੀਆਂ ਵਿਗਸਦੀਆਂ ਰਹਿੰਦੀਆਂ ਹਨ। ਹਰੇਕ ਜਾਤੀ ਦੀਆਂ ਖੇਡਾਂ ਵਿੱਚ ਵੱਡਾ ਭਾਗ ਲੋਕ-ਖੇਡਾਂ ਦਾ ਹੁੰਦਾ ਹੈ। ਲੋਕ-ਖੇਡਾਂ ਵਿੱਚ ਸਥਾਨਕ ਪੱਧਰ ਉੱਤੇ ਸੌਖੀ ਤਰ੍ਹਾਂ ਪ੍ਰਾਪਤ ਖੇਡ ਸਮਗਰੀ ਜਿਵੇਂ ਇੱਟਾਂ ਦੇ ਰੋੜੇ, ਗੀਟੇ, ਗੀਟੀਆਂ, ਠੀਕਰਾਂ, ਟਾਹਣਾਂ, ਕੌਡੀਆਂ, ਲੱਕੜੀ, ਕੋਲਾ, ਡੰਡਾ, ਗੁੱਲੀ, ਖੂੰਡੀਆਂ, ਪੁਰਾਣੇ ਕੱਪੜਿਆਂ ਦੀਆਂ ਲੀਰਾਂ ਦਾ ਖਿੱਦੋ ਅਤੇ ਸਣ ਦੀਆਂ ਰੱਸੀਆਂ, ਰੱਸੇ ਹੁੰਦੇ ਹਨ। ਵਧੇਰੇ ਖੇਡਾਂ ਵਿੱਚ ਸਰੀਰਕ ਹਰਕਤਾਂ, ਭੱਜ-ਦੌੜ, ਉੱਛਲ-ਕੁੱਦ ਅਤੇ ਦਾਅ-ਪੇਚ ਹੁੰਦੇ ਹਨ। ਲੋਕ-ਖੇਡਾਂ ਵਿੱਚ ਕਿਸੇ ਨਿਸਚਿਤ ਸਮੇਂ ਅਤੇ ਸਥਾਨ ਦੀ ਮੁਥਾਜੀ ਨਹੀਂ ਹੁੰਦੀ। ਸਵੇਰੇ, ਦੁਪਹਿਰੇ, ਲੌਢੇ ਪਹਿਰ, ਤ੍ਰਿਕਾਲਾਂ ਸਮੇਂ ਅਤੇ ਚਾਨਣੀਆਂ ਰਾਤਾਂ ਵਿੱਚ ਜਦੋਂ ਵਿਹਲ ਮਿਲ ਜਾਵੇ ਤੇ ਮੁੰਡੇ-ਕੁੜੀਆਂ ਰਲ ਜਾਣ ਖੇਡ ਸ਼ੁਰੂ ਹੋ ਜਾਂਦੀ ਹੈ। ਪਿੰਡਾਂ ਵਿੱਚ ਘਰਾਂ ਦੇ ਕੱਚੇ ਵਿਹੜੇ, ਲੰਮੀਆਂ ਗਲੀਆਂ, ਹਵੇਲੀਆਂ, ਚੁਰੱਸਤੇ, ਬਾਹਰਵਾਰ ਥਾਂਵਾਂ ਅਤੇ ਖੁੱਲ੍ਹੇ ਖੇਤ ਖੇਡ ਦੇ ਮੈਦਾਨ ਹੁੰਦੇ ਹਨ। ਲੋਕ-ਖੇਡਾਂ ਅਟੇ ਸਟੇ ਨਹੀਂ ਖੇਡੀਆਂ ਜਾਂਦੀਆਂ, ਇਹਨਾਂ ਵਿੱਚ ਵੀ ਨਿਸਚਿਤ ਨਿਯਮਾਂ ਦੀ ਪਾਲਣਾ ਹੁੰਦੀ ਹੈ। ਜ਼ਮੀਨ ਉੱਤੇ ਵਾਹੇ ਗਏ ਆਕਾਰਾਂ ਜਿਵੇਂ ਕੁੜੀਆਂ ਦੀ ਪੰਜਾਬੀ ਖੇਡ 'ਅੱਡੀ ਟੱਪਾ' 'ਸਮੁੰਦਰ ਪਟੜਾ', ਮੁੰਡਿਆਂ ਦੀ ਖੇਡ 'ਬਿਲ ਬੱਚਿਆਂ ਦੀ ਮਾਂ' ਅਤੇ ਬੱਚਿਆਂ ਦੀ ਖੇਡ 'ਵਾਂਝੀ' ਜਾਂ 'ਸਹਿਆ ਕੁੱਤਾ' ਆਦਿ ਵਿੱਚ ਖਾਨਿਆਂ ਦੇ ਅੰਦਰ ਅੰਦਰ ਹੀ ਰਹਿਣਾ ਪੈਂਦਾ ਹੈ। ਲੋਕ-ਖੇਡਾਂ ਲਈ ਕੋਈ ਰਸਮੀ ਸਿਖਲਾਈ ਪ੍ਰਾਪਤ ਨਹੀਂ ਕੀਤੀ ਜਾਂਦੀ। ਇਹਨਾਂ ਦੀ ਵਿਧੀ ਦਾ ਪਰੀਚੈ ਜਾਤੀ ਦੇ ਲੋਕਾਂ ਨੂੰ ਅਚੇਤ ਰੂਪ ਵਿੱਚ ਖੇਡ ਵਿਰਸੇ ਦੁਆਰਾ ਹੋ ਜਾਂਦਾ ਹੈ।

    ਲੋਕ-ਖੇਡਾਂ ਵਿੱਚ ਖਿਡਾਰੀਆਂ ਨੂੰ ਇੱਕਤਰ ਕਰਨ, ਪੁੱਗਣ, ਆੜੀ ਮਿਥਣ ਦੀਆਂ ਵਿਧੀਆਂ ਸਧਾਰਨ ਪਰ ਦਿਲਚਸਪ ਹੁੰਦੀਆਂ ਹਨ। ਪੁੱਗਣ ਦੇ ਗੀਤ ਟੱਪਿਆਂ ਵਿੱਚ ਹੁੰਦੇ ਹਨ। ਜਿਵੇਂ:
ਉਕੜ ਦੁਕੜ ਭੰਬਾ ਭੌ
ਅੱਸੀ ਨੱਬੇ ਪੂਰਾ ਸੌ
..........
..........
ਈਂਗਣ ਮੀਂਗਣ ਤਲੀ ਤਲੀਂਗਣ
ਗੁੜ ਖਾਵਾਂ, ਵੇਲ ਵਧਾਵਾਂ, ਮੂਲੀ ਪੱਤਰਾ
..........
ਹੱਥ ਕਤਾੜੀ ਪੈਰ ਕਤਾੜੀ
ਨਿੱਕਲ ਬਾਲਿਆ ਤੇਰੀ ਵਾਰੀ।

    ਲੋਕ-ਖੇਡਾਂ ਵਿੱਚ ਖਿਡਾਰੀਆਂ ਨੂੰ ਇੱਕਤਰ ਕਰਨ ਦਾ ਢੰਗ ਵੀ ਬਹੁਤ ਦਿਲਖਿੱਚਵਾਂ ਹੁੰਦਾ ਹੈ। ਕੁਝ ਬੱਚੇ ਕਿਸੇ ਉੱਚੀ ਜਗ੍ਹਾ ਤੇ ਖੜ੍ਹੇ ਹੋ ਕੇ ਉੱਚੀ ਸੁਰ ਵਿੱਚ ਲੈਮਈ ਬੋਲ ਉਚਾਰਦੇ ਹਨ ਜਿਨ੍ਹਾਂ ਨੂੰ ਸੁਣ ਕੇ ਬੱਚੇ ਚੌਰੀ-ਛਿਪੀ, ਬਹਾਨੇ ਨਾਲ ਘਰਾਂ ਤੋਂ ਨਿਕਲ ਕੇ ਖੇਡ ਵਿੱਚ ਆ ਸ਼ਾਮਲ ਹੁੰਦੇ ਹਨ। ਬੁਲਾਵਾ ਗੀਤ ਦਾ ਇੱਕ ਉਦਾਹਰਨ ਇਹ ਹੈ:
ਛਾਨਣੀ 'ਚ ਰੋੜ, ਸਾਰੇ ਮੁੰਡੇ ਖੇਡਦੇ ਸੁੱਚਾ ਮਾਂ ਦੇ ਕੋਲ।
ਛਾਨਣੀ 'ਚ ਆਟਾ, ਸਾਰੇ ਮੁੰਡੇ ਖੇਡਦੇ ਗੁਲੂ ਖੋਂਹਦਾ ਮਾਂ ਦਾ ਝਾਟਾ।
ਆ ਜਾਉ ਮੁੰਡਿਓ ਬਾਹਰ ਦੇ ਬਹਾਨੇ - ਓ-ਹੋ-ਓ।

    ਖੇਡ ਸਮੇਂ ਪਿੱਤ ਦੱਬਣ ਵਾਲੇ ਅਰਥਾਤ ਰੋਂਦੂ ਖਿਡਾਰੀ ਲਈ ਕਟਾਖ਼ਸ਼ੀ ਖੇਡ ਗੀਤ ਗਾ ਕੇ ਉਸ ਨੂੰ ਦੋਸ਼ੀ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਹੈ:
ਸਾਡੀ ਪਿੱਤ ਦੱਬਣਾ ਘਰ ਦੇ ਚੂਹੇ ਚੱਬਣਾ
ਇਕ ਚੂਹਾ ਰਹਿ ਗਿਆ ਸਪਾਹੀ ਫੜ ਕੇ ਲੈ ਗਿਆ
ਸਪਾਹੀ ਨੇ ਮਾਰੀ ਇੱਟ ਭਾਵੇਂ ਰੋ ਭਾਵੇਂ ਪਿੱਟ
............

    ਖੇਡ ਅਤੇ ਖੇਡ-ਕਾਰਜ ਵਿੱਚ ਅੰਤਰ ਹੈ। ਨਿੱਕੇ ਬੱਚਿਆਂ ਦੀ ਖੇਡ 'ਆਕੜਾ ਬਾਕੜਾ' 'ਲਾਟੂ' 'ਭੰਬੀਰੀਆਂ ਚਲਾਉਣ', 'ਗੁਲੇਲ ਨਾਲ ਨਿਸ਼ਾਨਾ ਬੰਨ੍ਹਣ' ਅਤੇ ਕੁੜੀਆਂ ਦੁਆਰਾ ਹੱਥਾਂ ਦੀਆਂ ਉਂਗਲੀਆਂ ਨਾਲ ਧਾਗਿਆਂ ਦੇ ਵੱਖ ਵੱਖ 'ਆਕਾਰਾਤਮਕ ਨਮੂਨੇ ਬਣਾਉਣ', 'ਗੁੱਡੀਆਂ ਪਟੋਲੇ ਖੇਡਣ', 'ਗੁੱਡੀ ਫੂਕਣ' ਅਤੇ 'ਕਿੱਕਲੀ ਪਾਉਣ' ਆਦਿ ਖੇਡ-ਕਾਰਜ ਹਨ। ਗੁੱਡੀ ਫੂਕਣ ਦੀ ਖੇਡ ਵਿੱਚ ਬਾਕਾਇਦਾ ਸਿਆਪਾ ਕਰਨ ਦੀ ਰੀਤ ਪ੍ਰਚਲਿਤ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਵਿਰਲਾਪ ਉੱਤੇ ਦ੍ਰਵਿਤ ਹੋ ਕੇ ਇੰਦਰ ਦੇਵਤਾ ਮੀਂਹ ਵਰਸਾਉਂਦਾ ਹੈ। ਨਿੱਕੇ ਬੱਚਿਆਂ ਵਿੱਚ ਪੈਰਾਂ ਨਾਲ 'ਮਿੱਟੀ ਦੀਆਂ ਘੋੜੀਆਂ ਬਣਾਉਣ' ਅਤੇ 'ਗਿੱਲੀ ਮਿੱਟੀ ਦੇ ਖਿਡੌਣੇ ਥੱਪਣ' ਦੇ ਖੇਡ-ਕਾਰਜ ਹਰਮਨ ਪਿਆਰੇ ਹਨ। ਖੇਡ ਕਾਰਜ ਦੇ ਟਾਕਰੇ ਤੇ ਖੇਡ ਇੱਕ ਨਿਯਮਪੂਰਵਕ ਪ੍ਰਤਿਯੋਗਤਾ ਹੁੰਦੀ ਹੈ ਜਿਸ ਵਿੱਚ ਇੱਕ ਤੋਂ ਵੱਧ ਵਿਅਕਤੀ ਭਾਗ ਲੈਂਦੇ ਹਨ, ਭਾਵੇਂ ਇਹਨਾਂ ਦੀ ਸੰਖਿਆ ਕੁਝ ਵੀ ਹੋਵੇ। ਕੁਝ ਖੇਡਾਂ ਵਿੱਚ ਦੋ ਟੋਲੀਆਂ ਜਾਂ ਟੀਮਾਂ ਇੱਕ ਦੂਸਰੇ ਦੇ ਮੁਕਾਬਲੇ ਵਿੱਚ ਖੇਡਦੀਆਂ ਹਨ ਅਤੇ ਕਈ ਖੇਡਾਂ ਵਿੱਚ ਇੱਕ ਖਿਡਾਰੀ ਸਮੁੱਚੀ ਟੋਲੀ ਨਾਲ ਖੇਡਦਾ ਹੈ ਜਿਵੇਂ ਪੰਜਾਬ ਦੀਆਂ ਲੋਕ-ਖੇਡਾਂ 'ਛੂਹਣ, ਛਪਾਈ' ਅਤੇ 'ਲੁਕਣ ਮਚਾਈ' ਆਦਿ ਖੇਡਾਂ ਹਨ।

    ਖੇਡਾਂ ਨੂੰ ਦੋ ਪ੍ਰਮੁੱਖ ਵਰਗਾਂ, ਦੇਸੀ ਅਤੇ ਬਦੇਸੀ ਵਿੱਚ ਨਹੀਂ ਵੰਡਿਆ ਜਾ ਸਕਦਾ ਕਿਉਂਕਿ ਵਿਸ਼ਵ ਪੱਧਰ ਉੱਤੇ ਪ੍ਰਚਲਿਤ ਸਾਰੀਆਂ ਖੇਡਾਂ ਵਿੱਚ, ਬੀਜ ਰੂਪ ਵਿੱਚ, ਉਛਲਣ, ਕੁੱਦਣ, ਭੱਜਣ ਆਦਿ ਦੀਆਂ ਸਾਂਝੀਆਂ ਮੂਲ ਮਨੁੱਖੀ ਪ੍ਰਵਿਰਤੀਆਂ ਸ਼ਾਮਲ ਹੁੰਦੀਆਂ ਹਨ। ਪੰਜਾਬ ਦੀ ਪ੍ਰਸਿੱਧ ਲੋਕ-ਖੇਡ 'ਬਿੱਲੀ ਮਾਸੀ' ਅਤੇ ਪੱਛਮ ਵਿੱਚ ਪ੍ਰਚਲਿਤ ਖੇਡ 'ਉਲ਼ਡ ਵੱਚ'ਇੱਕ ਹੀ ਰੂਪ ਦੀਆਂ ਖੇਡਾਂ ਹਨ। ਪੱਛਮ ਦੀ ਹਾਈਡ ਐਡ ਸੀਕ' ਅਤੇ ਪੰਜਾਬ ਦੀ ਲੋਕ-ਖੇਡ 'ਲਿਕਣ-ਮਚਾਈ' ਦੋਵੇਂ ਸਮਾਨ ਰੂਪ ਖੇਡਾਂ ਹਨ। ਇੱਕ ਦੇਸ ਦੀ ਖੇਡ ਕਈ ਹੋਰ ਦੇਸਾਂ ਵਿੱਚ ਉਸੇ ਤਰ੍ਹਾਂ ਲੋਕਪ੍ਰਿਯ ਹੋ ਜਾਂਦੀ ਹੈ। ਕ੍ਰਿਕਟ, ਟੇਬਲ ਟੈਨਿਸ, ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਆਦਿ ਖੇਡਾਂ ਦੀ ਸਥਾਪਨਾ ਭਾਰਤ ਦੀਆਂ ਪ੍ਰਸਿੱਧ ਖੇਡਾਂ ਦੇ ਰੂਪ ਵਿੱਚ ਹੋ ਚੁੱਕੀ ਹੈ ਅਤੇ ਪੰਜਾਬ ਦੀ ਲੋਕ-ਖੇਡ 'ਖਿੱਦੋ ਖੂੰਡੀ' ਦਾ ਵਿਕਸਿਤ ਰੂਪ ਹਾਕੀ ਦੀ ਖੇਡ ਸਾਰੇ ਸੰਸਾਰ ਵਿੱਚ ਖੇਡੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ।

    ਮਨੁੱਖੀ ਸੱਭਿਆਚਾਰ ਦੇ ਵੱਖ-ਵੱਖ ਇਤਿਹਾਸਿਕ ਪੜਾਵਾਂ ਅਤੇ ਦੇਸਾਂ ਵਿਚਲੇ ਖੇਡਾਂ ਦੇ ਪ੍ਰਸਾਰ ਦੇ ਸਿੱਟੇ ਵਜੋਂ ਖੇਡ-ਰੂਪਾਂ ਵਿੱਚ ਪੁਨਰ ਸਿਰਜਣਾ ਹੁੰਦੀ ਰਹਿੰਦੀ ਹੈ ਅਤੇ ਖੇਡ-ਰੂਪਾਂਤਰ ਹੋਂਦ ਵਿੱਚ ਆਉਂਦੇ ਹਨ। ਨਵੇਂ ਖੇਡ-ਰੂਪਾਂਤਰ ਦੇ ਜਨਮ ਦਾ ਕਾਰਨ ਦੇਸ ਅਤੇ ਜਾਤੀ ਦੀਆਂ ਭੂਗੋਲਿਕ, ਆਰਥਿਕ ਅਤੇ ਸਮਾਜਿਕ ਸਥਿਤੀਆਂ ਵਿੱਚ ਹੋਣ ਵਾਲੇ ਪਰਿਵਰਤਨ ਹੁੰਦੇ ਹਨ।

    ਜਾਤੀ ਦੀਆਂ ਮੂਲ ਪ੍ਰਸਥਿਤੀਆਂ ਦੀ ਉਸ ਜਾਤੀ ਵਿੱਚ ਪ੍ਰਚਲਿਤ ਖੇਡਾਂ ਨੂੰ ਮੁੱਖ ਦੇਣ ਹੁੰਦੀ ਹੈ। ਪੰਜਾਬ ਦੇ ਭੂ-ਖੰਡ ਦੀਆਂ ਭੂਗੋਲਿਕ ਸੀਮਾਂਵਾ,ਮੋਹਤ ਦਿਲ ਵਾਯੂਮੰਢਲ, ਖੇਤੀਬਾੜੀ ਅਧਾਰਿਤ ਅਰਥਚਾਰਾ, ਭਾਈਚਾਰਿਕ ਸਾਂਝ ਅਤੇ ਇਸ ਖਿੱਤੇ ਦੀਆਂ ਖੇਡਾਂ ਵਿੱਚ ਡੂੰਗੀ ਸਾਂਝ ਹੈ।ਭਾਵੇਂ ਪੰਜਾਬੀਆਂ ਨੇ ਕ੍ਰਿਕਟ, ਫੁੱਟਬਾਲ,ਬੈਡਮਿੰਟਨ,ਟੇਬਲ ਟੈਨਿਸ, ਹਾਕੀ ਅਤੇ ਵਾਲੀਬਾਲ ਆਦਿ ਖੇਡਾਂ ਨੂੰ ਬੜਾਵਾ ਦਿੱਤਾ ਹੈ ਪਰੰਤੂ ਪੰਜਾਬ ਦੇ ਗੱਬਰੂਆਂ ਵਿੱਚ ਸਰੀਰਕ ਸੁਡੋਲਤਾ ਅਤੇ ਬਲਵਾਨਤਾ ਵਿੱਚ ਵਾਧਾ ਕਰਨ ਵਾਲੀਆਂ ਖੇਡਾਂ ਖੇਡਣ ਦੀ ਰੁੱਚੀ ਹੈ।

    ਪੰਜਾਬ ਦੀਆਂ ਲੋਕ-ਖ਼ੇਡਾਂ ਦੇ ਖੇਤਰ ਵਿੱਚ ਸਮੇਂ,ਸਥਾਨ,ਲਿੰਗ ਅਤੇ ਆਯੂ ਦੇ ਅਧਾਰ ਉੱਤੇ ਵੰਡ ਕਰਨੀ ਕਠਿਨ ਹੈ। ਦਸ ਬਾਰਾਂ ਸਾਲ ਦੀ ਆਯੂ ਤੱਕ ਦੇ ਮੁੰਡੇ ਕੁੜੀਆਂ ਬਹੁਤ ਸਾਰੀਆਂ ਖੇਡਾਂ ਰਲ ਕੇ ਇੱਕਠੇ ਖੇਡ ਦੇ ਹਨ। 'ਖਿੱਦੋ ਖੁੰਡੀ', 'ਕੁਸ਼ਤੀ', 'ਕਬੱਡੀ' ਦੀਆਂ ਖੇਡਾਂ ਨਿੱਕੇ ਬੱਚੇ ਤੋਂ ਲੈ ਕੇ ਅੱਧਖੜ ਉਮਰ ਤੱਕ ਦੇ ਮਰਦਾਂ ਵੱਲੋਂ ਪੂਰੇ ਸ਼ੌਕ ਨਾਲ ਖੇਡੀਆਂ ਜਾਣ ਵਾਲੀਆਂ ਖੇਡਾਂ ਹਨ। ਪੰਜਾਬ ਦੀਆਂ ਕੁੜੀਆਂ ਦੇ ਖੇਡ-ਕਾਰਜ 'ਗੁੱਡੀਆਂ ਪਟੋਲੇ' ਤੋਂ ਛੁੱਟ ਸਾਰੀਆਂ ਖੇਡਾਂ ਘਰ ਤੋਂ ਬਾਹਰ ਖੁਲੀਆਂ ਥਾਂਵਾਂ ਤੇ ਖੇਡੀਆਂ ਜਾਂਦੀਆਂ ਹਨ। ਕੁੜੀਆਂ ਵੀ 'ਗੇਂਦ ਗੀਟੇ', ਅਤੇ ਖੇਹਨੂੰ  ਗਲੀ ਵਿੱਚ ਬੈਠ ਕੇ ਖੇਡ ਲੈਂਦੀਆਂ ਹਨ। ਵੱਡੀ ਉਮਰ ਦੇ ਮਰਦਾਂ ਦੀਆਂ ਬੈਠ ਕੇ ਖੇਡਣ ਵਾਲੀਆਂ ਖੇਡਾਂ ਸ਼ਤਰੰਜ, ਚੋਪੜ, ਤਾਂਸ਼, ਬਾਰਾਂ ਟਹਿਣੇ ਅਤੇ ਘਰੋਂ ਬਾਹਰ ਸੱਥ ਵਿੱਚ ਜਾਂ ਰੁੱਖਾਂ-ਬਰਖਾਂ ਦੇ ਹੇਠਾਂ ਬੈਠ ਕੇ ਖੇਡੀਆਂ ਜਾਂਦੀਆਂ ਹਨ। ਪੰਜਾਬ ਦੀਆਂ ਖੇਡਾਂ ਦਾ ਵਰਗੀਕਰਨ ਖੇਡ ਵਿਚਲੇ ਕਾਰਜ਼ ਨੂੰ ਅਧਾਰ ਮੰਨ ਕੇ ਕਰਨਾ ਉੱਚਿਤ ਹੈ। ਜਿਸ ਦੇ ਅਧਾਰ ਉੱਤੇ ਖੇਡਾਂ ਨੂੰ ਦੋ ਪ੍ਰਮੁੱਖ ਰੂਪਾਂ ਮਾਨਸਿਕ ਖੇਡਾਂ ਅਤੇ ਸਰੀਰਕ ਖੇਡਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਗੱਲ ਵੀ ਸਪੱਸ਼ਟ ਕਰਨੀ ਜਰੂਰੀ ਹੈ ਕਿ ਹਰੇਕ ਖੇਡ ਵਿੱਚ ਮਾਨਸਿਕ ਅਤੇ ਸਰੀਰਕ ਦੋਵੇਂ ਕਾਰਜ਼ ਦਾਅ ਪੇਚ ਅਤੇ ਬਲਵਾਨਤਾ ਦੇ ਰੂਪ ਵਿੱਚ ਸ਼ਾਮਿਲ ਹੁੰਦੇ ਹਨ। ਇਸ ਸਥਿੱਤੀ ਵਿੱਚ ਕਾਰਜ਼ ਵਿਸ਼ੇਸ਼ ਦੀ ਪ੍ਰਭਲਤਾ ਨੂੰ ਅਧਾਰ ਮੰਨ ਕੇ ਉਸ ਖੇਡ ਦੇ ਵਰਗ ਦਾ ਨਿਰਣਾ ਕੀਤਾ ਜਾ ਸਕਦਾ ਹੈ।

        ਵਾਸਤਵ ਵਿੱਚ ਇਹ ਖੇਡ ਸਰੀਰਕ ਕਾਰਜ਼ ਅਤੇ ਦਾਅ ਪੇਚ ਦੀ ਖੇਡ ਹੈ। ਇਸ ਤਰ੍ਹਾਂ ਪੰਜਾਬ ਦੀ ਲੋਕ-ਖੇਡ 'ਸ਼ੇਰ ਤੇ ਬੱਕਰੀ'ਦੇ ਪ੍ਰਮੁੱਖ ਲੱਛਣ, ਦੌੜ-ਭੱਜ ਅਤੇ ਪਿਛਾ ਕਰਨਾ ਹੈ। ਇਸ ਵਿੱਚ ਮਾਨਸਿਕ ਚੇਤੰਨਤਾ ਦੀ ਵੀ ਬਹੁਤ ਲੌੜ ਹੈ । ਘੇਰੇ ਦੇ ਬੱਚਿਆਂ ਦੀ ਉੱਚੀ ਕਰਿੰਗੜੀ ਬੱਕਰੀ ਦੇ ਬਚਾਅ ਵਿੱਚ ਸਹਾਈ ਹੁੰਦੀ ਹੈ। ਸ਼ੇਰ, ਬੱਚਾ , ਅਤੇ ਬੱਕਰੀ ਘੇਰੇ ਦੇ ਅੰਦਰ ਬਾਹਰ ਦੌੜਦੇ ਹਨ।

    ਪੰਜਾਬ ਦੀਆਂ ਪ੍ਰਮੁੱਖ ਸਰੀਰਕ ਖੇਡਾਂ 'ਕਬੱਡੀ' 'ਕੁਸ਼ਤੀ' 'ਮੁੰਗਲੀਆ' ਫੇਰਨੀਆਂ' 'ਬੋਰੀ ਜਾਂ ਮੁਗਦਰ ਚੁੱਕਣੇ', ਅਤੇ ਛਾਲਾਂ ਹਨ। ਕੁੜੀਆਂ ਨੇ ਮਰਦਾਂ ਦੀ ਲੰਮੀ ਅਤੇ ਉੱਚੀ ਛਾਲ ਦੇ ਸਮਾਂਤਰ 'ਰੱਸੀ ਟੱਪਣ' ਅਤੇ 'ਅੱਡੀ ਛੜੱਪਾ' ਆਦਿ ਖੇਡਾਂ ਸਿਰਜੀਆਂ ਹਨ। 'ਅੱਡੀ ਛੜੱਪਾ' ਵਿੱਚ ਆਹਮੋਂ-ਸਾਹਮਣੀ ਬੈਠੀਆਂ ਦੋ ਕੁੜੀਆਂ  ਦੀਆਂ ਲਟੇਵੇਂ ਦਾਅ ਨਿੱਸਲ ਲੱਤਾਂ ਦੁਆਰਾ ਬਣਾਏ ਅਕਾਰ  ਨੂੰ ਟੱਪਣ ਨਾਲ ਕੁੜੀਆਂ ਨੂੰ ਲੰਮੀ ਛਾਲ ਦਾ ਅਭਿਆਸ ਹੁੰਦਾ ਹੈ। ਦੋਹਾਂ ਦਾਹੀਆਂ ਵੱਲੋਂ ਖੜੇ ਪੈਰਾਂ ਅਤੇ ਹੱਥ ਮੁੱਠਾਂ ਅਤੇ ਗਿੱਠਾਂ ਦੀਆਂ ਬਣਾਈਆਂ ਵੱਖ-ਵੱਖ ਉੱਚਾਈਆਂ  ਨੂੰ ਟੱਪਿਆ ਜਾਂਦਾ ਹੈ । ਰੱਸੀ ਟੱਪਣ ਦੀ ਪੰਜਾਬੀ ਖੇਡ ਜੋ ਸੰਸਾਰ ਭਰ ਵਿੱਚ ਖੇਡੀ ਜਾਂਦੀ ਹੈ, ਉਚਾਈ ਸਮਾਨ ਰਹਿੰਦੀ ਹੈ ਪਰ ਟੱਪਣ ਦੀ ਗਤੀ ਮੱਧਮ ਤੋਂ ਤੇਜ ਹੁੰਦੀ ਜਾਂਦੀ ਹੈ । ਇਸ ਨਾਲ ਖੇਡ-ਗੀਤ ਗਾਇਆ ਜਾਂਦਾ ਹੈ ਜਿਸਦੀ ਤੁਕ ਕਾਹਲੀ-ਕਾਹਲੀ ਦੁਹਰਾਉਣ ਨਾਲ ਟੱਪਣ ਦੀ ਗਤੀ ਤੇਜ਼ ਹੁੰਦੀ ਹੈ।
ਕੁਰਸੀ ਤੇ ਕਿਤਾਬ, ਕੋਈ ਮੇਮ ਕੋਈ ਸਾਹਬ ।
ਮੇਮ ਜਾ ਵੜੀ ਕਲਕੱਤੇ, ਉਥੇ ਮੇਮ ਸਾਹਬ ਨੱਚੇ ।
ਬਾਬੂ ਸੀਟੀਆਂ ਵਜਾਵੇ, ਗੱਡੀ ਫੱਕ-ਫੱਕ ਆਵੇ ।
ਮੱਛੀ ਮੋਰ ਕੰਡਾ, ਮੱਛੀ ਮੋਰ ਕੰਡਾ........

    'ਕਿਕਲੀ' ਲੋਕ-ਨਾਚ, ਲੋਕ-ਖੇਡ ਵੀ ਹੈ ਅਤੇ ਸਰੀਰਕ ਵਰਜਿਸ਼ ਕਾਰਨ ਲੋਕਪ੍ਰਿਯ ਹੈ । ਇਹ ਜੋਟਿਆਂ ਦੇ ਰੂਪ ਵਿੱਚ ਪਾਈ ਜਾਂਦੀ ਹੈ । ਸਰੀਰਕ ਤੇ ਮਾਨਸਿਕ ਸਮਤੋਲ ਦੀ ਸਥਾਪਤੀ ਦਾ ਇਹ ਇੱਕ ਵਧੀਆ ਢੰਗ ਹੈ । 'ਕਿਕਲੀ' ਗੀਤਾਂ ਦੀ ਲੈਅ ਦੇ ਸਮਵਿਧ, ਦੋਹਾਂ ਸਿਰਿਆਂ ਤੋਂ ਫੜੀ, ਘੁਮਾਈ ਜਾਂਦੀ ਰੱਸੀ, ਦੇ ਉਪਰੋਂ ਟੱਪਣ ਸਮੇਂ ਸਰੀਰਕ ਯੋਗਤਾ ਦੇ ਨਾਲ ਮਾਨਸਿਕ ਚੇਤੰਨਤਾ ਦੀ ਬਹੁਤ ਲੋੜ ਹੁੰਦੀ ਹੈ।

    ਪੰਜਾਬੀ ਮਰਦਾਂ ਦੀ ਖੇਡ 'ਕੁਸ਼ਤੀ' ਅਥਵਾ 'ਘੋਲ' ਦਾ ਸ਼ੌਕ ਨਿੱਕਿਆਂ ਬੱਚਿਆਂ ਤੋਂ ਅੱਧਖੜ ਉਮਰ ਦੇ ਵਿਅਕਤੀਆਂ ਵਿੱਚ ਰਹਿੰਦਾ ਹੈ । ਕੁਸ਼ਤੀ ਹਰੇਕ ਮੇਲ ਦਾ ਲਾਜ਼ਮੀ ਅੰਗ ਹੁੰਦੀ ਹੈ । ਸਾਉਣ ਮਹੀਨੇ ਵਿੱਚ ਤੀਵੀਆਂ ਦੇ ਗਿੱਧੇ ਦੇ ਬਰਾਬਰ ਮਰਦਾਂ ਦੇ ਘੋਲਾਂ  ਦੇ ਅਖਾੜੇ ਬੱਝਦੇ ਹਨ । ਪਿੰਡਾ ਵਿੱਚ ਛਿੰਝਾਂ ਪੈਦੀਆਂ ਹਨ। ਪੰਜਾਬ ਵਿੱਚ ਮੱਲਾਂ ਦੀ ਪਾਲਣਾਂ ਪਿੰਡ ਵੱਲੋਂ ਸਾਂਝੇ ਰੂਪ ਵਿੱਚ ਕਰਨ ਦੀ ਪਰੰਪਰਾ ਰਹੀ ਹੈ । 'ਰੱਸਾਕਸ਼ੀ' ਦੀ ਖੇਡ ਜੋ ਜ਼ੋਰ ਅਜਮਾਈ ਦੀ ਖੇਡ ਹੈ । ਆਮ ਖੇਡੀ ਜਾਂਦੀ ਹੈ । ਇਸ ਭੱਜ-ਦੋੜ, ਦਾਅ-ਪੇਚ, ਸਾਹ ਬਣਾਈ ਰੱਖਣ ਅਤੇ ਜ਼ੋਰ ਅਜਮਾਈ ਦੇ ਸਾਰੇ ਲੱਛਣ ਮੌਜੂਦ ਹਨ । ਭਾਰਤ ਦੇ ਹੋਰ ਪ੍ਰਾਂਤਾ ਦੇ ਟਾਕਰੇ ਤੇ ਪੰਜਾਬ ਦੀ ਖੇਡ 'ਕਬੱਡੀ' ਦਾ ਵਿਲੱਖਣ ਗੁਣ ਇਸਦੀ ਪਕੜ ਮੰਨਿਆਂ ਜਾਂਦਾ ਹੈ । 'ਸੌਂਚੀ' ਖੇਡ ਜੋ ਕਬੱਡੀ ਦਾ ਹੀ ਇੱਕ ਰੂਪ ਹੈ, ਜੌਰ ਅਜਮਾਈ ਤੇ ਦਾਅ ਪੇਚ ਵਾਲੀ ਖੇਡ ਹੈ।

    ਕੁੱਝ ਸਰੀਰਕ ਖੇਡਾਂ ਜਿਵੇਂ ਗੁੱਲੀ ਡੰਡਾ' ਖਿੱਦੋ ਖੁੰਡੀ', 'ਖੁੱਤੀਆਂ'  'ਪਿੱਠੂ', 'ਗੋਲੀਆਂ, 'ਕੌਡੀਆਂ', 'ਬੰਟਿਆਂ' ਆਦਿ ਵਿੱਚ ਸਰੀਰਕ ਕਾਰਜ ਤੋਂ ਛੁੱਟੀ ਨਿਸ਼ਾਨਾ ਬੰਨਣ ਦਾ ਤਿੱਖਾ ਅਭਿਆਸ ਹੁੰਦਾ ਹੈ । ਕੁੜੀਆਂ ਦੀ ਇੱਕ ਖੇਡ 'ਅੱਡੀ ਟੱਪਾ', ਸ਼ਟਾਪੂ' , ਟਾਪੂ, 'ਸਮੁੰਦਰ ਪੱਟੜਾ' , 'ਪੀਚੋ ਬੱਕਰੀ', ਅਤੇ 'ਸਮੁੰਦਰ ਕਿਹਾ ਜਾਂਦਾ ਹੈ ਇਸ ਰੂਪ ਦੀ ਖੇਡ ਹੈ । ਪੰਜਾਬ ਦੀਆਂ ਸਰੀਰਕ ਖੇਡਾਂ ਦੇ ਅੰਤਰਗਤ 'ਬਾਂਦਰ ਕਿੱਲਾ' ਸ਼ਾਮਿਲ ਹੈ ਜਿਸ ਵਿੱਚ ਦਾਅ-ਪੇਚ ਵੀ ਹੁੰਦਾ ਹੈ । ਬਾਂਦਰ ਰੂਪ ਵਿੱਚ ਬੱਚਾ ਕਿੱਲੇ ਕੋਲ ਪਈਆਂ ਜੁੱਤੀਆਂ ਦੀ ਰਾਖੀ ਕਿੱਲੇ ਨਾਲ ਬੰਨ੍ਹੀ ਰੱਸੀ ਨੂੰ ਪਕੜ ਕੇ ਟੱਪਦਾ ਹੋਇਆ ਕਰਦਾ ਹੈ । ਦੂਸਰੇ ਜੁੱਤੀਆਂ ਚੁੱਕਣ ਦੀਆਂ ਝਕਾਨੀਆਂ ਦਿੰਦੇ ਹਨ । ਇਸੇ ਤਰ੍ਹਾਂ 'ਜੰਡ ਬ੍ਰਹਾਮਣ' /ਜੱਟ ਬ੍ਰਾਹਮਣ', ਜਿਸ ਨੂੰ ਇਲਾਕਾਈ ਭੇਦ ਦੇ ਅਧੀਨ 'ਡੰਡਾ ਡੁੱਕ', ਡੰਡ ਪੜਾਂਗੜ,' ਪੀਲ ਪਲੀਘਣ'ਅਤੇ ਕੀੜ ਕੜਾਂਗਾਂ' ਕਿਹਾ ਜਾਂਦਾ ਹੈ । ਖੇਡਣ ਸਮੇਂ ਬੱਚੇ ਬਹੁਤ ਫੁਰਤੀ ਤੇ ਚਲਾਕੀ ਨਾਲ ਦਰੱਖਤ ਤੋਂ ਹੇਠਾਂ ਲਮਕਦੇ ਛਾਲਾਂ ਮਾਰਦੇ ਹਨ ਦਾਹੀ ਵਾਲਾ ਬੱਚਾ ਪੂਰੇ ਦਾਅ ਉਹਨਾਂ ਨੂੰ ਛੂਹਣ ਦਾ ਯਤਨ ਕਰਦਾ ਹੈ । 'ਬਿੱਲ ਬੱਚਿਆਂ ਦੀ ਮਾਂ / 'ਛੂਣ, ਲੂਣ, ਮਿਆਣੀ' ਖੇਡ ਹਰੇਕ ਉਮਰ ਦੇ ਬੱਚੇ ਅਤੇ ਗੱਭਰੂ ਖੇਡਦੇ ਹਨ । ਪੰਜਾਬ ਦੇ ਮੁੰਡਿਆਂ ਦੀ ਖੇਡ 'ਕਾਨਾ ਘੋੜੀ'  ਜਿਸ ਨੂੰ ਘੜਮੱਸ ਘੋੜੀ' , ਜਾਂ,'ਸ਼ੱਕਰ ਭਿੱਜੀ' ਵੀ ਕਿਹਾ ਜਾਂਦਾ ਹੈ , ਵਿੱਚ ਘੋੜੀਆਂ ਬਣੇ ਖਿਡਾਰੀਆਂ ਉੱਤੇ ਦੂਸਰਿਆਂ ਨੇ ਦੂਰੋਂ ਦੌੜ ਕੇ ਛੜੱਪਾ ਮਾਰ ਕੇ ਸਵਾਰ ਹੋਣਾ ਹੁੰਦਾ ਹੈ । ਇਸ ਸਰੀਰਕ ਕਾਰਜ ਦੇ ਸਵਾਰਾਂ ਨੂੰ ਡੇਗਣ ਅਤੇ ਭੌਂਏ ਤੇ ਲਾਉਣਾ ਵਿੱਚ ਸਫਲਤਾ ਪ੍ਰਾਪਤ ਨਾ ਕਰਨ ਦੇਣ ਲਈ ਮਾਨਸਿਕ ਚੇਤੰਨਤਾ ਦੀ ਲੋੜ ਹੁੰਦੀ ਹੈ । ਪੋਠੇਹਾਰ ਵਿੱਚ ਪ੍ਰੱਚਿਲਤ ਖੇਡ ' ਆਂਟੜੇ ਮਨ ਮਾਂਟੜੇ' ਅਤੇ ਉਸਦਾ ਖੇਤਰੀ ਰੂਪ 'ਈਚਣਾ ਮੀਚਣਾ' ਸਮਭਾਵੀ ਖੇਡਾਂ ਹਨ ।

    ਸਰੀਰਕ ਰੂਪ ਦੀ ਇੱਕ ਖੇਡ 'ਆਤੇ ਹੈ ਹਮ ਆਤੇ ਹੈਂ ਠੰਢੇ ਮੋਸਮ ਮੇਂ' ਦਾ ਮੁੱਖ ਲੱਛਣ ਜ਼ੋਰ ਅਜ਼ਮਾਈ ਹੈ । ਦੋ ਟੋਲੀਆਂ ਵਿੱਚੋਂ ਇੱਕ ਟੋਲੀ ਹੇਠ ਲਿਖੇ-ਗੀਤ ਦੇ ਅਲਾਪ ਨਾਲ ਅੱਗੇ ਵੱਧਦੀ ਹੈ । ਦੂਸਰੀ ਧਿਰ ਦਾ ਆਗੂ ਸੰਕੇਤਕ ਬੱਚੇ ਨੂੰ ਖਿੱਚਣ ਦਾ ਯਤਨ ਕਰਦਾ ਹੈ:
ਆਤੇ ਹੈਂ ਹਮ ਆਤੇ ਹੈਂ ਠੰਡੇ ਮੋਸਮ ਮੇਂ
ਆਤੇ ਹੋ ਆਤੇ ਹੋ ਕਿਸਕੋ ਲੇਣੇ ਆਤੇ ਹੋ
ਆਤੇ ਹੈਂ ਆਤੇ ਹੈਂ ਰਾਣੀ ਕੋ ਲੇਣੇ ਆਤੇ ਹੈਂ ।

     ਸਰੀਰਕ ਪੱਧਰ ਦੀਆਂ ਕੁੱਝ ਖੇਡਾਂ ਵਿੱਚ ਪਕੜ ਦਾ ਅਭਿਆਸ ਹੁੰਦਾ ਹੈ । ਇਸ ਪ੍ਰਕਾਰ ਦੀਆਂ ਖੇਡਾਂ ਵਿੱਚ ਮਾਨਸਿਕ ਦਿ੍ੜਤਾ, ਸਰੀਰਕ ਤਕੜਾਈ ਅਤੇ ਸਾਹ ਦਾ ਬਲ ਵਧਾਉਂਦੀਆਂ ਹਨ । ਇਸ ਰੂਪ ਦੀ ਪ੍ਰਮੁੱਖ ਖੇਡ 'ਰਾਜੇ ਦਾ ਦਰਬਾਰ' ਹੈ । ਸਾਰੇ ਬੱਚੇ ਇਕ ਦੂਸਰੇ ਦੇ ਪਿੱਛੇ ਜੱਫਾ ਮਾਰ ਕੇ ਸਿੱਧੀ ਰੇਖਾ ਵਿੱਚ ਖੜੇ ਹੋ ਜਾਂਦੇ ਹਨ । ਪਿੱਠ ਦੇਣ ਵਾਲੇ ਖਿਡਾਰੀ ਅਤੇ ਲਾਈਨ ਦੇ ਮੂਹਰਲੇ ਬੱਚੇ ਵਿੱਚ ਸੰਵਾਦ ਗੀਤ ਨਾਲ ਖੇਡ ਆਰੰਭ ਹੁੰਦੀ ਹੈ । ਖੇਡ ਵਿੱਚ ਬੱਚਿਆਂ ਨੂੰ ਪਕੜਣ ਅਤੇ ਬਚਾਉਣ ਦੇ ਕਾਰਜ ਸਮੇਂ ਦੋਂਵੇ ਧਿਰਾਂ ਸੱਜੀ ਖੱਬੀ ਦਿਸ਼ਾ ਵੱਲ ਗੀਤ ਦੀ ਤੇਜ਼ ਲੈਅ ਦੇ ਸਮਵਿੱਧ ਦੋੜਦੀਆਂ ਹਨ । ਲੈਅ ਹੋਰ ਤੇਜ਼ ਹੁੰਦੀ ਹੈ, ਜਿਵੇਂ:
ਰਾਜੇ ਦੇ ਦਰਬਾਰ ਬੱਕਰਾ ਮੰਗੀਦਾ
ਇੱਕੋ ਮੇਰੀ ਮੇਮਣੀ ਮੈਂ ਕਿੰਨੂੰ ਕਿਨੂੰ ਦੇਵਾਂ
ਰਾਜੇ ਮੰਗੀ ਬੱਕਰੀ ਮੈਂ ਬੱਕਰੀ ਲਿਜਾਣੀਆਂ
ਇੱਕੋ ਮੇਰੀ ਬੱਕਰੀ ਮੈਂ ਕਿੱਲੇ ਤੇ ਬਿਠਾਣੀਆਂ
ਕਾਲੀ ਭੇਡ ਦੇਣ ਊ
ਗੋਰੀ ਭੇਡ ਲੈਣੀ ਆਂ........

    ਬੱਚਿਆਂ ਦੀਆਂ ਵਧੇਰੇ ਖੇਡਾਂ ਘੇਰਾ ਪ੍ਰਬੰਧ ਦੀਆਂ ਹਨ ਜਿਸ ਨਾਲ ਪਰਸਪਰ ਸੰਪਰਕ ਵਧੇਰੇ ਹੁੰਦਾ ਹੈ । 'ਮੈਂ ਰਾਜਾ ਪਟਵਾਰੀ' ਖੇਡ ਵੀ ਇਸ ਰੂਪ ਦੀ ਹੈ । ਇਸ ਵਿੱਚ ਅੰਗੂਠਿਆਂ ਦੀ ਪਕੜ ਦੇ ਔਖੇ ਕਾਰਜ ਦਾ ਅਭਿਆਸ ਹੈ । ਕਲਪਿਤ ਪਟਵਾਰੀ ਬੱਚੇ ਨੂੰ ਬਾਂਹਵਾਂ ਤੇ ਚੁੱਕ ਕੇ ਲਿਜਾਂਦਾ ਹੈ ਜਿਸ ਵਿੱਚ ਬੱਚੇ ਨੂੰ ਅੰਗੂਠਿਆਂ ਦੀ ਪਕੜ ਢਿੱਲੀ ਹੋਣ ਤੋਂ ਬਚਣਾ ਪੈਂਦਾ ਹੈ , ਵਰਨਾ ਮੀਟੀ ਦੇਣੀਂ ਪੈਂਦੀ ਹੈ । ਇਸ ਖੇਡ ਵਿੱਚ ਵੀ ਗੀਤ ਦੀ ਲੈਅ ਨਾਲ ਬੱਚਾ ਘੇਰੇ ਵਿੱਚ ਟਹਿਲਦਾ ਦੂਸਰਿਆਂ ਦੇ ਸਿਰ ਠਕੋਰਦਾ ਹੈ:
ਮੇਰੇ ਕੱਦੂਆਂ ਦੇ ਬੰਨ੍ਹੇ ਬੰਨ੍ਹੇ ਕੌਣ ਖੰਘੂਰਦਾ
ਮੈਂ ਰਾਜਾ ਪਟਵਾਰੀ
ਕੀ ਕੁੱਝ ਮੰਗਦਾ
ਅੱਧ ਪਾ ਖਿਚੜੀ ਅੱਧ ਪਾ ਦਾਲ
ਰਾਜੇ ਦੀ ਬੇਟੀ ਖਾਏ ਸਵਾਦਾਂ ਨਾਲ।

    ਛੂਹਣ ਛੂਪਾਈ ਦੀਆਂ ਸਾਰੀਆਂ ਖੇਡਾਂ ਜਿਵੇਂ ;- 'ਮਾਈ ਮਾਈ ਕੀ ਲੱਭਦੀ', ਭੰਡਾ ਭੰਡਾਰੀਆ', 'ਕੋਟਲਾ ਛਪਾਕੀ', 'ਸਮੁੰਦਰ ਮੱਛੀ'; 'ਆਈ ਜੇ ਆ ਜਾ' ਪੂਛ ਪੂਛ' , 'ਖਾਨ ਘੋੜੀ' , 'ਲੱਕੜ ਕਾਠ' , 'ਊਚ ਨੀਚ' , 'ਘਰ ਮਲਣ', ਰੰਗ ਮਲਣ', 'ਅੰਨਾ ਸੋਟਾ', ਲੰਗੜਾ ਸ਼ੇਰ' , ਆਦਿ ਸਰੀਰਕ ਖੇਡਾਂ ਹਨ ।

    ਸਰੀਰਕ ਵਿਕਾਸ ਨਾਲ ਮਨੁੱਖ ਦਾ ਮਾਨਸਿਕ ਵਿਕਾਸ ਵੀ ਲਾਜ਼ਮੀਂ ਹੈ । ਹਰੇਕ ਜਾਤੀ ਦੀਆਂ ਖੇਡਾਂ ਵਿੱਚ ਮਾਨਸਿਕ ਪੱਧਰ ਦੀਆਂ ਸੋਚਣ, ਵਿਚਾਰਨ ਅਤੇ ਬੁੱਝਣ ਦੀਆਂ ਸ਼ਕਤੀਆਂ ਨਾਲ ਸੰਬੰਧਤ ਖੇਡਾਂ ਸ਼ਾਮਲ ਹੁੰਦੀਆਂ ਹਨ । ਕੁੜੀਆਂ ਦੀਆਂ ਖੇਡਾਂ ਵਿੱਚ 'ਗੇਂਦ ਗੀਟੇ'/'ਰੋੜੇ ਬੋਚੋ , 'ਥਾਲ', ਜਾਂ 'ਖਿਹਨੂੰ' ਅਤੇ 'ਗੁੱਡੀ ਪਟੋਲੇ' ਖੇਡ-ਕਾਰਜ ਇਸਤਰੀ ਮਾਨਸਿਕਤਾ ਨੂੰ ਪ੍ਰਗਟਾਉਂਦੀਆ ਹਨ । ਇਹ ਖੇਡ-ਕਾਰਜ ਇਸਤਰੀ ਨੂੰ ਪੰਜਾਬੀ ਸੱਭਿਆਚਾਰ ਦੀ ਰਿਸ਼ਤਾ-ਪ੍ਰਣਾਲੀ ਦੇ ਪ੍ਰਸੰਗ ਵਿੱਚ ਪੇਸ਼ ਕਰਦਾ ਹੈ । ਬੱਚਿਆਂ ਦੀਆਂ ਮਾਨਸਿਕ ਖੇਡਾਂ ਵਿੱਚ 'ਕਲੀ ਕਿ ਜੋਟਾ' , ਲੀਡਰ ਬੁੱਝਣਾ' , ਊਠਕ ਬੈਠਕ' , ਉਂਗਲੀਆਂ ਬੁੱਝਣਾ' , ਆਦਿ ਖੇਡਾਂ ਸ਼ਾਮਿਲ ਹਨ । ਬੱਚਿਆਂ ਦੀ ਇੱਕ ਮਾਨਸਿਕ ਖੇਡ 'ਔਸੀਆਂ' , ਅਰਥਾਤ 'ਚੋਰ ਸਿਪਾਹੀ' ਹੈ । ਲੁਕਵੀਆਂ ਥਾਂਵਾ ਉੱਤੇ ਲਕੀਰਾਂ ਮਾਰੀਆਂ ਜਾਂਦੀਆਂ ਹਨ । ਵਧੇਰੇ ਸੰਖਿਆ ਵਿੱਚ ਵਧੇਰੇ ਲਕੀਰਾਂ ਵਾਹੁਣ ਵਾਲੀ ਟੀਮ ਜੇਤੂ ਕਰਾਰ ਦਿੱਤੀ ਜਾਂਦੀ ਹੈ । ਇਹ ਖੇਡ 'ਕੂਕਾਂ ਕਾਂਗੜਾ' , 'ਕਾਲੀ ਪੀਲੀ ਟੀਲੋ' , 'ਗੁਪੀਆਂ ਨਾਂਵਾਂ ਨਾਲ ਵੀ ਪ੍ਰਸਿੱਧ ਹੈ । ਇਸ ਰੂਪ ਦੀਆਂ ਖੇਡਾਂ ਵਿੱਚ 'ਕਿਣ ਮਿਣ ਕੋਣ ਗਿਣਿਆ' , ਪੂਣ ਸਲਾਈ ਐਂ ਗਈ ਔਂ ਗਈ' , 'ਇਧਰ ਮਾਰਾਂ ਓਧਰ ਮਾਰਾਂ ਲੋਹੇ ਦੀ ਪੰਸੇਰੀ ਮਾਰਾਂ' , ਆਦਿ ਸਭ ਸੋਚ ਸ਼ਕਤੀ ਵਾਲੀਆਂ ਖੇਡਾਂ ਹਨ ।

    ਕਿਸੇ ਦੇਸ਼ ਅਤੇ ਜਾਤੀ ਦੀਆਂ ਲੋਕ-ਖੇਡਾਂ ਦੇ ਅਧਿਐਨ ਤੋਂ ਉਸ ਜਾਤੀ ਦੇ ਲੋਕਾਂ ਦੇ ਸੁਭਾਅ' , ਸਾਹਸ, ਸਰੀਰਕ ਸ਼ਕਤੀ ਅਤੇ ਸੱਭਿਆਚਾਰਿਕ ਕਦਰਾਂ-ਕੀਮਤ ਦੀ ਜਾਣਕਾਰੀ ਹੁੰਦੀ ਹੈ । ਪੰਜਾਬੀਆਂ ਦੀਆਂ ਖੇਡਾਂ ਉਹਨਾ ਦੀ ਬਹਾਦਰੀ, ਯੋਗਤਾ, ਸਾਹਸ, ਸੁਭਾਅ, ਭਾਈਚਾਰਕ ਸਾਂਝ, ਖੁਲ੍ਹਾਂ ਮਾਨਣ ਵਾਲੇ ਸੁਭਾਅ ਅਤੇ ਨੈਤਿਕ ਵਿਧਾਨ ਦੀਆਂ ਬੌਧਿਕ ਹਨ । ਇਹ ਖੇਡਾਂ ਇਸ ਖਿਤੇ ਦੇ ਲੋਕਾਂ ਦੇ ਲੋਕ ਵਿਸ਼ਵਾਸ, ਰੁਚੀਆਂ, ਰਸਮਾਂ-ਰਿਵਾਜਾਂ ਅਤੇ ਸਮੇਂ ਸਮੇਂ ਉੱਤੇ ਰਾਜਨੀਤਿਕ, ਸਮਾਜਿਕ ਪ੍ਰਬੰਧਾ ਦੇ ਅੰਤਰਗਤ ਪੈਦਾ ਹੋਈ ਸਥਿਤੀ ਨਾਲ ਜਾਣ-ਪਛਾਣ ਕਰਵਾਉਣ ਵਿੱਚ ਸਹਾਈ ਹੁੰਦੀਆਂ ਹਨ ।

ਪੰਜਾਬ ਦੇ ਲੋਕ-ਵਿਸ਼ਵਾਸ

  ਵਿਸ਼ਵਾਸ ਕਰਨਾ ਮਨੁੱਖ ਦੀ ਸੁਭਾਵਿਕ ਰੁਚੀ ਹੈ। ਇਸ ਰੁਚੀ ਸਦਕਾ ਹੀ ਮਨੁੱਖ ਨੇ ਗਿਆਨ ਵਿਗਿਆਨ ਦੇ ਖੇਤਰ ਵਿੱਚ ਵਰਨਣਯੋਗ ਪ੍ਰਾਪਤੀਆਂ ਕੀਤੀਆਂ ਹਨ ।

    ਵਿਸ਼ਵਾਸ ਤੋਂ ਭਾਵ ਕਿਸੇ ਦ੍ਰਿਸ਼ਟ ਜਾਂ ਅਦ੍ਰਿਸ਼ਟ ਵਸਤੂ ਵਿੱਚ ਯਕੀਨ ਜਾਂ ਭਰੋਸੇ ਤੋਂ ਹੈ । ਵਿਸ਼ਵਾਸ ਕਿਸੇ ਪ੍ਰਚਿਲਤ ਉਕਤੀ ਜਾਂ ਕਥਨ ਦਾ ਸੱਚ ਵਾਂਗ ਸਵੀਕਾਰ ਕੀਤਾ ਜਾਣਾ ਹੈ। ਇਹ ਸਵੀਕ੍ਰਿਤੀ ਜ਼ਰੂਰੀ ਤੌਰ ਤੇ ਬੌਧਿਕ ਵੀ ਹੋਵੇਗੀ ਭਾਵੇ ਕਿ ਇਸ ਵਿੱਚ ਭਾਵਕ ਰੰਗ ਕਾਫ਼ੀ ਮਾਤਰਾ ਵਿੱਚ ਹੋ ਸਕਦਾ ਹੈ । ਇਸ ਦੀ ਪ੍ਰਮਾਣਿਕਤਾ, ਖਾਸ ਕਥਨ ਜਾਂ ਉਕਤੀ ਦੀ ਅੰਦਰੂਨੀ ਜਾਂ ਵਾਸਤਵਿਕ ਸਚਾਈ ਉੱਪਰ ਨਿਰਭਰ ਨਹੀ ਹੁੰਦੀ ਸਗੋਂ ਅਜਿਹਾ ਸਮਾਜਿਕ, ਸੰਸਕ੍ਰਿਤਿਕ ਹਾਲਤਾਂ ਅਤੇ ਇੱਕ ਖਾਸ ਮਨੋਸਥਿਤੀ ਕਰਕੇ ਹੁੰਦਾ ਹੈ। ਮਨੁੱਖ ਪ੍ਰਕਿਰਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀ ਜੋ ਪ੍ਰਭਾਵ ਗ੍ਰਹਿਣ ਕਰਦਾ ਸੀ ਉਹ ਹੀ ਲੋਕ-ਵਿਸ਼ਵਾਸਾਂ ਦਾ ਆਧਾਰ ਬਣਦੇ ਸਨ।

    ਪ੍ਰਕਿਰਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਪਿਆ। ਉਸ ਨੇ ਇੱਕ ਘਟਨਾ ਨੂੰ ਦੂਸਰੀ ਦਾ ਕਾਰਨ ਮੰਨ ਲਿਆ । ਪ੍ਰਕਿਰਤੀ ਨਾਲ ਅੰਤਰ-ਕਿਰਿਆ ਵਿੱਚ ਆਉਣ ਨਾਲ ਇਹ ਵਿਸ਼ਵਾਸ ਬਣਨੇ ਸ਼ੁਰੂ ਹੋਏ ਅਤੇ ਜਿਉ-ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇਹਨਾਂ ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ । ਸ਼ੁਰੂ ਤੌਂ ਹੀ ਮਨੁੱਖ ਪ੍ਰਕਿਰਤੀ ਨਾਲ ਸੰਘਰਸ਼ ਕਰਕੇ ਇਸ ਨੂੰ ਆਪਣੇ ਹਿਤਾਂ ਅਨੁਕੂਲ ਢਾਲਣ ਦੀ ਕੋਸ਼ਿਸ਼ ਵਿੱਚ ਰਿਹਾ ਹੈ।

    ਆਦਿਮ-ਕਾਲੀਨ ਮਨੁੱਖ ਪ੍ਰਕਿਰਤੀ ਵਿੱਚ ਵਾਪਰਦੀਆਂ ਘਟਨਾਵਾਂ ਦੇ ਕਾਰਜ-ਕਾਰਨ ਸੰਬੰਧਾਂ ਨੂੰ ਤਾਰਕਿਕ ਆਧਾਰਾਂ ਤੇ ਸਮਝਣੋਂ ਅਸਮਰਥ ਸੀ। ਅਜਿਹੀ ਸਥਿਤੀ ਵਿੱਚ ਆਪਣੀ ਹੋਂਦ ਨੂੰ ਦਰਪੇਸ਼ ਅਨਿਸਚਿਤਤਾ ਅਤੇ ਖ਼ਤਰਿਆਂ ਤੋਂ ਬਚਾਉਣ ਲਈ ਮਨੁੱਖ ਅਨੇ ਕਾਂ ਤਰ੍ਹਾਂ ਦੇ ਵਿਸ਼ਵਾਸਾਂ ਵਿੱਚ ਸਹਾਰਾ ਢੂੰਡਣ ਦੀ ਕੋਸ਼ਸ ਕਰਦਾ ਰਿਹਾ। ਮਨੁੱਖ ਆਪਣੇ ਨਿੱਤ ਦੇ ਕਾਰ-ਵਿਹਾਰ ਸੰਬੰਧੀ, ਆਪਣੀ ਹੋਂਦ ਸੰਬੰਧੀ ਅਤੇ ਪ੍ਰਕਿਰਤਿਕ ਵਰਤਾਰਿਆਂ ਦੀ ਵਿਆਖਿਆ ਲਈ ਸ਼ੁਰੂ ਤੋਂ ਹੀ ਇਹਨਾਂ ਵਿਸ਼ਵਾਸਾਂ ਨੂੰ ਘੜਦਾ ਆਇਆ ਹੈ । ਹਰਕੇ ਕਾਲ-ਖੰਡ ਵਿੱਚ ਮਨੁੱਖ ਦਾ ਜੀਵਨ-ਵਿਹਾਰ ਉਸ ਕਾਲ-ਖੰਡ ਵਿਸ਼ੇਸ਼ ਵਿੱਚ ਪ੍ਰਚਲਿਤ ਵਿਸ਼ਵਾਸਾਂ ਰਾਹੀ ਨਿਰਧਾਰਿਤ ਹੁੰਦਾ ਆਇਆ ਹੈ। ਮਨੁੱਖ ਆਪਣੇ ਤੋਂ ਪੂਰਵ-ਕਾਲ ਵਿੱਚ ਪ੍ਰਾਪਤ ਅਨੁਭਵਾਂ ਅਤੇ ਉਹਨਾਂ ਤੇ ਉਸਰੇ ਵਿਸ਼ਵਾਸਾਂ ਮਦਦ ਨਾਲ ਨਵੇਂ ਵਿਸ਼ਵਾਸਾ ਦੀ ਸਿਰਜਣਾ ਕਰਦਾ ਆਇਆ ਹੈ। ਸਮੇਂ ਦੀ ਬੀਤਣ ਨਾਲ ਵਿਸ਼ਵਾਸਾਂ ਦੇ ਜਾਲ ਦੀਆਂ ਤੰਦਾਂ ਮਨੁੱਖ ਦੀ ਸਮੁੱਚੀ ਹੋਂਦ ਦੁਆਲੇ ਪਸਰ ਗਈਆਂ। ਜਾਦੂ ਅਤੇ ਧਰਮ ਚਿੰਤਨ ਨੇ ਜਿਸ ਢੰਗ ਨਾਲ ਮਨੁੱਖੀ ਜੀਵਨ ਅਤੇ ਪ੍ਰਕਿਰਤਿਕ ਵਰਤਾਰਿਆਂ ਨੂੰ ਸਮਝਨ ਦੀ ਕੋਸ਼ਿਸ਼ ਕੀਤੀ ਉਸ ਨਾਲ ਇਹਨਾਂ ਦਾ ਘੇਰਾ ਹੋਰ ਵੀ ਫੈਲ ਗਿਆ।

    ਲੋਕ-ਵਿਸ਼ਵਾਸ ਅਤੇ ਵਹਿਮ-ਭਰਮ ਅੱਜ ਵੀ ਸਾਡੇ ਲੋਕ-ਜੀਵਨ ਦਾ ਜੀਵੰਤ ਅੰਗ ਹਨ। ਜਨਮ,ਵਿਆਹ ਅਤੇ ਮਰਨ ਦੇ ਸੰਸਕਾਰ ਅੱਜ ਵੀ ਸ਼ਰਧਾ ਭਾਵਨਾ ਨਾਲ ਕੀਤੇ ਜਾਂਦੇ ਹਨ। ਬਿਮਾਰੀਆਂ ਦੇ ਇਲਾਜ ਲਈ ਬਹੁਗਿਣਤੀ ਅੱਜ ਵੀ ਉਹਨਾਂ ਪਰੰਪਰਾਗਤ ਇਲਾਜ-ਵਿਧੀਆਂ ਵਿੱਚ ਯਕੀਨ ਰੱਖਦੀ ਹੈ ਜਿਨ੍ਹਾਂ ਦਾ ਆਧਾਰ ਲੋਕ ਵਿਸ਼ਵਾਸ ਹਨ। ਨਵੀਨ ਚੇਤਨਾ ਅਤੇ ਪਦਾਰਥਵਾਦ ਦੇ ਇਸ ਯੁੱਗ ਵਿੱਚ ਵੀ ਪੰਜਾਬੀ ਲੋਕ-ਮਨ ਦੇਵੀ-ਦੇਵਤਿਆਂ ਦੀ ਕਰੋਪੀ ਅਤੇ ਬਖਸ਼ਿਸ਼ ਵਿੱਚ ਯਕੀਨ ਰੱਖਦਾ ਹੈ। ਕਿਰਸਾਣ,ਮੱਝ,ਬੈਲ ਖ਼ਰੀਦਣ ਸਮੇਂ , ਮੌਸਮ ਸੰਬੰਧੀ ਅਨੁਮਾਨ ਲਗਾਉਦੇ ਸਮੇ ਅਤੇ ਵਾਹੀ ਗੋਡੀ ਬਿਜਾਈ ਕਰਦੇ ਸਮੇਂ ਅਨੇਕਾਂ ਤਰ੍ਹਾਂ ਦੇ ਲੋਕ-ਵਿਸ਼ਵਾਸਾਂ ਦੀ ਟੇਕ ਲੈਂਦਾ ਹੈ।

    ਇੱਕ ਵਿਅਕਤੀ ਦੀ ਵਿਸ਼ਵਾਸ ਕਰਨ ਦੀ ਰੁਚੀ ਅਤੇ ਵਿਸ਼ਵਾਸ਼-ਭੰਡਾਰ ਦੂਸਰੇ ਵਿਅਕਤੀ ਤੋਂ ਭਿੰਨ ਹੁੰਦਾ ਹੈ। ਇਸ ਭਿੰਨਤਾ ਦਾ ਕਾਰਨ ਸੰਬੰਧਿਤ ਵਿਅਕਤੀ ਦੀ ਇਹਨਾਂ ਪ੍ਰਕਿਰਤਿਕ ਅਤੇ ਮਨੁੱਖੀ ਵਰਤਾਰਿਆਂ ਪ੍ਰਤਿ ਅੰਤਰ-ਦ੍ਰਿਸ਼ਟੀ ਅਤੇ ਪ੍ਰਤੱਖਣ ਸ਼ਕਤੀ ਤੇ ਨਿਰਭਰ ਕਰਦਾ ਹੈ। ਕੁਝ ਵਿਸ਼ਵਾਸ ਅਜਿਹੇ ਹੁੰਦੇ ਹਨ ਜਿਹੜੇ ਨਿੱਤ ਦੇ ਕਾਰ-ਵਿਹਾਰ ਸਮੇਂ ਪੈਦਾ ਹੁੰਦੇ ਹਨ ਪਰ ਅਜਿਹੇ ਵਿਸ਼ਵਾਸ ਚਿਰ-ਸਥਾਈ ਨਹੀ ਹੁੰਦੇ ਅਰਥਾਤ ਇਹ ਵਿਅਕਤੀਗਤ ਪੱਧਰ ਤੋਂ ਉੱਪਰ ਉੱਠ ਕੇ ਸਮੂਹਿਕ ਮਾਨਤਾ ਪ੍ਰਾਪਤ ਨਹੀ ਕਰ ਸਕਦੇ ਅਤੇ ਜੇਕਰ ਕਰ ਵੀ ਲੈਂਦੇ ਹਨ ਤਾਂ ਛੇਤੀ ਹੀ ਇਹ ਸਾਡੇ ਵਿਸ਼ਵਾਸ਼ਾਂ ਦੇ ਜ਼ਖੀਰੇ ਵਿੱਚੋ ਕਿਰ ਜਾਂਦੇ ਹਨ। ਕੁਝ ਲੋਕ-ਵਿਸ਼ਵਾਸ ਅਜਿਹੇ ਵੀ ਹੁੰਦੇ ਹਨ ਜਿਹੜੇ ਇੱਕ ਭੂਗੋਲਿਕ ਖਿੱਤੇ ਵਿੱਚ ਵਧੇਰੇ ਪ੍ਰਚਲਿਤ ਹੁੰਦੇ ਹਨ ਜਦ ਕਿ ਦੂਸਰੀ ਥਾਂ ਉਹਨਾਂ ਦੀ ਕੋਈ ਭੂਗੋਲਿਕ ਖਿੱਤੇ ਵਿੱਚ ਵਧੇਰੇ ਪ੍ਰਚਲਿਤ ਹੁੰਦੇ ਹਨ ਜਦ ਕਿ ਦੂਸਰੀ ਥਾਂ ਉਹਨਾਂ ਦੀ ਕੋਈ ਅਹਿਮੀਅਤ ਨਹੀ ਹੁੰਦੀ ਜਾਂ ਬਹੁਤ ਘੱਟ ਹੁੰਦੀ ਹੈ। ਇਸ ਤਰ੍ਹਾਂ ਲੋਕ-ਵਿਸ਼ਵਾਸ ਬਣਦੇ ਅਤੇ ਬਿਨਸਦੇ ਰਹਿੰਦੇ ਹਨ।

    ਕੁਝ ਲੋਕ-ਵਿਸ਼ਵਾਸ ਨਿਜੀ ਜਾਂ ਵਿਅਕਤੀਗਤ ਪੱਧਰ ਤੱਕ ਹੀ ਸੀਮਿਤ ਹੁੰਦੇ ਹਨ ਅਤੇ ਕਈ ਵਾਰੀ ਵਿਅਕਤੀ ਇਹਨਾਂ ਨੂੰ ਦੂਸਰਿਆਂ ਨਾਲ ਸਾਝਾਂ ਵੀ ਨਹੀ ਕਰਦਾ। ਉਦਾਹਰਨ ਵਜੌਂ ਕੁਝ ਵਿਅਕਤੀ ਕੁਝ ਖਾਸ ਨੰਬਰਾਂ ਨੂੰ ਆਪਣੇ ਲਈ ਕਿਸ ਕਿਸਮਤ ਵਾਲਾ ਨੰਬਰ ਸਮਝਦੇ ਹਨ। ਇਸ ਤਰ੍ਹਾਂ ਕੁਝ ਵਿਅਕਤੀ ਕਿਸੇ ਖਾਸ ਨੰਬਰ, ਰੰਗ, ਕਪੜੇ, ਥਾਂ ਆਦਿ ਨੂੰ ਕਿਸਮਤ ਵਾਲਾ ਮੰਨ ਲੈਂਦੇ ਹਨ। ਕੁਝ ਲੋਕ ਅੰਗੂਠੀ ਵਿੱਚ ਨਗ ਵੀ ਆਪਣੇ ਗ੍ਰਹਿਆਂ ਅਨੁਸਾਰ ਹੀ ਲਗਵਾਉਦੇ ਹਨ ।

    ਇੱਕ ਸੱਭਿਆਚਾਰ ਦੇ ਲੋਕ-ਵਿਸ਼ਵਾਸ ਦੂਸਰੇ ਸੱਭਿਆਚਾਰਾਂ ਵਿੱਚ ਪ੍ਰਚਲਿਤ ਲੋਕ-ਵਿਸ਼ਵਾਸਾਂ ਨਾਲੋ ਭਿੰਨ ਵੀ ਹੁੰਦੇ ਹਨ ਅਤੇ ਕਿ ਇਹਨਾਂ ਵਿੱਚ ਸਮਾਨਤਾ ਅਤੇ ਸਾਂਝ ਵੀ ਵੇਖੀ ਜਾ ਸਕਦੀ ਹੈ। ਨਿੱਛ ਨੂੰ ਸਾਰੇ ਸੰਸਾਰ ਵਿੱਚ ਹੀ ਬਦਸ਼ਗਨੀ ਵਾਲੀ ਗੱਲ ਸਮਝਿਆ ਜਾਂਦਾ ਹੈ । ਏਸੇ ਤਰ੍ਹਾਂ ਸ਼ੀਸ਼ਾ ਟੁੱਟਣ , ਲੂਣ ਡੁੱਲਣ, ਨਜ਼ਰ ਲੱਗਣ, ਜਾਦੂ ਟੂਣੇ ਨਾਲ ਬਿਮਾਰੀਆ ਦਾ ਇਲਾਜ, ਬਦਰੂਹਾਂ ਦੀ ਹੋਦ ਵਿੱਚ ਵਿਸ਼ਵਾਸ ਆਦਿ ਲੋਕ-ਵਿਸ਼ਵਾਸ ਵੀ ਸਾਰੇ ਸੰਸਾਰ ਵਿੱਚ ਇੱਕੋ ਤਰ੍ਹਾਂ ਦੇ ਅਰਥ ਰੱਖਦੇ ਹਨ। ਲੋਕ-ਵਿਸ਼ਵਾਸਾਂ ਵਿੱਚ ਸਾਂਝ ਅਤੇ ਸਮਾਨਤਾ ਦਾ ਇੱਕ ਕਾਰਨ ਮਨੁੱਖੀ ਮਾਨਸਿਕਤਾ ਦੀ ਤਹਿ ਵਿੱਚ ਕਾਰਜ਼ਸੀਲ ਕੁਝ ਬੁਨਿਆਦੀ ਪਵ੍ਰਿਤੀਆਂ ਹਨ। ਦੂਸਰਾ ਸੱਭਿਆਚਾਰੀਕਰਨ ਦੀ ਪ੍ਰਕਿਰਿਆ ਦੇ ਫਲਸਰੂਪ ਵੀ ਇੱਕ ਸੱਭਿਆਚਾਰ ਵਿੱਚ ਪ੍ਰਚਿਲਤ ਲੋਕ-ਵਿਸ਼ਵਾਸ ਦੂਸਰੇ ਸੱਭਿਆਚਾਰ ਦਾ ਅੰਗ ਬਣ ਜਾਂਦੇ ਹਨ। ਲੋਕ ਵਿਸ਼ਵਾਸ਼ਾਂ ਵਿੱਚ ਭਿੰਨਤਾ ਦੇ ਕਾਰਨ ਸਮਾਜਿਕ, ਆਰਥਿਕ, ਧਾਰਮਿਕ ਅਤੇ ਭੂਗੋਲਿਕ ਹੁੰਦੇ ਹਨ। ਭਾਰਤ ਵਿੱਚ ਸੱਪ ਨੂੰ ਨਾਗ ਦੇਵਤਾ ਸਮਝ ਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ ਪਰ ਇਸਾਈ ਧਰਮ ਵਿੱਚ ਇਸ ਨੂੰ ਸ਼ੈਤਾਨ ਦਾ ਰੂਪ ਸਮਝਿਆ ਜਾਂਦਾ ਹੈ।

    ਗਿਆਨ ਅਤੇ ਵਿਸ਼ਵਾਸ ਵਿੱਚ ਨਿਕਟਵਰਤੀ ਸੰਬੰਧ ਹੈ। ਗਿਆਨ ਵਿੱਚ ਜਾਣਨ ਦੀ ਭਾਵਨਾ ਹੈ ਅਤੇ ਵਿਸ਼ਵਾਸ ਵਿੱਚ ਮੰਨਣ ਦੀ ਜਾਂ ਭਰੋਸਾ ਕਰਨ ਦੀ । ਵਿਸ਼ਵਾਸ ਅਨੁਭਵ ਉੱਪਰ ਆਧਾਰਿਤ ਹੁੰਦਾ ਹੈ ਪਰ ਜਦੋਂ ਇਸ ਅਨੁਭਵ ਪਿੱਛੇ ਕਾਰਜ਼ਸ਼ੀਲ ਕਾਰਨ-ਕਾਰਜ ਸੰਬੰਧਾ ਦਾ ਨਿਰਖਣ ਕਰਕੇ ਇਸ ਦੇ ਸਥਾਈ ਸੰਬੰਧਾ ਨੂੰ ਜਾਣ ਲਿਆ ਜਾਂਦਾ ਹੈ ਤਾਂ ਇਹ ਸਾਡੇ ਗਿਆਨ ਦਾ ਅੰਗ ਬਣ ਜਾਂਦਾ ਹੈ। ਗਿਆਨ ਸਰਬਵਿਆਪੀ ਸਮਾਨ ਅਮਲ ਹੈ ਅਰਥਾਤ ਗਿਆਨ ਦਾ ਅੰਗ ਬਣ ਜਾਂਦਾ ਹੈ। ਗਿਆਨ ਸਰਬਵਿਆਪੀ ਸਮਾਨ ਅਮਲ ਹੈ ਅਰਥਾਤ ਗਿਆਨ ਵਸਤੂ-ਨਿਸ਼ਠ ਹੁੰਦਾ ਹੈ। ਵਿਸ਼ਵਾਸ ਵਿਅਕਤੀਪਰਕ ਹੁੰਦਾ ਹੈ ਅਤੇ ਇੱਕ ਹੀ ਵਸਤੂ ਜਾਂ ਪ੍ਰਕਿਰਤਿਕ ਵਰਤਾਰੇ ਨਾਲ ਸੰਬੰਧਿਤ-ਵਿਸ਼ਵਾਸ ਵੱਖ-ਵੱਖ ਸੱਭਿਆਚਾਰਾਂ ਵਿੱਚ ਵੱਖ-ਵੱਖ ਹੋ ਸਕਦੇ ਹਨ। ਵਸਤੂ-ਨਿਸ਼ਠ ਗਿਆਨ ਵਿੱਚ ਮੱਤਭੇਦ ਨਹੀ ਹੁੰਦਾ ਜਿਵੇਂ ਤਰਲ ਪਦਾਰਥ ਹਮੇਸ਼ਾਂ ਨੀਵੇਂ ਪਾਸੇ ਨੂੰ ਚਲਦਾ ਹੈ। ਧਰਤੀ ਤੋਂ ਉੱਪਰ ਸੁੱਟੀ ਗਈ ਵਸਤੂ ਫਿਰ ਧਰਤੀ ਉੱਪਰ ਆ ਡਿੱਗਦੀ ਹੈ, ਆਦਿ ਨਿਯਮ ਸਰਬ ਪ੍ਰਵਾਣਿਤ ਅਤੇ ਹਰ ਥਾਂ ਇੱਕੋ-ਜਿਹੇ ਅਮਲ ਵਾਲੇ ਹਨ। ਦੂਸਰੇ ਪਾਸੇ ਵਿਸ਼ਵਾਸ ਵਿਅਕਤੀਪਰਕ ਹੁੰਦਾ ਹੈ । ਜਿਵੇਂ ਇੱਕ ਲੋਕ ਵਿਸ਼ਵਾਸ ਹੈ ਕਿ ਸ੍ਰਿਸ਼ਟੀ ਦੀ ਉਤਪਤੀ ਆਦਮ ਅਤੇ ਹਵਾ ਤੋਂ ਹੋਈ । ਦੂਸਰਾ ਵਿਸ਼ਵਾਸ ਹੈ ਕਿ 'ਕੁਨ' ਕਹਿਣ ਤੇ ਇਹ ਸਾਰੀ ਸ਼੍ਰਿਸਟੀ ਹੋਂਦ ਵਿੱਚ ਆ ਗਈ । ਕੋਈ ਇਹ ਮੰਨਦਾ ਹੈ ਕਿ ਧਰਤੀ ਧੋਲ ਦੇ ਸਿਰ ਤੇ ਖੜੀ ਹੈ। ਇੱਕ ਹੋਰ ਵਿਸ਼ਵਾਸ ਹੈ ਕਿ ਧਰਤੀ ਕਛੂਏ ਦੀ ਪਿੱਠ ਉੱਪਰ ਟਿਕੀ ਹੋਈ ਹੈ। ਮਿਸਰ ਵਿੱਚ ਸੂਰਜ ਸੰਬੰਧੀ ਵਿਸ਼ਵਾਸ ਹੈ ਕਿ ਸੂਰਜ ਰੋਜ਼ ਬੇੜੀ ਉੱਤੇ ਆਕਾਸ਼ ਵਿੱਚ ਜਾਂਦਾ ਹੈ ਅਤੇ ਉਸ ਨੂੰ ਪਾਰ ਕਰਦਾ ਹੈ। ਸੂਰਜ ਗ੍ਰਹਿਣ ਸੰਬੰਧੀ ਵਿਸ਼ਵਾਸ ਹੈ ਕਿ ਸੂਰਜ ਰੋਜ਼ ਬੇੜੀ ਉੱਤੇ ਅਕਾਸ਼ ਵਿੱਚ ਜਾਂਦਾ ਹੈ ਅਤੇ ਉਸ ਨੂੰ ਪਾਰ ਕਰਦਾ ਹੈ । ਸੂਰਜ ਗ੍ਰਹਿਣ ਸੰਬੰਧੀ ਭਾਰਤ ਵਿੱਚ ਵਿਸ਼ਵਾਸ ਹੈ ਕਿ ਰਾਹੂ ਕੇਤੂ ਆਪਣਾ ਰਿਣ ਲੈਣ ਲਈ ਸੂਰਜ ਨੂੰ ਘੇਰ ਲੈਂਦੇ ਹਨ। ਚੀਨ ਵਿੱਚ ਇਹ ਵਿਸ਼ਵਾਸ ਹੈ ਕਿ ਸਰਾਲ ਸੂਰਜ ਨੂੰ ਨਿਗਲ ਜਾਣ ਦੀ ਕੋਸ਼ਸ ਕਰਦਾ ਹੈ।

    ਲੋਕ-ਵਿਸ਼ਵਾਸ਼ਾਂ ਅਤੇ ਵਹਿਮਾਂ-ਭਰਮਾਂ ਵਿੱਚ ਕੋਈ ਸਪਸ਼ਟ ਨਿਖੇੜਾ ਪੇਸ਼ ਕਰ ਸਕਣਾ ਕਾਫੀ ਕਠਿਨ ਹੈ। ਕਿਸੇ ਵੀ ਵਿਸ਼ਵਾਸ ਦੇ ਝੂਠ ਜਾਂ ਸੱਚ ਹੋਣ ਬਾਰੇ ਨਿਰਣਾ ਦੇਣਾ ਏਨਾ ਆਸਾਨ ਨਹੀ। ਜਦੋਂ ਅਸੀ ਅਜਿਹਾ ਕਹਿ ਰਹੇ ਹੁੰਦੇ ਹਾਂ ਤਾਂ ਅਸੀ ਉਸ ਵਿਸ਼ਵਾਸ ਨੂੰ ਉਸਦੇ ਆਪਣੇ ਸੰਦਰਭ ਨਾਲੋਂ ਤੋੜ ਕੇ ਵੇਖ ਰਹੇ ਹੁੰਦੇ ਹਾਂ। ਸਾਡਾ ਇਹ ਨਿਰਨਾ ਸਾਡੇ ਵਰਤਮਾਨ ਗਿਆਨ ਉੱਪਰ ਹੀ ਆਧਾਰਿਤ ਹੁੰਦਾ ਹੈ। ਹੋ ਸਕਦਾ ਹੈ ਜਿਸਨੂੰ ਅਸੀ ਅੱਜ ਝੂਠ ਕਹਿੰਦੇ ਹਾਂ ਉਹ ਕੱਲ੍ਹ ਨੂੰ ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿੱਚ ਸੱਚ ਜਾਪਣ ਲੱਗੇ ਅਤੇ ਅੱਜ ਜੋ ਸੱਚ ਲੱਗਦਾ ਹੈ ਕੱਲ੍ਹ ਨੂੰ ਨਵੇਂ ਤੱਥਾਂ ਦੇ ਸਾਹਮਣੇ ਆਉਣ ਨਾਲ ਉਹ ਸੱਚ ਨਾ ਰਹੇ। ਉਦਾਹਰਨ ਬਹੁਤ ਸਾਰੇ ਦੇਸਾਂ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਗਰਭਵਤੀ ਅੋਰਤ ਨੂੰ ਖ਼ਾਸ ਹਾਲਤਾਂ ਵਿੱਚ ਹੀ ਰਹਿਣਾਂ ਚਾਹੀਦਾ ਹੈ ਅਤੇ ਗਰਭ ਦੇ ਸਮੇਂ ਦੋਰਾਨ ਨਿਯਮਿਤ ਵਿਧੀ-ਵਿਹਾਰ ਦੀ ਪਾਲਣਾ ਕਰਨੀ ਚਾਹੀਦੀ ਹੈ। ਬੁਰੀ ਨਜ਼ਰ, ਭੂਤਾਂ ਪ੍ਰੇਤਾਂ ਦਾ ਡਰ, ਸੂਰਜ ਗ੍ਰਹਿਣ ਜਾਂ ਕਰੂਪ ਚੀਜ਼ਾਂ ਨੂੰ ਵੇਖਣ ਸੰਬੰਧੀ ਉਸ ਨੂੰ ਕਈ ਤਰ੍ਹਾਂ ਦੇ ਟੈਬੂਆਂ ਦੀ ਪਾਲਣਾ ਦੀ ਹਿਦਾਇਤ ਦਿੱਤੀ ਜਾਂਦੀ ਸੀ। ਇਸ ਪਿੱਛੇ ਇਹ ਵਿਸ਼ਵਾਸ ਕਾਰਜਸ਼ੀਲ ਸੀ ਕਿ ਗਰਭਵਤੀ ਅੋਰਤਾ ਦੇ ਜੋ ਅਨੁਭਵ ਹੋਣਗੇ ਉਹਨਾਂ ਦਾ ਗਰਭ ਵਿਚਲੇ ਬੱਚੇ ਉੱਪਰ ਵੀ ਅਸਰ ਹੋਵੇਗਾ ।

    ਵੀਹਵੀਂ ਸਦੀ ਦੇ ਸ਼ੁਰੂ ਵਿੱਚ ਉਪਰੋਕਤ ਲੋਕ-ਵਿਸ਼ਵਾਸ ਨੂੰ ਅੰਧ-ਵਿਸ਼ਵਾਸ ਹੀ ਸਮਝਿਆ ਜਾਂਦਾ ਸੀ, ਪਰੰਤੂ ਪਿਛਲੇ ਦੋ ਤਿੰਨ ਦਹਾਕਿਆਂ ਤੌਂ ਇਸ ਖੇਤਰ ਵਿੱਚ ਹੋਏ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਜਨਮ ਤੋਂ ਪਹਿਲਾਂ ਨਾ ਕੇਵਲ ਮਾਂ ਦੀਆਂ ਸਰੀਰਕ ਹਾਲਤਾਂ ਹੀ ਬੱਚੇ ਦੇ ਵਿਕਾਸ ਉੱਪਰ ਅਸਰ ਪਾਉਦੀਆਂ ਹਨ ਸਗੋਂ ਇਸ ਦੇ ਨਾਲ-ਨਾਲ ਮਾਂ ਦੀ ਮਨੋਸਥਿਤੀ ਵੀ ਬੱਚੇ ਨੂੰ ਪ੍ਰਭਾਵਿਤ ਕਰਦੀ ਹੈ।

    ਲੋਕ ਜੀਵਨ ਵਿੱਚ ਬਿਮਾਰੀਆਂ ਦੇ ਇਲਾਜ ਲਈ ਪਵਿੱਤਰ ਸਰੋਵਰਾਂ, ਖੂਹਾਂ, ਚਸ਼ਮਿਆਂ ਜਾਂ ਝਰਨਿਆਂ ਦੇ ਪਾਣੀ ਨੂੰ ਵੀ ਗੁਣਕਾਰੀ ਮੰਨਿਆਂ ਜਾਂਦਾ ਹੈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਅਨੇਕਾਂ ਅਜਿਹੇ ਪਵਿੱਤਰ ਸਰੋਵਰ ਜਾਂ ਚਸ਼ਮੇ ਚਿਕਿਤਸਕ ਗੁਣਾਂ ਲਈ ਮਸ਼ਹੂਰ ਰਹੇ ਹਨ। ਲੋਕ ਵਿਸ਼ਵਾਸ ਰਿਹਾ ਹੈ ਕਿ ਇਹਨਾਂ ਵਿੱਚ ਇਸ਼ਨਾਨ ਕਰਨ ਨਾਲ ਜਾਂ ਇਹਨਾਂ ਚਸ਼ਮਿਆਂ ਜਾਂ ਖੂਹਾਂ ਦਾ ਪਾਣੀ ਦੁਆਈ ਦੇ ਰੂਪ ਵਿੱਚ ਪੀਣ ਨਾਲ ਅਨੇਕਾਂ ਬਿਮਾਰੀਆਂ ਤੋਂ ਮੁਕਤੀ ਮਿਲ ਸਕਦੀ ਹੈ। ਇਹਨਾਂ ਪਾਣੀਆਂ ਦੇ ਚਿਕਿਤਸਕ ਗੁਣਾਂ ਪਿੱਛੇ ਕੁਝ ਵਿਗਿਆਨਕ ਆਧਾਰ ਵੀ ਵੇਖੇ ਜਾ ਸਕਦੇ ਹਨ। ਕੁਝ ਪਾਣੀਆਂ ਵਿੱਚ ਚਿਕਿਸਤਕ ਗੁਣ ਮੰਨੇ ਜਾਂਦੇ ਹਨ। ਜਦੌਂ ਰੋਗੀ ਇਸ ਨੂੰ ਵਰਤਦਾ ਹੈ ਤਾਂ ਉਸ ਦਾ ਰੋਗ ਜੇਕਰ ਠੀਕ ਹੋ ਜਾਂਦਾ ਹੈ ਤਾਂ ਉਸ ਦਾ ਇੱਕ ਕਾਰਨ ਇਸ ਪਾਣੀ ਦੀ ਚਿਕਿਤਸਕ ਸ਼ਕਤੀ ਵਿੱਚ ਰੋਗੀ ਦਾ ਵਿਸ਼ਵਾਸ ਹੈ ਅਤੇ ਦੂਸਰਾ ਉਹਨਾਂ ਧਾਤਾਂ ਅਤੇ ਖਣਿਜਾਂ ਦਾ ਪਾਣੀ ਵਿੱਚ ਮੋਜੂਦ ਹੋਣਾ ਹੈ ਜਿਹੜੇ ਰੋਗ ਦੂਰ ਕਰਨ ਦੀ ਸ਼ਕਤੀ ਰੱਖਦੇ ਹਨ।

    ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਲੋਕ-ਵਿਸ਼ਵਾਸ ਜਾਂ ਵਹਿਮ-ਭਰਮ ਮਨੁੱਖ ਦੀ ਨਿਮਨ ਬੌਧਿਕ ਅਵਸਥਾ ਦੀ ਉਪਜ ਹਨ; ਜਿਨ੍ਹਾਂ ਦੀ ਅਤੀਤ ਵਿੱਚ ਕਾਫੀ ਮਹੱਤਤਾ ਹੈ ਜਾਂ ਇਹ ਲੋਕ-ਵਿਸ਼ਵਾਸ ਅਤੇ ਵਹਿਮ-ਭਰਮ ਉਹਨਾਂ ਸਮਾਜਾਂ ਦੀ ਹੀ ਜੀਵਨ ਜਾਚ ਦਾ ਅੰਗ ਹਨ ਜਿਹੜੇ ਆਦਮ-ਕਾਲੀਨ ਸਮਾਜਾਂ ਨਾਲ ਕਾਫੀ ਮਿਲਦੇ ਜੁਲਦੇ ਹਨ ਅਰਥਾਤ ਬੌਧਿਕ ਵਿਕਾਸ ਦੇ ਪੱਖ ਤੌ ਉਹ ਉਹਨਾਂ ਆਦਿਮ-ਕਾਲੀਨ ਕਬੀਲਿਆਂ ਤੋਂ ਬਹੁਤਾਂ ਉੱਪਰ ਨਹੀਂ ਉੱਠ ਸਕੇ।

    ਇਹ ਠੀਕ ਹੈ ਕਿ ਜਿੱਥੇ ਜੀਵਨ-ਜਾਚ ਪਰੰਪਰਾਗਤ ਜੀਵਨ ਕੀਮਤਾਂ ਤੇ ਉਸਾਰੀ ਹੋਈ ਹੁੰਦੀ ਹੈ ਲੋਕ-ਵਿਸ਼ਵਾਸ਼ਾਂ ਦੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ, ਪਰ ਵਿਗਿਆਨ-ਮਨ ਵੀ ਇਹਨਾਂ ਵਿਸ਼ਵਾਸਾਂ ਤੋਂ ਪੂਰੀ ਤਰ੍ਹਾਂ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਲੋਕ-ਵਿਸ਼ਵਾਸ ਮਾਤਰਾ ਦੇ ਫਰਕ ਨਾਲ ਸਾਰੇ ਵਿਅਕਤੀਆਂ ਦੀ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਲੋਕ-ਵਿਸ਼ਵਾਸ ਜਾਂ ਵਹਿਮ ਭਰਮ ਅਤੀਤ ਦੇ ਸੱਭਿਆਚਾਰਾਂ ਦੇ ਹੀ ਅਵਸ਼ੇਸ਼ ਨਹੀ ਸਗੋਂ ਇਹਨਾਂ ਵਿੱਚ ਵਰਤਮਾਨ ਵਿੱਚ ਜਿਉਣ ਅਤੇ ਭਵਿੱਖ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚਲਿਤ ਰਹਿਣ ਦੀ ਸ਼ਕਤੀ ਹੈ।

    ਮੁੱਖ ਰੂਪ ਵਿੱਚ ਲੋਕ-ਵਿਸ਼ਵਾਸਾਂ ਦੀ ਵੰਡ ਨਿਮਨ ਲਿਖਤ ਅਨੁਸਾਰ ਕੀਤੀ ਜਾ ਸਕਦੀ ਹੈ:
  1. ਜਨਮ,ਵਿਆਹ ਅਤੇ ਮੌਤ ਸੰਬੰਧੀ
  2. ਯਾਤਰਾ ਸੰਬੰਧੀ
  3. ਪਸੂ ਪੰਛੀਆਂ ਅਤੇ ਜੀਵਾਂ ਸੰਬੰਧੀ
  4. ਦਿਸ਼ਾ ਅਤੇ ਨਛੱਤਰਾਂ ਸੰਬੰਧੀ
  5. ਚੰਦ,ਸੂਰਜ ਅਤੇ ਤਾਰਿਆਂ ਆਦਿ ਸੰਬੰਧੀ
  6. ਸਰੀਰਕ ਅੰਗਾਂ ਸੰਬੰਧੀ
  7. ਕਿਰਸਾਣੀ ਜੀਵਨ ਅਤੇ ਖੇਤੀਬਾੜੀ ਸੰਬੰਧੀ
  8. ਨਿੱਛ ਸੰਬੰਧੀ
  9. ਦਿਨ ਰਾਤ ਅਤੇ ਰੁੱਤਾਂ ਸੰਬੰਧੀ
  10. ਚਿਕਿਤਸਾ ਸੰਬੰਧੀ
  11. ਪਹਿਰਾਵੇ ਸੰਬੰਧੀ
  12. ਰੁਹਾਂ ਅਤੇ ਬਦਰੂਹਾਂ ਸੰਬੰਧੀ
  13. ਦੇਵੀ ਦੇਵਤਿਆਂ ਅਤੇ ਪਿਤਰਾਂ ਸੰਬੰਧੀ
  14. ਬਨਸਪਤੀ ਸੰਬੰਧੀ
  15. ਅੰਕਾਂ ਸੰਬੰਧੀ
  16. ਨਜ਼ਰ ਲੱਗਣ ਸੰਬੰਧੀ
  17. ਫੁਟਕਲ ਲੋਕ-ਵਿਸ਼ਵਾਸ

    ਇਸ ਤੌਂ ਇਲਾਵਾ ਵਿਭਿੰਨ ਕਿੱਤਿਆਂ ਨਾਲ ਸੰਬੰਧਿਤ ਵਰਗਾਂ ਦੇ ਵੀ ਆਪਣੇ ਹੀ ਲੋਕ-ਵਿਸ਼ਵਾਸ ਹੁੰਦੇ ਹਨ। ਦੁਕਾਨਦਾਰਾਂ, ਡਰਾਈਵਰਾਂ ,ਵਿਦਿਆਰਥੀਆਂ ਸ਼ਿਕਾਰੀਆਂ ਅਤੇ ਜੂਏਬਾਜਾਂ ਦੇ ਵੀ ਆਪਣੇ ਆਪਣੇ ਲੋਕ ਵਿਸ਼ਵਾਸ ਹਨ।

    ਮਨੁੱਖੀ ਜੀਵਨ ਵਿਹਾਰ ਨਾਲ ਸੰਬੰਧਿਤ ਬਹੁਤ ਸਾਰੇ ਲੋਕ-ਵਿਸ਼ਵਾਸ ਜਾਦੂ ਚਿੰਤਨ ਦੀ ਉਪਜ ਹਨ। ਅਜਿਹੇ ਵਿਸ਼ਵਾਸ ਘਟਨਾਵਾਂ ਜਾਂ ਵਸਤਾਂ ਦੇ ਸਹਿਚਾਰੀ ਜਾਂ ਜੁੜਨਸ਼ੀਲ ਸੰਬੰਧਾਂ ਉਪਰ ਆਧਾਰਿਤ ਹੁੰਦੇ ਹਨ। ਵਰਤਾਰੇ ਵਿੱਚ ਵਾਪਰੇ ਇੱਕ ਘਟਨਾ -ਕ੍ਰਮ ਤੌਂ ਭਵਿੱਖ ਵਿੱਚ ਵਾਪਰਨ ਵਾਲੀਆਂ ਦੂਸਰੀਆਂ ਘਟਨਾਵਾਂ ਸੰਬੰਧੀ ਅਨੁਮਾਨ ਲਗਾਇਆ ਜਾਂਦਾ ਹੈ। ਇਸ ਸਿਧਾਂਤ ਅਨੁਸਾਰ ਇੱਕ ਘਟਨਾ ਦੇ ਵਾਪਰਨ ਤੌਂ ਪਹਿਲਾਂ ਉਸ ਨਾਲ ਸੰਬੰਧਿਤ ਦੂਸਰੀਆਂ ਵਸਤਾਂ ਜਾਂ ਘਟਨਾਵਾਂ ਵਿੱਚ ਪਰਿਵਰਤਨ ਦਿਖਾਈ ਦੇਂਦੇ ਹਨ। ਭਾਵੇਂ ਇਹਨਾਂ ਵਸਤਾਂ ਜਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਿੱਧਾ ਸੰਬੰਧ ਨਹੀ ਹੁੰਦਾ ਫਿਰ ਵੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਰਿਵਰਤਨ ਦੇ ਕੁਝ ਚਿੰਨ੍ਹਾਂ ਰਾਹੀਂ ਆਉਣ ਵਾਲੀ ਘਟਨਾ ਦੇ ਸੰਕੇਤ ਮਿਲ ਜਾਂਦੇ ਹਨ। ਇਹਨਾਂ ਸੰਕੇਤਾਂ ਨੂੰ ਸਿਆਣੇ ਵਿਅਕਤੀ ਪਛਾਣ ਕੇ ਨੇਵੇ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਪੇਸ਼ੀਨਗੋਈ ਕਰਦੇ ਹਨ। ਮੀਂਹ ਪੈਣ ਤੋਂ ਪਹਿਲਾਂ ਇਕਦਮ ਹਵਾ ਦਾ ਠਹਿਰ ਜਾਣਾ, ਖਾਸ ਤਰ੍ਹਾਂ ਦੇ ਬੱਦਲਾਂ ਦਾ ਅਸਮਾਨ ਤੇ ਦਿਖਾਈ ਦੇਣਾ, ਕੁਝ ਖਾਸ ਪੰਛੀਆਂ ਅਤੇ ਜੀਵਾਂ ਦੀ ਏਧਰ ਓਧਰ ਹਿਲਜੁਲ, ਸੱਪਾਂ, ਡੱਡੂਆਂ ਅਤੇ ਗੰਡੋਇਆਂ ਆਦਿ ਦਾ ਦਿਖਾਈ ਦੇਣਾ ਜਾਂ ਮੋਰਾਂ ਦਾ ਨੱਚਣਾ ਆਦਿ ਅਜਿਹੇ ਚਿੰਨ੍ਹ ਸਮਝੇ ਜਾਂਦੇ ਹਨ ਜਿਨ੍ਹਾਂ ਤੋਂ ਨੇੜੇ ਭਵਿੱਖ ਵਿੱਚ ਵਰਖਾ ਹੋਣਾ ਦਾ ਅਨੁਮਾਨ ਲਗਾਇਆ ਜਾਂਦਾ ਹੈ। ਜਾਦੂ ਚਿੰਤਨ ਵਿੱਚ ਇਸ ਨੂੰ ਭਵਿੱਖਵਾਚੀ ਜਾਦੂ ਕਿਹਾ ਜਾਂਦਾ ਹੈ।

    ਕਾਂ ਜੇਕਰ ਬਨੇਰੇ ਤੇ ਬੋਲੇ ਜਾਂ ਪਰਾਤ ਵਿੱਚ ਆਟਾ ਭੁੜਕੇ ਤਾਂ ਇਹ ਵਿਸ਼ਵਾਸ ਕਰਨਾ ਕਿ ਕੋਈ ਪ੍ਰਾਹੁਣਾ ਆਵੇਗਾ, ਜੁੱਤੀ ਪੁੱਠੀ ਪਈ ਹੋਵੇ ਤਾਂ ਵਿਸ਼ਵਾਸ ਕਰਨਾ ਕਿ ਛੇਤੀ ਹੀ ਸਫ਼ਰ ਤੇ ਤੁਰਨਾ ਪਵੇਗਾ, ਰਾਤ ਨੂੰ ਬਿੱਲੀਆਂ ਜਾਂ ਕੁੱਤੇ ਰੋਂਦੇ ਹੋਣ ਤਾਂ ਇਹ ਵਿਸ਼ਵਾਸ ਕਰਨਾ ਕਿ ਹੈ ਕਿ ਕਿਸੇ ਦੀ ਮੋਤ ਦਾ ਸੂਚਕ ਹਨ ਆਦਿ ਲੋਕ-ਵਿਸ਼ਵਾਸ ਭਵਿੱਖਵਾਦੀ ਜਾਦੂ ਦੇ ਘੇਰੇ ਵਿੱਚ ਹੀ ਆਉਂਦੇ ਹਨ।

    ਬਹੁਤ ਸਾਰੇ ਲੋਕ ਵਿਸ਼ਵਾਸ ਜਾਦੂ ਦੇ 'ਅਨੁਰੂਪ ਤੌਂ ਅਨੁਰੂਪ ' ਦੀ ਉਤਪਤੀ ਹੁੰਦੀ ਹੈ 'ਸਿਧਾਂਤ ਦੇ ਅੰਤਰਗਤ ਆਉਦੇ ਹਨ। ਉਦਾਹਰਨ ਵਜੋਂ ਕਪਾਹ ਚੁਗਣੀ , ਸ਼ੁਰੂ ਕਰਨ ਤੌਂ ਪਹਿਲਾਂ ਕਪਾਹ ਦੇ ਖੇਤ ਵਿੱਚ ਜਾ ਕੇ ਅੋਰਤਾਂ ਚਾਵਲ ਫੜੁੱਕਦੀਆਂ ਹਨ ਤਾਂ ਜੋ ਕਪਾਹ ਵਧੇਰੇ ਚਿੱਟੀ ਹੋਵੇ।

    ਇਸੇ ਤਰ੍ਹਾਂ ਨਵ-ਜੰਮੇ ਬੱਚੇ ਨੂੰ ਗੁੜ੍ਹਤੀ ਅਜਿਹੇ ਸਿਆਣੇ ਅਤੇ ਨੇਕ ਵਿਅਕਤੀ ਤੋਂ ਦਿਲਾਈ ਜਾਂਦੀ ਹੈ ਜਿਸ ਵਰਗਾ ਮਾਪੇ ਆਪਣੇ ਬੱਚੇ ਨੂੰ ਢਲਦਾ ਵੇਖਣਾ ਚਾਹੁੰਦੇ ਹੋਣ।

    ਬਹੁਤ ਸਾਰੇ ਵਿਸ਼ਵਾਸ ਅਜਿਹੇ ਹਨ ਜਿਨ੍ਹਾਂ ਦੀ ਬਣਤਰ ਵਿੱਚ ਤਿੰਨ ਹਿੱਸੇ ਸਪਸ਼ਟ ਦਿਖਾਈ ਦੇਂਦੇ ਹਨ
ਜੇਕਰ ਘਟਨਾ ੳ ਵਾਪਰਦੀ ਹੈ ਤਾਂ ਇਹ ਘਟਨਾ ਅ ਨੂੰ ਜਨਮ ਦੇਵੇਗੀ ਜੇਕਰ ਕਾਰਜ ੲ ਨਹੀਂ ਕੀਤਾ ਜਾਂਦਾ।
    ਪੰਜਾਬੀ ਜੀਵਨ ਵਿੱਚ ਪ੍ਰਚਲਿਤ ਬਹੁਤ ਸਾਰੇ ਲੋਕ ਵਿਸ਼ਵਾਸ ਇਸ ਸ਼੍ਰੇਣੀ ਵਿੱਚ ਆਉਦੇ ਹਨ। ਸਫ਼ਰ ਤੇ ਤੁਰਨ ਲੱਗਿਆ ਜੇਕਰ ਕੋਈ ਨਿੱਛ ਮਾਰ ਦੇਵੇ, ਜਾਂ ਕੋਈ ਵਿਅਕਤੀ ਖ਼ਾਲੀ ਬਰਤਨ ਲੈ ਕੇ ਆ ਰਿਹਾ ਹੋਵੇ, ਜਾਂ ਬਿੱਲੀ ਰਸਤਾ ਕੱਟ ਜਾਵੇ ਤਾਂ ਸਫ਼ਰ ਤੇ ਤੁਰਨ ਵਾਲਾ ਵਿਅਕਤੀ ਜੇਕਰ ਉਹ ਇਸ ਲੋਕ-ਵਿਸ਼ਵਾਸ ਨੂੰ ਮੰਨਦਾ ਹੋਵੇ, ਰੁਕ ਜਾਂਦਾ ਹੈ ਅਤੇ ਪੈਰ ਤੋਂ ਜੁੱਤੀ ਲਾਹ ਕੇ ਮੁੜ ਪੈਰੀਂ ਪਾ ਕੇ ਸਫ਼ਰ ਤੇ ਤੁਰਦਾ ਹੈ। ਇਸ ਵਿਸ਼ਵਾਸ ਨੂੰ ਵੀ ਇਹਨਾਂ ਤਿੰਨਾਂ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ :

(ੳ) ਸਫ਼ਰ ਤੇ ਤੁਰਨ ਸਮੇਂ ਨਿੱਛ ਵੱਜਣੀ ਜਾਂ ਖ਼ਾਲੀ ਬਰਤਨ ਲਈ ਆਉਦਾ ਵਿਅਕਤੀ ਮਿਲਣਾ ਜਾਂ ਬਿੱਲੀ ਦਾ ਰਸਤਾ ਕੱਟ ਜਾਣਾ।
(ਅ) ਦੁਰਘਟਨਾ ਜਾਂ ਸਫ਼ਰ ਦੀ ਅਸਫਲਤਾ ਦੀ ਸੰਭਾਵਨਾ ।
(ੲ) ਜੇਕਰ ਜੁੱਤੀ ਉਤਾਰ ਕੇ ਮੁੜ ਨਾ ਪਾਈ ਜਾਵੇ।

    ਪੁਰਾਣੇ ਸਮਿਆਂ ਵਿੱਚ ਜਦੋਂ ਕਿ ਸਫ਼ਰ ਪੈਦਲ ਹੀ ਕੀਤਾ ਜਾਂਦਾ ਸੀ ਲੰਬਾ ਸਫ਼ਰ ਹਮੇਸ਼ਾ ਖਤਰਿਆਂ ਭਰਿਆਂ ਹੁੰਦਾ ਸੀ। ਅਜਿਹੇ ਸਮਿਆਂ ਵਿੱਚ ਸਫ਼ਰ ਤੇ ਤੁਰਨ ਸਮੇਂ ਸਫ਼ਰ ਦੀ ਅਸਫਲਤਾ ਜਾਂ ਅਵਚੇਤਨ ਵਿੱਚ ਪਿਆ ਦੁਰਘਟਨਾ ਹੋਣ ਦਾ ਸੰਭਾਵਿਤ ਡਰ ਅਜਿਹੇ ਵਿਸ਼ਵਾਸ ਦੇ ਰੂਪ ਵਿੱਚ ਪ੍ਰਗਟ ਹੁੰਦਾ ਸੀ ਅਤੇ ਇਸ ਡਰ ਤੋਂ ਮੁਕਤੀ ਲਈ ਜਾਂ ਮਾਨਸਿਕ ਤਸੱਲੀ ਲਈ ਕਿਸੇ ਦੂਸਰੇ ਕਰਮ ਨੂੰ ਦੁਹਰਾਇਆ ਜਾਂਦਾ ਸੀ ।

    ਲੋਕ ਵਿਸ਼ਵਾਸ ਹੈ ਕਿ ਜੇਕਰ ਕੋਈ ਮਾਂ ਆਪਣੇ ਨਵ-ਜੰਮੇ ਬੱਚੇ ਨੂੰ ਲੈ ਕੇ ਘਰੋਂ ਕੁਝ ਸਮੇਂ ਲਈ ਬਾਹਰ ਰਹਿੰਦੀ ਹੈ ਤਾਂ ਵਾਪਸ ਘਰ ਦੀਆਂ ਬਰੂਹਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੁਕ ਕੇ ਉਹ ਕੁਝ ਮਿੱਟੀ ਲੈ ਕੇ ਆਪਣੇ ਸਿਰ ਉੱਪਰੋਂ ਦੀ ਪਿੱਛੇ ਨੂੰ ਸੁੱਟਦੀ ਹੈ । ਲੋਕ ਨਿਸਚਾ ਹੈ ਕਿ ਅਜਿਹਾ ਕਰਨ ਨਾਲ ਜਿਹੜੀਆਂ ਬਦਰੂਹਾਂ ਦੂਸਰੀ ਰੂਹ ਵਿੱਚੋ ਉਸਦੇ ਨਾਲ ਹੋ ਤੁਰਦੀਆਂ ਹਨ, ਉਹ ਪਿੱਛੋ ਹੀ ਰਹਿ ਜਾਂਦੀਆਂ ਹਨ। ਇਸ ਵੰਨਗੀ ਦੇ ਹੋਰ ਅਨੇਕਾਂ ਲੋਕ-ਵਿਸ਼ਵਾਸ ਹਨ। ਲੋਕ ਵਿਸ਼ਵਾਸ ਅਜਿਹੇ ਹਨ ਜਿਨ੍ਹਾਂ ਦੀ ਪ੍ਰਕਿਰਤੀ ਟੈਬੂ ਦੀ ਪ੍ਰਕਿਰਤੀ ਨਾਲ ਮੇਲ ਖਾਂਦੀ ਹੈ। ਇਹ ਕਿਸੇ ਕਰਮ ਜਾਂ ਚੀਜ਼ ਤੋਂ ਮਨਾਹੀ ਨਾਲ ਸੰਬੰਧਿਤ ਹੁੰਦੇ ਹਨ। ਲੋਕ ਧਾਰਨਾ ਹੈ ਕਿ ਜੇਕਰ ਅਜਿਹੀਆਂ ਮਨਾਹੀਆਂ ਦੀ ਉਲੰਘਣਾ ਕੀਤੀ ਜਾਵੇ ਤਾਂ ਉਲੰਘਣਾ ਕਰਨ ਵਾਲਾ ਵਿਅਕਤੀ ਕਿਸੇ ਦੁਰਘਟਨਾ ਜਾਂ ਬਦਕਿਸਮਤੀ ਦਾ ਸ਼ਿਕਾਰ ਹੋ ਜਾਵੇਗਾ । ਅਜਿਹੇ ਕੁਝ ਲੋਕ ਵਿਸਵਾਸ ਇਸ ਤਰ੍ਹਾਂ ਹਨ :
  1. ਵੀਰਵਾਰ ਸਿਰ ਨਹੀ ਨ੍ਹਾਉਣਾ
  2. ਮੰਜੇ ਤੇ ਬੈਠ ਕੇ ਪੈਰ ਨਹੀ ਹਿਲਾਉਣੇ
  3. ਪਰਾਤ ਮੂਧੀ ਨਹੀ ਮਾਰਨੀ
  4. ਟੁੱਟਦੇ ਤਾਰੇ ਵੱਲ ਨਹੀ ਵੇਖਣਾ
  5. ਝਾੜੂ ਖੜਾ ਨਹੀ ਕਰਨਾ
  6. ਬੱਚੇ ਨੂੰ ਸ਼ੀਸ਼ਾ ਨਹੀ ਵਿਖਾਉਣਾ, ਆਦਿ

    ਲੋਕ-ਵਿਸ਼ਵਾਸ ਲੋਕ-ਮਾਨਸ ਦੀ ਉਪਜ ਹਨ। ਲੋਕ-ਮਾਨਸ ਹਰੇਕ ਵਸਤੂ ਨੂੰ ਪ੍ਰਾਣਵਾਨ ਮੰਨਦਾ ਹੈ । ਹਰੇਕ ਜੜ੍ਹ ਵਸਤੂ ਵਿੱਚ ਆਤਮਾ ਦੇ ਵਿਸ਼ਵਾਸ ਨੇ ਜੜ੍ਹ ਵਸਤੂਆਂ ਦੀ ਪੂਜਾ ਅਤੇ ਅਨੇਕ ਲੋਕ - ਵਿਸ਼ਵਾਸਾਂ ਨੂੰ ਜਨਮ ਦਿੱਤਾ । ਜੜ੍ਹ ਵਸਤੂ ਨੂੰ ਪ੍ਰਾਣਵਾਨ ਮੰਨਣ ਸੰਬੰਧੀ ਲੋਕ ਵਿਸ਼ਵਾਸ ਅਜੇ ਵੀ ਪੰਜਾਬੀ ਲੋਕ ਜੀਵਨ ਵਿੱਚ ਪ੍ਰਚਲਿਤ ਹਨ। ਦੁਕਾਨਦਾਰ ਸਵੇਰੇ ਦੁਕਾਨ ਤੇ ਪਹੁੰਚ ਕੇ ਪਹਿਲਾਂ ਤੱਕੜੀ ਅਤੇ ਵੱਟਿਆਂ ਨੂੰ ਪੂਜਦਾ ਹੈ। ਧਰਤੀ ਨੂੰ ਪ੍ਰਾਣਵਾਨ ਸਮਝ ਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ। ਦੁੱਧ ਚੋਣ ਸਮੇਂ ਕੁੱਝ ਧਾਰਾਂ ਜ਼ਮੀਨ ਤੇ ਵਗਾਈਆਂ ਜਾਂਦੀਆਂ ਹਨ। ਲੋਕ ਵਿਸ਼ਵਾਸ ਹੈ ਕਿ ਰਾਤ ਨੂੰ ਦਰਖਤ ਦਾ ਪੱਤਾ ਨਹੀ ਤੋੜਨਾ ਚਾਹੀਦਾ ਕਿਉਂਕਿ ਰਾਤ ਨੂੰ ਦਰਖਤ ਸੋਂਦੇ ਹਨ। ਏਸੇ ਤਰ੍ਹਾਂ ਤੁਲਸੀ ਦੀ ਪੂਜਾ ਵੀ ਕੀਤੀ ਜਾਂਦੀ ਹੈ।

    ਪੰਜਾਬੀ ਲੋਕ- ਜੀਵਨ ਵਿੱਚ ਔਰਤਾਂ ਚੰਨ ਨੂੰ ਪਤੀ, ਪੁੱਤਰ ਅਤੇ ਭਰਾ ਦੇ ਰੂਪ ਵਿੱਚ ਚਿਤਵਦੀਆਂ ਹਨ। ਔਰਤਾਂ ਚੰਨ ਜਿਹੇ ਪੁੱਤਰ ਦੀ ਕਾਮਨਾ ਕਰਦੀ ਹਨ। ਪੁੱਤਰ ਨੂੰ ਚੰਨ ਸੰਬੰਧੀ ਪਹਿਲੀ ਜਾਣਕਾਰੀ 'ਚੰਨ ਮਾਮਾ' ਦੇ ਰੂਪ ਵਿੱਚ ਦਿੰਦੀਆਂ ਹਨ। ਔਰਤਾਂ ਚੰਨ ਦੀ ਪਤੀ ਦੇ ਰੂਪ ਵਿੱਚ ਵੀ ਪੂਜ਼ਾ ਕਰਦੀਆਂ ਹਨ। 'ਕਰਵਾ ਚੌਥ' ਦਾ ਵਰਤ ਪਤੀ ਦੀ ਚਿਰੰਜੀਵਤਾ ਲਈ ਰੱਖਿਆ ਜਾਂਦਾ ਹੈ।

    ਭੁਚਾਲ ਸੰਬੰਧੀ ਲੋਕ ਵਿਸ਼ਵਾਸ਼ ਹੈ ਕਿ ਧਰਤੀ ਬਲਦ ਦੇ ਸਿੰਗਾਂ ਉੱਪਰ ਖੜੀ ਹੈ। ਜਦੋਂ ਧਰਤੀ ਉੱਤੇ ਪਾਪ ਵੱਧ ਜਾਂਦੇ ਹਨ ਤਾਂ ਬਲਦ ਲਈ ਧਰਤੀ ਦਾ ਭਾਰ ਸਹਿਣਾ ਔਖਾ ਹੋ ਜਾਂਦਾ ਹੈ। ਇਸ ਲਈ ਉਹ ਭਾਰ ਬਦਲਣ ਲਈ ਧਰਤੀ ਨੂੰ ਜਦੋਂ ਦੂਸਰੇ ਸਿੰਗ ਉੱਪਰ ਰੱਖਦਾ ਹੈ ਤਾਂ ਧਰਤੀ ਕੰਬਦੀ ਹੈ। ਅਸਮਾਨੀ ਬਿਜਲੀ ਸੰਬੰਧੀ ਇਹ ਲੋਕ ਵਿਸ਼ਵਾਸ ਹੈ ਕਿ ਇਹ ਉਹ ਲੜਕੀ ਹੈ ਜਿਸ ਨੂੰ ਰਾਜੇ ਕੰਸ ਨੇ ਜ਼ਮੀਨ ਤੇ ਪੜਕਾ ਕੇ ਮਾਰਿਆ ਸੀ। ਜਦ ਬਿਜ਼ਲੀ ਕੜਦੀ ਹੋਵੇ ਤਾਂ ਮਾਮੇ ਭਣੇਵੇਂ ਨੂੰ ਇੱਕਠੇ ਨਹੀ ਬੈਠਣਾ ਚਾਹੀਦਾ ਕਿਉਕੀ ਬਿਜਲੀ ਹਮੇਸ਼ਾਂ ਉਹਨਾ ਤੋਂ ਬਦਲਾ ਲੈਣਾ ਚਾਹੁੰਦੀ ਹੈ।

    ਪੰਜਾਬੀ ਲੋਕ- ਜੀਵਨ ਵਿੱਚ ਅੰਕਾਂ ਨਾਲ ਸੰਬੰਧਿਤ ਵੀ ਅਨੇਕਾਂ ਵਿਸ਼ਵਾਸ ਹਨ। 5,7,11,1 ਆਦਿ ਅੰਕਾਂ ਦੇ ਰਹੱਸਮਈ ਪ੍ਰਭਾਵ ਮੰਨੇ ਜਾਂਦੇ ਹਨ। ਪੰਜਾ ਵਿੱਚ ਪਰਮੇਸ਼ਰ, ਪੰਜ ਪੀਰ, ਪੰਜ ਵਕਤ ਨਵਾਜ਼ ਆਦਿ ਵਿੱਚ ਅੰਕ ਪੰਜ ਨੂੰ ਰਹੱਸਮਈ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ।

    ਮੰਤਰ ਸਿਧਾਂਤ ਵਿੱਚ ਕਿਸੇ ਵੀ ਵਸਤੂ ਜਾਂ ਕਿਰਿਆ ਅਤੇ ਉਸਦੇ ਨਾਮ ਵਿਚ ਇੱਕ ਰਹੱਸਾਤਮਕ ਸੰਬੰਧ ਮੰਨਿਆ ਜਾਂਦਾ ਹੈ। ਜੇਕਰ ਨਾਮ ਜਾਂ ਸ਼ਬਦ ਨੂੰ ਦੁਹਰਾਇਆ ਜਾਵੇ ਤਾਂ ਵਸਤੂ ਪ੍ਰਭਾਵਿਤ ਹੁੰਦੀ ਹੈ। ਇਸ ਵਿਸ਼ਵਾਸ ਨੇ ਵੀ ਅੱਗੋਂ ਅਨੇਕਾਂ ਲੋਕ ਵਿਸ਼ਵਾਸਾ ਨੂੰ ਜਨਮ ਦਿੱਤਾ। ਲੋਕ ਜੀਵਨ ਵਿੱਚ ਸੱਪ ਨੂੰ ਸੱਪ ਨਹੀਂ ਕੀੜਾ ਕਿਹਾ ਜਾਂਦਾ ਹੈ। ਅਰਥਾਤ ਉਸਦਾ ਅਸਲੀ ਨਾਮ ਨਹੀਂ ਲਿਆ ਜਾਂਦਾ। ਦੀਵਾ ਬੁਝਾਉਣਾ ਨਹੀਂ ਦੀਵਾ ਵੱਡਾ ਕਰਨਾ ਕਿਹਾ ਜਾਂਦਾ ਹੈ।

    ਨਜ਼ਰ ਲੱਗਣ ਦੇ ਵਿਸ਼ਵਾਸ ਨੂੰ ਪੰਜਾਬ ਦੇ ਹਰ ਇਲਾਕੇ ਦੇ ਲੋਕਾਂ ਵਿੱਚ ਵੇਖਿਆ ਜਾ ਸਕਦਾ ਹੈ। ਪੰਜਾਬੀ ਲੋਕ-ਜੀਵਨ ਵਿੱਚ ਨਜ਼ਰ ਲੱਗਣ ਤੋਂ ਦੁੱਧ ਤੇ ਪੁੱਤ ਦੋਹਾਂ ਨੂੰ ਹੀ ਬਚਾ ਕੇ ਰੱਖਿਆ ਜਾਂਦਾ ਹੈ। ਪਿੰਡਾਂ ਵਿੱਚ ਜੇਕਰ ਕਿਸੇ ਓਪਰ੍ਹੇ ਵਿਅਕਤੀ ਨੂੰ ਦੁੱਧ ਜਾਂ ਲੱਸੀ ਦੇਣੀ ਹੋਵੇ ਤਾਂ ਕਾੜ੍ਹਨੀ ਜਾਂ ਲੱਸੀ ਵਾਲੀ ਚਾਟੀ ਦੇ ਅੱਗੇ ਪਰਦਾ ਕਰ ਲਿਆ ਜਾਂਦਾ ਹੈ। ਗਾਂ ਮੱਝ ਦੀ ਧਾਰ ਕੱਢਣ ਤੋਂ ਬਾਅਦ ਦੁੱਧ ਢੱਕ ਦਿੱਤਾ ਜਾਂਦਾ ਹੈ। ਲੋਕ-ਵਿਸ਼ਵਾਸ ਹੈ ਕਿ ਇਸ ਤਰ੍ਹਾਂ ਕਰਨ ਨਾਲ ਦੁੱਧ ਨੂੰ ਨਜ਼ਰ ਨਹੀਂ ਲੱਗਦੀ। ਨਜ਼ਰ ਤੋਂ ਬਚਾਉ ਲਈ ਥੋੜੀ ਔਲਾਦ ਵਾਲੇ ਲੋਕ ਆਪਣੇ ਬੱਚਿਆਂ ਦਾ ਨਾਂ ਘਟੀਆ ਚੀਜ਼ਾਂ ਦੇ ਨਾਂ ਤੇ ਰੱਖ ਦੇਂਦੇ ਹਨ।

    ਬੱਚੇ ਦੇ ਜਨਮ ਸਮੇਂ ਔਰਤ ਅਤੇ ਬੱਚੇ ਦੋਹਾਂ ਨੂੰ ਬੁਰ੍ਹੀ ਨਜ਼ਰ ਤੋਂ ਬਚਾਉਣ ਲਈ ਤੇਰ੍ਹਾਂ ਦਿਨ ਕਮਰੇ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਕਿਸੇ ਵੀ ਅਜਿਹੀ ਔਰਤ ਜਾਂ ਮਰਦ ਨੂੰ ਜਿਸਦੀ ਨਜ਼ਰ ਬੁਰੀ ਹੋਣ ਦਾ ਸੰਦੇਸ ਹੋਵੇ ਉਹਨਾ ਦੇ ਮੱਥੇ ਨਹੀਂ ਲੱਗਣ ਦਿੱਤਾ ਜਾਂਦਾ ਹੈ। ਅਜਿਹੇ ਵਿਅਕਤੀ ਜਦੋਂ ਕਿਸੇ ਬੱਚੇ ਜਾਂ ਕਿਸੇ ਦੂਸਰੇ ਵਿਕਤੀ ਵੱਲ ਵੇਖਦੇ ਹਨ ਤਾਂ ਇਸਦਾ ਬੁਰਾ ਅਸਰ ਅਚੇਤ ਹੀ ਉਸ ਵਿਅਕਤੀ ਤੇ ਪੈਂਦਾ ਹੈ।

    ਲੋਕ-ਜੀਵਨ ਵਿੱਚ ਅਜੇ ਵੀ ਬੱਚਿਆਂ, ਜਵਾਨਾ ਤੇ ਬਜ਼ੁਰਗਾ ਦੇ ਗਲਾਂ ਵਿੱਚ ਜਾਂ ਬਾਂਹ ਨਾਲ ਬੰਨੇ ਹੋਏ ਤਵੀਤ ਆਮ ਵੇਖਣ ਨੂੰ ਮਿਲਦੇ ਹਨ। ਲੋਹਾ, ਚਾਂਦੀ, ਸੋਨਾ, ਤਾਂਬਾਂ ਆਦਿ ਧਾਤਾਂ ਨੂੰ ਤਵੀਤਾਂ ਵਿੱਚ ਵਰਤਿਆ ਜਾਂਦਾ ਹੈ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਲੋਹਾ ਬੁਰੀ ਨਜ਼ਰ ਦੇ ਪ੍ਰਭਾਵ ਤੋਂ ਇਸ ਲਈ ਬਚਾੳਂਦਾ ਹੈ ਕਿਉਂਕਿ ਜੋ ਲੋਹੇ ਤੋਂ ਹੀ ਹਥਿਆਰ ਆਦਿ ਬਣਦੇ ਹਨ ਅਤੇ ਹਥਿਆਰਾਂ ਵਾਲੇ ਵਿਅਕਤੀ ਨੂੰ ਕਿਸੇ ਬਦਰੂਹ ਆਦਿ ਦਾ ਕੋਈ ਖਤਰਾ ਨਹੀਂ ਹੁੰਦਾ। ਕੁੱਝ ਲੋਕਾਂ ਦਾ ਵਿਚਾਰ ਹੈ ਕਿ ਨਜ਼ਰ ਦੇ ਮੰਦੇ ਪ੍ਰਭਾਵ ਨੂੰ ਲੋਹਾ ਇਸ ਕਰਕੇ ਰੋਕਦਾ ਹੈ ਕਿਉਂ ਜੋ ਇਸ ਧਾਤ ਦਾ ਰੰਗ ਕਾਲਾ ਹੁੰਦਾ ਹੈ। ਜਿਵੇਂ ਕਾਲੀ ਸਿਆਹੀ ਮੱਥੇ ਤੇ ਲਗਾਉਣ ਨਾਲ ਬੁਰੀ ਨਜ਼ਰ ਦਾ ਅਸਰ ਨਹੀਂ ਹੁੰਦਾ। ਇਵੇਂ ਹੀ ਲੋਹੇ ਦੀ ਕੋਈ ਵਸਤੂ ਪਹਿਨੀ ਹੋਵੇ ਤਾਂ ਨਜ਼ਰ ਨਹੀਂ ਲੱਗਦੀ।

    ਸੋਨਾ ਅਤੇ ਚਾਂਦੀ ਵੀ ਅਜਿਹੀਆਂ ਧਾਤਾਂ ਮੰਨੀਆਂ ਜਾਂਦੀਆਂ ਹਨ ਜਿਨ੍ਹਾਂ ਤੋਂ ਬਦਰੂਹਾਂ ਦੂਰ ਰਹਿੰਦੀਆਂ ਹਨ। ਇਹਨਾਂ ਧਾਤਾਂ ਨੂੰ ਗਹਿਣਿਆਂ ਦੇ ਰੂਪ ਵਿੱਚ ਧਾਰਨ ਕੀਤਾ ਜਾਂਦਾ ਹੈ। ਕਈ ਲੋਕ ਇਹਨਾ ਉੱਪਰ ਕਿਸੇ ਦੇਵੀ ਦੇਵਤੇ ਦੀ ਤਸਵੀਰ ਵੀ ਉਕਰਵਾ ਲੈਂਦੇ ਹਨ ਜੋ ਰਹੱਸਮਈ ਤਰੀਕੇ ਨਾਲ ਇਸ ਨੂੰ ਬੁਰੀ ਨਜ਼ਰ ਤੋਂ ਬਚਾਉਣ ਦੀ ਸ਼ਕਤੀ ਦੇਂਦੇ ਹਨ। ਗਹਿਣਿਆਂ ਦਾ ਪਿਛੋਕੜ ਸ਼ਾਇਦ ਇਸ ਗੱਲ ਵਿੱਚ ਲੁਪਤ ਹੈ ਕਿ ਮਨੁੱਖ ਨੇ ਬੁਰੀ ਨਜ਼ਰ ਤੋਂ ਬਚਾ ਲਈ ਧਾਤ ਜਾਂ ਹੱਡੀ ਤੋਂ ਤਿਆਰ ਤਵੀਤਾਂ ਨੂੰ ਪਹਿਨਿਆ ਹੋਵੇਗਾ ਅਤੇ ਇਹ ਤਵੀਤ ਜਦੋਂ ਸ਼ੌਕੀਨ ਵਿਅਕਤੀਆਂ ਨੇ ਧਾਰਨ ਕੀਤੇ ਹੋਣਗੇ ਤਾਂ ਇਹਨਾ ਵਿਚ ਸੁਹਜ ਅਤੇ ਸੌਂਦਰਯ ਦਾ ਵਾਧਾ ਕਰ ਲਿਆ ਹੋਵੇਗਾ, ਜੋ ਅੱਗੇ ਚੱਲ ਕੇ ਗਹਿਣਿਆਂ ਦੇ ਰੂਪ ਵਿਚ ਪ੍ਰਚਲਿਤ ਹੋਏ। ਬੁਰੀ ਨਜ਼ਰ ਦੇ ਪ੍ਰਭਾਵ ਲਈ ਕੌਡੀ ਨੂੰ ਧਾਗੇ ਵਿੱਚ ਪਰੋ ਕੇ ਬੱਚਿਆਂ ਦੇ ਗੱਲ ਪਾ ਦਿੱਤਾ ਜਾਂਦਾ ਹੈ।

    ਬੁਰੀ ਨਜ਼ਰ ਦਾ ਪ੍ਰਭਾਵ ਕੇਵਲ ਮਨੁੱਖਾਂ ਤੱਕ ਹੀ ਸੀਮਤ ਨਹੀਂ ,ਨਵੀਆਂ ਬਣੀਆਂ ਇਮਾਰਤਾਂ, ਪਸ਼ੂਆਂ ਤੇ ਫਸਲਾਂ ਨੂੰ ਵੀ ਬੁਰੀ ਨਜ਼ਰ ਤੋਂ ਬਚਾਉਣ ਦੇ ਯਤਨ ਕੀਤੇ ਜਾਂਦੇ ਹਨ। ਪਿੰਡਾਂ ਵਿੱਚ ਮਕਾਨ ਦੀ ਉਸਾਰੀ ਤੋਂ ਬਆਦ ਕਾਲੀ ਤੋੜੀ ਮਕਾਨ ਉੱਪਰ ਰੱਖ ਦਿੱਤੀ ਜਾਂਦੀ ਹੈ ਤਾਂ ਜੋ ਇਸ ਉੱਤੇ ਬੁਰੀ ਨਜ਼ਰ ਦਾ ਅਸਰ ਨਾਂ ਪਵੇ। ਪਸ਼ੂਆਂ ਦੇ ਗਲ ਵਿੱਚ ਇਕ ਚਮੜੇ ਦਾ ਟੁੱਕੜਾ ਕੱਟ ਕੇ ਰੱਸੀ ਨਾਲ ਜਾਂ ਤਾਂ ਉਹਨਾਂ ਦੇ ਮੁਥੇ ਉੱਤੇ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਜਾਂ ਗਲ ਵਿੱਚ ਪਾ ਦਿੱਤਾ ਜਾਂਦਾ ਹੈ। ਪਸ਼ੂਆਂ ਦੇ ਗਲਾਂ ਵਿੱਚ ਪਿੱਤਲ ਦੇ ਘੁੰਗਰੂਆਂ ਨਾਲ ਛਣਕਦੀਆਂ ਹਮੇਲਾਂ ਦਾ ਸੁੰਦਰਤਾ ਦੇ ਨਾਲ ਨਾਲ ਇੱਕ ਆਸ਼ਾ ਪਸ਼ੂਆਂ ਨੂੰ ਬੁਰੀ ਨਜ਼ਰ ਦੇ ਮੰਦ ਪ੍ਰਭਾਵ ਤੋਂ ਬਚਾਉਣਾ ਹੁੰਦਾ ਹੈ ਕਿਉਂਕਿ ਲੋਕ-ਵਿਸ਼ਵਾਸ ਹੈ ਕਿ ਪਿੱਤਲ ਦੇ ਨੇੜੇ ਬਦਰੂਹਾਂ ਨਹੀਂ ਆਉਂਦੀਆਂ।

    ਪੰਜਾਬੀ ਲੋਕ-ਜੀਵਨ ਵਿੱਚ ਬੁਰੀ ਨਜ਼ਰ ਦਾ ਸਹਿਮ ਅਜੇ ਵੀ ਬਣਿਆ ਹੋਇਆ ਹੈ। ਨਜ਼ਰ ਲੱਗਣ ਦੇ ਡਰ ਕਰਕੇ ਹੀ ਚੰਗੀਆਂ ਵਸਤਾਂ ਦਾ ਉਪਭੋਗ ਲੁਕਾ ਕੇ ਕੀਤਾ ਜਾਂਦਾ ਹੈ।

    ਦੁੱਧ ਦੇਣ ਵਾਲੇ ਪਸ਼ੂ ਵੀ ਕਈ ਵਾਰੀ ਬੁਰੀ ਨਜ਼ਰ ਦਾ ਸ਼ਿਕਾਰ ਹੋ ਜਾਂਦਾ ਹਨ ਅਤੇ ਦੁੱਧ ਦੇਣਾ ਬੰਦ ਕਰ ਦਿੰਦੇ ਹਨ। ਜਦੋਂ ਪਸ਼ੂ ਦਾ ਹਵਾਨਾ ਦੁੱਧ ਨਾਲ ਭਰਿਆ ਹੋਇਆ ਹੋਵੇ ਅਤੇ ਪਸ਼ੂ ਆਪ ਵੀ ਇਸ ਜਮ੍ਹਾਂ ਹੋਏ ਦੁੱਧ ਕਰਕੇ ਔਖਾ ਹੋਵੇ ਪਰ ਥਣਾਂ ਨੂੰ ਹੱਥ ਨਾਂ ਲਗਾਉਣ ਦਿੰਦਾ ਹੋਵੇ ਤਾਂ ਇਹ ਪੱਕਾ ਵਿਸ਼ਵਾਸ ਕਰ ਲਿਆ ਜਾਂਦਾ ਹੈ ਕਿ ਪਸ਼ੂ ਬੁਰੀ ਨਜ਼ਰ ਦਾ ਸ਼ਿਕਾਰ ਹੋ ਗਿਆ ਹੈ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਨਜ਼ਰ ਲਗਾੳਣ ਵਾਲੇ ਵਿਅਕਤੀ ਮੰਤਰ ਅਤੇ ਆਪਣੀ ਨਜ਼ਰ ਦੀ ਕਰੂਰ ਸ਼ਕਤੀ ਨਾਲ ਕਿਸੇ ਵੀ ਗਾਂ,ਮੱਝ ਦਾ ਦੁੱਧ ਆਪਣੀ ਗਾਂ ਜਾਂ ਮੱਝ ਹੇਠ ਲੈ ਆਉਂਦਾ ਹੈ। ਜਦੋਂ ਪਸ਼ੂ ਨਜ਼ਰਾਇਆ ਜਾਵੇ ਤਾਂ ਇਸ ਦੇ ਇਲਾਜ਼ ਲਈ ਗੁੱਗਲ ਅਤੇ ਮਿਰਚਾਂ ਦੀ ਧੂਣੀ ਪਸ਼ੂ ਅੱਗੇ ਦਿੱਤੀ ਜਾਂਦੀ ਹੈ। ਫਟਕੜੀ ਦਾ ਘੋਲ ਮੰਤਰ ਕੇ ਪਸ਼ੂ ਦੇ ਚੁਫੇਰੇ ਉਸਦੇ ਛਿੱਟੇ ਦਿੱਤੇ ਜਾਂਦੇ ਹਨ। ਆਟੇ ਦੇ ਪੇੜੇ ਵਿੱਚ ਹੇਠ ਲਿਖਿਆ ਮੰਤਰ ਲਿਖ ਕੇ ਪਸ਼ੂ ਨੂੰ ਦਿੱਤਾ ਜਾਂਦਾ ਹੈ:
ਜਨ ਖੁਆਜ਼ਾ ਸਿਮਰੀਏ
ਹੋਡੀ ਪਾਤਸ਼ਾਹ ਪੀਰ,
ਬੁੱਧੀ ਨੀਰ ਛੁਡਾਂਵਦਾ
ਹਜ਼ਰਤ ਜ਼ਾਹਿਰਾ ਪੀਰ

    ਅੰਤ ਵਿੱਚ ਇਹ ਜਾ ਸਕਦਾ ਹੈ ਕਿ ਪੰਜਾਬੀਆਂ ਦੇ ਵਿਸ਼ਵਾਸ ਪੰਜਾਬੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਅੰਗ ਹਨ। ਇਹਨਾਂ ਵਿਸ਼ਵਾਸਾ ਰਾਂਹੀ ਪੰਜਾਬੀ ਆਪਣੇ ਜੀਵਨ ਵਿੱਚ ਆਉਂਦੇ ਅਨੇਕਾਂ ਸੰਕਟਾਂ ਦਾ ਸਾਹਮਣਾ ਕਰਦੇ ਹਨ ਅਤੇ ਇੱਝ ਆਪਣੀ ਜੀਵਨ-ਤੋਰ ਨੂੰ ਸਾਵੀ-ਪੱਧਰੀ ਰੱਖਣ ਲਈ ਇਹਨਾ ਦੀ ਸਹਾਇਤਾ ਲੈਂਦੇ ਹਨ।

ਪੰਜਾਬ ਦੇ ਰਸਮ-ਰਿਵਾਜ਼

ਰਸਮ-ਰਿਵਾਜ, ਰਹੁ-ਰੀਤਾਂ ਤੇ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾਂ, ਸਧਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ, ਮਰਨ ਤੇ ਵਿਆਹ-ਸ਼ਾਦੀ ਦੇ ਮੌਕੇ ਤੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਜੀਵਨ-ਨਾਟਕ ਦੀਆਂ ਇਹਨਾਂ ਤਿੰਨਾਂ ਝਾਕੀਆਂ ਦੇ ਰੰਗ ਮੰਚ ਆਮ ਤੌਰ ਤੇ ਸਾਡੇ ਘਰਾਂ ਦੇ ਵਿਹੜੇ ਹੁੰਦੇ ਹਨ। ਇਹਨਾਂ ਦੇ ਪਾਤਰ ਸਾਡੇ ਪਰਵਾਰ ਦੇ ਹਾਜ਼ਰ ਦੇਵਤਾ ਜਲ ਤੇ ਬੈਸੰਤਰ ਭਾਵ ਜਲ-ਪਰਮੇਸਰ ਤੇ ਬਸੰਤਰ ਦੇਵਤਾ ਹੁੰਦੇ ਹਨ। ਅਗਵਾਈ ਵਾਸਤੇ ਅਸੀਂ ਕਿਸੇ ਪੰਡਤ, ਪ੍ਰੋਹਤ, ਨਾਈ, ਭਾਈ, ਦਾਈ ਜਾਂ ਮੁੱਲਾਂ ਮੁਲਾਣੇ ਨੂੰ ਸੱਦ ਲੈਂਦੇ ਹਾਂ।

    ਇਹ ਸੰਸਕਾਰ ਕਿਵੇਂ ਉਪਜੇ ਅਤੇ ਇਹਨਾਂ ਦੇ ਪਿੱਛੇ ਕੀ ਕੀ ਮਨੋਰਥ ਕੰਮ ਕਰ ਰਹੇ ਸਨ, ਇਹ ਬੜਾ ਦਿਲਚਸਪ ਵਿਸ਼ਾ ਹੈ। ਮੁੱਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਭੈ ਸਾਥੋਂ ਜ਼ਿਆਦਾ ਸੀ। ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਇਹਨਾਂ ਦੇਵੀ ਤਾਕਤਾਂ ਨੂੰ ਪਤਿਆਉਣ ਜਾਂ ਰੀਝਾਉਣ ਵਿੱਚੋ ਲੱਭਿਆ ਜਾ ਸਕਦਾ ਹੈ।

    ਕੁਝ ਸੰਸਕਾਰ, ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਪੈਦਾ ਹੋਏ ਸਿੱਧ ਹੁੰਦੇ ਹਨ। ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ-ਬ੍ਰਹਮਚਰਜ, ਗ੍ਰਿਹਸਥ, ਬਾਨਪ੍ਰਸਥ ਤੇ ਸੰਨਿਆਸ-ਵਿੱਚ ਵੰਡਿਆ ਗਿਆ ਸੀ ਅਤੇ ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਸਨ। ਇਹਨਾਂ ਦੀ ਮਰਿਆਦਾ ਵਿੱਚ ਬੱਝੇ ਸਾਡੇ ਵਡਾਰੂ ਰੋਜ਼ਾਨਾ ਜੀਵਨ ਦੀਆਂ ਅਨੇਕ ਸਮੱਸਿਆਵਾਂ ਦੀ ਚਿੰਤਾ ਦਾ ਭਾਰ ਆਪਣੇ ਮਨ ਉੱਤੇ ਪਾਉਣ ਦੀ ਥਾਂ ਇਹਨਾਂ ਉੱਤੇ ਦਿੰਦੇ ਸਨ। ਹੁਣ ਇਹਨਾਂ ਵਿੱਚੋਂ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਲੋਪ ਹੁੰਦੇ ਜਾਂਦੇ ਹਨ। ਇਹੋ ਕਾਰਨ ਹੈ ਕਿ ਇਹਨਾਂ ਦੀ ਸਾਂਭ-ਸੰਭਾਲ ਤੇ ਵਰਣਨ ਬੜਾ ਜ਼ਰੂਰੀ ਹੋ ਗਿਆ ਹੈ।

    ਸਾਡੇ ਬਹੁਤ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਅਤੇ ਬਿਰਛਾਂ ਦੀਆਂ ਟਹਿਣੀਆਂ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਹਨ। ਅਗਨੀ ਚਾਨਣ ਦਾ ਚਿੰਨ੍ਹ ਹੈ; ਪਾਣੀ ਸ਼ੁੱਧਤਾ ਦਾ, ਲੋਹਾ ਬਚਾਉ ਦਾ, ਅਨਾਜ ਚੜ੍ਹਾਵੇ ਦਾ ਅਤੇ ਬਿਰਛ ਦੀ ਟਹਿਣੀ ਜਾਂ ਰਹੀ ਘਾਹ ਜਿਸ ਨੂੰ 'ਦੁੱਬ' ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਗਰਭ-ਸੰਸਕਾਰ ਬਾਰੇ ਗੱਲ ਕਰਦੇ ਹਾਂ। ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇ ਜਾਂ ਸੱਤਵੇ ਮਹੀਨੇ ਵਿੱਚ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂ ਉਸ ਦੇ ਪੱਲੇ ਪਾਇਆ ਜਾਂਦਾ ਹੈ। (ਜੇ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਮਾਪੇ ਭੇਜਦੇ ਹਨ।) ਉਹ ਇਸ ਨੂੰ ਰਿੰਨ੍ਹ ਕੇ ਖਾਂਦੀ ਹੈ ਤੇ ਭਾਈਚਾਰੇ ਵਿੱਚ ਵੰਡਦੀ ਹੈ। ਵਧੇਰੇ ਕਰਕੇ, ਖਾਸ ਕਰ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਪਿੰਡ ਹੁੰਦਾ ਸੀ। ਇਸ ਸੂਰਤ ਵਿੱਚ ਇਹ ਰਸਮ ਕਰਨ ਵੇਲੇ ਦੋਵੇਂ ਪਤੀ-ਪਤਨੀ, ਪਤਨੀ ਦੇ ਸਹੁਰਿਆਂ ਵਲੋਂ ਘੱਲੇ ਹੋਏ ਕੱਪੜੇ ਪਹਿਨ ਕੇ, ਜਠੇਰਿਆਂ ਦੀ ਪੂਜਾ ਕਰਦੇ ਹਨ। ਚੇਤੇ ਰਹੇ ਕਿ ਪੰਜਾਬ ਵਿੱਚ ਪਹਿਲਾਂ ਬੱਚਾ ਹੋਣ ਸਮੇਂ ਕੁੜੀ ਨੂੰ ਉਸ ਦੇ ਪੇਕੇ ਭੇਜ ਦਿੰਦੇ ਸਨ। ਪੇਕੇ ਭੇਜਣ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ ਉਸ ਦੀਆਂ ਸਰੀਰਕ ਲੋੜਾਂ ਤੋਂ ਸਹੁਰੇ ਘਰ ਨਾਲੋਂ ਵਧੇਰੇ ਜਾਣੂੰ ਹੁੰਦੀ ਸੀ।

    ਜਣੇਪੇ ਦੀਆਂ ਰਸਮਾਂ ਵਿੱਚ ਜਣੇਪੇ ਤੋਂ ਪਿੱਛੇ ਬੱਚਾ ਤੇ ਜੱਚਾ ਨੂੰ ਧੂਪ ਦਿੱਤੀ ਜਾਂਦੀ ਸੀ ਜਾਂ ਦੀਵਾ ਬਾਕੇ ਰੱਖਿਆ ਜਾਂਦਾ ਸੀ ਜਾਂ ਦੀਵਾ ਬਾਕੇ ਰੱਖਿਆ ਜਾਂਦਾ ਸੀ ਜਿਹੜਾ ਦਸ ਦਿਨ ਲਗਾਤਾਰ ਜਲਦਾ ਰਹਿੰਦਾ ਸੀ । ਮੁੰਡਾ ਜਮਿਆਂ ਹੋਵੇ ਤਾਂ ਪਿੰਡ ਦੇ ਲਾਗੀ ਅਤੇ ਭਾਈਚਾਰੇ ਦੇ ਹੋਰ ਬੰਦੇ ਵਧਾਈਆਂ ਲੈ ਕੇ ਆ ਜਾਂਦੇ ਸਨ। ਦੁੱਬ ਨੂੰ ਖ਼ਸ਼ੀ ਦੇ ਮੌਕੇ ਉੱਤੇ ਵਧਾਈ ਦਾ ਚਿੰਨ੍ਹ ਮੰਨਿਆ ਜਾਂਦਾ ਸੀ।ਵਧਾਈਆਂ ਲੈ ਕੇ ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਅਤੇ ਭਾਈਚਾਰੇ ਵਿੱਚ ਗੁੜ, ਮਿਸਰੀ ਜਾਂ ਪਤਾਸੇ ਵੰਡੇ ਜਾਂਦੇ ਸਨ। ਇਹ ਰੀਤਾਂ ਹਾਲੀਂ ਵੀ ਕਾਇਮ ਹਨ।

    ਜਨਮ ਤੋਂ ਪਿੱਛੋਂ ਗੁੜ੍ਹਤੀ ਦੀ ਪਰਮ ਮਹੱਤਵਪੂਰਨ ਮੰਨੀ ਜਾਂਦੀ ਹੈ। ਬੱਚੇ ਨੂੰ ਦਿੱਤੀ 'ਗੁੜ੍ਹਤੀ' ਦਾ ਬੱਚੇ ਦੇ ਸੁਭਾਉ ਉਤੇ ਚੋਖਾ ਅਸਰ ਹੁੰਦਾ ਮਨਿਆ ਜਾਦਾ ਹੈ। ਕਈ ਵਾਰੀ ਗਰਭਵਤੀਆਂ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸ ਬੰਦੇ ਨੂੰ ਮਨ ਵਿੱਚ ਧਾਰ ਲੈਂਦੀਆਂ ਹਨ ਜਿਸ ਤੋਂ ਗੁੜ੍ਹਤੀ ਦਿਵਾਉਣੀ ਹੁੰਦੀ ਹੈ। ਉਹ ਆਪਣੇ ਬੱਚੇ ਨੂੰ ਉਸੇ ਵਰਗਾ ਬਣਦਾ ਵੇਖਣ ਦੀਆਂ ਚਾਹਵਾਨ ਹੁੰਦੀਆਂ ਹਨ। ਗੁੜ੍ਹਤੀ ਮਿਸਰੀ ਦੀ ਡਲੀ ਜਾਂ ਕਿਸੇ ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਹੈ ਗੁੜ੍ਹਤੀ ਦੇਣ ਦੇ ਸਮੇਂ ਤੱਕ ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਚੁੰਘਾਉਂਦੀ।

    ਜਣੇਪੇ ਤੋਂ ਪੰਜ ਦਿਨ ਪਿੱਛੋਂ 'ਪੰਜਵੀਂ-ਨਹਾਉਣ' ਦੀ ਰੀਤ । ਪੰਜਵੇਂ ਦਿਨ ਮਾਵਾਂ ਪਾਣੀ ਵਿੱਚ ਸੇਂਜੀ,ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਨ੍ਹਾਉਂਦੀਆਂ ਹਨ। ਇਹ 'ਪੰਜਵੀਂ-ਨਹਾਉਣ' ਦਾਈ ਕਰਾਉਂਦੀ ਹੈ। ਨਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਥੱਲੇ ਕੁਝ ਨਕਦੀ ਰਖਾ ਲੈਂਦੀ ਹੈ, ਜਿਹੜੀ ਬਾਦ ਵਿੱਚ ਉਸੇ ਨੂੰ ਦੇ ਦਿੱਤੀ ਜਾਂਦੀ ਹੈ।

    ਛੇਵੇਂ ਦਿਨ ਚੌਂਕ ਪੂਰ ਕੇ ਮਾਂ ਨੂੰ ਰੋਟੀ ਖੁਆਈ ਜਾਂਦੀ ਹੈ। ਇਸ ਰੀਤ ਨੂੰ ਪੰਜਾਬ ਵਿੱਚ 'ਛਟੀ' ਕਹਿੰਦੇ ਹਨ।ਇਸ ਵੇਲੇ ਮਾਂ ਰੱਜ ਕੇ ਖਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਜਿੰਨਾ ਨੀਅਤ ਭਰ ਕੇ ਖਾਏਗੀ, ਓਨੀ ਹੀ ਉਸ ਦੇ ਬੱਚੇ ਦੀ ਨੀਅਤ ਭਰੀ ਰਹੇਗੀ।

    ਪੰਜਾਬ ਵਿੱਚ 'ਬਾਹਰ ਵਧਾਉਣ' ਦੀ ਰਸਮ ਤੇਰ੍ਹਵੇਂ ਦਿਨ ਕੀਤੀ ਜਾਂਦੀ ਹੈ।ਮੁੰਡਾ ਹੋਵੇ ਤਾਂ ਇਸੇ ਸਮੇਂ ਸਾਰੇ ਲਾਗੀ ਤੋਹਫੇ਼ ਲੈ ਕੇ ਵਧਾਈਆਂ ਦੇਣ ਆਉਂਦੇ ਹਨ।ਮਹਿਰਾ ਮੌਲੀ ਵਿੱਚ ਸਰੀਂਹ ਦੇ ਪੱਤਿਆਂ ਦਾ ਸਿਹਰਾ, ਤਰਖਾਣ ਗੁੱਲੀ-ਡੰਡਾ,ਮੋਚੀ ਮੌਜੇ,ਘੁਮਿਆਰ ਨ੍ਹਾਉਣ ਵਾਲਾ ਢੋਰਾ ਜਾਂ ਝੱਜਰ ਤੇ ਦਾਈ ਬੱਚੇ ਵਾਸਤੇ ਤੜਾਗੀ ਪੇਸ਼ ਕਰਦੀ ਹੈ। ਇਹਨਾਂ ਤੋਹਫਿ਼ਆਂ ਤੇ ਵਧਾਈਆਂ ਦੇ ਬਦਲੇ ਉਹਨਾਂ ਨੂੰ ਬਣਦਾ-ਸਰਦਾ ਲਾਗ ਦਿੱਤਾ ਜਾਂਦਾ ਹੈ। ਘਰ ਵਾਲੇ ਲਾਗੀਆਂ ਨੂੰ ਲਾਗ ਦੇ ਕੇ ਭਾਈਚਾਰੇ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ। ਬਾਹਰੋਂ ਚੰਗੇ ਸ਼ਗਨਾਂ ਵਾਸਤੇ ਉਹ ਹਰਾ ਘਾਹ ਪੁੱਟ ਲਿਆਉਂਦੀ ਹੈ ਅਤੇ ਇਸ ਨੂੰ ਲਿਆ ਕੇ ਆਪਣੇ ਸਿਰ੍ਹਾਣੇ ਰਖ ਲੈਂਦੀ ਹੈ। ਇਹ ਘਾਹ ਹਰ ਪ੍ਰਕਾਰ ਉਸ ਦੀ ਰਾਖੀ ਕਰਦਾ ਮੰਨਿਆ ਜਾਂਦਾ ਹੈ।

    ਮੁੰਡਾ ਹੋਵੇ ਤਾਂ ਬਹੁਤੀ ਥਾਈਂ ਇਸੇ ਦਿਹਾੜੇ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਬ, ਖੰਮਣੀ ਤੇ ਗੁੜ ਦੀ ਭੇਲੀ ਭੇਜਦੇ ਹਨ। ਥੋੜ੍ਹਾ ਬਹੁਤ ਸ਼ਗਨ ਬਾਕੀ ਅੰਗਾਂ-ਸਾਕਾਂ ਨੂੰ ਵੀ ਭੇਜਿਆ ਜਾਂਦਾ ਹੈ। ਉਹ ਅੱਗੇ ਭੇਲੀ ਦੇ ਬਦਲੇ ਆਪਣੀ ਨੂੰਹ ਲਈ ਗਹਿਣੇ, ਕੱਪੜੇ ਅਤੇ ਨਾਈ ਤੇ ਦਾਈ ਨੂੰ ਲਾਗ ਵਜੋਂ ਤਿਉਰ ਆਦਿ ਘੱਲਦੇ ਹਨ। ਉਂਞ ਭੇਲੀ ਪਹੁੰਚਣ ਤੇ ਮੁੰਡੇ ਦੇ ਨਾਨਕਿਆਂ ਵੱਲੋਂ 'ਛੂਛਕ' ਭੇਜਣ ਦਾ ਰਿਵਾਜ ਆਮ ਹੈ। ਮੁੰਡੇ ਦੇ ਜਨਮ ਤੋਂ ਪਿੱਛੋਂ ਆਉਣ ਵਾਲੀ ਲੋਹੜੀ ਉੱਤੇ ਮੁੰਡੇ-ਕੁੜੀਆਂ ਭੇਲੀ ਮੰਗ ਕੇ ਖਾਂਦੇ ਹਨ।

    ਪੰਜਾਬ ਵਿੱਚ 'ਨਾਂ ਰੱਖਣ' ਵਾਸਤੇ ਕੋਈ ਖਾਸ 'ਨਾਮ-ਸੰਸਕਾਰ' ਨਹੀਂ ਮਨਾਇਆ ਜਾਂਦਾ। ਕਈ ਵਾਰੀ ਭਰਾਈ ਜਿਹੜਾ ਨਾਮ ਦੱਸ ਦੇਵੇ ਰੱਖ ਲੈਂਦੇ ਹਨ ਤੇ ਕਈ ਵਾਰੀ ਆਪਣੀ-ਆਪਣੀ ਧਾਰਮਿਕ ਪੁਸਤਕ ਦਾ ਕੋਈ ਪੰਨਾ ਪਿੰਡ ਦੇ ਗ੍ਰੰਥੀ, ਮੌਲਵੀ ਜਾਂ ਪੰਡਤ ਤੋਂ ਖੁੱਲ੍ਹਵਾ ਕੇ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲੈਂਦੇ ਹਨ।

    ਹਿੰਦੂ ਪਰਿਵਾਰਾਂ ਵਿੱਚ 'ਮੁੰਡਨ ਸੰਸਕਾਰ' ਤੀਜੇ ਤੋਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ। ਆਮ ਤੌਰ ਤੇ ਇਹ ਸੰਸਕਾਰ ਅਜਿਹੇ ਸਥਾਨ ਉੱਤੇ ਕੀਤਾ ਜਾਂਦਾ ਹੈ ਜਿੱਥੇ ਦੀ ਬੱਚੇ ਦੇ ਮਾਪਿਆਂ ਨੇ ਸੁੱਖ ਸੁੱਖੀ ਹੋਵੇ। ਮੁੰਡਨ ਤੋਂ ਪਿੱਛੋਂ, 'ਜਨੇਊ ਪਹਿਨਣ' ਤੱਕ ਪੰਜਾਬ ਦੇ ਹਿੰਦੂ ਆਮ ਤੌਰ ਤੇ ਹੋਰ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕਰਦੇ।

    ਜਿਵੇਂ ਹਿੰਦੂ ਜਨੇਊ ਪਹਿਨਦੇ ਹਨ ਉਸੇ ਤਰ੍ਹਾਂ ਸਿੱਖ ਅੰਮ੍ਰਿਤ ਛਕਦੇ ਹਨ। ਮੋਟੇ ਰੂਪ ਵਿੱਚ ਬਚਪਨ ਤੋਂ ਜਵਾਨੀ ਤੱਕ ਦੇ ਇਹੀ ਮੁੱਖ ਸੰਸਕਾਰ ਹਨ ਜਿਹੜੇ ਹਿੰਦੂ, ਸਿੱਖ, ਮੁਸਲਮਾਨ ਸਭ ਕਰਦੇ ਹਨ। ਭਾਵੇਂ ਹਰ ਫ਼ਿਰਕਾ ਆਪਣੇ ਆਪਣੇ ਧਰਮ ਦੀ ਮਰਿਆਦਾ ਤੇ ਸ਼ਰ੍ਹਾ ਅਨੁਸਾਰ ਇਹਨਾਂ ਵਿੱਚ ਤਬਦੀਲੀ ਕਰ ਲੈਂਦਾ ਹੈ।

    ਪਰ ਇਹ ਸਾਰੇ ਚਾਉ-ਮਲ੍ਹਾਰ ਤੇ ਰਸਮਾਂ-ਰੀਤਾਂ ਮੁੰਡਿਆਂ ਲਈ ਹੀ ਕੀਤੀਆਂ ਜਾਂਦੀਆਂ ਸਨ। ਧੀ ਜੰਮਦੀ ਸੀ ਤਾਂ ਮਾਪਿਆਂ ਦੇ ਭਾ ਦਾ ਪਹਾੜ ਡਿਗ ਪੈਂਦਾ ਸੀ। ਨਾ ਕੋਈ ਵਧਾਈ ਦਿੰਦਾ ਸੀ ਤੇ ਨਾ ਹੀ ਕਿਸੇ ਨੂੰ ਲੱਡੂ ਵੰਡੇ ਜਾਂਦੇ ਸਨ। ਧੀਆਂ ਦਾ 'ਨਾਮ ਕਰਨ ਸੰਸਕਾਰ' ਵੀ ਕੋਈ ਨਹੀਂ ਸੀ ਹੁੰਦਾ, 'ਕੰਨ-ਵਿੱਧ ਸੰਸਕਾਰ' ਵੀ ਨਾਂ ਮਾਤਰ ਹੀ ਹੁੰਦਾ ਸੀ। ਕੋਈ ਵਣਜਾਰਾ ਵੰਙਾਂ ਚੜ੍ਹਾਉਣ ਆਵੇ ਤਾਂ ਕੰਨ ਵਿਨ੍ਹ ਜਾਂਦਾ ਸੀ। ਕੁੜੀਆਂ ਉਸ ਨੂੰ ਗੁੜ ਦੀ ਰੋੜੀ ਤੇ ਆਪਣੀ ਮਾਂ ਤੋਂ ਦੁਆਨੀ-ਚੁਆਨੀ ਲੈ ਕੇ ਦੇ ਦਿੰਦੀਆਂ ਸਨ। ਪਰ ਹੁਣ ਧੀਆਂ ਪ੍ਰਤੀ ਦ੍ਰਿਸ਼ਟੀ ਕੋਣ ਬਦਲ ਰਿਹਾ ਹੈ। ਛੋਟੇ ਪਰਿਵਾਰਾਂ ਦੀ ਲੋੜ ਨੇ ਮਾਪਿਆਂ ਦਾ ਹਰ ਬੱਚੇ ਪ੍ਰਤੀ ਰੁਝਾਨ ਬਦਲ ਦਿੱਤਾ ਹੈ। ਉਂਞ ਵੀ ਧੀਆਂ ਕਮਾਉਣ ਲੱਗ ਪਈਆਂ ਹਨ। ਭਾਰ ਨਾ ਬਣਨ ਕਾਰਨ ਉਹਨਾਂ ਦਾ ਘਰ ਵਿੱਚ ਸਤਿਕਾਰਯੋਗ ਸਥਾਨ ਹੋ ਗਿਆ ਹੈ ਤੇ ਹੋ ਰਿਹਾ ਹੈ।

    ਮੁੰਡੇ-ਕੁੜੀ ਦੇ ਜਵਾਨ ਹੋਣ ਤੇ ਵਿਆਹ ਦੀਆਂ ਰਸਮਾਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਪਹਿਲਾਂ, 'ਰੋਕਣ' ਜਾਂ 'ਠਾਕਣ' ਦੀ ਰਸਮ ਹੁੰਦੀ ਹੈ। ਕੁੜੀ ਵਾਲੇ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਈਆ ਭੇਜ ਦਿੰਦੇ ਹਨ ਜਿਸ ਦਾ ਭਾਵ ਇਹ ਹੁੰਦਾ ਹੈ ਕਿ ਕੁੜਮਾਈ ਜਾਂ ਮੰਗਣੀ ਭਾਵੇਂ ਕਦੀ ਵੀ ਹੋਵੇ, ਨਾਤਾ ਪੱਕਾ ਹੈ। ਪਰ ਹੁਣ ਇਸ ਦੇ ਵੀ ਰੂਪ ਬਦਲ ਰਹੇ ਹਨ।

    ਵਰ ਲੱਭ ਕੇ ਨਾਤਾ ਤੈਅ ਹੋ ਜਾਣ ਤੋਂ ਪਿੱਛੋਂ 'ਕੁੜਮਾਈ' ਜਾਂ 'ਸਗਾਈ' ਦੀ ਰਸਮ ਹੁੰਦੀ ਹੈ। ਕੁੜੀ ਵਾਲੇ ਨਾਈ ਦੇ ਹੱਥ ਖੰਮਣੀ, ਰੁਪਈਆ, ਪੰਜ ਮਿਸਰੀ ਦੇ ਕੂਜੇ, ਪੰਜ ਛੁਆਰੇ, ਕੇਸਰ ਆਦਿ ਦੇ ਕੇ ਮੁੰਡੇ ਦੇ ਘਰ ਨੂੰ ਘੱਲ ਦਿੰਦੇ ਹਨ। ਮੁੰਡੇ ਵਾਲਿਆਂ ਨੇ ਰਿਸ਼ਤੇਦਾਰਾਂ ਅਤੇ ਸਰੀਕੇ ਵਿੱਚ ਸੱਦਾ ਭੇਜਿਆ ਹੁੰਦਾ ਹੈ। ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਵਿੱਚ ਮੁੰਡੇ ਨੂੰ ਚੌਕੀ ਤੇ ਬਿਠਾ ਲੈਂਦੇ ਹਨ ਅਤੇ ਨਾਈ ਆਪਣੇ ਨਾਲ ਲਿਆਂਦੀਆਂ ਚੀਜਾਂ ਉਸ ਦੀ ਝੋਲੀ ਵਿੱਚ ਪਾ ਕੇ ਕੇਸਰ ਦਾ ਟਿੱਕਾ ਉਸ ਦੇ ਮੱਥੇ ਉੱਤੇ ਲਾ ਦਿੰਦਾ ਹੈ। ਕੁੜੀ ਦਾ ਬਾਪ ਜਾਂ ਵਿਚੋਲਾ ਪੱਲੇ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਛੁਆਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ ਹੈ। ਬਾਕੀ ਛੁਆਰੇ ਮੁੰਡੇ ਦੇ ਅਜਿਹੇ ਹਾਣੀਆਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਛੇਤੀ ਹੀ ਮੰਗਣੀ ਹੋਣ ਦੀ ਆਸ ਹੁੰਦੀ ਹੈ। ਭਾਈਚਾਰੇ ਦੀਆਂ ਇਸਤਰੀਆਂ ਇੱਕ-ਇੱਕ ਰੁਪਈਆ ਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ ਹਨ। ਮੁੰਡੇ ਦਾ ਮਾਮਾ ਉਸ ਨੂੰ ਚੁੱਕ ਕੇ ਜਾਂ ਸਹਾਰਾ ਦੇ ਕੇ ਚੌਂਕੀ ਤੋਂ ਉਤਾਰ ਲੈਂਦਾ ਹੈ। ਨਾਈ ਨੂੰ ਲਾਗ ਤੇ ਖ਼ਰਚਾ ਦੇ ਕੇ ਵਿਦਾ ਕਰ ਦਿੰਦੇ ਹਨ।

    ਮੁੰਡੇ ਵਾਲੇ ਨਾਈ ਦੇ ਹੱਥ ਮੰਗੇਤਰ ਕੁੜੀ ਵਾਸਤੇ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਨਕਦੀ ਆਦਿ ਘੱਲਦੇ ਹਨ। ਕੁੜੀ ਆਪਣੇ ਘਰ ਨ੍ਹਾ ਧੋ, ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਹਿਨ ਕੇ ਚੜ੍ਹਦੇ ਵੱਲ ਮੁੰਹ ਕਰ ਕੇ ਪੀੜ੍ਹੇ ਤੇ ਬੈਠ ਜਾਂਦੀ ਹੈ। ਪਿੰਡ ਦੀ ਨਾਇਣ ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿੱਚ ਪਾ ਕੇ ਖੰਡ ਤੇ ਛੁਹਾਰਾ ਉਸ ਦੇ ਮੁੰਹ ਵਿੱਚ ਪਾ ਦਿੰਦੀ ਹੈ। ਇਸ ਤਰ੍ਹਾਂ ਉਸ ਦੀ ਵੀ ਸਗਾਈ ਹੋ ਜਾਂਦੀ ਹੈ। ਲਾਲ ਪਰਾਂਦੀ ਉਸ ਦੀ ਸਗਾਈ ਦੀ ਨਿਸ਼ਾਨੀ ਹੁੰਦੀ ਹੈ, ਇਸ ਨੂੰ ਕੁੜੀ ਓਨਾ ਚਿਰ ਨਹੀਂ ਲਾਹੁੰਦੀ ਜਿੰਨਾ ਚਿਰ ਕਿ ਇਹ ਟੁੱਟ ਨਹੀਂ ਜਾਂਦੀ। ਸਹੁਰਿਆਂ ਵੱਲੋਂ ਆਏ ਚੌਲ ਉਸ ਨੂੰ ਤੇ ਉਸ ਦੀਆਂ ਕੁਆਰੀਆਂ ਸਹੇਲਿਆਂ ਨੂੰ ਖੁਆਏ ਜਾਂਦੇ ਹਨ। ਥੋੜ੍ਹੇ ਥੋੜ੍ਹੇ ਸ਼ਗਨਾਂ ਦੇ ਚੌਲ ਭਾਈਚਾਰੇ ਵਿੱਚ ਵੀ ਵੰਡੇ ਜਾਂਦੇ ਹਨ। ਮੰਗਣੀ ਨਾਲ ਨਾਤਾ ਪੱਕਾ ਹੋ ਜਾਂਦਾ ਹੈ। ਕੁੜਮਾਈ ਤੋਂ ਵਿਆਹ ਤੱਕ ਹੋਰ ਕੋਈ ਰਸਮ ਨਹੀਂ ਹੁੰਦੀ।

    ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਦੀ ਤਿੱਥ ਤੇ ਘੜੀ ਵਿਆਹ ਲਈ ਨੀਅਤ ਕਰ ਲਈ ਜਾਂਦੀ ਹੈ। ਇਸ ਨੂੰ 'ਸਾਹਾ ਕਢਾੳਣਾ' ਕਹਿੰਦੇ ਹਨ।

    ਇਸ ਤੋਂ ਪਿੱਛੋਂ ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ 'ਸਾਹੇ ਚਿੱਠੀ' ਜਾਂ 'ਲਗਨ' ਲਿਖਾਉਂਦੇ ਹਨ। ਚਿੱਠੀ ਨੂੰ ਦੁੱਬ, ਚੌਲ, ਹਲਦੀ, ਖੰਮਣੀ ਆਦਿ ਵਿੱਚ ਵਲ੍ਹੇਟ ਕੇ ਨਾਈ, ਪੰਡਤ, ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਇਹ ਚਿੱਠੀ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਸਭ ਦੀ ਹਾਜ਼ਰੀ ਵਿੱਚ ਖੋਲ੍ਹੀ ਅਤੇ ਪੜ੍ਹੀ ਜਾਂਦੀ ਹੈ। ਨਾਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ।

    ਸਾਹੇ ਦੀ ਚਿੱਠੀ ਤੋਂ ਪਿੱਛੋਂ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੜੀ ਵਾਲੇ ਭਾਈਚਾਰੇ ਵਿੱਚ ਮੌਲੀ ਜਾਂ ਰੂੰ ਕੱਤਣ ਤੇ ਪੀਹਣ ਲਈ ਦਾਣੇ ਵੰਡ ਦਿੰਦੇ ਹਨ। ਅੱਜ-ਕੱਲ੍ਹ ਅਜਿਹੇ ਕੰਮ ਮਸ਼ੀਨਾਂ ਤੇ ਕਰਾ ਲਏ ਜਾਂਦੇ ਹਨ। ਫੇਰ ਵੀ ਕੁੜੀ ਦਾ ਵਿਆਹ ਸਾਰੇ ਭਾਈਚਾਰੇ ਦਾ ਕੰਮ ਸਮਝਿਆ ਜਾਂਦਾ ਹੈ, ਜਿਸ ਵਿੱਚ ਵਿੱਤ ਅਨੁਸਾਰ ਸਭ ਦੇ ਸਭ ਹਿੱਸਾ ਪਾਉਂਦੇ ਹਨ। ਮੁੰਡੇ ਵਾਲੇ ਵੀ ਆਪਣੇ ਘਰ ਵਰੀ ਆਦਿ ਤਿਆਰ ਕਰਨ ਲਗ ਜਾਂਦੇ ਹਨ।

    ਜਿਸ ਦਿਨ ਤੋਂ ਲਗਨ ਭੇਜ ਦਿੱਤਾ ਜਾਂਦਾ ਹੈ, ਕੁੜੀ ਤੇ ਮੁੰਡੇ ਦਾ ਬਾਹਰ ਨਿਕਲਣਾ, ਕਿਸੇ ਨਾਲ ਹੱਸਣਾ ਬੋਲਣਾ ਤੇ ਕੰਮ ਕਰਨਾ ਮਨ੍ਹਾਂ ਹੋ ਜਾਂਦਾ ਹੈ। ਇਸ ਨੂੰ 'ਸਾਹੇ ਲੱਤ ਬੰਨ੍ਹਣਾ' ਜਾਂ 'ਥੜ੍ਹੇ ਪਾਉਣਾ' ਕਹਿੰਦੇ ਹਨ। ਅਜਿਹਾ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਤੋਂ ਬਚਣ ਲਈ ਕੀਤਾ ਜਾਂਦਾ ਹੈ।

    ਇਸ ਤੋਂ ਪਿੱਛੋਂ ਸੱਤ ਸੁਹਾਗਣ ਇਸਤਰੀਆਂ ਇੱਕਠੀਆਂ ਕਰ ਕੇ ਉਹਨਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ। ਇਹ ਸੱਤ ਸੁਹਾਗਣਾਂ ਵਿਆਹ ਦੇ ਹਰ ਕੰਮ ਲਈ ਇੱਕਠੀਆਂ ਹੁੰਦੀਆਂ ਹਨ। ਇੱਕ ਸਮਾਂ ਉਹ ਵੀ ਸੀ ਕਿ ਇਹਨਾਂ ਵਿੱਚੋਂ ਇੱਕ ਵੀ ਘੱਟ ਹੋਵੇ ਤਾਂ ਕੋਈ ਰਸਮ ਸ਼ੁਰੂ ਨਹੀਂ ਸੀ ਹੁੰਦੀ।

    ਸੱਤ ਜਾਂ ਨੌ ਦਿਨ ਪਹਿਲਾਂ 'ਕੜਾਹੀ ਚੜ੍ਹਾਈ' ਜਾਂਦੀ ਹੈ। ਵਿਆਂਹਦੜ ਦੀ ਮਾਂ ਇਸ ਕੜਾਹੀ ਵਿੱਚ ਤਿਆਰ ਕੀਤੇ ਗੁਲਗੁਲੇ ਆਪਣੇ ਪੇਕਿਆਂ ਨੂੰ ਲੈ ਕੇ ਜਾਂਦੀ ਹੈ ਤੇ ਉਹਨਾਂ ਨੂੰ ਵਿਆਹ ਦਾ ਦਿਨ ਦੱਸ ਆਉਂਦੀ ਹੈ। ਉਹ 'ਨਾਨਕੀ ਛੱਕ' ਦੀ ਤਿਆਰੀ ਕਰਨ ਲਗ ਜਾਂਦੇ ਹਨ। ਵਿਆਹ ਤੋਂ ਪਹਿਲਾਂ ਵੱਡੀ ਰੀਤ ਕੇਵਲ ਵਟਣੇ ਜਾਂ ਮਾਈਏ ਦੀ ਹੁੰਦੀ ਹੈ। ਬੰਨੜੇ ਜਾਂ ਬੰਨੜੀ ਦੇ ਸਿਰ ਉੱਤੇ ਚਾਰ ਕੁੜੀਆਂ ਚਾਰੇ ਕੰਨੀਆਂ ਫੜ ਕੇ ਪੀਲੀ ਚਾਦਰ ਦਾ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਇੱਕ ਠੂਠੀ ਵਿੱਚ ਤੇਲ ਪਾਣੀ ਤੇ ਹਲਦੀ ਮਿਲਾ ਕੇ ਵਟਣਾ ਤਿਆਰ ਕੀਤਾ ਹੁੰਦਾ ਹੈ। ਇਹ ਵਟਣਾ ਘਾਹ ਦੀ ਗੁੱਟੀ ਨਾਲ ਲਾ ਲਾ ਕੇ ਮੁੰਡੇ ਜਾਂ ਕੁੜੀ ਦੇ ਵਾਲ ਦੀ ਲਿਟ ਨੂੰ ਲਾਇਆ ਜਾਂਦਾ ਹੈ। ਇਸ ਤੋਂ ਪਿਛੋਂ ਇਹ ਹੱਥਾਂ, ਪੈਰਾਂ ਅਤੇ ਚਿਹਰੇ ਤੇ ਦੱਬ-ਦੱਬ ਕੇ ਮਲਿਆ ਜਾਂਦਾ ਹੈ। ਇਹ ਵਿਆਹ ਵਾਲੇ ਦਿਨ ਤੱਕ ਲਗਦਾ ਰਹਿੰਦਾ ਹੈ।

    ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵਧੇਰਾ ਮੇਲ ਨਾਨਕਿਆਂ ਦਾ ਹੁੰਦਾ ਹੈ, ਜਿਹੜੇ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਬਿਸਤਰੇ, ਪਲੰਘ, ਬਰਤਣ ਤੇ ਕੱਪੜੇ-ਲੀੜੇ ਲੈ ਕੇ ਆਉਂਦੇ ਹਨ। ਇਹ ਵੀ ਆਮ ਹੈ ਕਿ ਮਾਮੇ ਮਾਮੀ ਨੇ ਇੱਕ ਦੂਜੇ ਦਾ ਲੜ ਫੜਿਆ ਹੁੰਦਾ ਹੈ। ਬਾਕੀ ਮੇਲ, ਚੋਹਲ ਕਰਦਾ ਤੇ ਬੰਬੀਹਾ ਬਲਾਉਂਦਾ ਪਿੰਡ ਦੀ ਜੂਹ ਵਿੱਚ ਵੜਦਾ ਹੈ। ਵਿਆਂਹਦੜ ਦੀ ਮਾਂ ਆਪਣੇ ਭਰਾ ਭਰਜਾਈ ਦੇ ਸਵਾਗਤ ਲਈ ਉਡੀਕ ਰਹੇ ਹੁੰਦੇ ਹਨ।

    ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵਟਣਾ ਮਲ ਕੇ ਨੁਹਾ ਦਿੰਦੇ ਹਨ। ਨੁਹਾ ਕੇ ਉਸ ਨੂੰ ਮਾਮੇ ਦੀ ਲਿਆਂਦੀ ਹੋਈ ਪੁਸ਼ਾਕ ਪਹਿਨਾਈ ਜਾਂਦੀ ਹੈ। ਇਸ ਤੋਂ ਪਿੱਛੋਂ ਮੁੰਡੇ ਦੇ ਸਿਰ ਉੱਤੇ ਮੋੜ੍ਹ (ਮੁਕਟ) ਜਾਂ ਮੱਥੇ ਤੇ ਸਿਹਰਾ ਬੰਨ੍ਹ ਦਿੰਦੇ ਹਨ। ਸਰਬਾਲ੍ਹੇ ਨੂੰ ਵੀ ਇਸੇ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ।

    ਇਸ ਤੋਂ ਪਿੱਛੋਂ 'ਘੋੜੀ' ਦੀ ਰੀਤ ਹੁੰਦੀ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਸੁਰਮਾ ਪਾ ਕੇ 'ਸੁਰਮਾ ਪੁਆਈ' ਲੈ ਲੈਂਦੀ ਹੈ। ਉਸ ਤੋਂ ਪਿੱਛੋ ਉਸ ਦੀ ਭੈਣ ਵਾਂਗ ਫੜਦੀ ਹੈ ਤੇ ਲੜ ਜਾਂ ਪੱਲਾ ਝੱਲਦੀ ਨਾਲ ਤੁਰਦੀ ਹੈ। ਮੁੰਡੇ ਦੀ ਮਾਂ ਤੇ ਹੋਰ ਸ਼ਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ ਅਤੇ ਪੂਰੇ ਸ਼ਗਨ ਮਨਾ ਕੇ ਉਸ ਨੂੰ ਮੋਟਰ, ਰੱਥ ਆਦਿ ਵਿੱਚ ਬਿਠਾ ਦਿੰਦੀਆਂ ਹਨ। ਘੋੜੀ ਉੱਤੋਂ ਉਤਾਰਨ ਤੋਂ ਪਹਿਲਾਂ ਉਹ ਵਾਗ ਫੜਨ ਵਾਲੀ ਭੈਣ ਨੂੰ 'ਵਾਗ ਫੜਾਈ' ਦੇ ਕੇ ਬਾਕੀ ਭੇਣਾਂ ਨੂੰ ਖ਼ੁਸ਼ੀਆਂ ਵਿੱਚ ਰੁਪਈਏ ਵੰਡਦਾ ਘੋੜੀ ਚੜ੍ਹ ਜਾਂਦਾ ਹੈ।

    ਜਦ ਜੰਞ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਹੈ ਤਾਂ ਅੱਗੇ ਪਿੰਡ ਦੀ ਪੰਚਾਇਤ ਸਵਾਗਤ ਵਿੱਚ ਖੜ੍ਹੀ ਹੁੰਦੀ ਹੈ। ਪਿੰਡ ਦੇ ਦਰਵਾਜ਼ੇ ਉੱਤੇ ਜਾਂ ਡੇਰੇ ਵਿੱਚ ਪਹੁੰਚਣ ਤੇ 'ਮਿਲਣੀ' ਹੁੰਦੀ ਹੈ। ਮਿਲਣੀ ਤੋਂ ਪਿੱਛੋਂ ਜੰਞ ਡੇਰੇ (ਜੰਨਵਾਸ) ਪਹੁੰਚ ਜਾਂਦੀ ਹੈ। ਮੁੰਡਾ ਰਾਤ ਦੀ ਰੋਟੀ ਡੇਰੇ ਵਿੱਚ ਹੀ ਖਾਂਦਾ ਹੈ। ਜੇ ਜਾਂਞੀਆਂ ਦੀ ਗੋਤਣ ਕੋਈ ਕੁੜੀ ਉਸ ਪਿੰਡ ਵਿੱਚ ਵਿਆਹੀ ਹੋਵੇ ਤਾਂ ਉਸ ਨੂੰ ਮਿਠਿਆਈ ਤੇ ਰੁਪਏ ਸਮੇਤ ਪੱਤਲਾਂ ਭੇਜ ਕੇ ਉਸ ਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ।

    ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਤੋਂ ਬਿਨਾ ਵਿਆਹ ਸੰਪੂਰਨ ਨਹੀਂ ਸਮਝਿਆ ਜਾਂਦਾ। ਪਰ ਇਹਨਾਂ ਰਸਮਾਂ ਵਿੱਚ ਥਾਂ ਥਾਂ ਤੇ ਰਿਵਾਜ ਅਨੁਸਾਰ ਤਬਦੀਲੀ ਕੀਤੀ ਜਾਂਦੀ ਹੈ। ਕੁੜੀ ਨੂੰ ਕੁੜੀ ਦਾ ਮਾਮਾ ਖਾਰਿਆ ਤੋਂ ਚੁੱਕ ਕੇ ਅੰਦਰ ਬਿਠਾ ਦਿੰਦਾ ਹੈ। ਇੱਥੇ ਹੀ ਕੁੜੀ ਦੀ ਮਾਂ ਮਾਮੇ ਨੂੰ ਮਿਸਰੀ ਜਾਂ ਦੁੱਧ ਦੇ ਕੇ ਸਨਮਾਨਦੀ ਹੈ। ਸਿੰਘ ਸਭਾ ਲਹਿਰ ਨੇ ਅਨੰਦ ਕਾਰਜ ਦੀ ਰੀਤ ਦਾ ਪ੍ਰਚਾਰ ਕੀਤਾ। ਇੱਥੇ ਹਵਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਸੁਹਾਗ-ਜੋੜੀ ਗੁਰੂ ਗ੍ਰੰਥ ਸਾਹਿਬ ਦੇ ਆਲੇ-ਦੁਆਲੇ ਲਾਵਾਂ ਦੇ ਪਾਠ ਤੇ ਕੀਰਤਨ ਸਮੇਂ ਚਾਰ ਫੇਰੇ ਲੈਂਦੀ ਹੈ। ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ਜਾਂ ਭਾਈ ਅਨੰਦ ਸਾਹਿਬ ਦਾ ਪਾਠ ਕਰਕੇ ਭੋਗ ਪਾ ਦਿੰਦਾ ਹੈ। ਅਨੰਦ-ਕਾਰਜ ਜਾਂ ਲਗਨ-ਫੇਰਿਆਂ ਨਾਲ ਅਸਲੀ ਕਾਰਜ ਖ਼ਤਮ ਹੋ ਜਾਂਦਾ ਹੈ।

    ਫਿਰ 'ਵਰੀ' ਹੁੰਦੀ ਹੈ। ਜਾਞੀਂ ਜਿਹੜੀ ਵੀ 'ਵਰੀ' ਲੈ ਕੇ ਆਏ ਹੋਣ, ਥਾਲੀਆਂ, ਟੋਕਰਿਆਂ ਵਿੱਚ ਖਿਲਾਰ ਕੇ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਲਿਆਉਂਦੇ ਹਨ। ਇਹ ਭਾਈਚਾਰੇ ਨੂੰ ਦਿਖਾਈ ਜਾਂਦੀ ਹੈ।

    ਇਸੇ ਤਰ੍ਹਾਂ ਜੰਞ ਦੇ ਤੁਰਨ ਤੋਂ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ 'ਦਾਜ' ਤੇ 'ਖੱਟ' ਵਿਖਾਉਂਦੇ ਹਨ। ਇਸ ਵਿੱਚ ਉਹ ਸਭ ਕੁਝ ਵਿਖਾਇਆ ਜਾਂਦਾ ਹੈ ਜਿਹੜਾ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਜਾਂ ਆਪਣੀ ਧੀ ਨੂੰ ਦਿੰਦੇ ਹਨ। ਦਾਜ ਵੇਖ ਕੇ ਬਰਾਤ ਤਾਂ ਚਲੀ ਜਾਂਦੀ ਹੈ ਪਰ ਮੁੰਡਾ ਤੇ ਉਸਦਾ ਸਰਬਾਲ੍ਹਾ ਬੈਠਾ ਰਹਿੰਦਾ ਹੈ। ਭਾਈਚਾਰੇ ਦੀਆਂ ਔਰਤਾਂ ਉਸ ਨੂੰ ਸਲਾਮੀਆਂ ਪਾਉਂਦੀਆਂ ਹਨ। ਕੁੜੀਆਂ ਟਿੱਚਰਾਂ ਕਰਦੀਆਂ ਹਨ ਤੇ ਉਸ ਤੋਂ ਛੰਦ ਆਦਿ ਸੁਣਦੀਆਂ ਹਨ। ਸਰਬਾਹਲੇ ਨੂੰ ਤਾਂ ਬਸ ਹੱਥਾਂ ਉੱਤੇ ਹੀ ਚੁੱਕ ਲੈਂਦੀਆਂ ਹਨ।

    ਇਸ ਤੋਂ ਪਿੱਛੋਂ ਜੰਞ ਵਿਦਾ ਕਰ ਦਿੱਤੀ ਜਾਂਦੀ ਹੈ। ਮਾਮਾ ਕੁੜੀ ਨੂੰ ਚੁੱਕ ਕੇ ਰੋਂਦੀ, ਕੁਰਲਾਉਂਦੀ ਨੂੰ ਡੋਲੀ ਜਾਂ ਰਥ ਵਿੱਚ ਬਿਠਾ ਆਉਂਦਾ ਹੈ।

    ਮੁੰਡੇ ਦੇ ਘਰ ਪਹੁੰਚਣ ਉੱਤੇ ਮੁੰਡੇ ਦੀ ਮਾਂ ਦੀਵਾ ਲੈ ਕੇ ਨੁੰਹ ਪੁੱਤ ਨੂੰ ਲੈਣ ਜਾਂਦੀ ਹੈ। ਦਰਵਾਜ਼ੇ ਉੱਤੇ ਉਹ ਪਾਣੀ ਨਾਲ 'ਵਾਰਨੇ' ਵਾਰਦੀ ਹੈ। ਉਹ ਸੱਤ ਵਾਰੀ ਪਾਣੀ ਮੂੰਹ ਨੂੰ ਲਾਉਂਦੀ ਹੈ। ਭਾਵ ਉਹ ਪੁੱਤ ਦੇ ਦੁੱਖ ਆਪਣੇ ਸਿਰ ਲੈਣ ਦੀ ਕੁਰਬਾਨੀ ਕਰਦੀ ਹੈ। ਮੁੰਡਾ ਉਸ ਨੂੰ ਰੋਕਦਾ ਹੈ। ਸੱਤਵੀ ਵਾਰੀ ਤਾਂ ਉਸ ਦੀਆਂ ਦਿਰਾਣੀਆਂ ਜਿਠਾਣੀਆਂ ਉਸ ਨੂੰ ਬਿਲਕੁਲ ਹੀ ਉਹ ਪਾਣੀ ਨਹੀਂ ਪੀਣ ਦਿੰਦੀਆਂ। ਇਸ ਤੋਂ ਪਿੱਛੋਂ ਵਹੁਟੀ ਨੂੰ ਭਾਈਚਾਰੇ ਦੀਆਂ ਔਰਤਾਂ ਸ਼ਗਨ ਪਾਉਂਦੀਆਂ ਹਨ ਤੇ ਮੂੰਹ ਵੇਖਦੀਆਂ ਹਨ।

    ਦੂਜੇ ਦਿਨ ਸਵੇਰੇ ਲਾੜਾ ਤੇ ਵਹੁਟੀ ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਵਾਸਤੇ ਜਾਂਦੇ ਹਨ। ਕਈ ਥਾਂਵਾਂ ਉੱਤੇ ਇਸ ਸਮੇਂ ਛਟੀ ਖੇਡਣ ਦਾ ਵੀ ਰਿਵਾਜ ਹੈ। ਲਾੜਾ ਤੇ ਵਹੁਟੀ ਇੱਕ ਦੂਜੇ ਦੇ ਸੱਤ ਸੱਤ ਛਟੀਆਂ ਮਾਰਦੇ ਹਨ। ਇਸੇ ਸ਼ਾਮ ਉਹ 'ਕੰਙਣਾ' ਖੇਲਦੇ ਹਨ।

    ਤੀਜੇ ਦਿਨ ਬਹੂ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ 'ਦਿਖਾਵਾ' ਦਿਖਾਇਆ ਜਾਂਦਾ ਹੈ। ਬਹੂ ਦੀ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ ਤੇ 'ਪੇਟੀ ਖੁਲ੍ਹਾਈ' ਦਾ ਮਨਭਾਉਂਦਾ ਸੂਟ ਕੱਢ ਲੈਂਦੀ ਹੈ। ਵਿਆਹ ਦੀਆਂ ਇਹਨਾਂ ਰਸਮਾਂ ਵਿੱਚ ਹੁਣ ਕਿਤੇ-ਕਿਤੇ ਤਬਦੀਲੀ ਆ ਗਈ ਹੈ।

    ਜਨਮ ਅਤੇ ਵਿਆਹ ਦੀਆਂ ਮੁੱਖ ਰਸਮਾਂ ਤੋਂ ਪਿੱਛੋਂ ਅਕਾਲ ਚਲਾਣੇ ਜਾਂ ਮੌਤ ਦੀਆਂ ਰਸਮਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਵਿਅਕਤੀ ਦੇ ਪ੍ਰਾਣ ਤਿਆਗਣ ਤੋਂ ਪਿੱਛੋਂ ਤ੍ਰੀਮਤਾਂ ਘਰ ਵਿੱਚ ਵੈਣ ਪਾਉਣ ਲਗ ਜਾਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਸਾਰੇ ਉਸ ਦੇ ਚੰਗੇ ਅਮਲਾਂ ਦੀ ਸਿਫ਼ਤ ਕਰਦੇ ਹਨ।

    ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇ ਇਸਤਰੀ ਸੁਹਾਗਣ ਮਰੀ ਹੋਵੇ ਤਾਂ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾ ਕੇ, ਹੱਥਾਂ ਪੈਰਾਂ ਨੂੰ ਮਹਿੰਦੀ ਤੇ ਹੋਠਾਂ ਨੂੰ ਦੰਦਾਸਾ, ਅੱਖਾਂ ਵਿੱਚ ਸੁਰਮਾ, ਵੀਣੀ ਉੱਤੇ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਲਾ ਕੇ ਅੰਤਮ ਯਾਤਰਾ ਲਈ ਤਿਆਰ ਕਰਦੇ ਹਨ।

    ਮ੍ਰਿਤਕ ਨੂੰ ਨੁਹਾਉਂਦਿਆਂ, ਓਧਰ ਚਿਖਾ ਵਾਸਤੇ ਬਾਲਣ ਢੋ ਲਿਆ ਜਾਂਦਾ ਹੈ ਤੇ ਏਧਰ ਅਰਥੀ ਤਿਆਰ ਕਰ ਲਈ ਜਾਂਦੀ ਹੈ। ਅਰਥੀ ਵਾਸਤੇ ਬਾਂਸ ਜਾਂ ਬੇਰੀ ਦੀ ਲੱਕੜੀ ਵਰਤੀ ਜਾਂਦੀ ਹੈ। ਕਿੱਲਾਂ ਦੀ ਥਾਂ ਬੱਭੜ ਆਦਿ ਨਾਲ ਹੀ ਅਰਥੀ ਦੀਆਂ ਲੱਕੜੀਆਂ ਨੂੰ ਬੰਨ੍ਹਿਆ ਜਾਂਦਾ ਹੈ।

    ਘਰ ਤੋਂ ਸਿਵਿਆਂ ਨੂੰ ਜਾਂਦੇ ਸਮੇਂ ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਉਸ ਦੀ ਅਰਥੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ। ਘਰੋਂ ਤੁਰਨ ਸਮੇਂ ਰਸਮੀ ਤੌਰ ਤੇ ਉਸ ਦੀ ਮ੍ਰਿਤਕ ਦੇਹੀ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਜਾਂ ਕਿਰਾਇਆ ਉਤਾਰ ਦਿੱਤਾ ਜਾਂਦਾ ਹੈ।

    ਅੱਧ ਮਾਰਗ ਤੋਂ ਪਿੱਛੋਂ ਇਸਤਰੀਆਂ ਉੱਥੇ ਹੀ ਬੈਠ ਜਾਂਦੀਆਂ ਹਨ ਤੇ ਮਰਦ ਅਰਥੀ ਨਾਲ ਚਲੇ ਜਾਂਦੇ ਹਨ। ਸ਼ਮਸ਼ਾਨ ਭੂਮੀ ਵਿੱਚ ਪਹੁੰਚ ਕੇ ਅਰਥੀ ਲਾਹ ਲੈਂਦੇ ਹਨ। ਚਿਖਾ ਵਾਸਤੇ ਲੱਕੜੀ ਚਿਣ ਲੈਂਦੇ ਹਨ। ਫਿਰ ਮ੍ਰਿਤਕ ਦੇਹੀ ਨੂੰ ਚਿਖਾ ਉੱਤੇ ਲਿਟਾ ਦਿੱਤਾ ਜਾਂਦਾ ਹੈ।

    ਇਸ ਤੋਂ ਪਿੱਛੋਂ ਵੱਡਾ ਪੁੱਤਰ ਆਪਣੇ ਹੱਥ ਵਿੱਚ ਲਾਂਬੂ ਲੈ ਕੇ ਸੱਜਿਉ ਖੱਬੇ ਨੂੰ ਇੱਕ ਗੇੜਾ ਅਰਥੀ ਦੇ ਦੁਆਲੇ ਕੱਢਦਾ ਹੈ। ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹ ਚਿਖਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲੱਗ ਜਾਣ ਤੇ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਜਾ ਕੇ ਖਲੋ ਜਾਂਦੇ ਹਨ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਵਿਖਾਈ ਦੇਣ ਲਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਇੱਕ ਡੰਡਾ ਕੱਢ ਕੇ ਮੁਰਦੇ ਦੀ ਖੋਪਰੀ ਟਕੋਰਦਾ ਹੈ ਅਤੇ ਹਥਲਾ ਡੰਡਾ ਚਿਖਾ ਦੇ ਉੱਪਰੋਂ ਲਾਸ਼ ਦੇ ਪੈਰਾਂ ਤੋਂ ਪਾਰ ਸੁੱਟ ਦਿੰਦਾ ਹੈ। ਇਸ ਨੂੰ ਕਪਾਲ ਕ੍ਰਿਆ ਕਹਿੰਦੇ ਹਨ।

    'ਕਪਾਲ ਕ੍ਰਿਆ' ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਿਛਾਂਹ ਤੱਕਣ ਤੋਂ ਵਾਪਸ ਤੁਰ ਪੈਂਦੇ ਹਨ। ਸਾਰੇ ਆਦਮੀ ਇਹਨਾਂ ਚਿੰਨ੍ਹਾਂ ਰਾਹੀਂ ਮੁਰਦੇ ਨਾਲ ਆਪਣੇ ਸੰਬੰਧ ਤੋੜਦੇ ਹਨ। ਕਈ ਵਾਰੀ ਡੱਕਾ ਤੋੜਦੇ ਹਨ ਤੇ ਕਈ ਵਾਰੀ ਕੰਡਾ। ਕਈ ਨਿੰਮ ਦੀ ਪੱਤੀ ਚਬਾ ਕੇ ਮਰਨ ਵਾਲੇ ਨੂੰ ਆਪਣੇ ਵਾਸਤੇ ਨਿੰਮੋਂ ਕੌੜਾ ਕਰ ਦਿੰਦੇ ਹਨ, ਜਾਂ ਅੱਕ ਦਾ ਦੁੱਧ ਚੋ ਕੇ ਅੱਕੋਂ ਕੌੜਾ।

    ਰਾਸਤੇ ਵਿਚ ਸਾਰੇ ਸੱਜਣ ਕਿਸੇ ਖੂਹ, ਟੋਭੇ ਜਾਂ ਛੱਪਰ ਉੱਤੇ ਹੋ ਸਕੇ ਤਾਂ ਇਸ਼ਨਾਨ ਨਹੀਂ ਤਾਂ ਹੱਥ ਮੂੰਹ ਧੋਂਦੇ ਹਨ। ਮੌਤ ਤੋਂ ਤੀਜੇ ਦਿਨ ਮੁਰਦੇ ਦੇ ਫੁੱਲ ਚੁਗਣ ਜਾਂਦੇ ਹਨ। ਫੁੱਲਾਂ ਨੂੰ ਹਰਿਦਵਾਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤਾ ਜਾਂਦਾ ਹੈ।

    ਇਸ ਤੋਂ ਪਿੱਛੋਂ ਕੁਝ ਦਿਨ ਦੂਰ-ਨੇੜੇ ਦੀਆਂ ਮੁਕਾਣਾਂ ਆਉਂਦੀਆਂ ਹਨ। ਹੰਗਾਮੇ ਦੇ ਸਮੇਂ ਇੱਕ ਰਸਮ 'ਦਸਤਾਰਬੰਦੀ' ਦੀ ਕੀਤੀ ਜਾਂਦੀ ਹੈ। ਭਾਈਚਾਰੇ ਦੀ ਹਾਜ਼ਰੀ ਵਿੱਚ ਵਡਾ ਪੁੱਤਰ ਆਪਣੇ ਸਹੁਰਿਆਂ ਦੀ ਦਿੱਤੀ ਪੱਗ ਬੰਨ੍ਹਦਾ ਹੈ। ਇਸ ਤਰ੍ਹਾਂ ਉਹ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ।

    ਜਿੱਥੋਂ ਤੱਕ ਮੁਸਲਮ ਭਾਈਚਾਰੇ ਦਾ ਸੰਬੰਧ ਹੈ ਉਹਨਾਂ ਦੀਆਂ ਰਸਮਾਂ ਵਿੱਚ ਦੋ ਵੱਡੇ ਫਰਕ ਹਨ। ਉਹ ਅੰਮ੍ਰਿਤ-ਪਾਨ/ਜਨੇਉ ਦੀ ਥਾਂ ਸੁੰਨਤ ਦੀ ਰਸਮ ਕਰਦੇ ਹਨ ਤੇ ਮੌਤ ਉਪਰੰਤ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਦੀ ਥਾਂ ਦਫ਼ਨਾਉਂਦੇ ਹਨ।

    ਇਸ ਤਰ੍ਹਾਂ ਜੀਵਨ-ਨਾਟਕ ਦੇ ਆਰੰਭ ਤੋਂ ਅੰਤ ਤੱਕ ਵਿਭਿੰਨ ਰਸਮ-ਰਿਵਾਜ ਕੀਤੇ ਜਾਂਦੇ ਹਨ। ਇਹਨਾਂ ਦੀ ਪੂਰਤੀ ਵਿੱਚ ਦਾਈ, ਨਾਈ ਤੇ ਭਾਈ ਕ੍ਰਮਵਾਰ ਜਨਮ, ਵਿਆਹ ਤੇ ਮੌਤ ਦੀਆਂ ਰਸਮਾਂ ਵਿੱਚ ਮਹੱਤਵਪੂਰਨ ਭਾਗ ਲੈਂਦੇ ਹਨ। ਸਮੇਂ ਦੇ ਬਦਲਾਉ ਨਾਲ ਉਪਰ ਦੱਸੇ ਰਸਮ-ਰਿਵਾਜ਼ਾਂ ਵਿੱਚ ਵੀ ਕਿਤੇ-ਕਿਤੇ ਤਬਦੀਲੀ ਆਈ ਹੈ।